ਬੱਚਿਆਂ ਦੀ ਜ਼ਿੰਦਗੀ ਦਾ ਅਹਿਮ ਪੜਾਅ ਹੁੰਦੀ ਵਿਦਾਇਗੀ ਪਾਰਟੀ
ਪ੍ਰਾਇਮਰੀ ਸਕੂਲ ਵਿਚ ਪੰਜਵੀਂ ਪਾਸ ਕਰ ਰਹੇ ਵਿਦਿਆਰਥੀਆਂ ਦੀ ਸਕੂਲ ਤੋਂ ਵਿਦਾਇਗੀ ਦੇ ਪਲ ਨਿਵੇਕਲਾ ਮਾਹੌਲ ਸਿਰਜਦੇ ਹਨ। ਵਾਤਾਵਰਣ ਅਜੀਬ ਉਤਸੁਕਤਾ ਨਾਲ ਭਰਿਆ ਹੁੰਦਾ ਹੈ। ਚੌਥੀ ਜਮਾਤ ਦੇ ਬੱਚੇ ਆਪਣੇ ਵੱਡੇ ਸਾਥੀਆਂ ਲਈ ਮੁਸਕਾਨਾਂ ਨਾਲ ਭਰੀ ਵਿਦਾਇਗੀ ਪਾਰਟੀ ਸਜਾਉਂਦੇ ਹਨ ਅਤੇ ਪੰਜਵੀਂ ਜਮਾਤ ਦੇ ਬੱਚੇ ਆਪਣੇ ਅਗਲੇ ਵਿੱਦਿਅਕ ਸਫ਼ਰ ਨੂੰ ਲੈ ਕੇ ਉਤਸ਼ਾਹਿਤ ਹੁੰਦੇ ਹਨ ਪਰ ਇਸ ਮੁਸਕਾਨ ਤੇ ਉਤਸੁਕਤਾ ਵਿਚ ਵਿਛੋੜੇ ਦੀ ਉਦਾਸੀ ਵੀ ਰਲੀ ਹੁੰਦੀ ਹੈ।
Publish Date: Sat, 28 Feb 2026 11:14 AM (IST)
Updated Date: Sat, 28 Feb 2026 11:16 AM (IST)
ਪ੍ਰਾਇਮਰੀ ਸਕੂਲ ਵਿਚ ਪੰਜਵੀਂ ਪਾਸ ਕਰ ਰਹੇ ਵਿਦਿਆਰਥੀਆਂ ਦੀ ਸਕੂਲ ਤੋਂ ਵਿਦਾਇਗੀ ਦੇ ਪਲ ਨਿਵੇਕਲਾ ਮਾਹੌਲ ਸਿਰਜਦੇ ਹਨ। ਵਾਤਾਵਰਣ ਅਜੀਬ ਉਤਸੁਕਤਾ ਨਾਲ ਭਰਿਆ ਹੁੰਦਾ ਹੈ। ਚੌਥੀ ਜਮਾਤ ਦੇ ਬੱਚੇ ਆਪਣੇ ਵੱਡੇ ਸਾਥੀਆਂ ਲਈ ਮੁਸਕਾਨਾਂ ਨਾਲ ਭਰੀ ਵਿਦਾਇਗੀ ਪਾਰਟੀ ਸਜਾਉਂਦੇ ਹਨ ਅਤੇ ਪੰਜਵੀਂ ਜਮਾਤ ਦੇ ਬੱਚੇ ਆਪਣੇ ਅਗਲੇ ਵਿੱਦਿਅਕ ਸਫ਼ਰ ਨੂੰ ਲੈ ਕੇ ਉਤਸ਼ਾਹਿਤ ਹੁੰਦੇ ਹਨ ਪਰ ਇਸ ਮੁਸਕਾਨ ਤੇ ਉਤਸੁਕਤਾ ਵਿਚ ਵਿਛੋੜੇ ਦੀ ਉਦਾਸੀ ਵੀ ਰਲੀ ਹੁੰਦੀ ਹੈ।
ਅਧਿਆਪਕਾਂ ਲਈ ਇਹ ਸਮਾਂ ਖ਼ੁਸ਼ੀ ਤੇ ਉਦਾਸੀ ਦੇ ਰਲੇ-ਮਿਲੇ ਭਾਵਾਂ ਨਾਲ ਭਰਿਆ ਹੁੰਦਾ ਹੈ। ਖ਼ੁਸ਼ੀ ਹੁੰਦੀ ਹੈ ਕਿ ਉਹ ਬੱਚੇ, ਜਿਨ੍ਹਾਂ ਨੂੰ ਕਦੇ ਹੱਥ ਫੜ ਕੇ ਪੜ੍ਹਾਈ-ਲਿਖਾਈ ਦੇ ਰਾਹ ਪਾਇਆ ਸੀ, ਅੱਜ ਇਸ ਰਸਤੇ ’ਤੇ ਇਕ ਪੜਾਅ ਪਾਰ ਕਰ ਚੁੱਕੇ ਹਨ ਅਤੇ ਹੁਣ ਅੱਗੇ ਵਧਣ ਲਈ ਤਿਆਰ ਹਨ। ਨਵੇਂ ਸੁਪਨੇ ਲੈ ਕੇ ਨਵੀਆਂ ਮੰਜ਼ਿਲਾਂ ਦਾ ਰੁਖ਼ ਕਰ ਰਹੇ ਹਨ ਪਰ ਇਸ ਮਾਣ ਤੇ ਖ਼ੁਸ਼ੀ ਦੇ ਨਾਲ-ਨਾਲ ਵਿਛੋੜੇ ਦਾ ਦੁੱਖ ਵੀ ਦਿਲ ਨੂੰ ਘੇਰਦਾ ਹੈ। ਸਾਲਾਂ ਤਕ ਬਚਿਆਂ ਨਾਲ ਇਕੱਠੇ ਰਹਿਣ ਕਰ ਕੇ ਇਕ ਰਿਸ਼ਤਾ ਬਣ ਗਿਆ ਹੁੰਦਾ ਹੈ ਅਤੇ ਉਹ ਬੱਚਿਆਂ ਦੇ ਦੁੱਖ-ਸੁੱਖ ਦੇ ਭਾਈਵਾਲ ਬਣ ਗਏ ਹੁੰਦੇ ਹਨ। ਵਿਦਾਇਗੀ ਦੇ ਪਲਾਂ ’ਚ ਜਦੋਂ ਬੱਚੇ ਅਧਿਆਪਕਾਂ ਤੋਂ ਅਸੀਸਾਂ ਲੈਂਦੇ ਹਨ, ਉਹ ਅਸੀਸਾਂ ਸਿਰਫ਼ ਸ਼ਬਦ ਨਹੀਂ ਰਹਿੰਦੀਆਂ ਸਗੋਂ ਬੱਚਿਆਂ ਦੇ ਭਵਿੱਖ ਨਾਲ ਜੁੜ ਜਾਂਦੀਆਂ ਹਨ। ਅਧਿਆਪਕਾਂ ਦੀਆਂ ਦੁਆਵਾਂ, ਉਨ੍ਹਾਂ ਦੀ ਮਿਹਨਤ ਤੇ ਪਿਆਰ ਸਦਾ ਬੱਚਿਆਂ ਦੇ ਨਾਲ ਚੱਲਦੇ ਹਨ।
ਇਹ ਵਿਦਾਇਗੀ ਬੱਚਿਆਂ ਦੀ ਜ਼ਿੰਦਗੀ ਦਾ ਅਹਿਮ ਪੜਾਅ ਹੁੰਦੀ ਹੈ। ਇਸ ਦਿਨ ਦਾ ਮਾਹੌਲ ਇਹ ਸਾਬਿਤ ਕਰ ਦਿੰਦਾ ਹੈ ਕਿ ਸਕੂਲ ਸਿਰਫ਼ ਪੜ੍ਹਨ-ਲਿਖਣ ਦੀ ਹੀ ਥਾਂ ਨਹੀਂ ਸਗੋਂ ਚਿਰ-ਸਥਾਈ ਸਾਂਝਾਂ ਸਿਰਜਣ ਦੀ ਜਗ੍ਹਾ ਵੀ ਹੈ। ਇਸ ਦਿਨ ਦੀ ਯਾਦ ਹਰ ਅਧਿਆਪਕ ਤੇ ਹਰ ਵਿਦਿਆਰਥੀ ਦੇ ਦਿਲ ’ਚ ਹਮੇਸ਼ਾ ਲਈ ਵਸ ਜਾਂਦੀ ਹੈ।
- ਹਰਪ੍ਰੀਤ ਕੌਰ ਪ੍ਰੀਤ