ਅਰਸ਼ਦੀਪ ਮਾਨ ਦੇ ਹੁਣ ਤੱਕ 10 ਗੀਤ ਆ ਚੁੱਕੇ ਹਨ। ਹੁਣੇ-ਹੁਣੇ ਆਇਆ ਗੀਤ ‘ਛੱਡ ਜਾਣ ਵਾਲਿਆ’ ਅਤੇ ਕਿੰਨਾ ਚੰਗਾ ਹੁੰਦਾ ਸੁਣਨਾ ਸਰੋਤਿਆਂ ਦਾ ਪੱਕਾ ਨੇਮ ਬਣ ਚੁੱਕਾ ਹੈ।

ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ਹਿਣਾ ਦਾ ਅਰਸ਼ਦੀਪ ਸਿੰਘ ਮਾਨ ਉੱਭਰ ਰਿਹਾ ਉਹ ਗਾਇਕ-ਗੀਤਕਾਰ ਹੈ ਜੋ ਸਾਹਿਤਕ ਲਿਖਤਾਂ ਨੂੰ ਪਿਆਰ ਕਰਨ ਵਾਲਾ ਇਕ ਡੂੰਘੀ ਸ਼ੈਲੀ ਦਾ ਮਾਲਕ ਹੈ। ਵਿਛੋੜੇ ਦੇ ਦਰਦਨੁਮਾ ਬੋਲਾਂ ਉੱਪਰ ਫੱਬਦੀ ਅਰਸ਼ ਦੀ ਅੱਲ੍ਹੜ ਆਵਾਜ਼ ਹਰੇਕ ਸੁਣਨ ਵਾਲੇ ਦਾ ਦਿਲ ਕੀਲਦੀ ਹੈ। ਉਸਦੇ ਗੀਤ ‘ਤਾਂਹੀ’, ‘ਛੱਡ ਜਾਣ ਵਾਲਿਆ’ ਅਤੇ ‘ਜੋਗੀ’ ਦੇ ਬੋਲ ਅਤੇ ਸੰਗੀਤ ਤੁਹਾਨੂੰ 90 ਦੇ ਦਹਾਕੇ ਦੀ ਝਾਤ ਮਰਵਾਉਂਦੇ ਹਨ। ਖ਼ਾਸਕਰ ਇੰਨੀ ਦਿਨੀਂ ਰਿਲੀਜ਼ ਹੋਇਆ ਵੈਰਾਗ ਭਰਿਆ ਗੀਤ ‘ਛੱਡ ਜਾਣ ਵਾਲਿਆ’ ਇਕ ਔਰਤ ਦੇ ਨਜ਼ੱਰੀਏ ਤੋਂ ਲਿਖਿਆ ਹੋਣ ਕਰਕੇ ਕਿਸੇ ਦੇ ਵੀ ਦਿਲ ਨੂੰ ਵੱਧ ਛੂੰਹਦਾ ਹੈ।
ਚੰਗੇ ਮਿੱਤਰਾਂ ਦਾ ਮਿਲਿਆ ਸਾਥ
ਜਿੱਥੇ ਅਜੋਕੇ ਦੌਰ ਵਿਚ ਗਾਣਿਆਂ ਦੀ ਮਹਿੰਗੀ ਵੀਡਿਓ ਬਣਾ ਕੇ ਪ੍ਰਸੰਸਾ ਦੀ ਹੋੜ ਮਗਰ ਭੱਜਿਆ ਜਾਂਦਾ ਹੈ, ਉਥੇ ਅਰਸ਼ਦੀਪ ਦੇ ਚੰਗੇ ਮਿੱਤਰ ਹੀ ਉਸਦੀ ਸਫਲਤਾ ਲਈ ਖ਼ੁਦ ਪਾਤਰ ਬਣ ਵੀਡਿਓ ਤਿਆਰ ਕਰਨ ਤੋਂ ਮਗਰ ਨਹੀਂ ਹੱਟਦੇ। ਜਵਾਨੀ ਰਗਾਂ ਦੇ ਜੋਸ਼ ਨੂੰ ਉਠਾਉਂਦੇ ਕੇਵਲ ਇਕ ਗੀਤ ‘ਦ ਬਿਗ ਸਟੈਪਰਜ਼’ ਇਸ ਗੱਲ ਦਾ ਸਬੂਤ ਦਿੰਦਾ ਹੈ। ਗੀਤ ‘ਪਿੱਟਣੇ’ ਦੀ ਖ਼ਾਸ ਵੀਡਿਓ ਇਕ ਆਮ ਮੋਬਾਈਲ ਫੋਨ ਨਾਲ ਫਿਲਮਾਈ ਗਈ ਹੈ। ਗੀਤ ‘ਜੋਗੀ’ ਦੀ ਵੀਡਿਓ ਦਾ ਫਿਲਮਾਂਕਣ ਅਰਸ਼ਦੀਪ ਦੇ ਹੀ ਪਿੰਡ ‘ਸ਼ਹਿਣਾ’ ਵਿਚ ਬਤੌਰ ਪਾਤਰ ਕਾਲੇ-ਚਿੱਟੇ ਰੰਗ ਵਿਚ ਕਰਿਆ ਹੋਣ ਕਰਕੇ ‘ਧੋਖੇ’ ਤੋਂ ਤੁਰੰਤ ਬਾਅਦ ਦਿਲ ਵਿਚ ਪੈਂਦੀ ਖਿੱਚ ਅਤੇ ਬੇਚੈਨੀ ਨੂੰ ਖ਼ੂਬ ਬਿਆਨਦਾ ਹੈ।
ਗੀਤਾਂ ’ਚ ਮੌਤ ਦਾ ਅਕਸਰ ਹੁੰਦੈ ਜ਼ਿਕਰ
ਅਰਸ਼ਦੀਪ ਵੀ ਆਪਣੇ ਹਰੇਕ ਗੀਤ ਵਿਚ ਇਕ ਚੀਜ਼ ਤੋਂ ਬਹੁਤ ਪ੍ਰਭਾਵਿਤ ਜਾਪਦਾ ਹੈ ਜੋ ਆਮ ਇਨਸਾਨ ਲਈ ਕਿਸੇ ਡਰਾਉਣੇ ਸੁਫ਼ਨੇ ਤੋਂ ਘੱਟ ਨਹੀਂ, ਉਹ ਹੈ ਸਿਵਿਆਂ ਦੀ ਲੋਅ ਵਿਚ ਹੱਸਦੀ ਮੌਤ। ਆਪਣੇ ਗੀਤਾਂ ਦੇ ਬੋਲਾਂ ਵਿਚ ਅਰਸ਼ਦੀਪ ਮੌਤ ਦਾ ਜ਼ਿਕਰ ਉਸ ਨਾਲ ਜੁੜੇ ਤੱਤਾਂ ਰਾਹੀਂ ਲਾਜ਼ਮੀ ਕਰਦਾ ਹੈ-‘ਲੱਕੜਾਂ ਦਾ ਰੇੜਾ’, ‘ਵਿਹੜੇ ਵਿਛੀਆਂ ਦਰੀਆਂ’, ‘ਲੱਕੜਾਂ ਨੂੰ ਜਦ ਲਾਂਬੂ ਲੱਗਣਾ’, ‘ਸ਼ਹਿਣੇ ਦਾ ਸਿਵਾ ਦੀਂਹਦਾ ਬਿੱਲੋ ਘਰ ਦੀ ਬਾਰੀ ’ਚ’। ਉਸਦਾ ਇਕ ਹੋਰ ਗੀਤ ‘ਪੈੜ੍ਹ ਸਰਾਪੀ’ ਪੂਰੀ ਤਰ੍ਹਾਂ ਮੌਤ ਦੇ ਵਿਸ਼ੇ ਨੂੰ ਸਮਰਪਿਤ ਹੈ, ਜਿਸ ਦੀ ਫਿਲਮਾਈ ਵੀਡਿਓ ਵਿਚ ਇਕ ਨੌਜਵਾਨ ਨੂੰ ਬਿਗ਼ਾਨੇ ਮੁਲਕ ਵਿਚ ਲਗਾਤਾਰ ਕੰਮ ਸਦਕਾ ਆਪਣੀ ਮਿੱਟੀ ਵਰਗੀ ਬਣ ਚੁੱਕੀ ਖੋਖ਼ਲੀ ਜ਼ਿੰਦਗੀ ਦੁਆਲੇ ਮੌਤ ਪੈਲਾਂ ਪਾਉਂਦੀ ਸੁਫ਼ਨਿਆਂ ਵਿਚ ਰੋਜ਼ ਰਾਤ ਸਮੁੰਦਰ ਦੇ ਕੰਡੇ ਖੜ੍ਹਾ ਕਰਨ ਲੱਗਦੀ ਹੈ ਅਤੇ ਇਸ ਕਰਕੇ ਗੀਤ ਦੇ ਬੋਲ ਇਹ ਬਿਆਨਦੇ ਹਨ ਕਿ ਕਿਸ ਤਰ੍ਹਾਂ ਉਸਦਾ ਜੀ ਆਪਣੇ ਪਿੰਡ ਮਰਨ ਨੂੰ ਕਰਦਾ ਹੈ, ਨਾ ਕਿ ਇਸ ਬਿਗ਼ਾਨੇ ਮੁਲਕ ਵਿਚ।
ਗਾਇਕੀ ’ਤੇ ਸਾਹਿਤ ਦਾ ਅਨੂਠਾ ਪ੍ਰਭਾਵ
ਅਰਸ਼ਦੀਪ ਮਾਨ ਦੇ ਹੁਣ ਤੱਕ 10 ਗੀਤ ਆ ਚੁੱਕੇ ਹਨ। ਹੁਣੇ-ਹੁਣੇ ਆਇਆ ਗੀਤ ‘ਛੱਡ ਜਾਣ ਵਾਲਿਆ’ ਅਤੇ ਕਿੰਨਾ ਚੰਗਾ ਹੁੰਦਾ ਸੁਣਨਾ ਸਰੋਤਿਆਂ ਦਾ ਪੱਕਾ ਨੇਮ ਬਣ ਚੁੱਕਾ ਹੈ। ਉਸਦੀ ਗਾਇਕੀ ਅਤੇ ਗੀਤਕਾਰੀ ਸਾਨੂੰ ਇਕ ਬੀਤ ਚੁੱਕੇ ਸਮੇਂ ਵਿਚ ਲੈ ਕੇ ਜਾਂਦੀ ਹੈ ਕਿਉਂਕਿ ਸਾਹਿਤ ਦੀਆਂ ਪੜ੍ਹੀਆਂ ਕਿਤਾਬਾਂ ਦਾ ਜਾਦੂ ਉਸਦੇ ’ਕੱਲੇ-’ਕੱਲੇ ਬੋਲ, ਆਵਾਜ਼ ਦੀ ਤਰਜ਼ ਅਤੇ ਸੰਗੀਤਕਾਰ ‘ਹਕੀਮ’ ਵੱਲੋਂ ਬਣਾਏ ਲੰਘ ਚੁੱਕੇ ਸਮੇਂ ਦੀਆਂ ਧੁੰਦਲੀਆਂ ਯਾਦਾਂ ਨੂੰ ਸਾਂਭਦੇ ਸੰਗੀਤ ਵਿਚ ਕੇਵਲ ਨਜ਼ਰ ਹੀ ਨਹੀਂ ਆਉਂਦਾ ਸਗੋਂ ਮਹਿਸੂਸ ਵੀ ਹੁੰਦਾ ਹੈ। ਗਾਇਕੀ ਵੱਲ ਆਪਣੇ ਇਸ ਵੱਖਰੇ ਰਾਹ ’ਤੇ ਉਹ ਬੇਫ਼ਿਕਰਾ ਹੋਇਆ ਸਿਰਫ਼ ਰੂਹ ਦੇ ਸਕੂਨ ਦੀ ਪਰਵਾਹ ਲਈ ਤੁਰਿਆ ਜਾ ਰਿਹਾ ਹੈ। ਉਮੀਦ ਹੈ ਕਿ
ਉਹ ਮਾਂ-ਬੋਲੀ ਦੀ ਏਦਾਂ ਹੀ ਸੇਵਾ ਕਰਦਿਆਂ ਹੋਰ ਅੱਗੇ ਵਧੇਗਾ। •
-ਜਸ਼ਨ ਜੱਸਲ
9646123337