ਅੱਜ ਦਾ ਯੁੱਗ ਡਿਜੀਟਲ ਯੁੱਗ ਹੈ। ਮੋਬਾਈਲ ਫੋਨ, ਟੈਬਲੈਟ, ਲੈਪਟਾਪ ਤੇ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਤੇ ਤੇਜ਼ ਬਣਾ ਦਿੱਤਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਵੀ ਹੁਣ ਡਿਜੀਟਲ ਸਾਧਨਾਂ ਨਾਲ ਜੁੜ ਗਈ ਹੈ। ਆਨਲਾਈਨ ਕਲਾਸਾਂ, ਯੂਟਿਊਬ ਲੈਕਚਰ, ਐਜੂਕੇਸ਼ਨ ਐਪਸ ਤੇ ਡਿਜੀਟਲ ਨੋਟਸ ਨੇ ਸਿੱਖਿਆ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ ਪਰ ਇਸ ਤਰੱਕੀ ਨਾਲ ਗੰਭੀਰ ਸਮੱਸਿਆ ਵੀ ਜਨਮ ਲੈ ਰਹੀ ਹੈ, ਜਿਸ ਨੂੰ ਅਸੀਂ ਡਿਜੀਟਲ ਨਸ਼ਾ ਕਹਿੰਦੇ ਹਾਂ।

ਅੱਜ ਦਾ ਯੁੱਗ ਡਿਜੀਟਲ ਯੁੱਗ ਹੈ। ਮੋਬਾਈਲ ਫੋਨ, ਟੈਬਲੈਟ, ਲੈਪਟਾਪ ਤੇ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਤੇ ਤੇਜ਼ ਬਣਾ ਦਿੱਤਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਵੀ ਹੁਣ ਡਿਜੀਟਲ ਸਾਧਨਾਂ ਨਾਲ ਜੁੜ ਗਈ ਹੈ। ਆਨਲਾਈਨ ਕਲਾਸਾਂ, ਯੂਟਿਊਬ ਲੈਕਚਰ, ਐਜੂਕੇਸ਼ਨ ਐਪਸ ਤੇ ਡਿਜੀਟਲ ਨੋਟਸ ਨੇ ਸਿੱਖਿਆ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ ਪਰ ਇਸ ਤਰੱਕੀ ਨਾਲ ਗੰਭੀਰ ਸਮੱਸਿਆ ਵੀ ਜਨਮ ਲੈ ਰਹੀ ਹੈ, ਜਿਸ ਨੂੰ ਅਸੀਂ ਡਿਜੀਟਲ ਨਸ਼ਾ ਕਹਿੰਦੇ ਹਾਂ। ਇਸ ਸਮੱਸਿਆ ਨਾਲ ਨਜਿੱਠਣ ’ਚ ਅਧਿਆਪਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ।

ਵਿਹਾਰ ’ਤੇ ਪਾਉਂਦਾ ਨਾਂਹ-ਪੱਖੀ ਅਸਰ
ਡਿਜੀਟਲ ਨਸ਼ਾ ਉਸ ਹਾਲਤ ਨੂੰ ਕਹਿੰਦੇ ਹਨ, ਜਦੋਂ ਵਿਦਿਆਰਥੀ ਬਿਨਾਂ ਲੋੜ ਤੋਂ ਵੱਧ ਸਮਾਂ ਮੋਬਾਈਲ, ਗੇਮਜ਼, ਸੋਸ਼ਲ ਮੀਡੀਆ ਜਾਂ ਇੰਟਰਨੈੱਟ ’ਤੇ ਬਿਤਾਉਂਦੇ ਹਨ ਤੇ ਇਹ ਉਨ੍ਹਾਂ ਦੀ ਪੜ੍ਹਾਈ, ਸਿਹਤ ਤੇ ਵਿਹਾਰ ’ਤੇ ਨਾਂਹ-ਪੱਖੀ ਅਸਰ ਪਾਉਂਦਾ ਹੈ। ਅਜਿਹੇ ਵਿਦਿਆਰਥੀਆਂ ’ਚ ਧਿਆਨ ਦੀ ਘਾਟ, ਚਿੜਚਿੜਾਪਣ, ਨੀਂਦ ਦੀ ਕਮੀ, ਅੱਖਾਂ ਦੀ ਸਮੱਸਿਆ ਤੇ ਸਮਾਜਿਕ ਤੌਰ ’ਤੇ ਅਲੱਗ ਹੋਣ ਦੀ ਪ੍ਰਵਿਰਤੀ ਦੇਖੀ ਜਾਂਦੀ ਹੈ। ਇਕ ਅਧਿਆਪਕ ਹੋਣ ਨਾਤੇ ਮੈਨੂੰ ਲੱਗਦਾ ਹੈ ਕਿ ਅਧਿਆਪਕ, ਜੋ ਰੋਜ਼ਾਨਾ ਵਿਦਿਆਰਥੀਆਂ ਨਾਲ ਸੰਪਰਕ ਵਿਚ ਰਹਿੰਦਾ ਹੈ, ਇਸ ਸਮੱਸਿਆ ਨੂੰ ਸਮੇਂ ਸਿਰ ਪਛਾਣ ਸਕਦਾ ਹੈ।
ਜਾਗੂਰਕ ਕਰਨ ਦੀ ਲੋੜ
ਜਦੋਂ ਵੀ ਸਕੂਲਾਂ ’ਚ ਮਾਪੇ-ਅਧਿਆਪਕ ਮਿਲਣੀ ਹੁੰਦੀ ਹੈ ਤਾਂ ਜ਼ਿਆਦਾਤਰ ਮਾਪੇ ਬੱਚਿਆਂ ਦੇ ਫੋਨ ਦੇਖਣ ਦੀ ਸ਼ਿਕਾਇਤ ਕਰਦੇ ਹਨ। ਇੱਥੇ ਅਧਿਆਪਕ ਦੀ ਸਭ ਤੋਂ ਪਹਿਲੀ ਭੂਮਿਕਾ ਜਾਗਰੂਕਤਾ ਪੈਦਾ ਕਰਨ ਦੀ ਹੁੰਦੀ ਹੈ। ਬਹੁਤ ਸਾਰੇ ਵਿਦਿਆਰਥੀ ਇਹ ਨਹੀਂ ਸਮਝਦੇ ਕਿ ਉਹ ਡਿਜੀਟਲ ਨਸ਼ੇ ਦੀ ਗ੍ਰਿਫ਼ਤ ਵਿਚ ਹਨ। ਅਧਿਆਪਕ ਕਲਾਸ ਵਿਚ ਗੱਲਬਾਤ, ਚਰਚਾ ਤੇ ਉਦਾਹਰਨਾਂ ਰਾਹੀਂ ਵਿਦਿਆਰਥੀਆਂ ਨੂੰ ਦੱਸ ਸਕਦਾ ਹੈ ਕਿ ਤਕਨਾਲੋਜੀ ਦੀ ਜ਼ਰੂਰਤ ਤੇ ਉਸ ਦੀ ਅਤਿ ਵਰਤੋਂ ’ਚ ਕਿੰਨਾ ਅੰਤਰ ਹੈ। ਜਦੋਂ ਵਿਦਿਆਰਥੀ ਆਪਣੇ ਆਪ ਨੂੰ ਸਮਝਣ ਲੱਗ ਪੈਂਦੇ ਹਨ, ਤਾਂ ਬਦਲਾਅ ਦੀ ਸ਼ੁਰੂਆਤ ਆਪਣੇ ਆਪ ਹੋ ਜਾਂਦੀ ਹੈ। ਅਧਿਆਪਕ ਦੀ ਦੂਜੀ ਮਹੱਤਵਪੂਰਨ ਭੂਮਿਕਾ ਸੀਮਾਵਾਂ ਨਿਰਧਾਰਤ ਕਰਨ ਦੀ ਹੈ। ਕਲਾਸਰੂਮ ਵਿਚ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਮੋਬਾਈਲ ਜਾਂ ਹੋਰ ਡਿਜੀਟਲ ਸਾਧਨ ਕਦੋਂ ਤੇ ਕਿਉਂ ਵਰਤੇ ਜਾਣਗੇ। ਜਦੋਂ ਤਕਨਾਲੋਜੀ ਦਾ ਵਰਤੋਂ ਸਿਰਫ਼ ਸਿੱਖਿਆ ਦੇ ਮਕਸਦ ਲਈ ਹੁੰਦੀ ਹੈ, ਤਾਂ ਵਿਦਿਆਰਥੀ ਇਸ ਨੂੰ ਮਨੋਰੰਜਨ ਦੀ ਵਸਤੂ ਨਹੀਂ ਸਮਝਦੇ। ਇਸ ਨਾਲ ਅਨੁਸ਼ਾਸਨ ਪੈਦਾ ਹੁੰਦਾ ਹੈ ਤੇ ਗੈਰ-ਜ਼ਰੂਰੀ ਵਰਤੋਂ ਘਟਦੀ ਹੈ।
ਅਧਿਆਪਕ ਹੁੰਦਾ ਰੋਲ ਮਾਡਲ
ਅਧਿਆਪਕ ਰੋਲ ਮਾਡਲ ਵੀ ਹੁੰਦਾ ਹੈ। ਵਿਦਿਆਰਥੀ ਅਕਸਰ ਅਧਿਆਪਕ ਦੇ ਵਿਹਾਰ ਦੀ ਨਕਲ ਕਰਦੇ ਹਨ। ਜੇ ਅਧਿਆਪਕ ਖ਼ੁਦ ਕਲਾਸ ਵਿਚ ਬਿਨਾਂ ਲੋੜ ਮੋਬਾਈਲ ਦੀ ਵਰਤੋਂ ਨਹੀਂ ਕਰਦਾ, ਆਨਲਾਈਨ ਆਚਰਨ ’ਚ ਸਦਾਚਾਰ ਦਿਖਾਉਂਦਾ ਹੈ ਤੇ ਸੰਤੁਲਿਤ ਜੀਵਨ ਜਿਉਂਦਾ ਹੈ, ਤਾਂ ਵਿਦਿਆਰਥੀ ਵੀ ਉਹੀ ਰਾਹ ਅਪਣਾਉਂਦੇ ਹਨ। ਇਸ ਤਰ੍ਹਾਂ ਅਧਿਆਪਕ ਅਣਕਹੇ ਤੌਰ ’ਤੇ ਬਹੁਤ ਕੁਝ ਸਿਖਾ ਜਾਂਦਾ ਹੈ। ਡਿਜੀਟਲ ਨਸ਼ੇ ਤੋਂ ਬਚਾਅ ਲਈ ਅਧਿਆਪਕ ਨੂੰ ਵਿਦਿਆਰਥੀਆਂ ਵਿਚ ਆਤਮ-ਨਿਯੰਤਰਨ ਤੇ ਸੋਚਣ ਦੀ ਸਮਰੱਥਾ ਵੀ ਵਿਕਸਿਤ ਕਰਨੀ ਚਾਹੀਦੀ ਹੈ। ਸਖ਼ਤ ਪਾਬੰਦੀਆਂ ਲਗਾਉਣ ਦੀ ਬਜਾਏ ਉਨ੍ਹਾਂ ਨੂੰ ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਸਮੇਂ ਦਾ ਸਹੀ ਪ੍ਰਬੰਧ ਕਿਵੇਂ ਕਰਨ। ਅਧਿਆਪਕ ਡਿਜੀਟਲ ਟਾਈਮ ਟੇਬਲ ਬਣਵਾਉਣ, ਸਕਰੀਨ ਟਾਈਮ ਡਾਇਰੀ ਲਿਖਵਾਉਣ ਜਾਂ ਚਿੰਤਨ ਲੇਖ ਲਿਖਵਾਉਣ ਵਰਗੀਆਂ ਗਤੀਵਿਧੀਆਂ ਕਰਵਾ ਸਕਦਾ ਹੈ। ਇਸ ਨਾਲ ਵਿਦਿਆਰਥੀ ਆਪਣੇ ਵਿਹਾਰ ਬਾਰੇ ਖ਼ੁਦ ਸੋਚਣ ਲੱਗ ਪੈਂਦੇ ਹਨ।
ਆਫਲਾਈਨ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ
ਅਧਿਆਪਕ ਦੀ ਇਕ ਹੋਰ ਅਹਿਮ ਭੂਮਿਕਾ ਆਫਲਾਈਨ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਹੈ। ਕਲਾਸ ਵਿਚ ਗਰੁੱਪ ਚਰਚਾ, ਨਾਟਕ, ਕਵਿਤਾ ਪਾਠ, ਖੇਡਾਂ, ਕਲਾ ਕਾਰਜ ਤੇ ਪ੍ਰਯੋਗਾਤਮਿਕ ਸਿੱਖਿਆ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸਕਰੀਨ ਤੋਂ ਦੂਰ ਕਰਦੀਆਂ ਹਨ। ਇਹ ਗਤੀਵਿਧੀਆਂ ਉਨ੍ਹਾਂ ਦੀ ਰਚਨਾਤਮਿਕਤਾ, ਸਰੀਰਕ ਸਿਹਤ ਤੇ ਸਮਾਜਿਕ ਹੁਨਰਾਂ ਨੂੰ ਵੀ ਮਜ਼ਬੂਤ ਕਰਦੀਆਂ ਹਨ।
ਮਾਪਿਆਂ ਦੀ ਸਾਂਝ
ਅਧਿਆਪਕ ਤੇ ਮਾਪਿਆਂ ਦੀ ਸਾਂਝ ਵੀ ਬਹੁਤ ਜ਼ਰੂਰੀ ਹੈ। ਜੇ ਸਕੂਲ ਵਿਚ ਸਿਖਾਏ ਗਏ ਨਿਯਮ ਘਰ ਵਿਚ ਨਹੀਂ ਮੰਨੇ ਜਾਂਦੇ, ਤਾਂ ਕੋਈ ਵੱਡਾ ਬਦਲਾਅ ਨਹੀਂ ਆ ਸਕਦਾ। ਅਧਿਆਪਕ ਮਾਪਿਆਂ ਨਾਲ ਮੀਟਿੰਗਾਂ, ਵਰਕਸ਼ਾਪਾਂ ਅਤੇ ਸੰਦੇਸ਼ਾਂ ਰਾਹੀਂ ਡਿਜੀਟਲ ਚੇਤਨਾ ਫੈਲਾ ਸਕਦਾ ਹੈ। ਜਦੋਂ ਘਰ ਅਤੇ ਸਕੂਲ ਇੱਕੋ ਦਿਸ਼ਾ ਵਿਚ ਕੰਮ ਕਰਦੇ ਹਨ ਤਾਂ ਵਿਦਿਆਰਥੀ ’ਤੇ ਹਾਂ-ਪੱਖੀ ਅਸਰ ਪੈਂਦਾ ਹੈ।
ਸਮਝਦਾਰੀ ਨਾਲ ਵਰਤੋਂ ਸਿਖਾਉਣਾ
ਇਹ ਵੀ ਜ਼ਰੂਰੀ ਹੈ ਕਿ ਅਧਿਆਪਕ ਤਕਨਾਲੋਜੀ ਨੂੰ ਪੂਰੀ ਤਰ੍ਹਾਂ ਖਾਰਿਜ ਨਾ ਕਰੇ। ਅਧਿਆਪਕ ਨੂੰ ਵਿਦਿਆਰਥੀਆਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਤਕਨਾਲੋਜੀ ਸਿੱਖਣ, ਖੋਜ, ਨਵੀਨਤਾ ਤੇ ਰਚਨਾਤਮਕਤਾ ਲਈ ਕਿਵੇਂ ਵਰਤੀ ਜਾ ਸਕਦੀ ਹੈ। ਕੋਡਿੰਗ, ਡਿਜੀਟਲ ਡਿਜ਼ਾਈਨ, ਆਨਲਾਈਨ ਸੁਰੱਖਿਆ ਤੇ ਸਾਇਬਰ ਜਾਗਰੂਕਤਾ ਵਰਗੇ ਵਿਸ਼ਿਆਂ ਨਾਲ ਵਿਦਿਆਰਥੀ ਤਕਨਾਲੋਜੀ ਨੂੰ ਸਕਾਰਾਤਮਿਕ ਦਿਸ਼ਾ ਵਿਚ ਵਰਤਣਾ ਸਿੱਖਦੇ ਹਨ। ਆਖ਼ਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਡਿਜੀਟਲ ਨਸ਼ੇ ਤੋਂ ਬਚਾਅ ਦਾ ਮਤਲਬ ਤਕਨਾਲੋਜੀ ਨੂੰ ਰੋਕਣਾ ਨਹੀਂ ਸਗੋਂ ਉਸ ਦੀ ਸਮਝਦਾਰੀ ਨਾਲ ਵਰਤੋਂ ਸਿਖਾਉਣਾ ਹੈ। ਅਧਿਆਪਕ ਆਪਣੇ ਗਿਆਨ, ਅਨੁਭਵ ਤੇ ਦੂਰਦਰਸ਼ੀ ਸੋਚ ਨਾਲ ਵਿਦਿਆਰਥੀਆਂ ਨੂੰ ਸੰਤੁਲਿਤ ਡਿਜੀਟਲ ਜੀਵਨ ਜਿਊਣਾ ਸਿਖਾ ਸਕਦਾ ਹੈ। ਇਸ ਤਰ੍ਹਾਂ ਅਧਿਆਪਕ ਨਾ ਸਿਰਫ਼ ਚੰਗੇ ਵਿਦਿਆਰਥੀ ਸਗੋਂ ਜ਼ਿੰਮੇਵਾਰ ਡਿਜੀਟਲ ਨਾਗਰਿਕ ਵੀ ਤਿਆਰ ਕਰਦਾ ਹੈ।
- ਮਨੀਸ਼ਾ ਸੋਢੀ