ਵਰ੍ਹਾ 2025 ਰੁਖ਼ਸਤ ਹੋ ਕੇ ਬੀਤੇ ’ਚ ਸ਼ੁਮਾਰ ਹੋ ਗਿਆ ਹੈ। ਨਵੇਂ ਵਰ੍ਹੇ 2026 ਦਾ ਸੂਰਜ ਨਵੀਆਂ ਉਮੰਗਾਂ ਤੇ ਉਮੀਦਾਂ ਨਾਲ ਸਾਡੇ ਬੂਹਿਆਂ ’ਤੇ ਦਸਤਕ ਦੇ ਚੁੱਕਿਆ ਹੈ। ਸਭ ਨੇ ਆਪੋ ਆਪਣੇ ਤਰੀਕੇ ਨਾਲ ਬੀਤੇ ਵਰ੍ਹੇ ਨੂੰ ਅਲਵਿਦਾ ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ। ਸਾਰਿਆਂ ਨੇ ਆਪੋ-ਆਪਣੇ ਦੋਸਤਾਂ, ਮਿੱਤਰਾਂ, ਸਨੇਹੀਆਂ ਤੇ ਰਿਸ਼ਤੇਦਾਰਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭਇਛਾਵਾਂ ਭੇਜ ਕੇ ਅਪਣੱਤ ਦਾ ਇਜ਼ਹਾਰ ਕੀਤਾ।

ਵਰ੍ਹਾ 2025 ਰੁਖ਼ਸਤ ਹੋ ਕੇ ਬੀਤੇ ’ਚ ਸ਼ੁਮਾਰ ਹੋ ਗਿਆ ਹੈ। ਨਵੇਂ ਵਰ੍ਹੇ 2026 ਦਾ ਸੂਰਜ ਨਵੀਆਂ ਉਮੰਗਾਂ ਤੇ ਉਮੀਦਾਂ ਨਾਲ ਸਾਡੇ ਬੂਹਿਆਂ ’ਤੇ ਦਸਤਕ ਦੇ ਚੁੱਕਿਆ ਹੈ। ਸਭ ਨੇ ਆਪੋ ਆਪਣੇ ਤਰੀਕੇ ਨਾਲ ਬੀਤੇ ਵਰ੍ਹੇ ਨੂੰ ਅਲਵਿਦਾ ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ। ਸਾਰਿਆਂ ਨੇ ਆਪੋ-ਆਪਣੇ ਦੋਸਤਾਂ, ਮਿੱਤਰਾਂ, ਸਨੇਹੀਆਂ ਤੇ ਰਿਸ਼ਤੇਦਾਰਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭਇਛਾਵਾਂ ਭੇਜ ਕੇ ਅਪਣੱਤ ਦਾ ਇਜ਼ਹਾਰ ਕੀਤਾ। ਸਾਲ 2025 ਦੇ ਕੈਲੰਡਰਾਂ ਦੀ ਥਾਂ 2026 ਦੇ ਕੈਲੰਡਰਾਂ ਨੇ ਦੀਵਾਰਾਂ ’ਤੇ ਜਗ੍ਹਾ ਲੈ ਲਈ ਹੈ। ਨਵੇਂ ਵਰ੍ਹੇ ਦੀ ਆਮਦ ਦੇ ਮਕਸਦ ਇਹਨਾਂ ਸਭ ਗਤੀਵਿਧੀਆਂ ਤੋਂ ਪਾਰ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਨਵੇਂ ਵਰ੍ਹੇ ਨੂੰ ਕਿਨ੍ਹਾਂ ਨਵੇਂ ਸੁਪਨਿਆਂ, ਨਵੀਂ ਸੋਚ, ਨਵੇਂ ਚਿੰਤਨ, ਨਵੇਂ ਜਜ਼ਬੇ ਤੇ ਨਵੇਂ ਟੀਚਿਆਂ ਦੇ ਖ਼ੂਬਸੂਰਤ ਗੁਲਦਸਤੇ ਦੇ ਰੂਪ ਵਿਚ ਜਿਊਣਾ ਹੈ। ਹੁਣ ਅਸੀਂ ਸੁਚੇਤ ਹੋ ਕੇ ਨਵੇਂ ਰਾਹਾਂ ਦੇ ਪਾਂਧੀ ਬਣਨਾ ਹੈ।
ਨਵੇਂ ਵਰ੍ਹੇ ਦੀ ਸਾਰਥਿਕਤਾ
ਨਵੇਂ ਵਰ੍ਹੇ ਦੇ ਸੂਰਜ ਵੱਲੋਂ ਸਾਨੂੰ ਨਵੀਂ ਊਰਜਾ ਨਾਲ ਆਪਣੇ ਟੀਚਿਆਂ ਵੱਲ ਵਧਣ ਦੇ ਦਿੱਤੇ ਜਾ ਰਹੇ ਸੰਦੇਸ਼ ਨੂੰ ਮਨਾਂ ’ਚ ਵਸਾਉਣ ਨਾਲ ਹੀ ਨਵੇਂ ਵਰ੍ਹੇ ਦੇ ਜਸ਼ਨਾਂ ਨੂੰ ਅੰਜ਼ਾਮ ਮਿਲਣਾ ਹੈ। ਬੱਚਿਆਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਜੀਵਨ ਇਨਸਾਨੀ ਜੀਵਨ ਦੀ ਆਧਾਰਸ਼ਿਲਾ ਹੈ। ਵਿਦਿਆਰਥੀ ਜੀਵਨ ਇਨਸਾਨੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਕਾਲ ਹੈ। ਇਸ ਸਮੇਂ ਕੀਤੀ ਮਿਹਨਤ ਇਨਸਾਨ ਦਾ ਭਵਿੱਖ ਰੁਸ਼ਨਾ ਦਿੰਦੀ ਹੈ ਤੇ ਇਸ ਦੌਰਾਨ ਕੀਤੀ ਅਣਗਹਿਲੀ ਇਨਸਾਨ ਨੂੰ ਹਨੇਰੇ ਵੱਲ ਧੱਕ ਦਿੰਦੀ ਹੈ। ਨਵੇਂ ਵਰ੍ਹੇ ’ਚ ਸਾਨੂੰ ਸਭ ਨੂੰ ਆਪੋ ਆਪਣੀ ਜ਼ਿੰਦਗੀ ਦੇ ਟੀਚੇ ਨਿਰਧਾਰਤ ਕਰਨੇ ਹੋਣਗੇ। ਇਕ ਵਿਦਿਆਰਥੀ ਦਾ ਟੀਚਾ ਪ੍ਰੀਖਿਆ ਵਿੱਚੋਂ ਮੋਹਰੀ ਰਹਿਣ ਦੇ ਨਾਲ-ਨਾਲ ਸਮਾਜਿਕ ਕਦਰਾਂ-ਕੀਮਤਾਂ ਨੂੰ ਮਨ ’ਚ ਵਸਾ ਕੇ ਆਦਰਸ਼ ਨਾਗਰਿਕ ਬਣਨਾ ਹੋਣਾ ਚਾਹੀਦਾ ਹੈ। ਟੀਚਿਆਂ ਨੂੰ ਨਿਰਧਾਰਤ ਕਰ ਲੈਣਾ ਹੀ ਕਾਫ਼ੀ ਨਹੀਂ ਹੁੰਦਾ ਤੇ ਨਾ ਹੀ ਟੀਚਿਆਂ ਦੀ ਪ੍ਰਾਪਤੀ ਏਨੀ ਸਹਿਜ ਹੁੰਦੀ ਹੈ ਕਿ ਹਰ ਕੋਈ ਇਨਸਾਨ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਤਕ ਪਹੁੰਚ ਜਾਵੇ। ਟੀਚਿਆਂ ਦੀ ਪ੍ਰਾਪਤੀ ਮਿਹਨਤ ਤੇ ਲਗਨ ਦੀ ਮੰਗ ਕਰਦੀ ਹੈ। ਇਹੋ ਲਗਨ ਤੇ ਮਿਹਨਤ ਨੂੰ ਅਪਣਾਉਣ ਵਿਚ ਨਵੇਂ ਵਰ੍ਹੇ ਦੀ ਸਾਰਥਿਕਤਾ ਹੈ। ਬੀਤੇ ਨਾਲੋਂ ਨਵੇਂ ਵਿਚ ਵਿਲੱਖਣ ਕਰਨ ’ਚ ਹੀ ਨਵੇਂ ਵਰ੍ਹੇ ਦੀ ਸਾਰਥਿਕਤਾ ਹੈ।
ਮੁਸ਼ਕਲਾਂ ਨੂੰ ਚੁਣੌਤੀ ਵਜੋਂ ਕਬੂਲੋ
ਨਵੇਂ ਵਰ੍ਹੇ ’ਚ ਸਾਨੂੰ ਇਹ ਸਮਝਣਾ ਪਵੇਗਾ ਕਿ ਟੀਚਿਆਂ ਦੀ ਪ੍ਰਾਪਤੀ ਫੁੱਲਾਂ ਦੀ ਸੇਜ ਨਹੀਂ ਹੈ। ਟੀਚਿਆਂ ਦੀ ਪ੍ਰਾਪਤੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਮੁਸ਼ਕਲਾਂ ਦੀ ਬਦੌਲਤ ਅਸਫਲਤਾ ਦਾ ਮੂੰਹ ਵੀ ਵੇਖਣਾ ਪੈ ਸਕਦਾ ਹੈ ਪਰ ਪ੍ਰਾਪਤੀਆਂ ਲਈ ਦ੍ਰਿੜ੍ਹਤਾ ਇਨ੍ਹਾਂ ਮੁਸ਼ਕਲਾਂ ਨੂੰ ਮਾਤ ਦੇ ਸਕਦੀ ਹੈ। ਮੁਸ਼ਕਲਾਂ ਤੋਂ ਘਬਰਾਉਣ ਵਾਲੇ ਇਨਸਾਨ ਜ਼ਿੰਦਗੀ ਦੇ ਕਿਸੇ ਖੇਤਰ ਵਿਚ ਕਾਮਯਾਬ ਨਹੀਂ ਹੋ ਸਕਦੇ। ਮੁਸ਼ਕਲਾਂ ਨੂੰ ਚੁਣੌਤੀ ਵਜੋਂ ਕਬੂਲਣ ਵਾਲੇ ਇਨਸਾਨ ਹੀ ਇਤਿਹਾਸ ਸਿਰਜਦੇ ਹਨ। ਮੁਸ਼ਕਲਾਂ ਨੂੰ ਮੌਕਿਆਂ ’ਚ ਤਬਦੀਲ ਕਰਨ ਦੀ ਤਾਕਤ ਰੱਖਣ ਵਾਲੇ ਅਤੇ ਮੁਸ਼ਕਲਾਂ ਤੋਂ ਸਬਕ ਸਿੱਖ ਕੇ ਅਗਲੇ ਪੜਾਅ ਵੱਲ ਵਧਣ ਵਾਲੇ ਇਨਸਾਨਾਂ ਦੀਆਂ ਲੋਕ ਉਦਾਹਰਨਾਂ ਦਿੰਦੇ ਹਨ। ਮੁਸ਼ਕਲਾਂ ਤੋਂ ਘਬਰਾ ਕੇ ਢੇਰੀ ਢਾਹ ਲੈਣ ਵਾਲੇ ਵਿਅਕਤੀ ਸਮੇਂ ਦੀ ਧੂੜ ਵਿਚ ਗੁਆਚ ਜਾਂਦੇ ਹਨ। ਸਮੱਸਿਆਵਾਂ ਕਮਜ਼ੋਰ ਇਨਸਾਨਾਂ ਦਾ ਵਿਅਕਤੀਤਵ ਖ਼ਤਮ ਕਰ ਦਿੰਦੀਆਂ ਹਨ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੀ ਕੋਈ ਸਮੱਸਿਆ ਨਹੀਂ, ਜਿਸ ਦਾ ਹੱਲ ਨਾ ਹੋਵੇ। ਮੁਸ਼ਕਲ ਵਿਚ ਘਿਰਨ ’ਤੇ ਘਬਰਾਹਟ ਵਿਚ ਆ ਕੇ ਢੇਰੀ ਢਾਹੁਣ ਦੀ ਬਜਾਏ ਹੱਲ ਦੀ ਤਲਾਸ਼ ਵੱਲ ਵਧਣਾ ਚਾਹੀਦਾ ਹੈ।
ਸਫਲ ਵਿਅਕਤੀਆਂ ਦੀ ਪੜ੍ਹੋ ਜੀਵਨੀ
ਕਿਸੇ ਵੀ ਟੀਚੇ ਦੀ ਪ੍ਰਾਪਤੀ ’ਚ ਮਿਲੀ ਅਸਫਲਤਾ ਨੂੰ ਸਭ ਕੁਝ ਖ਼ਤਮ ਗਿਆ ਸਮਝ ਲੈਣ ਦੀ ਗ਼ਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ। ਅਸਫਲਤਾ ਤੋਂ ਪਾਰ ਵੀ ਸਫਲਤਾ ਦਾ ਰਸਤਾ ਮੌਜੂਦ ਹੁੰਦਾ ਹੈ। ਅਸਫਲਤਾ ਨੂੰ ਕਿਸੇ ਕਾਰਜ ਦਾ ਅੰਜਾਮ ਸਮਝਣ ਦੀ ਬਜਾਏ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਅਸਫਲਤਾ ਤੋਂ ਬਾਅਦ ਸਫਲਤਾ ਦੇ ਮੁਕਾਮ ’ਤੇ ਪਹੁੰਚੇ ਵਿਅਕਤੀਆਂ ਦੀਆਂ ਸਾਡੇ ਸਮਾਜ ਵਿਚ ਬੇਸ਼ੁਮਾਰ ਉਦਾਹਰਨਾਂ ਹਨ। ਅਜਿਹੇ ਵਿਅਕਤੀਆਂ ਦੀਆਂ ਜੀਵਨੀਆਂ ਵਾਲੀਆਂ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਅਜਿਹੇ ਵਿਅਕਤੀਆਂ ਦੀਆਂ ਜੀਵਨੀਆਂ ਇਨਸਾਨ ਨੂੰ ਨਵੀਂ ਊਰਜਾ ਨਾਲ ਭਰ ਜਾਂਦੀਆਂ ਹਨ। ਅਸਫਲਤਾ ਤੋਂ ਬਾਅਦ ਸਫਲਤਾ ਦਾ ਆਨੰਦ ਵੱਖਰਾ ਹੀ ਹੁੰਦਾ ਹੈ।
ਸਫਲਤਾ ਦਾ ਕੋਈ ਵੀ ਸ਼ਾਰਟਕੱਟ ਨਹੀਂ
ਟੀਚਿਆਂ ਦੀ ਪ੍ਰਾਪਤੀ ਲਈ ਗ਼ਲਤ ਤਰੀਕਿਆਂ ਦੇ ਇਸਤੇਮਾਲ ਤੋਂ ਹੀ ਕਿਨਾਰਾ ਕਰਨਾ ਚਾਹੀਦਾ ਹੈ। ਗ਼ਲਤ ਤਰੀਕਿਆਂ ਨਾਲ ਪ੍ਰਾਪਤ ਕੀਤੇ ਟੀਚਿਆਂ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ। ਉਦਾਹਰਨ ਵਜੋਂ ਪ੍ਰੀਖਿਆ ’ਚ ਮੋਹਰੀ ਬਣਨ ਲਈ ਨਕਲ ਦੇ ਲਏ ਸਹਾਰੇ ਦਾ ਭਾਂਡਾ ਇਕ ਦਿਨ ਫੁੱਟ ਹੀ ਜਾਣਾ ਹੁੰਦਾ ਹੈ। ਜ਼ਿੰਦਗੀ ’ਚ ਬਹੁਤ ਸਾਰੇ ਅਜਿਹੇ ਇਨਸਾਨ ਮਿਲਦੇ ਹਨ, ਜੋ ਟੀਚਿਆਂ ਦੀ ਪ੍ਰਾਪਤੀ ਲਈ ਗ਼ਲਤ ਤਰੀਕਿਆਂ ਦਾ ਇਸਤੇਮਾਲ ਕਰਨ ਲਈ ਉਤੇਜਿਤ ਕਰਦੇ ਹਨ ਪਰ ਅਸਲ ਵਿਚ ਉਹ ਮਿੱਤਰ ਨਹੀਂ ਦੁਸ਼ਮਣ ਹੁੰਦੇ ਹਨ। ਕਈ ਇਨਸਾਨ ਧਨ ਦੌਲਤ ਦੀ ਪ੍ਰਾਪਤੀ ਲਈ ਠੱਗੀਆਂ ਚੋਰੀਆਂ ਦਾ ਰਸਤਾ ਅਖ਼ਤਿਆਰ ਕਰ ਲੈਂਦੇ ਹਨ। ਗ਼ਲਤ ਤਰੀਕੇ ਨਾਲ ਪ੍ਰਾਪਤ ਕੀਤੇ ਟੀਚਿਆਂ ਦੀ ਅਸਲੀਅਤ ਸਾਹਮਣੇ ਆਉਣ ’ਤੇ ਇਨਸਾਨ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਿਹਨਤ ਤੋਂ ਬਿਨਾਂ ਸਫਲਤਾ ਦਾ ਕੋਈ ਵੀ ਸ਼ਾਰਟਕੱਟ ਨਹੀਂ ਹੈ।
ਪੜ੍ਹਾਈ ਪ੍ਰਤੀ ਬਣੋ ਵਫ਼ਾਦਾਰ
ਨਵੇਂ ਸਾਲ ’ਚ ਆਪਣੇ ਮਨ ਨੂੰ ਨਵੇਂ ਜਜ਼ਬੇ ਤੇ ਜੋਸ਼ ਦੇ ਰੰਗ ਵਿਚ ਰੰਗ ਦਿਓ। ਪੜ੍ਹਾਈ ਪ੍ਰਤੀ ਵਫ਼ਾਦਾਰ ਬਣੋ। ਇਸ ਮੁਕਾਬਲੇ ਦੇ ਯੁੱਗ ’ਚ ਇਕ-ਦੂਜੇ ਤੋਂ ਅੱਗੇ ਨਿਕਲ ਜਾਣ ਦੇ ਜਜ਼ਬੇ ਨੂੰ ਰੂਹ ’ਚ ਪਾਲੋ। ਆਲਸ ਤਿਆਗ ਕੇ ਆਸ਼ਾਵਾਦੀ ਬਣੋ। ਮਨ ’ਚ ਹੀਣਭਾਵਨਾ ਦੀ ਸੋਚ ਨੂੰ ਜੜ੍ਹੋਂ ਪੁੱਟ ਦਿਉ। ਹਰ ਵਿਦਿਆਰਥੀ ਬੁੱਧੀਮਾਨ ਹੁੰਦਾ ਹੈ, ਗੁਣਵਾਨ ਹੁੰਦਾ ਹੈ, ਸਿਰਫ਼ ਲੋੜ ਹੈ ਹਿੰਮਤ ਦੇ ਖੰਭਾਂ ਨਾਲ ਉਡਾਰੀ ਭਰ ਕੇ ਸਫਲਤਾਵਾਂ ਦੇ ਅੰਬਰ ਗਾਹੁਣ ਦੀ। ਸਮੱਸਿਆਵਾਂ ਵੀ ਆਉਣਗੀਆਂ ਪਰ ਧੁੱਪ-ਛਾਂ ਵਾਂਗ ਇਹ ਵੀ ਛੰਡ ਜਾਣਗੀਆਂ। ਤੁਹਾਡੇ ਜਜ਼ਬੇ ਤੇ ਜੋਸ਼ ਅੱਗੇ ਛੋਟੀਆਂ-ਵੱਡੀਆਂ ਮੁਸ਼ਕਲਾਂ ਗੋਡਾ ਟੇਕ ਦੇਣਗੀਆਂ। ਯਾਦ ਰੱਖੋ ਆਲਸ ਤੇ ਨਿਰਾਸ਼ਾ ਸਾਡੇ ਸੁਪਨਿਆਂ ਦੇ ਚੋਰ ਹਨ, ਇਨ੍ਹਾਂ ਤੋਂ ਦੂਰ ਰਹੋ।
ਬਣੋ ਚੰਗੀਆਂ ਆਦਤਾਂ ਦੇ ਧਾਰਨੀ
ਨਵੇਂ ਵਰ੍ਹੇ ’ਚ ਖ਼ੁਦ ਚੰਗੀਆਂ ਆਦਤਾਂ ਦੇ ਧਾਰਨੀ ਬਣ ਕੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਸਾਡੇ ਟੀਚਿਆਂ ਵਿੱਚੋਂ ਇਕ ਹੋਣਾ ਚਾਹੀਦਾ ਹੈ। ਸਮਾਜ ਵਿੱਚੋਂ ਨਸ਼ਾਖੋਰੀ, ਰਿਸ਼ਵਤਖੋਰੀ ਤੇ ਹੋਰ ਬੁਰਾਈਆਂ ਦਾ ਅੰਤ ਸਾਡਾ ਸਭ ਦਾ ਟੀਚਾ ਬਣਨਾ ਚਾਹੀਦਾ ਹੈ। ਰਲ-ਮਿਲ ਕੇ ਆਦਰਸ਼ ਸਮਾਜ ਦੀ ਸਿਰਜਣਾ ਵੱਲ ਵਧਣਾ ਸਾਡਾ ਸਭ ਦਾ ਨੈਤਿਕ ਫ਼ਰਜ਼ ਹੈ। ਸਭ ਧਰਮਾਂ ਤੇ ਬੋਲੀਆਂ ਦਾ ਸਤਿਕਾਰ ਕਰਨ ਵਾਲੇ ਗੁਣਾਂ ਦੇ ਧਾਰਨੀ ਬਣਨਾ ਸਮੇਂ ਦੀ ਜ਼ਰੂਰਤ ਹੈ। ਦੁਆ ਹੈ ਕਿ ਨਵਾਂ ਵਰ੍ਹਾ ਸਭ ਦੇ ਖ਼ੁਆਬਾਂ ਦੀ ਪੂਰਤੀ ਦਾ ਵਰ੍ਹਾ ਬਣ ਜਾਵੇ। ਕੋਈ ਵੀ ਇਨਸਾਨ ਕਿਸੇ ਪੱਖੋਂ ਮੁਥਾਜ਼ ਨਾ ਰਹੇ। ਸਭਨਾਂ ਦੀਆਂ ਮਿਹਨਤਾਂ ਦਾ ਮੁੱਲ ਪਵੇ। ਕੋਈ ਕਿਸੇ ਦਾ ਹੱਕ ਨਾ ਮਾਰੇ। ਸਮਾਜ ਵਿੱਚੋਂ ਗੁਰਬੱਤ ਦਾ ਨਾਸ਼ ਹੋ ਜਾਵੇ। ਆਓ! ਸਮਾਜ ’ਚ ਭਾਈਚਾਰਕ ਸਾਂਝ ਦਾ ਇਜ਼ਾਫਾ ਤੇ ਇਕ-ਦੂਜੇ ਦੇ ਮਦਦਗਾਰ ਬਣਦਿਆਂ ਆਦਰਸ਼ ਨਾਗਰਿਕ ਦਾ ਸਬੂਤ ਦੇਈਏ।
- ਬਿੰਦਰ ਸਿੰਘ ਖੁੱਡੀ ਕਲਾਂ