- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੇਂ ਦੇ ਬਦਲਦੇ ਦੌਰ ਨੇ ਮਨੁੱਖੀ ਜੀਵਨ ਦੇ ਰਹਿਣ-ਸਹਿਣ, ਸੋਚਣ ਦੇ ਢੰਗ ਤੇ ਜੀਵਨ ਜਿਊਣ ਦੀ ਰਫ਼ਤਾਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਜੇ ਪੁਰਾਣੇ ਪੰਜਾਬ ਦੀ ਗੱਲ ਕਰੀਏ ਤਾਂ ਉਹ ਸਾਨੂੰ ਕਿਸੇ ਸੁਹਾਵਣੇ ਸੁਪਨੇ ਵਾਂਗ ਮਹਿਸੂਸ ਹੁੰਦਾ ਹੈ। ਉਹ ਪੰਜਾਬ ਜਿੱਥੇ ਦਾਦੀਆਂ-ਨਾਨੀਆਂ ਤੇ ਬਾਬੇ-ਬਜ਼ੁਰਗ ਬੱਚਿਆਂ ਨੂੰ ਰਾਤਾਂ ਵੇਲੇ ਬਾਤਾਂ ਤੇ ਕਹਾਣੀਆਂ ਸੁਣਾਉਂਦੇ ਸਨ।

ਸਮੇਂ ਦੇ ਬਦਲਦੇ ਦੌਰ ਨੇ ਮਨੁੱਖੀ ਜੀਵਨ ਦੇ ਰਹਿਣ-ਸਹਿਣ, ਸੋਚਣ ਦੇ ਢੰਗ ਤੇ ਜੀਵਨ ਜਿਊਣ ਦੀ ਰਫ਼ਤਾਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਜੇ ਪੁਰਾਣੇ ਪੰਜਾਬ ਦੀ ਗੱਲ ਕਰੀਏ ਤਾਂ ਉਹ ਸਾਨੂੰ ਕਿਸੇ ਸੁਹਾਵਣੇ ਸੁਪਨੇ ਵਾਂਗ ਮਹਿਸੂਸ ਹੁੰਦਾ ਹੈ। ਉਹ ਪੰਜਾਬ ਜਿੱਥੇ ਦਾਦੀਆਂ-ਨਾਨੀਆਂ ਤੇ ਬਾਬੇ-ਬਜ਼ੁਰਗ ਬੱਚਿਆਂ ਨੂੰ ਰਾਤਾਂ ਵੇਲੇ ਬਾਤਾਂ ਤੇ ਕਹਾਣੀਆਂ ਸੁਣਾਉਂਦੇ ਸਨ। ਉਹ ਸਿਰਫ਼ ਕਹਾਣੀਆਂ ਨਹੀਂ ਹੁੰਦੀਆਂ ਸਨ ਸਗੋਂ ਉਨ੍ਹਾਂ ’ਚ ਸਾਡੇ ਵਿਰਸੇ, ਸੱਭਿਆਚਾਰ ਤੇ ਇਤਿਹਾਸ ਦੀਆਂ ਜੀਵੰਤ ਪੈੜਾਂ ਛੁਪੀਆਂ ਹੁੰਦੀਆਂ ਸਨ। ਉਨ੍ਹਾਂ ਗੱਲਾਂ ਰਾਹੀਂ ਬੱਚਿਆਂ ਨੂੰ ਆਪਣੇ ਪੁਰਖਿਆਂ ਦੀ ਸੂਰਬੀਰਤਾ, ਧਰਮ ਤੇ ਇਨਸਾਨੀਅਤ ਤੋਂ ਜਾਣੂ ਕਰਵਾਇਆ ਜਾਂਦਾ ਸੀ।
ਆਪਣੀਆਂ ਜੜ੍ਹਾਂ ਤੋਂ ਦੂਰ ਰਹੀ ਅਜੋਕੀ ਪੀੜ੍ਹੀ
ਆਧੁਨਿਕਤਾ ਦੀ ਅੰਨ੍ਹੀ ਦੌੜ ਨੇ ਅਜੋਕੀ ਪੀੜ੍ਹੀ ਨੂੰ ਅਜਿਹਾ ਘੇਰ ਲਿਆ ਕਿ ਉਹ ਨਵੇਂ ਜ਼ਮਾਨੇ ਨਾਲ ਤੁਰਦਿਆਂ ਆਪਣੀਆਂ ਜੜ੍ਹਾਂ ਤੋਂ ਹੀ ਦੂਰ ਹੋ ਰਹੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਅਸੀਂ ਸਾਹਿਤ ਪੜ੍ਹਨਾ ਲਗਪਗ ਛੱਡ ਹੀ ਦਿੱਤਾ ਹੈ। ਇਹ ਦੂਰੀ ਇੰਨੀ ਵੱਧ ਗਈ ਹੈ ਕਿ ਸਾਨੂੰ ਅਹਿਸਾਸ ਵੀ ਨਾ ਹੋਇਆ ਕਿ ਅਸੀਂ ਆਪਣੇ ਮਹਾਨ ਇਤਿਹਾਸ ਤੇ ਵਿਰਸੇ ਤੋਂ ਕੋਹਾਂ ਦੂਰ ਹੋ ਚੁੱਕੇ ਹਾਂ। ਜਦੋਂ ਬੱਚਿਆਂ ਨੂੰ ਸਿੱਖ ਧਰਮ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਸਨ ਤਾਂ ਉਨ੍ਹਾਂ ਦੇ ਮਨ ’ਚ ਧਰਮ ਨਾਲ ਜੁੜਨ ਦੀ ਲਗਨ ਪੈਦਾ ਹੁੰਦੀ ਸੀ। ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ, ਜੋ ਕਦੇ ਵੀਰਤਾ ਤੇ ਸ਼ਹਾਦਤਾਂ ਲਈ ਜਾਣੀ ਜਾਂਦੀ ਸੀ, ਅੱਜ ਕਈ ਮਾੜੀਆਂ ਆਦਤਾਂ ਦੀ ਗ੍ਰਿਫ਼ਤ ਵਿਚ ਆ ਚੁੱਕੀ ਹੈ। ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਭਿਆਨਕ ਦਲਦਲ ’ਚ ਇਸ ਕਦਰ ਫਸਦੀ ਜਾ ਰਹੀ ਹੈ ਕਿ ਜਿਸ ਕੌਮ ਦੇ ਪੁਰਖਿਆਂ ਨੇ ਸਿਕੰਦਰ ਅਤੇ ਪਠਾਣਾਂ ਦੇ ਹੌਸਲੇ ਪਸਤ ਕੀਤੇ, ਅਨੇਕਾਂ ਤੋਪਾਂ ਦੇ ਮੂੰਹ ਮੋੜੇ, ਅੱਜ ਉਸੇ ਕੌਮ ਦੇ ਜਵਾਨ ਨਸ਼ਿਆਂ ਦੀਆਂ ਸਰਿੰਜਾਂ ਦੇ ਕੈਦੀ ਬਣਦੇ ਜਾ ਰਹੇ ਹਨ।
ਮੁਫ਼ਤ ਵੰਡਿਆ ਜਾ ਰਿਹਾ ਧਾਰਮਿਕ ਤੇ ਇਤਿਹਾਸਕ ਸਾਹਿਤ
ਇਸ ਗੰਭੀਰ ਹਾਲਾਤ ਨੂੰ ਸਮਝਦਿਆਂ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਤੇ ਇਤਿਹਾਸਕ ਸਾਹਿਤ ਮੁਫ਼ਤ ਵੰਡਿਆ ਜਾ ਰਿਹਾ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਧਾਰਮਿਕ ਸਾਹਿਤ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਹਲਕਾ ਜੋਗਾ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਵਿਲੱਖਣ ਤੇ ਸ਼ਲਾਘਾਯੋਗ ਪਹਿਲ ਕੀਤੀ ਗਈ। ਪਿਛਲੇ 11 ਸਾਲਾਂ ਤੋਂ ਉਨ੍ਹਾਂ ਦੇ ਯਤਨਾਂ ਸਦਕਾ ਹਲਕੇ ਦੇ 54 ਪਿੰਡਾਂ ਵਿਚ ਜੂਨ ਮਹੀਨੇ ’ਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਦੁਆਰਿਆਂ ਵਿਚ ਗੁਰਮਤਿ ਸਮਰ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ, ਸਿੱਖ ਯੋਧਿਆਂ ਦੀਆਂ ਵਾਰਾਂ, ਗੁਰਬਾਣੀ ਤੇ ਗੁਰਮਤਿ ਰਹਿਤ ਮਰਿਆਦਾ ਨਾਲ ਜੋੜਿਆ ਜਾਂਦਾ ਹੈ।
ਵਿਰਸੇ ਪ੍ਰਤੀ ਪੈਦਾ ਕੀਤੀ ਜਾਂਦੀ ਚੇਤਨਾ
‘ਆਓ ਗੁਰ ਇਤਿਹਾਸ ਜਾਣੀਏ’, ‘ਖ਼ੂਨ ਸ਼ਹੀਦਾਂ ਦਾ’ ਅਤੇ ਹੋਰ ਧਾਰਮਿਕ ਸਾਹਿਤ ਰਾਹੀਂ ਬੱਚਿਆਂ ਵਿਚ ਆਪਣੇ ਵਿਰਸੇ ਪ੍ਰਤੀ ਚੇਤਨਾ ਪੈਦਾ ਕੀਤੀ ਜਾਂਦੀ ਹੈ। ਲਗਪਗ 12 ਤੋਂ 13 ਦਿਨ ਚੱਲਣ ਵਾਲੇ ਇਨ੍ਹਾਂ ਕੈਂਪਾਂ ਵਿਚ ਹਰ ਸਾਲ ਕਰੀਬ 3000 ਤੋਂ 3500 ਬੱਚੇ ਭਾਗ ਲੈਂਦੇ ਹਨ। ਭਾਗ ਲੈਣ ਵਾਲੇ ਹਰ ਬੱਚੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸ਼ੰਸਾ ਪੱਤਰ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਜਦੋਂਕਿ ਗੁਰਮਤਿ ਸਿੱਖਿਆ ਵਿਚ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ। ਪਿੰਡਾਂ ਦੀਆਂ ਸੱਥਾਂ ’ਚ ਬੈਠੇ ਬਜ਼ੁਰਗ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ। ਕਈ ਵਾਰ ਉਹ ਦੁੱਖ ਨਾਲ ਕਹਿ ਦਿੰਦੇ ਹਨ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਸਾਡੇ ਪਿੰਡ ਕੈਂਪ ਲੱਗ ਗਿਆ, ਸਾਡੇ ਬੱਚੇ ਤਾਂ ਇਸ ਤੋਂ ਵਾਂਝੇ ਰਹਿ ਗਏ। ਇਸ ਘਾਟ ਨੂੰ ਮਹਿਸੂਸ ਕਰਦਿਆਂ ਇਕ ਹੋਰ ਨਿਵੇਕਲੀ ਪਹਿਲ ਕੀਤੀ ਗਈ ਕਿ ਪਿਛਲੇ ਸਾਲ ਤੋਂ ਤਪਦੀ ਧੁੱਪ ’ਚ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਘਰ-ਘਰ ਜਾ ਕੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਤੇ ਗੁਰਮਤਿ ਸਮਰ ਕੈਂਪਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰ ਰਹੇ ਹਨ। ਇਹ ਸਿਰਫ਼ ਕੈਂਪ ਨਹੀਂ ਸਗੋਂ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਸਹੀ ਰਸਤੇ ’ਤੇ ਲਿਆਉਣ ਦਾ ਮਹਾਨ ਜਨੂੰਨ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਗੁਰਮਤਿ ਸਮਰ ਕੈਂਪ ਨਿਰੰਤਰ ਚੱਲ ਰਹੇ ਹਨ ਤੇ ਹਰ ਸਾਲ ਹੋਰ ਬੱਚਿਆਂ ਨੂੰ ਆਪਣੇ ਨਾਲ ਜੋੜ ਰਹੇ ਹਨ।
ਬੱਚੇ ਸਿੱਖ ਰਹੇ ਹਨ ਗੁਰਮੁਖੀ ਪੈਂਤੀ
ਇਕ ਹੋਰ ਖ਼ੁਸ਼ੀ ਦੀ ਗੱਲ ਇਹ ਵੇਖਣ ਨੂੰ ਮਿਲਦੀ ਹੈ ਕਿ ਬੱਚੇ ਗੁਰੂ ਘਰ ਆ ਕੇ ਗੁਰਮੁਖੀ ਪੈਂਤੀ ਸਿੱਖ ਰਹੇ ਹਨ। ਅੱਜ ਕਈ ਪ੍ਰਾਈਵੇਟ ਸਕੂਲ ਮਾਡਰਨ ਯੁੱਗ ਦੇ ਨਾਂ ’ਤੇ ਬੱਚਿਆਂ ਨੂੰ ਅੰਗਰੇਜ਼ੀ ਅਤੇ ਹਿੰਦੀ ਬੋਲਣ ਵੱਲ ਧੱਕ ਰਹੇ ਹਨ, ਜਿਸ ਕਾਰਨ ਬੱਚੇ ਪੰਜਾਬੀ ਲਿਖਣ ਤੇ ਸ਼ੁੱਧ ਬੋਲਣ ਤੋਂ ਦੂਰ ਹੁੰਦੇ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਬੱਚਿਆਂ ਨੂੰ ਗੁਰਮੁਖੀ ਲਿੱਪੀ ਦੀ ਮਹੱਤਤਾ ਬਾਰੇ ਵਿਸ਼ੇਸ਼ ਤੌਰ ’ਤੇ ਜਾਣੂ ਕਰਵਾਇਆ ਜਾਂਦਾ ਹੈ।
ਜਦੋਂ ਬੱਚਿਆਂ ਵਿਚ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਹੋਣ ਲੱਗਦੀ ਹੈ ਤਾਂ ਐੱਸਜੀਪੀਸੀ ਵੱਲੋਂ ਪਿੰਡਾਂ ਨੂੰ ਲਾਇਬ੍ਰੇਰੀਆਂ ਵੀ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਬੱਚੇ ਹਮੇਸ਼ਾਂ ਸਾਹਿਤ ਨਾਲ ਜੁੜੇ ਰਹਿਣ। ਅੱਜ ਲੋੜ ਹੈ ਸਮੇਂ ਨੂੰ ਸਮਝਣ ਦੀ। ਉਨ੍ਹਾਂ ਭੈੜੀਆਂ ਆਦਤਾਂ ਨੂੰ ਪਛਾਣਨ ਦੀ, ਜਿਹੜੀਆਂ ਸਾਡੇ ਬੱਚਿਆਂ ਦੀ ਮਾਨਸਿਕਤਾ ਨੂੰ ਗ਼ੁਲਾਮ ਬਣਾ ਰਹੀਆਂ ਹਨ। ਲੋੜ ਹੈ ਉਸ ਮਾਨਸਿਕ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਅਤੇ ਬੱਚਿਆਂ ਨੂੰ ਆਪਣੇ ਪਿਛੋਕੜ, ਇਤਿਹਾਸ ਅਤੇ ਆਪਣੇ ਵਿਰਸੇ ਨਾਲ ਜੋੜਨ ਦੀ, ਤਾਂ ਜੋ ਉਹ ਆਪਣਾ ਭਵਿੱਖ ਸੰਵਾਰ ਸਕਣ।
ਕਿਤਾਬਾਂ ਦੀ ਰੋਸ਼ਨੀ ਨਾਲ ਜੋੜੀਏ
ਅਸੀਂ ਜਿੰਨਾ ਸਾਹਿਤ ਤੋਂ ਦੂਰ ਹੁੰਦੇ ਜਾ ਰਹੇ ਹਾਂ, ਓਨਾ ਹੀ ਜ਼ਿੰਦਗੀ ਦੀ ਕਾਹਲੀ ਨੇ ਸਾਡੇ ਮਨਾਂ ਵਿਚ ਸਕੂਨ ਦੀ ਥਾਂ ਘਬਰਾਹਟ ਪੈਦਾ ਕਰ ਦਿੱਤੀ ਹੈ। ਅੱਜ ਅਸੀਂ ਕਿਸੇ ਵੀ ਚੀਜ਼ ਨੂੰ ਪਰਖਣ ਲਈ ਕੁਝ ਮਿੰਟਾਂ ਦੀ ਰੀਲ ਨੂੰ ਹੀ ਆਧਾਰ ਬਣਾ ਲੈਂਦੇ ਹਾਂ, ਜਦੋਂਕਿ ਅਸਲ ਸੱਚਾਈ ਉਸ ਤੋਂ ਕੋਹਾਂ ਦੂਰ ਹੁੰਦੀ ਹੈ। ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲਾਂ ਦੀ ਚਮਕ ਤੋਂ ਕੱਢ ਕੇ ਕਿਤਾਬਾਂ ਦੀ ਰੋਸ਼ਨੀ ਨਾਲ ਜੋੜੀਏ ਕਿਉਂਕਿ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ, ਉਹ ਨਾ ਅੱਜ ਕਾਇਮ ਰਹਿ ਸਕਦੀ ਹੈ ਤੇ ਨਾ ਹੀ ਕੱਲ੍ਹ।
- ਮਨਦੀਪ ਸਿੰਘ ਮਾਖਾ