ਵਿਗਿਆਨ ਤੇ ਤਕਨੀਕ ਦੇ ਖੇਤਰ ਵਿਚ ਏਆਈ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਸ਼ੁਰੂ ਹੋ ਚੁੱਕਿਆ ਹੈ। ਕੋਈ ਬੱਚਾ ਹੋਵੇ ਜਾਂ ਵਰਕਿੰਗ ਪ੍ਰੋਫੈਸ਼ਨਲ, ਸਾਰੇ ਆਪਣੀ ਪੜ੍ਹਾਈ ਜਾਂ ਕੰਮਾਂ ਲਈ ਏਆਈ ਦਾ ਉਪਯੋਗ ਕਰ ਰਹੇ ਹਨ। ਹਾਲਾਂਕਿ ਅਕਸਰ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਕਈ ਵਾਰ ਏਆਈ ਕੋਲੋਂ ਮਨ ਮੁਤਾਬਿਕ ਜਵਾਬ ਨਹੀਂ ਮਿਲਦਾ।

ਵਿਗਿਆਨ ਤੇ ਤਕਨੀਕ ਦੇ ਖੇਤਰ ਵਿਚ ਏਆਈ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਸ਼ੁਰੂ ਹੋ ਚੁੱਕਿਆ ਹੈ। ਕੋਈ ਬੱਚਾ ਹੋਵੇ ਜਾਂ ਵਰਕਿੰਗ ਪ੍ਰੋਫੈਸ਼ਨਲ, ਸਾਰੇ ਆਪਣੀ ਪੜ੍ਹਾਈ ਜਾਂ ਕੰਮਾਂ ਲਈ ਏਆਈ ਦਾ ਉਪਯੋਗ ਕਰ ਰਹੇ ਹਨ। ਹਾਲਾਂਕਿ ਅਕਸਰ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਕਈ ਵਾਰ ਏਆਈ ਕੋਲੋਂ ਮਨ ਮੁਤਾਬਿਕ ਜਵਾਬ ਨਹੀਂ ਮਿਲਦਾ। ਜੇ ਤੁਸੀਂ ਵੀ ਏਆਈ ਟੂਲ ਨਾਲ ਬਿਹਤਰ ਜਵਾਬ ਲੈਣਾ ਚਾਹੁੰਦੇ ਹੋ ਤਾਂ ਉਸ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ ਜਾਣਨਾ ਬੇਹੱਦ ਜ਼ਰੂਰੀ ਹਨ।
ਏਆਈ ਤੋਂ ਵਧੀਆ ਨਤੀਜੇ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਸ ਨੂੰ ਦੱਸਣ ਦੀ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਕੌਣ ਹੋ ਤੇ ਕਿਸ ਕੰਮ ਲਈ ਨਤੀਜਾ ਚਾਹੁੰਦੇ ਹੋ। ਉਦਾਹਰਨ ਵਜੋਂ ਜੇ ਤੁਸੀਂ ਵਿਦਿਆਰਥੀ ਹੋ ਤਾਂ ਉਸ ਨੂੰ ਇਹ ਗੱਲ ਦੱਸਣੀ ਪਵੇਗੀ। ਅਜਿਹੇ ’ਚ ਉਹ ਤੁਹਾਡੇ ਸਵਾਲਾਂ ਦੇ ਜਵਾਬ ਉਸੇ ਹਿਸਾਬ ਨਾਲ ਦੇਵੇਗਾ। ਉੱਥੇ ਹੀ ਜੇ ਕੋਈ ਸੋਸ਼ਲ ਮੀਡੀਆ ਲਈ ਕੰਟੈਂਟ ਚਾਹੁੰਦਾ ਹੈ ਤਾਂ ਏਆਈ ਉਸੇ ਅਨੁਸਾਰ ਜਵਾਬ ਦਿੰਦਾ ਹੈ। ਇਹੀ ਕਾਰਨ ਹੈ ਕਿ ਕਈ ਵਾਰ ਏਆਈ ਦੇ ਇਕ ਹੀ ਪ੍ਰਸ਼ਨ ਦੇ ਅਲੱਗ-ਅਲੱਗ ਜਵਾਬ ਹੁੰਦੇ ਹਨ ਕਿਉਂਕਿ ਸੰਦਰਭ ਅਲੱਗ ਹੁੰਦਾ ਹੈ।
ਜ਼ਰੂਰੀ ਜਾਣਕਾਰੀ ਦਿਉ
ਏਆਈ ਨੂੰ ਜਿੰਨੀ ਸਪੱਸ਼ਟ ਜਾਣਕਾਰੀ ਦਿਓਗੇ, ਜਵਾਬ ਓਨੇ ਹੀ ਬਿਹਤਰ ਮਿਲਣਗੇ। ਜੇ ਤੁਸੀਂ ਕਹਿੰਦੇ ਹੋ ਕਿ ‘ਇਕ ਕਹਾਣੀ ਲਿਖੋ’ ਤਾਂ ਅਜਿਹਾ ਕਹਿਣ ਨਾਲ ਤੁਹਾਨੂੰ ਏਆਈ ਵੱਲੋਂ ਆਮ ਕਹਾਣੀ ਦਿੱਤੀ ਜਾਵੇਗੀ। ਜੇ ਤੁਸੀਂ ਦੱਸੋਗੇ ਕਿ ਕਹਾਣੀ ਦਾ ਵਿਸ਼ਾ ‘ਖੇਡ’ ਹੈ, ਉਸ ਦੇ ਪਾਤਰ ਕੌਣ ਹਨ, ਕਿਸ ਉਮਰ ਦੇ ਪਾਠਕਾਂ ਲਈ ਕਹਾਣੀ ਚਾਹੁੰਦੇ ਹੋ, ਕਹਾਣੀ ਦੀ ਸ਼ੈਲੀ ਕਿਸ ਤਰ੍ਹਾਂ ਦੀ ਹੋਵੇ ਤਾਂ ਤੁਹਾਨੂੰ ਏਆਈ ਤੋਂ ਜ਼ਿਆਦਾ ਵਧੀਆ ਨਤੀਜੇ ਮਿਲਣਗੇ।
ਏਆਈ ਨੂੰ ਦਿਉ ਕੋਈ ਭੂਮਿਕਾ
ਤੁਸੀਂ ਏਆਈ ਨਾਲ ਇਸ ਤਰ੍ਹਾਂ ਗੱਲ ਕਰੋ, ਜਿਵੇਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੋ। ਉਸ ਨੂੰ ਸਪੱਸ਼ਟ ਨਿਰਦੇਸ਼ ਦਿਉ। ਆਪਣੀ ਭਾਸ਼ਾ ਸੌਖੀ ਰੱਖੋ। ਇਸ ਨਾਲ ਏਆਈ ਬਿਹਤਰ ਤਰੀਕੇ ਨਾਲ ਸਮਝ ਕੇ ਜਵਾਬ ਦਿੰਦਾ ਹੈ। ਤੁਸੀਂ ਏਆਈ ਨੂੰ ਕੋਈ ਭੂਮਿਕਾ ਵੀ ਦੇ ਸਕਦੇ ਹੋ, ਜਿਵੇਂ ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਤੁਸੀਂ ਇਕ ਅਨੁਭਵੀ ਅਧਿਆਪਕ ਹੋ, ਉਸ ਮੁਤਾਬਿਕ ਮੈਨੂੰ ਸਮਝਾਓ ਤਾਂ ਜੋ ਮੇਰੀ ਸਮੱਸਿਆ ਦਾ ਹੱਲ ਹੋ ਜਾਵੇ। ਇਸ ਨਾਲ ਏਆਈ ਉਸੇ ਦ੍ਰਿਸ਼ਟੀਕੋਣ ਨਾਲ ਉੱਤਰ ਤਿਆਰ ਕਰਦਾ ਹੈ।
ਜਵਾਬ ਹਮੇਸ਼ਾ ਸੌਖੀ ਭਾਸ਼ਾ ’ਚ ਮੰਗੋ
ਜੇ ਤੁਹਾਨੂੰ ਜਵਾਬ ਕਿਸੇ ਵਿਸ਼ੇਸ਼ ਰੂਪ ’ਚ ਚਾਹੀਦਾ ਹੈ, ਜਿਵੇਂ ਬੁਲੇਟ ਪੁਆਂਇੰਟਸ, ਟੇਬਲ ਜਾਂ ਲੇਖ ਵਾਂਗ, ਤਾਂ ਏਆਈ ਨੂੰ ਪਹਿਲਾਂ ਹੀ ਦੱਸੋ। ਜਵਾਬ ਦਿੰਦਿਆਂ ਏਆਈ ਨੇ ਕੀ ਕਰਨਾ ਹੈ, ਇਹ ਵੀ ਉਸ ਨੂੰ ਦੱਸੋ, ਜਿਵੇਂ ਬਹੁਤ ਲੰਬਾ ਉੱਤਰ ਨਾ ਹੋਵੇ, ਔਖੇ ਸ਼ਬਦ ਨਾ ਹੋਣ, ਤਕਨੀਕੀ ਭਾਸ਼ਾ ਨਾ ਹੋਵੇ। ਇਸ ਨਾਲ ਨਤੀਜੇ ਬਿਹਤਰ ਮਿਲਣਗੇ। ਤੁਸੀਂ ਏਆਈ ਨੂੰ ਸਵਾਲ ਕਰਦੇ ਸਮੇਂ ਛੋਟੇ ਤੇ ਸਪੱਸ਼ਟ ਵਾਕ ਲਿਖੋ। ਔਖੇ ਤੇ ਉਲਝੇ ਹੋਏ ਵਾਕ ਏਆਈ ਨੂੰ ਉਲਝਾ ਸਕਦੇ ਹਨ। ਜਿੰਨੀ ਸਰਲ ਤੁਹਾਡੀ ਭਾਸ਼ਾ ਹੋਵੇਗੀ, ਏਆਈ ਦਾ ਨਤੀਜਾ ਵੀ ਓਨਾ ਹੀ ਬਿਹਤਰ ਹੋਵੇਗਾ।
ਚੈਟ-ਜੀਪੀਟੀ
ਇਹ ਵਿਦਿਆਰਥੀਆਂ ਲਈ ਆਲ-ਇਨ-ਵਨ ਸਟੱਡੀ ਅਸਿਸਟੈਂਟ ਜਿਹਾ ਹੈ। ਇਸ ਨਾਲ ਕਿਸੇ ਵੀ ਵਿਸ਼ੇ ਨੂੰ ਸੌਖੀ ਭਾਸ਼ਾ ਵਿਚ ਸਮਝ ਸਕਦੇ ਹੋ। ਹਾਲਾਂਕਿ ਏਆਈ ਤੋਂ ਨੋਟਸ ਬਣਾਉਣ ਤੋਂ ਬਚਣਾ ਚਾਹੀਦਾ ਹੈ। ਇਹ ਨਿਬੰਧ, ਭਾਸ਼ਣ, ਪ੍ਰਾਜੈਕਟ, ਆਈਡੀਆ ਤੇ ਪ੍ਰੈਜੈਂਟੇਸ਼ਨ ਬਣਾਉਣ ’ਚ ਵੀ ਮਦਦ ਕਰਦਾ ਹੈ। ਗਣਿਤ ਦੇ ਸਵਾਲ ਸਟੈੱਪ-ਬਾਏ-ਸਟੈੱਪ ਸਮਝਾਉਂਦਾ ਹੈ। ਉੱਥੇ ਹੀ ਸਾਇੰਸ, ਇਤਿਹਾਸ ਜਾਂ ਕਰੰਟ ਅਫੇਅਰਜ਼ ਜਿਹੇ ਵਿਸ਼ਿਆਂ ’ਤੇ ਤੁਰੰਤ ਜਾਣਕਾਰੀ ਦਿੰਦਾ ਹੈ। ਪ੍ਰੀਖਿਆ ਦੀ ਤਿਆਰੀ, ਅਭਿਆਸ ਤੇ ਰਣਨੀਤੀ ਬਣਾਉਣ ’ਚ ਇਹ ਟੂਲ ਬਹੁਤ ਉਪਯੋਗੀ ਹੈ।
ਜੈਮਿਨੀ
ਗੂਗਲ ਜੈਮਿਨੀ ਖ਼ਾਸ ਤੌਰ ’ਤੇ ਰਿਸਰਚ ਵਿਦਿਆਰਥੀਆਂ ਲਈ ਬਿਹਤਰੀਨ ਹੈ। ਇਹ ਲੰਬੇ ਟਾਪਿਕਾਂ ਨੂੰ ਛੋਟੇ ਤੇ ਸੌਖੇ ਪੁਆਂਇੰਟਾਂ ਵਿਚ ਸਮਝਾ ਦਿੰਦਾ ਹੈ। ਵਿਦਿਆਰਥੀ ਇਸ ਨਾਲ ਪ੍ਰਾਜੈਕਟ ਲਈ ਕੰਟੈਂਟ, ਚਾਰਟ ਆਈਡੀਆ ਤੇ ਉਦਾਹਰਨਾਂ ਵੀ ਪਾ ਸਕਦੇ ਹਨ। ਜੋ ਵਿਦਿਆਰਥੀ ਤੇਜ਼ ਜਾਣਕਾਰੀ ਚਾਹੁੰਦੇ ਹਨ, ਉਨ੍ਹਾਂ ਲਈ ਇਹ ਟੂਲ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ।
ਖਾਨਮੀਗੋ
ਇਹ ਖਾਨ ਅਕੈਡਮੀ ਦਾ ਏਆਈ ਟਿਊਟਰ ਹੈ,ਜੋ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਸੋਚਣ ਲਈ ਪ੍ਰੇਰਿਤ ਕਰਦਾ ਹੈ। ਇਹ ਸਿੱਧਾ ਜਵਾਬ ਦੇਣ ਦੀ ਬਜਾਏ ਹਿੰਟ ਦਿੰਦਾ ਹੈ, ਜਿਸ ਨਾਲ ਬੱਚੇ ਖ਼ੁਦ ਹੱਲ ਤਕ ਪਹੁੰਚਦੇ ਹਨ। ਗਣਿਤ, ਵਿਗਿਆਨ ਤੇ ਕੋਡਿੰਗ ਜਿਹੇ ਵਿਸ਼ਿਆਂ ’ਚ ਇਹ ਉਪਯੋਗੀ ਹੈ।
ਗ੍ਰਾਮਰਲੀ
ਇਹ ਵਿਦਿਆਰਥੀਆਂ ਲਈ ਵਿਆਕਰਨ ਸੁਧਾਰਨ ਦਾ ਸ਼ਾਨਦਾਰ ਏਆਈ ਟੂਲ ਹੈ। ਇਹ ਅੰਗਰੇਜ਼ੀ ’ਚ ਲਿਖੇ ਨਿਬੰਧਾਂ, ਈਮੇਲਜ਼ ਅਤੇ ਅਸਾਈਨਮੈਂਟ ਦੀ ਵਿਆਕਰਨ, ਸਪੈਲਿੰਗ ਅਤੇ ਵਾਕ ਰਚਨਾ ਠੀਕ ਕਰਦਾ ਹੈ।
ਨੋਸ਼ਨ ਏਆਈ
ਇਹ ਲੰਬੇ ਨੋਟਸਾਂ ਨੂੰ ਛੋਟੇ ਬਿੰਦੂਆਂ ’ਚ ਬਦਲ ਦਿੰਦਾ ਹੈ, ਜਿਸ ਨਾਲ ਅਭਿਆਸ ਆਸਾਨੀ ਨਾਲ ਹੋ ਜਾਂਦਾ ਹੈ।
- ਹਰਪ੍ਰੀਤ ਕੌਰ