- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀਆਂ ਦੀਆਂ ਛੁੱਟੀਆ ਹਰ ਵਿਦਿਆਰਥੀ ਦੇ ਜੀਵਨ ਦਾ ਸਭ ਤੋਂ ਖ਼ੁਸ਼ਗਵਾਰ ਤੇ ਉਡੀਕਿਆ ਜਾਣ ਵਾਲਾ ਸਮਾਂ ਹੁੰਦੀਆਂ ਹਨ। ਸਾਲ ਭਰ ਦੀ ਪੜ੍ਹਾਈ, ਪ੍ਰੀਖਿਆਵਾਂ, ਹੋਮਵਰਕ, ਪ੍ਰੋਜੈਕਟਾਂ ਤੇ ਸਕੂਲੀ ਅਨੁਸ਼ਾਸਨ ਤੋਂ ਬਾਅਦ ਜਦੋਂ ਛੁੱਟੀਆ ਦਾ ਐਲਾਨ ਹੁੰਦਾ ਹੈ ਤਾਂ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੀ ਚਮਕ ਦੇਖਣ ਵਾਲੀ ਹੁੰਦੀ ਹੈ।

ਗਰਮੀਆਂ ਦੀਆਂ ਛੁੱਟੀਆ ਹਰ ਵਿਦਿਆਰਥੀ ਦੇ ਜੀਵਨ ਦਾ ਸਭ ਤੋਂ ਖ਼ੁਸ਼ਗਵਾਰ ਤੇ ਉਡੀਕਿਆ ਜਾਣ ਵਾਲਾ ਸਮਾਂ ਹੁੰਦੀਆਂ ਹਨ। ਸਾਲ ਭਰ ਦੀ ਪੜ੍ਹਾਈ, ਪ੍ਰੀਖਿਆਵਾਂ, ਹੋਮਵਰਕ, ਪ੍ਰੋਜੈਕਟਾਂ ਤੇ ਸਕੂਲੀ ਅਨੁਸ਼ਾਸਨ ਤੋਂ ਬਾਅਦ ਜਦੋਂ ਛੁੱਟੀਆ ਦਾ ਐਲਾਨ ਹੁੰਦਾ ਹੈ ਤਾਂ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੀ ਚਮਕ ਦੇਖਣ ਵਾਲੀ ਹੁੰਦੀ ਹੈ। ਇਹ ਸਮਾਂ ਸਿਰਫ਼ ਆਰਾਮ ਕਰਨ ਲਈ ਹੀ ਨਹੀਂ ਹੁੰਦਾ ਸਗੋਂ ਨਵੀਆਂ ਚੀਜ਼ਾ ਸਿੱਖਣ, ਆਪਣੀਆਂ ਯੋਗਤਾਵਾਂ ਨੂੰ ਨਿਖਾਰਨ ਤੇ ਜੀਵਨ ਦੇ ਮਹੱਤਵਪੂਰਨ ਅਨੁਭਵ ਪ੍ਰਾਪਤ ਕਰਨ ਦਾ ਵੀ ਸੁਨਹਿਰੀ ਮੌਕਾ ਹੁੰਦਾ ਹੈ।
ਮਾਨਸਿਕ ਤੇ ਸਰੀਰਕ ਤਾਜ਼ਗੀ ਦਾ ਜ਼ਰੂਰੀ ਹਿੱਸਾ
ਆਧੁਨਿਕ ਤੇ ਮੁਕਾਬਲੇ ਭਰੇ ਯੁੱਗ ’ਚ ਵਿਦਿਆਰਥੀਆਂ ਦੀ ਜ਼ਿੰਦਗੀ ਕਾਫ਼ੀ ਰੁਝੇਵਿਆਂ ਭਰੀ ਹੋ ਚੁੱਕੀ ਹੈ। ਸਕੂਲ, ਟਿਊਸ਼ਨ, ਹੋਮਵਰਕ ਤੇ ਡਿਜੀਟਲ ਸਾਧਨਾਂ ਨੇ ਵਿਦਿਆਰਥੀਆਂ ਦੇ ਮਨ ਅਤੇ ਸਰੀਰ ’ਤੇ ਬਹੁਤ ਦਬਾਅ ਪਾਇਆ ਹੈ। ਇਸ ਲਈ ਗਰਮੀਆਂ ਦੀਆਂ ਛੁੱਟੀਆਂ ਵਿਦਿਆਰਥੀਆਂ ਲਈ ਮਾਨਸਿਕ ਤੇ ਸਰੀਰਕ ਤਾਜ਼ਗੀ ਦਾ ਜ਼ਰੂਰੀ ਹਿੱਸਾ ਹਨ। ਇਹ ਛੁੱਟੀਆਂ ਉਨ੍ਹਾਂ ਨੂੰ ਨਵੀਂ ਊਰਜਾ ਨਾਲ ਭਰ ਦਿੰਦੀਆਂ ਹਨ ਤਾਂ ਜੋ ਉਹ ਦੁਬਾਰਾ ਉਤਸ਼ਾਹ ਨਾਲ ਪੜ੍ਹਾਈ ਸ਼ੁਰੂ ਕਰ ਸਕਣ। ਮਸ਼ਹੂਰ ਵਿਗਿਆਨੀ ਐਲਬਰਟ ਆਇਨਸਟਾਇਨ ਨੇ ਕਿਹਾ ਸੀ ਕਿ ਸਿੱਖਿਆ ਕੇਵਲ ਤੱਥਾਂ ਨੂੰ ਯਾਦ ਕਰਨ ਦਾ ਨਾਂ ਨਹੀਂ ਸਗੋਂ ਸੋਚਣ ਦੀ ਸਮਰੱਥਾ ਵਿਕਸਿਤ ਕਰਨਾ ਹੈ। ਗਰਮੀਆਂ ਦੀਆਂ ਛੁੱਟੀਆ ਵਿਦਿਆਰਥੀਆਂ ਨੂੰ ਇਹ ਮੌਕਾ ਦਿੰਦੀਆਂ ਹਨ ਕਿ ਉਹ ਆਪਣੀ ਸੋਚ ਨੂੰ ਵਿਸ਼ਾਲ ਬਣਾਉਣ ਤੇ ਨਵੀਆਂ ਚੀਜ਼ਾ ਦੀ ਖੋਜ ਕਰਨ।
ਪੜ੍ਹਨ ਦੀ ਆਦਤ ਦਾ ਵਿਕਾਸ
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਵਿਕਸਿਤ ਕਰਨੀ ਚਾਹੀਦੀ ਹੈ। ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਮਿੱਤਰ ਹੁੰਦੀਆਂ ਹਨ। ਅਖ਼ਬਾਰ, ਕਹਾਣੀ ਪੁਸਤਕਾਂ, ਨਾਵਲ, ਜੀਵਨੀਆਂ, ਮੈਗਜ਼ੀਨ ਤੇ ਪ੍ਰੇਰਣਾਦਾਇਕ ਸਾਹਿਤ ਪੜ੍ਹਨ ਨਾਲ ਵਿਦਿਆਰਥੀਆਂ ਦੀ ਭਾਸ਼ਾ, ਸ਼ਬਦਾਵਲੀ ਤੇ ਗਿਆਨ ਦਾ ਵਾਧਾ ਹੁੰਦਾ ਹੈ। ਇਸ ਦੀ ਪੂਰਤੀ ਲਈ ਸਕੂਲਾਂ ’ਚ ਵਿਦਿਆਰਥੀਆਂ ਲਈ ਲਾਇਬ੍ਰੇਰੀਆਂ ਬਹੁਤ ਹੀ ਮਦਦਗਾਰ ਸਾਬਿਤ ਹੁੰਦੀਆਂ ਹਨ। ਭਾਰਤ ਦੇ ਮਹਾਨ ਵਿਗਿਆਨੀ ਤੇ ਸਾਬਕਾ ਰਾਸ਼ਟਰਪਤੀ ਮਰਹੂਮ ਏਪੀਜੇ ਅਬਦੁਲ ਕਲਾਮ ਹਮੇਸ਼ਾ ਵਿਦਿਆਰਥੀਆਂ ਨੂੰ ਕਿਤਾਬਾ ਪੜ੍ਹਨ ਲਈ ਪ੍ਰੇਰਿਤ ਕਰਦੇ ਸਨ। ਉਹ ਕਹਿੰਦੇ ਸਨ ਕਿ ਜਿਹੜੇ ਬੱਚੇ ਵੱਡੇ ਸੁਪਨੇ ਦੇਖਦੇ ਹਨ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਦੇ ਹਨ, ਉਹੀ ਜੀਵਨ ਵਿਚ ਸਫਲ ਹੁੰਦੇ ਹਨ। ਉਦਾਹਰਨ ਵਜੋ ਜੇ ਕੋਈ ਵਿਦਿਆਰਥੀ ਰੋਜ਼ ਇਕ ਘੰਟਾ ਚੰਗੀਆਂ ਕਿਤਾਬਾਂ ਪੜ੍ਹਦਾ ਹੈ ਤਾਂ ਉਸ ਦੀ ਸੋਚ ’ਚ ਨਿਖਾਰ ਆਉਂਦਾ ਹੈ। ਕਹਾਣੀਆਂ, ਕਵਿਤਾਵਾਂ ਦੀਆਂ ਪੁਸਤਕਾਂ ਮਨ ਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ ਤੇ ਵਿਦਿਆਰਥੀਆਂ ਅੰਦਰ ਰਚਨਾਤਮਿਕਤਾ ਪੈਦਾ ਕਰਦੀਆਂ ਹਨ।
ਨਵੇਂ ਹੁਨਰ ਸਿੱਖਣ ਦਾ ਮੌਕਾ
ਅੱਜ ਦੇ ਯੁੱਗ ’ਚ ਸਿਰਫ਼ ਕਿਤਾਬੀ ਗਿਆਨ ਕਾਫ਼ੀ ਨਹੀਂ ਹੈ। ਵਿਦਿਆਰਥੀਆਂ ਨੂੰ ਵਿਹਾਰਕ ਤੇ ਤਕਨੀਕੀ ਹੁਨਰ ਵੀ ਸਿੱਖਣੇ ਚਾਹੀਦੇ ਹਨ। ਗਰਮੀਆ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀ ਕੰਪਿਊਟਰ, ਕੋਡਿੰਗ, ਸਪੋਕਨ ਇੰਗਲਿਸ਼, ਟਾਈਪਿੰਗ, ਪੇਂਟਿੰਗ, ਸੰਗੀਤ, ਨ੍ਰਿਤ, ਸਿਲਾਈ, ਫੋਟੋਗ੍ਰਾਫੀ, ਵੀਡੀਓ ਐਡੀਟਿੰਗ, ਬਾਗ਼ਬਾਨੀ ਜਾਂ ਰਸੋਈ ਕਲਾ ਵਰਗੇ ਕੋਰਸ ਕਰ ਸਕਦੇ ਹਨ। ਅੱਜ-ਕੱਲ੍ਹ ਕਈ ਬੱਚੇ ਛੁੱਟੀਆਂ ਦੌਰਾਨ ਆਨਲਾਇਨ ਕੋਰਸ ਕਰਦੇ ਹਨ, ਜਿਸ ਨਾਲ ਉਹ ਡਿਜੀਟਲ ਤਕਨਾਲੋਜੀ ਨਾਲ ਜੁੜਦੇ ਹਨ। ਕੁਝ ਬੱਚੇ ਯੂਟਿਊਬ ਜਾਂ ਹੋਰ ਆਨਲਾਈਨ ਮਾਧਿਅਮਾਂ ਰਾਹੀ ਨਵੀਆਂ ਭਾਸ਼ਾਵਾ ਸਿੱਖਦੇ ਹਨ। ਇਹ ਹੁਨਰ ਭਵਿੱਖ ’ਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਸਕਦੇ ਹਨ। ਜਿਹੜੇ ਬੱਚੇ ਸੰਗੀਤ ਨਾਲ ਜੁੜਦੇ ਹਨ, ਉਨ੍ਹਾਂ ਵਿਚ ਰਚਨਾਤਮਿਕਤਾ ਤੇ ਆਤਮ-ਵਿਸ਼ਵਾਸ ਵਧਦਾ ਹੈ। ਉਦਾਹਰਨ ਲਈ ਜੇ ਕੋਈ ਬੱਚਾ ਛੁੱਟੀਆਂ ਦੌਰਾਨ ਹਰਮੋਨੀਅਮ ਜਾਂ ਗਿਟਾਰ ਸਿੱਖਦਾ ਹੈ ਤਾਂ ਉਸ ਦੀ ਇਕਾਗਰਤਾ ਤੇ ਧੀਰਜ ਵਿਚ ਵਾਧਾ ਹੁੰਦਾ ਹੈ।
ਸਰੀਰਕ ਤੰਦਰੁਸਤੀ ਦੀ ਮਹੱਤਤਾ
ਅੱਜ-ਕੱਲ੍ਹ ਮੋਬਾਈਲ, ਵੀਡੀਓ ਗੇਮਾਂ ਤੇ ਸੋਸ਼ਲ ਮੀਡੀਆ ਕਾਰਨ ਬੱਚਿਆਂ ਦੀ ਸਰੀਰਕ ਸਰਗਰਮੀ ਘਟ ਗਈ ਹੈ। ਵਿਦਿਆਰਥੀ ਘਰਾਂ ਅੰਦਰ ਜ਼ਿਆਦਾ ਸਮਾਂ ਬਿਤਾਉਂਦੇ ਹਨ, ਜਿਸ ਕਾਰਨ ਮੋਟਾਪਾ, ਅੱਖਾਂ ਦੀ ਕਮਜ਼ੋਰੀ ਤੇ ਮਾਨਸਿਕ ਤਣਾਅ ਵੱਧ ਰਿਹਾ ਹੈ। ਇਸ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਖੇਡਾ ਤੇ ਕਸਰਤ ਵੱਲ ਧਿਆਨ ਦੇਣਾ ਚਾਹੀਦਾ ਹੈ। ਸਵੇਰ ਦੀ ਸੈਰ, ਯੋਗਾ, ਦੌੜ, ਸਾਈਕਲਿੰਗ, ਤੈਰਾਕੀ, ਫੁੱਟਬਾਲ, ਕ੍ਰਿਕਟ, ਬੈਡਮਿਨਟਨ ਵਰਗੀਆਂ ਖੇਡਾਂ ਵਿਦਿਆਰਥੀਆਂ ਨੂੰ ਤੰਦਰੁਸਤ ਰੱਖਦੀਆਂ ਹਨ। ਕਹਾਵਤ ਹੈ ਕਿ ‘ਤੰਦਰੁਸਤੀ ਹੀ ਅਸਲੀ ਦੌਲਤ ਹੈ।’ ਸਿਹਤਮੰਦ ਸਰੀਰ ’ਚ ਹੀ ਸਿਹਤਮੰਦ ਮਨ ਵਸਦਾ ਹੈ। ਖੇਡਾਂ ਵਿਦਿਆਰਥੀਆਂ ਵਿਚ ਟੀਮ ਵਰਕ, ਅਨੁਸ਼ਾਸਨ, ਸਹਿਯੋਗ ਤੇ ਲੀਡਰਸ਼ਿਪ ਦੀ ਭਾਵਨਾ ਵਿਕਸਿਤ ਕਰਦੀਆਂ ਹਨ।
ਵਾਤਾਵਰਣ ਪ੍ਰਤੀ ਜਾਗਰੂਕਤਾ
ਅੱਜ ਦੁਨੀਆ ਵਾਤਾਵਰਣ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਗਲੋਬਲ ਵਾਰਮਿੰਗ, ਪ੍ਰਦੂਸ਼ਣ ਤੇ ਪਾਣੀ ਦੀ ਘਾਟ ਵੱਡੀਆਂ ਚੁਣੌਤੀਆਂ ਬਣ ਚੁੱਕੀਆਂ ਹਨ। ਇਸ ਲਈ ਵਿਦਿਆਰਥੀਆਂ ਵਿਚ ਛੋਟੀ ਉਮਰ ਤੋਂ ਹੀ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਜ਼ਰੂਰੀ ਹੈ। ਕੁਝ ਵਿਦਿਆਰਥੀ ਇਸ ਸਮੇਂ ਨੂੰ ਸਮਾਜ ਸੇਵਾ ’ਚ ਵੀ ਲਗਾਉਂਦੇ ਹਨ। ਆਪਣੇ ਘਰ, ਪਿੰਡ, ਗਰਾਊਂਡ ਜਾਂ ਕਿਸੇ ਹੋਰ ਸਾਂਝੀ ਥਾਂ ’ਤੇ ਰੁੱਖ ਲਗਾਉਂਦੇ ਹਨ, ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਛੁੱਟੀਆਂ ਦੇ ਸਮੇਂ ਕਈ ਵਿਦਿਆਰਥੀ ਪਾਣੀ ਦੀ ਦੁਰਵਰਤੋਂ, ਕੂੜੇ ਦੀ ਸੰਭਾਲ ਤੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਬਾਰੇ ਸਮਾਜ ਵਿਚ ਜਾਗਰੁਕਤਾ ਪੈਦਾ ਕਰਦੇ ਹਨ। ਕਈ ਵਿਦਿਆਰਥੀ ਆਪਣੇ ਪਿੰਡ ਜਾ ਕਾਲੋਨੀ ਵਿਚ ਸਫ਼ਾਈ ਮੁਹਿੰਮ ਚਲਾਉਂਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ’ਚ ਸਮਾਜ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਉਨ੍ਹਾਂ ਨੂੰ ਦੇਖ ਕੇ ਹੋਰ ਬੱਚੇ ਵੀ ਪ੍ਰਭਾਵਿਤ ਹੁੰਦੇ ਹਨ।
ਪਰਿਵਾਰ ਨਾਲ ਸਮਾਂ ਬਿਤਉਣਾ
ਗਰਮੀਆਂ ਦੀਆਂ ਛੁੱਟੀਆ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਵਧੀਆ ਸਮਾਂ ਹੁੰਦੀਆ ਹਨ। ਦਾਦਾ-ਦਾਦੀ ਅਤੇ ਨਾਨਾ-ਨਾਨੀ ਬੱਚਿਆਂ ਲਈ ਅਨੁਭਵ ਦਾ ਖ਼ਜ਼ਾਨਾ ਹੁੰਦੇ ਹਨ। ਉਨ੍ਹਾਂ ਤੋਂ ਸੰਸਕਾਰ, ਇਤਿਹਾਸ ਤੇ ਜੀਵਨ ਦੀਆਂ ਕੀਮਤੀ ਸਿੱਖਿਆਵਾਂ ਮਿਲਦੀਆਂ ਹਨ। ਇਸ ਨਾਲ ਵਿਦਿਆਰਥੀਆਂ ’ਚ ਸਿੱਖਣ ਤੇ ਸਿਖਾਉਣ ਦੀ ਪ੍ਰਕਿਰਿਆ ਤੇ ਭਾਵਨਾ ਪੈਦਾ ਹੁੰਦੀ ਹੈ। ਛੁੱਟੀਆਂ ਦੌਰਨ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਂਦੇ ਹਨ ਜਾਂ ਰਿਸ਼ਤੇਦਾਰ ਉਨ੍ਹਾਂ ਦੇ ਘਰ ਆਉਂਦੇ ਹਨ। ਮਾਮੇ-ਮਾਸੀਆਂ, ਚਾਚੇ-ਤਾਏ ਦੇ ਬੱਚੇ ਇਕੱਠੇ ਰਹਿੰਦੇ ਹਨ, ਜਿਸ ਨਾਲ ਆਪਸੀ ਸਮਝ ਤੇ ਪਿਆਰ ਦਾ ਵਾਧਾ ਹੁੰਦਾ ਹੈ। ਅੱਜ-ਕੱਲ੍ਹ ਦੇ ਰੁੱਝੇ ਹੋਏ ਜੀਵਨ ਵਿਚ ਮਾਪਿਆਂ ਕੋਲ ਬੱਚਿਆਂ ਲਈ ਘੱਟ ਸਮਾਂ ਹੁੰਦਾ ਹੈ। ਇਸ ਲਈ ਛੁੱਟੀਆਂ ਦੌਰਾਨ ਪਰਿਵਾਰ ਨਾਲ ਮਿਲ ਬੈਠਣਾ, ਗੱਲਬਾਤ ਕਰਨਾ ਤੇ ਇਕੱਠਿਆਂ ਯਾਤਰਾ ਕਰਨਾ ਬੱਚਿਆਂ ਦੇ ਮਨ ਨੂੰ ਖ਼ੁਸ਼ੀ ਦਿੰਦਾ ਹੈ।
ਇਤਿਹਾਸਕ ਤੇ ਧਾਰਮਿਕ ਯਾਤਰਾ
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਪਰਿਵਾਰ ਨਾਲ ਇਤਿਹਾਸਿਕ ਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਤੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਉਦਾਹਰਨ ਵਜੋਂ ਜਲ੍ਹਿਆਂਵਾਲਾ ਬਾਗ਼ ਦੀ ਯਾਤਰਾ ਨਾਲ ਵਿਦਿਆਰਥੀਆਂ ਨੂੰ ਆਜ਼ਾਦੀ ਸੰਘਰਸ਼ ਦੀਆਂ ਕੁਰਬਾਨੀਆਂ ਦਾ ਅਹਿਸਾਸ ਹੁੰਦਾ ਹੈ। ਹਰਿਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਵਿਚ ਸੇਵਾ ਅਤੇ ਸਮਾਨਤਾ ਦੀ ਭਾਵਨਾ ਦੇਖਣ ਨੂੰ ਮਿਲਦੀ ਹੈ। ਇਸ ਤਰ੍ਹਾਂ ਵਿਗਿਆਨ ਕੇਂਦਰਾਂ, ਅਜਾਇਬ ਘਰ ਤੇ ਪੁਸਤਕ ਮੇਲਿਆਂ ਦੀ ਯਾਤਰਾ ਵਿਦਿਆਰਥੀਆਂ ਵਿਚ ਜਗਿਆਸਾ ਤੇ ਸਿੱਖਣ ਦੀ ਲਗਨ ਪੈਦਾ ਕਰਦੀ ਹੈ।
ਛੁੱਟੀਆਂ ਦਾ ਨੁਕਸਾਨ
ਜੇ ਛੁੱਟੀਆਂ ਦਾ ਸਹੀ ਇਸਤੇਮਾਲ ਨਾ ਕੀਤਾ ਜਾਵੇ ਤਾਂ ਨੁਕਸਾਨਦਾਇਕ ਵੀ ਸਾਬਿਤ ਹੋ ਸਕਦੀਆਂ ਹਨ। ਕੁਝ ਬੱਚੇ ਦਰੇ ਤੱਕ ਸੌਂਦੇ ਹਨ, ਜੰਕ ਫੂਡ ਖਾਂਦੇ ਹਨ ਤੇ ਸਾਰਾ ਦਿਨ ਮੋਬਾਈਲ ਵਰਤਦੇ ਹਨ। ਇਸ ਨਾਲ ਆਲਸ, ਚਿੜਚਿੜਾਪਣ ਅਤੇ ਪੜ੍ਹਾਈ ਤੋਂ ਦੂਰੀ ਵੱਧ ਜਾਂਦੀ ਹੈ। ਕਈ ਵਿਦਿਆਰਥੀ ਛੁੱਟੀਆਂ ਦੌਰਾਨ ਪੂਰੀ ਤਰ੍ਹਾਂ ਪੜ੍ਹਾਈ ਛੱਡ ਦਿੰਦੇ ਹਨ, ਜਿਸ ਕਾਰਨ ਸਕੂਲ ਖੁੱਲ੍ਹਣ ’ਤੇ ਉਨ੍ਹਾਂ ਨੂੰ ਦੁਬਾਰਾ ਪੜ੍ਹਾਈ ਵਿਚ ਧਿਆਨ ਲਗਾਉਣ ਵਿਚ ਮੁਸ਼ਕਲ ਆਉਂਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਸੰਤੁਲਿਤ ਰੁਟੀਨ ਬਣਾਉਣੀ ਚਾਹੀਦੀ ਹੈ, ਜਿਸ ਵਿਚ ਪੜ੍ਹਾਈ, ਖੇਡਾਂ, ਆਰਾਮ ਤੇ ਰਚਨਾਤਮਿਕ ਗਤੀਵਿਧੀਆਂ ਲਈ ਸਮਾਂ ਹੋਵੇ।
ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ
ਮਾਪਿਆਂ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਸਹੀ ਉਪਯੋਗ ਕਰਨ ਲਈ ਪ੍ਰੇਰਿਤ ਕਰਨ। ਵਿਦਿਆਰਥੀਆਂ ’ਤੇ ਹੋਮਵਰਕ ਦਾ ਬੋਝ ਪਾਉਣ ਦੀ ਬਜਾਏ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਤੇ ਆਪਣੀਆਂ ਯੋਗਤਾਵਾਂ ਨੂੰ ਨਿਖਾਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮਹਾਨ ਕਵੀ ਰਬਿੰਦਰਨਾਥ ਟੈਗੋਰ ਨੇ ਕਿਹਾ ਸੀ, ‘ਬੱਚਿਆਂ ਨੂੰ ਸਿੱਖਿਆ ਦੀਆਂ ਹੱਦਾਂ ਵਿਚ ਕੈਦ ਨਾ ਕਰੋ ਕਿਊਕਿ ਉਹ ਕਿਸੇ ਹੋਰ ਸਮੇਂ ਲਈ ਜਨਮਿਆ ਹੈ।’ ਵਿਦਿਆਰਥੀਆਂ ਨੂੰ ਖੁੱਲ੍ਹਾ ਮਾਹੌਲ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਵਿਚਾਰਾਂ ਅਤੇ ਰਚਨਾਤਮਿਕਤਾ ਵਿਕਸਿਤ ਕਰ ਸਕਣ ਅਤੇ ਆਪਣੇ ਮਨ ਤੇ ਇੱਛਾ ਅਨੁਸਾਰ ਆਪਣਾ ਸਮਾਂ ਸਕਾਰਾਤਮਿਕ ਗਤੀਵਿਧੀਆਂ ਵਿਚ ਬਿਤਾ ਸਕਣ।
ਆਖ਼ਰ ਇਹ ਕਿਹਾ ਜਾ ਸਕਦਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਸਿਫ਼ ਮਨੋਰੰਜਨ ਜਾ ਆਰਾਮ ਦਾ ਸਮਾਂ ਨਹੀ ਹਨ। ਇਹ ਵਿਦਿਆਰਥੀਆਂ ਲਈ ਸਿੱਖਣ, ਸੋਚਣ, ਸਰੀਰਕ ਤੇ ਮਾਨਸਿਕ ਵਿਕਾਸ ਕਰਨ, ਪਰਿਵਾਰ ਨਾਲ ਜੁੜਨ ਤੇ ਜੀਵਨ ਦੇ ਨਵੇਂ ਅਨੁਭਵ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹਨ। ਜੇ ਬੱਚੇ ਆਪਣੀਆਂ ਛੁੱਟੀਆਂ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਤਾਂ ਇਹ ਸਮਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ।
- ਰੀਤੂ ਪਾਲ