ਜਦੋਂ ਕੋਈ ਖ਼ਾਸ ਦਿਨ ਕਿਸੇ ਖ਼ਸ ਵਿਅਕਤੀ, ਘਟਨਾ, ਵਿਸ਼ੇ ਆਦਿ ਲਈ ਰਾਖਵਾਂ ਰੱਖਿਆ ਜਾਂਦਾ ਹੈ ਤਾਂ ਇਸ ਦਾ ਕਾਰਨ ਵੀ ਖ਼ਾਸ ਹੁੰਦਾ ਹੈ। ਉਸ ਦਿਨ ਉਸ ਵਿਸ਼ੇ ਬਾਰੇ ਵੱਧ ਤੋਂ ਵੱਧ ਜਨਤਾ ਨੂੰ ਜਾਗ੍ਰਿਤ ਕਰਨਾ ਮੁੱਖ ਮਕਸਦ ਹੁੰਦਾ ਹੈ। ਉਸ ’ਤੇ ਹੋਰ ਖੋਜ ਤੇ ਚਰਚਾ ਹੁੰਦੀ ਹੈ ਤੇ ਉਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਹੋਰ ਤੇਜ਼ ਹੋ ਜਾਂਦੀਆਂ ਹਨ।

ਜਦੋਂ ਕੋਈ ਖ਼ਾਸ ਦਿਨ ਕਿਸੇ ਖ਼ਸ ਵਿਅਕਤੀ, ਘਟਨਾ, ਵਿਸ਼ੇ ਆਦਿ ਲਈ ਰਾਖਵਾਂ ਰੱਖਿਆ ਜਾਂਦਾ ਹੈ ਤਾਂ ਇਸ ਦਾ ਕਾਰਨ ਵੀ ਖ਼ਾਸ ਹੁੰਦਾ ਹੈ। ਉਸ ਦਿਨ ਉਸ ਵਿਸ਼ੇ ਬਾਰੇ ਵੱਧ ਤੋਂ ਵੱਧ ਜਨਤਾ ਨੂੰ ਜਾਗ੍ਰਿਤ ਕਰਨਾ ਮੁੱਖ ਮਕਸਦ ਹੁੰਦਾ ਹੈ। ਉਸ ’ਤੇ ਹੋਰ ਖੋਜ ਤੇ ਚਰਚਾ ਹੁੰਦੀ ਹੈ ਤੇ ਉਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਹੋਰ ਤੇਜ਼ ਹੋ ਜਾਂਦੀਆਂ ਹਨ। 28 ਫਰਵਰੀ 1928 ਨੂੰ ਭਾਰਤ ਦਾ ਮਹਾਨ ਦਿਨ ਸੀ, ਜਿਸ ਦਿਨ ਸਰ ਚੰਦਰਸ਼ੇਖਰ ਵੈਂਕਟਰਮਨ ਨੇ ਮਹਾਨ ‘ਰਮਨ ਪ੍ਰਭਾਵ’ ਦੀ ਖੋਜ ਕੀਤੀ। ਇਸ ਮਹੱਤਵਪੂਰਨ ਖੋਜ ਕਰਕੇ ਹੀ ਹਰ ਸਾਲ ਭਾਰਤ ’ਚ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਇਹ ਭਾਰਤ ਦੇ ਵਿਗਿਆਨੀ ਸੀਵੀ ਰਮਨ ਦੀ ਖੋਜ ‘ਰਮਨ ਪ੍ਰਭਾਵ’ ਦੀ ਯਾਦ ਨੂੰ ਤਾਜ਼ਾ ਕਰਨ ਲਈ ਰੱਖਿਆ ਗਿਆ ਹੈ। ਰਮਨ ਦੀ ਇਸ ਖੋਜ ਲਈ ਉਨ੍ਹਾਂ ਨੂੰ 1930 ਵਿਚ ਮਾਣਮੱਤਾ ਨੋਬਲ ਇਨਾਮ ਪ੍ਰਾਪਤ ਹੋਇਆ ਸੀ।
ਭਾਰਤ ਰਤਨ ਦੀ ਉਪਾਧੀ
ਚੰਦਰ ਸ਼ੇਖਰ ਵੈਂਕੇਟਰਮਨ ਦਾ ਜਨਮ 7 ਨਵੰਬਰ 1888 ਨੂੰ ਤਿਰੂਚੀਰਾਪਲੀ ਤਾਮਿਲਨਾਡੂ ’ਚ ਹੋਇਆ। ਉਨ੍ਹਾਂ ਨੇ 11 ਸਾਲ ਦੀ ਉਮਰ ’ਚ ਹੀ ਸਕੂਲੀ ਵਿੱਦਿਆ ਪੂਰੀ ਕਰ ਲਈ। ਸਤਾਰਾਂ ਸਾਲ ਦੀ ਉਮਰ ’ਚ ਗ੍ਰੈਜੂਏਸ਼ਨ ਤੇ ਮਗਰੋਂ ਮਾਸਟਰ ਡਿਗਰੀ ਪ੍ਰਾਪਤ ਕੀਤੀ। ਫਿਰ ਉਨ੍ਹਾਂ ਭਾਰਤੀ ਆਡਿਟ ਤੇ ਅਕਾਊਂਟ ਸਰਵਿਸ ’ਚ ਕੋਲਕਾਤਾ ਵਿਖੇ ਨੌਕਰੀ ਕੀਤੀ। ਸਾਲ 1915 ’ਚ ਉਨ੍ਹਾਂ ਨੂੰ ਕੋਲਕਾਤਾ ਯੂਨੀਵਰਸਿਟੀ ਦੇ ਸਾਇੰਸ ਕਾਲਜ ਵਿਚ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਚੁਣਿਆ ਗਿਆ। ਸੰਨ 1933 ’ਚ ਉਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦੇ ਡਾਇਰੈਕਟਰ ਲੱਗ ਗਏ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਭ ਤੋਂ ਪਹਿਲੀ ਵਾਰ ਨੈਸ਼ਨਲ ਪ੍ਰੋਫੈਸਰ ਨਿਯੁਕਤ ਕੀਤਾ। ਉਨ੍ਹਾਂ 1948 ਵਿਚ ਰਿਟਾਇਰਮੈਂਟ ਤੋਂ ਬਾਅਦ ਵੀ ਖੋਜ ਦਾ ਕੰਮ ਜਾਰੀ ਰੱਖਿਆ ਤੇ ਬੰਗਲੌਰ ਵਿਖੇ ਰਮਨ ਰਿਸਰਚ ਇੰਸਟੀਚਿਊਟ ਸਥਾਪਿਤ ਕੀਤਾ। ਉਹ ਮਰਦੇ ਦਮ ਤਕ ਖੋਜ ਕਾਰਜਾਂ ’ਚ ਰੁੱਝੇ ਰਹੇ। ਭਾਰਤ ਸਰਕਾਰ ਵੱਲੋਂ 1954 ’ਚ ਉਨ੍ਹਾਂ ਨੂੰ ਭਾਰਤ ਰਤਨ ਦੀ ਉਪਾਧੀ ਦਿੱਤੀ ਗਈ। 21 ਨਵੰਬਰ 1970 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਵਿਲੱਖਣ ਕੰਮ ਕਰਨ ਵਾਲਿਆਂ ਲਈ ਐਲਾਨੇ ਇਨਾਮ
ਨੈਸ਼ਨਲ ਕੌਂਸਲ ਆਫ ਸਾਇੰਸ ਐਂਡ ਤਕਨਾਲੋਜੀ ਨੇ 1986 ਵਿਚ ਭਾਰਤ ਸਰਕਾਰ ਨੂੰ 28 ਫਰਵਰੀ ਦੇ ਦਿਨ ਨੂੰ ਰਾਸ਼ਟਰੀ ਸਾਇੰਸ ਦਿਵਸ ਵਜੋਂ ਐਲਾਨ ਕਰਨ ਦਾ ਸੁਝਾਅ ਦਿੱਤਾ ਸੀ। ਅੱਜ ਇਹ ਦਿਵਸ ਭਾਰਤ ਦੇ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ, ਵਿਗਿਆਨਕ, ਟੈਕਨੀਕਲ, ਮੈਡੀਕਲ ਤੇ ਖੋਜ ਕਾਰਜ ਸੰਸਥਾਵਾਂ ’ਚ ਮਨਾਇਆ ਜਾਂਦਾ ਹੈ। 28 ਫਰਵਰੀ 1987 ਨੂੰ ਪਹਿਲੇ ਸਾਇੰਸ ਦਿਵਸ ’ਤੇ ਨੈਸ਼ਨਲ ਕੌਂਸਲ ਫਾਰ ਸਾਇੰਸ ਤੇ ਤਕਨਾਲੋਜੀ ਨੇ ਸਾਇੰਸ ਦੇ ਸੰਚਾਰ ਤੇ ਪ੍ਰਸਾਰ ਹਿੱਤ ਵਿਲੱਖਣ ਕੰਮ ਕਰਨ ਵਾਲਿਆਂ ਲਈ ਇਨਾਮ ਐਲਾਨੇ। ਇਹ ਇਨਾਮ ਨਿੱਜੀ, ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਸਾਇੰਸ ਦੇ ਕੰਮ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ। ਹਰ ਸਾਲ ਵਿਗਿਆਨ ਦਿਵਸ ਦਾ ਇਕ ਥੀਮ ਰੱਖਿਆ ਜਾਂਦਾ ਹੈ ਤੇ ਫਿਰ ਪੂਰਾ ਸਾਲ ਉਸ ਥੀਮ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
ਸਾਲ 2026 ਦਾ ਥੀਮ
ਇਸ ਸਾਲ ਦਾ ਥੀਮ ‘ਵਿਗਿਆਨ ਵਿਚ ਔਰਤਾਂ : ਵਿਕਸਿਤ ਭਾਰਤ ਨੂੰ ਗਤੀ ਦੇਣ ਵਾਲੀ ਤਾਕਤ’ ਹੈ। ਭਾਰਤ ਦੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਔਰਤਾਂ ਦੀ ਭੂਮਿਕਾ ਵਿਸ਼ੇਸ਼ ਹੈ। ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਔਰਤਾਂ ਦੀ ਭਾਗੀਦਾਰੀ ਸਿਰਫ਼ ਲਿੰਗ ਸਮਾਨਤਾ ਦਾ ਪ੍ਰਤੀਕ ਹੀ ਨਹੀਂ ਸਗੋਂ ਰਾਸ਼ਟਰੀ ਵਿਕਾਸ ਦੀ ਮਜ਼ਬੂਤ ਨੀਂਹ ਹੈ। ਜਦੋਂ ਅੱਧੀ ਆਬਾਦੀ ਆਪਣੇ ਗਿਆਨ ,ਨਵੀਨਤਾ ਤੇ ਖੋਜ ਰਾਹੀਂ ਯੋਗਦਾਨ ਪਾਉਂਦੀ ਹੈ ਤਾਂ ਦੇਸ਼ ਦੀ ਤਰੱਕੀ ਦੀ ਗਤੀ ਦੋ ਗੁਣਾਂ ਹੋ ਜਾਂਦੀ ਹੈ। ਭਾਰਤ ਵਿਚ ਔਰਤਾਂ ਨੇ ਵਿਗਿਆਨ ਦੇ ਕਈ ਖੇਤਰਾਂ ਵਿਚ ਅਹਿਮ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਉਦਾਹਰਨ ਵਜੋਂ ਕਲਪਨਾ ਚਾਵਲਾ ਨੇ ਪੁਲਾੜ ਖੋਜ ਵਿਚ ਨਵਾਂ ਇਤਿਹਾਸ ਰਚਿਆ। ਟੇਸੀ ਥਾਮਸ ਨੂੰ ਮਿਜ਼ਾਈਲ ਵਿਮਨ ਆਫ ਇੰਡੀਆ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਰੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਗਗਨਦੀਪ ਕੌਰ ਨੇ ਮੈਡੀਕਲ ਖੇਤਰ ਵਿਚ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਈ। ਇਸ ਦੇ ਨਾਲ ਹੀ ਸਰਕਾਰ ਨੇ ਵੀ ਕਈ ਯੋਜਨਾਵਾਂ ਚਲਾਈਆਂ ਹਨ, ਜੋ ਔਰਤਾਂ ਨੂੰ ਖੋਜ ਤੇ ਨਵੀਨਤਾ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰਦੀਆਂ ਹਨ।
ਰਮਨ ਪ੍ਰਭਾਵ
ਰਮਨ ਪ੍ਰਭਾਵ ਸੀਵੀ ਰਮਨ ਵੱਲੋਂ ਕੀਤੀ ਗਈ ਖ਼ਾਸ ਤੇ ਵਿਲੱਖਣ ਖੋਜ ਹੈ। ਰਮਨ ਪ੍ਰਭਾਵ ਦੀ ਖੋਜ ਦਾ ਸਬੰਧ ਪ੍ਰਕਾਸ਼ ਦੇ ਖਿੰਡਣ ਨਾਲ ਸੀ। ਜਦੋਂ ਪਾਰਦਰਸ਼ੀ ਮਾਧਿਅਮ ਵਿੱਚੋਂ ਲੰਘਣ ਵਾਲੇ ਪ੍ਰਕਾਸ਼ ਦਾ ਉਸ ਰਾਹੀਂ ਖਿੰਡਾਅ ਹੁੰਦਾ ਹੈ, ਉਸ ਦੀ ਆਵ੍ਰਿਤੀ ਉਦੋਂ ਵੀ ਬਦਲ ਜਾਂਦੀ ਹੈ। ਇਸੇ ਵਰਤਾਰੇ ਦਾ ਨਾਂ ਰਮਨ ਪ੍ਰਭਾਵ ਹੈ। ਇਹੀ ਖੋਜ ਅੱਗੇ ਜਾ ਕੇ ਪ੍ਰਕਾਸ਼ ਦੇ ਕੁਆਂਟਮ ਸੁਭਾਅ ਦਾ ਆਧਾਰ ਬਣੀ ਸੀ, ਜਿਸ ਨੂੰ ਅੱਜ ਤਕ ਸੰਸਾਰ ਭਰ ਦੇ ਵਿਗਿਆਨੀ ਆਪਣੀਆਂ ਖੋਜਾਂ ਦਾ ਆਧਾਰ ਬਣਾ ਰਹੇ ਹਨ। ਰਮਨ ਪ੍ਰਭਾਵ ਨੇ ਨਵੀਂ ਮੱਦ ਰਮਨ ਸਪੇਕਟਰੋਸਕੋਪੀ ਨੂੰ ਜਨਮ ਦਿੱਤਾ, ਜਿਹੜਾ ਵਿਗਿਆਨਕ ਖੋਜਾਂ ਲਈ ਮਜ਼ਬੂਤ ਹਥਿਆਰ ਹੈ। ਰਮਨ ਪ੍ਰਭਾਵ ਦੇ ਵੱਖ-ਵੱਖ ਖੋਜ ਕਾਰਜਾਂ ’ਚ ਮਦਦਗਾਰ ਹੋਣ ਤੋਂ ਇਲਾਵਾ ਇਹ ਡੀਐੱਨਏ ਦੀ ਖੋਜ ਲਈ ਵੀ ਸਹਾਈ ਹੋਈ। ਇਸ ਦੀ ਮਦਦ ਨਾਲ ਹੀ ਕੈਂਸਰ ਸੈੱਲਾਂ ਦੀ ਪਛਾਣ ਕੀਤੀ ਗਈ।
- ਜਸਵਿੰਦਰ ਸਿੰਘ ਰੁਪਾਲ