ਸ਼ਮਸ਼ੇਰ ਸੰਧੂ ਦੀ ਸ਼ਖ਼ਸੀਅਤ ਨੂੰ ਜੇ ਚੰਦ ਕੁ ਲਫ਼ਜ਼ਾਂ ਦੀ ਗਲਵੱਕੜੀ ਵਿਚ ਲੈਣਾ ਹੋਵੇ ਤਾਂ ਮੈਂ ਇਉਂ ਆਖਾਂਗਾ ਕਿ ਉਹ ਜ਼ਿੰਦਗੀ ਦੇ ਵੰਨ-ਸੁਵੰਨੇ ਰੰਗਾਂ ਦਾ ਗੁਲਦਸਤਾ ਹੈ ਜਾਂ ਫਿਰ ਇਹ ਕਹਿ ਲਵੋ ਸਤਰੰਗੀ ਪੀਂਘ ਦਾ, ਫਿਰ ਉਸ ਦੇ ਆਪਣੇ ਗੀਤ ਮੁਤਾਬਿਕ ‘ਦੁਪੱਟਾ ਤੇਰਾ ਸੱਤ ਰੰਗ ਦਾ।’ ਪਹਿਲਾਂ ਉਹ ਕਹਾਣੀਕਾਰ ਸੀ, ਫਿਰ ਪੱਤਰਕਾਰ ਬਣਿਆ ਤੇ ਸਹਿਜੇ-ਸਹਿਜੇ ਅਜਿਹੇ ਗੀਤਕਾਰ ਵਜੋਂ ਪ੍ਰਸਿੱਧ ਹੁੰਦਾ ਗਿਆ।

ਸ਼ਮਸ਼ੇਰ ਸੰਧੂ ਦੀ ਸ਼ਖ਼ਸੀਅਤ ਨੂੰ ਜੇ ਚੰਦ ਕੁ ਲਫ਼ਜ਼ਾਂ ਦੀ ਗਲਵੱਕੜੀ ਵਿਚ ਲੈਣਾ ਹੋਵੇ ਤਾਂ ਮੈਂ ਇਉਂ ਆਖਾਂਗਾ ਕਿ ਉਹ ਜ਼ਿੰਦਗੀ ਦੇ ਵੰਨ-ਸੁਵੰਨੇ ਰੰਗਾਂ ਦਾ ਗੁਲਦਸਤਾ ਹੈ ਜਾਂ ਫਿਰ ਇਹ ਕਹਿ ਲਵੋ ਸਤਰੰਗੀ ਪੀਂਘ ਦਾ, ਫਿਰ ਉਸ ਦੇ ਆਪਣੇ ਗੀਤ ਮੁਤਾਬਿਕ ‘ਦੁਪੱਟਾ ਤੇਰਾ ਸੱਤ ਰੰਗ ਦਾ।’ ਪਹਿਲਾਂ ਉਹ ਕਹਾਣੀਕਾਰ ਸੀ, ਫਿਰ ਪੱਤਰਕਾਰ ਬਣਿਆ ਤੇ ਸਹਿਜੇ-ਸਹਿਜੇ ਅਜਿਹੇ ਗੀਤਕਾਰ ਵਜੋਂ ਪ੍ਰਸਿੱਧ ਹੁੰਦਾ ਗਿਆ, ਜਿਸ ਦੇ ਗੀਤਾਂ ਵਿਚ ਪੰਜਾਬੀ ਸੱਭਿਆਚਾਰ ਦੇ ਸੁਰਖ਼ ਰੰਗ, ਬਾਰੀਕ ਰੰਗ, ਹਲਕੇ-ਫੁਲਕੇ ਰੰਗ ਵੀ ਹੁੰਦੇ ਹਨ। ਯਕੀਨਨ ਉਸ ਦੇ ਗੀਤਾਂ ਵਿਚ ਜ਼ਿੰਦਗੀ ਦਾ ਭਰਪੂਰ ਜਸ਼ਨ ਹੈ, ਭਰਿਆ ਮੇਲਾ ਹੈ ਪਰ ‘ਤਿੜਕੇ ਘੜੇ ਦਾ ਪਾਣੀ, ਕੱਲ੍ਹ ਤਕ ਨਹੀਂ ਰਹਿਣਾ’ ਵਰਗੇ ਗੀਤਾਂ ਵਿਚ ਮੌਤ ਰੂਹਾਨੀ ਉਦਾਸੀ ਬਣ ਜਾਂਦੀ ਹੈ।
ਬਹੁਤੇ ਲੋਕਾਂ ਨੂੰ ਸ਼ਾਇਦ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਨਹੀਂ ਪਤਾ ਕਿ ਉਸ ਨੂੰ ਫਿਲਮੀ ਹਸਤੀਆਂ ਦੇ ਅੰਦਰਲੇ ਭੇਤਾਂ ਬਾਰੇ ਪ੍ਰਮਾਣਿਕ ਜਾਣਕਾਰੀ ਨਹੀਂ ਹੈ। ਭਲਵਾਨਾਂ ਬਾਰੇ ਵੀ ਉਹ ਜੋ ਕੁਝ ਜਾਣਦਾ ਹੈ ਅਤੇ ਜਿਵੇਂ ਪੇਸ਼ ਕਰਦਾ ਹੈ, ਉਹ ਵੀ ਘੱਟ ਦਿਲਚਸਪ ਨਹੀਂ। ਕੁਝ ਤੱਥ ਤਾਂ ਹੈਰਾਨ ਕਰਨ ਵਾਲੇ ਹੁੰਦੇ ਹਨ ਪਰ ਹੁੰਦੇ ਭਰੋਸੇਯੋਗ। ਖਿਡਾਰੀਆਂ ਦੀ ਖੇਡ ਕਲਾ ਬਾਰੇ ਅਤੇ ਖ਼ਾਸ ਕਰਕੇ ਕਬੱਡੀ ਅਤੇ ਹਾਕੀ ਦੇ ਕਹਿੰਦੇ ਕਹਾਉਂਦੇ ਖਿਡਾਰੀਆਂ ਦੇ ਖੇਡਣ ਦੇ ਅੰਦਾਜ਼ ਬਾਰੇ ਅਤੇ ਨਖ਼ਰਿਆਂ ਬਾਰੇ ਜਦੋਂ ਕੋਈ ਗੱਲ ਕਰੇਗਾ ਤਾਂ ਤੁਹਾਡੀ ਉਸ ਖੇਡ ਵਿਚ ਕੇਵਲ ਦਿਲਚਸਪੀ ਹੀ ਨਹੀਂ ਵੱਧ ਜਾਵੇਗੀ ਸਗੋਂ ਤੁਹਾਡੇ ਅੰਦਰ ਇਹੋ ਜਿਹਾ ਹੁਨਰ, ਚਾਅ ਅਤੇ ਜਗਿਆਸਾ ਪੈਦਾ ਹੋ ਜਾਵੇਗੀ ਕਿ ਕਾਸ਼! ਅਸੀਂ ਖੇਡ ਨੂੰ ਇਉਂ ਵੇਖੀਏ ਜਾਂ ਵੇਖ ਸਕੀਏ, ਜਿਵੇਂ ਸ਼ਮਸ਼ੇਰ ਵੇਖਦਾ ਹੈ।’
ਜਦੋਂ ਬਲਵਿੰਦਰ ਫਿੱਡੂ ਕਬੱਡੀ ਪਾਉਣ ਜਾ ਰਿਹਾ ਹੁੰਦਾ ਹੈ ਤਾਂ ਸਿਰਫ਼ ਉਹ ਹੀ ਇਸ ਨਜ਼ਾਰੇ ਬਾਰੇ ਇਉਂ ਕਹਿ ਸਕੇਗਾ ਪਈ, ਇਕ ਪਹਾੜ ਤੁਰਿਆ ਆ ਰਿਹਾ ਹੈ। ਇਹੋ ਜਿਹੀਆਂ ਗੱਲਾਂ ਕਰਦਿਆਂ ਕਈ ਵਾਰ ਮੈਨੂੰ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਖੇਡ ਤੇ ਖਿਡਾਰੀ ਨੂੰ ਬਿਆਨ ਕਰਨ ਵੇਲੇ ਉਹ ਸਰਵਣ ਦਾ ਹਾਣੀ ਬਣ ਗਿਆ ਹੋਵੇ, ਜਿਸ ਦੀਆਂ ਖੇਡ ਲਿਖਤਾਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਖੇਡ ਨੂੰ ਕਵਿਤਾ ਕਿਹਾ ਜਾਵੇ ਜਾਂ ਕਵਿਤਾ ਹੀ ਆਪਣੇ ਆਪ ਵਿਚ ਖੇਡ ਹੁੰਦੀ ਹੈ। ਉਂਜ ਮੈਂ ਇੱਥੇ ਗੁਰਦਿਆਲ ਬੱਲ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿਉਂਕਿ ਇਕ ਉਹ ਹੀ ਸੀ, ਜਿਸ ਨੇ ਖੇਡ ਵਿਚ ਖਿਡਾਰੀਆਂ ਦੀ ਖੇਡ ਨੂੰ ਇਸ ਅੰਦਾਜ਼ ’ਚ ਪੇਸ਼ ਕੀਤਾ ਹੈ ਕਿ ਉਸ ਵਿਚ ਸਾਹਿਤ, ਸਿਆਸਤ, ਵਿਗਿਆਨ, ਧਰਮ ਅਤੇ ਇਤਿਹਾਸ ਦਾ ਮਿਲਾਪ ਹੋ ਗਿਆ ਅਤੇ ਇਉਂ ਲੱਗਿਆ, ਜਿਵੇਂ ਕਿਸੇ ਬਾਗ਼ ਵਿਚ ਵੱਖ-ਵੱਖ ਰੰਗਾਂ ਦੇ ਸਾਰੇ ਫੁੱਲ ਇੱਕੋ ਸਮੇਂ ਖਿੜ ਗਏ ਹੋਣ। ਸ਼ਮਸ਼ੇਰ ਸੰਧੂ ਕੋਲ ਵੀ ਇਹੋ ਜਿਹੀ ਕਲਾ ਹੈ।
ਇੱਥੇ ਮੈਂ ਇਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਆਪਰੇਸ਼ਨ ਬਲੂ ਸਟਾਰ ਦੇ ਸਾਕੇ ਪਿੱਛੋਂ ਸਾਰੀ ਸਿੱਖ ਕੌਮ ਉਦਾਸੀ ਦੇ ਵੱਖ-ਵੱਖ ਰੰਗਾਂ ਨੂੰ ਹੰਢਾ ਰਹੀ ਸੀ। ਅਸੀਂ ਵੀ ਸਾਰੇ ਕਿਸੇ ਨਾ ਕਿਸੇ ਰੂਪ ’ਚ ਇਸ ਵਿਚ ਸ਼ਾਮਿਲ ਸਾਂ। ਵੈਸੇ ਸ਼ਮਸ਼ੇਰ ਸੰਧੂ ਉਪਰ ਧਰਮ ਦੀ ਕੋਈ ਬਹੁਤੀ ਜਜ਼ਬਾਤੀ ਪਕੜ ਨਹੀਂ, ਉਹ ਸ਼ਾਇਦ ਕਲਚਰ ਵਿੱਚੋਂ ਹੀ ਜ਼ਿੰਦਗੀ ਦੇ ਰੰਗਾਂ ਦੀ ਤਲਾਸ਼ ਕਰਦਾ ਹੈ। ਕਿਲ੍ਹਾ ਰਾਏਪੁਰ ਦਾ ਮਸ਼ਹੂਰ ਖੇਡ ਮੇਲਾ ਹੈ, ਜਿੱਥੇ ਉਹ ਹਰ ਵਾਰ ਹਾਜ਼ਰੀ ਭਰਦਾ ਹੈ। ਉਂਝ ਮੇਲਿਆਂ ਨੂੰ ਜਿਉਂਦਿਆਂ ਜਾਗਦਿਆਂ ਰੱਖਣ ਦੀ ਰੀਝ ਤੇ ਨੀਝ ਦੇ ਹਾਣੀ ਬਹੁਤ ਘੱਟ ਮਿਲਣਗੇ। ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਸਮੁੰਦਰ ’ਚ ਡੁੱਬ ਗਿਆ ਅਤੇ ਜਦੋਂ ਬਾਹਰ ਨਿਕਲਿਆ ਤਾਂ ਉਹ ਇਸ ਸਮੁੰਦਰ ਨੂੰ ਸ਼ਬਦਾਂ ਦੇ ਘੇਰੇ ਵਿਚ ਬੰਨ੍ਹਣਾ ਚਾਹੁੰਦਾ ਸੀ ਪਰ ਪੰਜਾਬ ਵਿਚ ਅਖ਼ਬਾਰਾਂ ਉੱਤੇ ਕਰੜੀ ਸੈਂਸਰਸ਼ਿਪ ਲੱਗੀ ਹੋਈ ਸੀ। ਮੁੱਕਦੀ ਗੱਲ ਅਸੀਂ ਆਪਣੀ ਉਦਾਸੀ ਨੂੰ ਸ਼ਬਦ ਹੀ ਨਹੀਂ ਸਾਂ ਦੇ ਸਕਦੇ ਕਿਉਂਕਿ ਇਹੋ ਜਿਹੀ ਉਦਾਸੀ ਉੱਤੇ ਉਨ੍ਹਾਂ ਦਿਨਾਂ ਵਿਚ ਪਹਿਰੇ ਲੱਗਦੇ ਸਨ ਪਰ ਸ਼ਮਸ਼ੇਰ ਸੰਧੂ ਨੇ ਇਹੋ ਜਿਹੇ ਸ਼ਬਦ ਲੱਭ ਲਏ, ਜੋ ਸੈਂਸਰਸ਼ਿਪ ਉੱਤੇ ਲੱਗੇ ਪਹਿਰੇਦਾਰਾਂ ਦੇ ਸਖ਼ਤ ਪਹਿਰੇ ਵਿੱਚੋਂ ਲੰਘਣ ’ਚ ਕਾਮਯਾਬ ਹੋ ਗਏ। ਐਨੇ ਵੱਡੇ ਘਰਾਂ ਵਿੱਚੋਂ ਬਚ ਕੇ ਨਿਕਲਣਾ ਔਖਾ ਸੀ ਪਰ ਉਹ ਨਿਕਲ ਗਿਆ ਸੀ। ਉਸ ਨੇ ਮੇਲੇ ਵਿਚ ਕੇਸਰੀ ਦਸਤਾਰਾਂ ਅਤੇ ਚੁੰਨੀਆਂ ਦੇ ਹੜ੍ਹਾਂ ਨੂੰ ਕੁਝ ਇਨ੍ਹਾਂ ਸ਼ਬਦਾਂ ’ਚ ਪੇਸ਼ ਕੀਤਾ :
ਉੱਥੇ ਸਟੇਡੀਅਮ ਵਿਚ ਜਿੱਧਰ ਵੀ ਨਜ਼ਰ ਘੁਮਾਓ, ਕੇਸਰੀ ਦਸਤਾਰਾਂ ਤੇ ਚੁੰਨੀਆਂ ਦਾ ਹੜ੍ਹ ਆਇਆ ਹੋਇਆ ਸੀ, ਜਿਵੇਂ ਉਹ ਸਾਰੀਆਂ ਇੱਕੋ ਸਾਹੇ ਕਹਿ ਰਹੀਆਂ ਹੋਣ,‘ਅਸੀਂ ਦੂਣ ਸਵਾਏ ਹੋਏ...।’ ਤੁਹਾਨੂੰ ਯਾਦ ਹੋਵੇਗਾ ਕਿ 18ਵੀਂ ਸਦੀ ਵਿਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਉਸ ਦੌਰ ਵਿਚ ਮੀਰ ਮੰਨੂੰ ਦੀ ਕੈਦ ਵਿਚ ਸਿੱਖ ਅਕਸਰ ਇਹ ਗੀਤ ਗਾਉਂਦੇ ਸਨ, ‘ਮੰਨੂੰ ਅਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ। ਜਿਉਂ-ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।’ ਸ਼ਮਸ਼ੇਰ ਸੰਧੂ ਨੇ ਇਸ ਗੀਤ ਨੂੰ ਯਾਦ ਕਰਵਾ ਕੇ ਜਦੋਂ ਸੈਸਰਸ਼ਿਪ ਦੀਆਂ ਬਾਜ਼ ਨਜ਼ਰਾਂ ਤੋਂ ਬਚਾ ਕੇ ਪੇਸ਼ ਕੀਤਾ ਤਾਂ ਅਸਲ ’ਚ ਉਹ ਆਪਣੇ ਹੀ ਅੰਦਾਜ਼ ਵਿਚ ਸਮੁੱਚੀ ਸਿੱਖ ਕੌਮ ਨੂੰ ਕਲਚਰਲ ਬਾਗ਼ੀ ਐਲਾਨ ਕਰ ਰਿਹਾ ਸੀ।
ਉਹ ਬਹੁਤ ਹੁਨਰਮੰਦ ਕਥਾਵਾਚਕ ਹੈ, ਜਿਸ ਦੀ ਕਥਾਕਾਰੀ ਵਿਚ ਸੂਖ਼ਮ ਜਿਹੀ ਚੁਗਲੀ ਵੀ ਹੁੰਦੀ ਹੈ। ਕਦੇ ਉੱਚੀ ਤੇ ਕਦੇ ਨੀਵੀਂ ਪੱਧਰ ਦਾ ਮਨੋਰੰਜਨ ਕਥਾਵਾਚਕ ਹੈ। ਕਦੇ ਵੱਖਰੀ ਜਿਹੀ ਕਿਸਮ ਦੀ ਪ੍ਰਸ਼ੰਸਾ ਵੀ ਹੁੰਦੀ ਹੈ। ਕਦੇ ਅਦਿਸ ਕਿਸਮ ਦਾ ਵਿਰੋਧ ਵੀ ਹੁੰਦਾ ਹੈ। ਗੱਲ ਕੀ, ਉਸ ਦੀ ਬਿਆਨਬਾਜ਼ੀ ਦੇ ਅੰਦਾਜ਼ ’ਚ ਇਹੋ ਜਿਹਾ ਰੰਗ ਹੁੰਦਾ ਹੈ, ਜੋ ਉਸੇ ਦੀ ਹੀ ਅਜ਼ਾਰੇਦਾਰੀ ਕਹੀ ਜਾ ਸਕਦੀ ਹੈ।
ਉਸ ਦੇ ਗੀਤਾਂ ਵਿਚਲੇ ਮਿਆਰ ਅਤੇ ਆਮ ਲੋਕਾਂ ’ਚ ਵਿਚ ਪਏ ਡੂੰਘੇ ਪ੍ਰਭਾਵ ਅਤੇ ਉਸ ਦੀ ਪ੍ਰਸਿੱਧੀ ਦੇ ਕਾਰਨਾਂ ਬਾਰੇ ਆਪਣੇ ਦਾਮਾਦ ਗੁਰਸਿਮਰਨਪ੍ਰੀਤ ਸਿੰਘ ਢਿੱਲੋਂ ਕੋਲੋਂ ਮੈਂ ਅੰਦਰਲੀ ਜਾਣਕਾਰੀ ਲੈਣੀ ਚਾਹੀ ਤਾਂ ਕੁਝ ਦਿਲਚਸਪ ਨੁਕਤੇ ਉਭਰ ਕੇ ਸਾਹਮਣੇ ਆਏ। ਗੁਰਸਿਮਰਨ ਅੰਗਰੇਜ਼ੀ ਸਾਹਿਤ ਦਾ ਗੰਭੀਰ ਵਿਦਿਆਰਥੀ ਹੈ ਅਤੇ ਸ਼ਮਸ਼ੇਰ ਸੰਧੂ ਦਾ ਫੈਨ ਵੀ ਹੈ, ਇਸ ਲਈ ਉਹ ਉਸ ਦੇ ਗੀਤਾਂ ਦੀ ਤੁਲਨਾ ਅੰਗਰੇਜ਼ੀ ਦੇ ਸ਼ਾਇਰ ‘ਵਿਲੀਅਮ ਵਰਡਜ਼ਵਰਥ’ ਨਾਲ ਕਰਨ ਲੱਗ ਗਿਆ, ਜਿਸ ਨੇ ਜਟਕੀ ਭਾਸ਼ਾ ਵਿਚ ਗੀਤਾਂ ਨੂੰ ਪੇਸ਼ ਕਰ ਕੇ ਆਪਣੇ ਸਮੇਂ ’ਚ ਬੜੀ ਪ੍ਰਸਿੱਧੀ ਖੱਟੀ। ਵਿਲੀਅਮ ਵਰਡਜ਼ਵਰਥ ਨੂੰ ਬਲਦਾਂ ਦੀ ਜੋੜੀ, ਗੱਡਾ ਤੇ ਗੱਡਾ ਚਲਾ ਰਿਹਾ ਕਿਸਾਨ ਧੂਹ ਪਾਉਂਦਾ ਸੀ। ਉਹ ਇਹੋ ਜਿਹੇ ਦ੍ਰਿਸ਼ਾਂ ਵਿੱਚੋਂ ਬਹੁਤ ਕੁਝ ਦੇਖਦਾ ਸੀ। ਸ਼ਮਸ਼ੇਰ ਸੰਧੂ ਵੀ ਇਸ ਤਰ੍ਹਾਂ ਦੇ ਦ੍ਰਿਸ਼ਾਂ ਦੀ ਵਿਆਖਿਆ ਕਰਨ ਦਾ ਮਾਹਿਰ ਹੈ। ‘ਤੇਰੇ ’ਚੋਂ ਤੇਰਾ ਯਾਰ ਬੋਲਦਾ’ ਦੇ ਬੋਲ ਕਿਸੇ ਪਿਆਰ ਦੀ ਗੁੱਝੀ ਪਰਤ ਨੂੰ ਉੱਪਰਲੀ ਸਤ੍ਹਾ ’ਤੇ ਲੈ ਆਉਂਦੇ ਹਨ, ਜੋ ਬੋਲਿਆ ਨਹੀਂ ਜਾ ਸਕਦਾ, ਲਿਖਿਆ ਭਾਵੇਂ ਜਾ ਸਕਦਾ ਹੋਵੇ ਪਰ ਲਿਖੇ ਨੂੰ ਬੋਲਣ ਤਕ ਪਹੁੰਚਾਉਣਾ ਸ਼ਮਸ਼ੇਰ ਸੰਧੂ ਦੀ ਪ੍ਰਾਪਤੀ ਹੈ। ਉਸ ਨੇ ਪੰਜਾਬ ਦੀਆਂ ਕੁੜੀਆਂ ’ਚ ਲੁਕੇ ਪਿਆਰ ਦੀਆਂ ਕਈ ਪਰਤਾਂ ਨੂੰ ਸਾਹਮਣੇ ਲਿਆਂਦਾ। ਮਨੋਵਿਗਿਆਨ ਦੀ ਇਕ ਕੁੜੀ ਦੀ ਤਾਂ ਇਹ ਇੱਛਾ ਸੀ ਕਿ ਉਹ ਇਨ੍ਹਾਂ ਗੀਤਾਂ ’ਚ ਲੁਕੀ ਰੀਝ ਨੂੰ ਮਨੋਵਿਗਿਆਨਕ ਰੰਗ ਦੇਣਾ ਚਾਹੁੰਦੀ ਹੈ। ਜਦੋਂ ਕੋਈ ਅਣਪਛਾਤਾ ਮੁੰਡਾ ਗਿੱਧੇ ਵਿਚ ਕਿਸੇ ਕੁੜੀ ਦੀ ਬਾਂਹ ਫੜਦਾ ਹੈ ਤਾਂ ਕੁੜੀ ਦੇ ਅੰਦਰ ਜਿਹੜੀ ਵੱਖਰੀ ਕਿਸਮ ਦੀ ਝਰਨਾਹਟ, ਲਹਿਰ ਜਾਂ ਅਹਿਸਾਸ ਪੈਦਾ ਹੁੰਦਾ ਹੈ, ਸ਼ਮਸ਼ੇਰ ਨੇ ਉਸ ਨੂੰ ਮਨੋਵੇਗ, ਖਲ਼ਬਲੀ ਜਾਂ ਹਲਚਲ ਨੂੰ ਜਿਵੇਂ ‘ਸਾਂ-ਸਾਂ’ ਕਹਿ ਕੇ ਗੀਤ ਵਿਚ ਲਿਆਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਮੁਟਿਆਰ-ਕਲਚਰ ਦੇ ਡੂੰਘੇ ਭੇਤਾਂ ਦਾ ਹਾਣੀ ਹੈ। ਕਹਿੰਦੇ ਹਨ ਕਿ ਸਮਾਜਿਕ ਰਿਸ਼ਤਿਆਂ ’ਚ ਜੇ ਕਿਤੇ ਦਰਦ ਦੀ ਇੰਤਹਾ ਵੇਖਣੀ ਹੋਵੇ ਤਾਂ ਉਹ ਉਸ ਵਕਤ ਵੇਖਿਆ ਜਾਂਦਾ ਹੈ, ਜਦੋਂ ਧੀ ਵਿਆਹ ਸਮੇਂ ਬਾਬਲ ਦੇ ਵਿਹੜੇ ਨੂੰ ਅਲਵਿਦਾ ਕਹਿੰਦੀ ਹੈ ਪਰ ਸ਼ਮਸ਼ੇਰ ਨੇ ਇਸ ਦਰਦ ਭਿੱਜੀ ਦਾਸਤਾਨ ਨੂੰ ਇਕ ਹੋਰ ਅੰਦਾਜ਼ ਵਿਚ ਵੀ ਪੇਸ਼ ਕੀਤਾ ਹੈ, ਜਦੋਂ ਧੀ ਪੁੱਤਾਂ-ਧੀਆਂ ਦੀ ਹੋ ਕੇ ਪੇਕੇ ਘਰ ਆਉਂਦੀ ਹੈ ਤਾਂ ਉਸ ਦਾ ਉਹੋ ਜਿਹਾ ਸਵਾਗਤ ਨਹੀਂ ਹੁੰਦਾ, ਜੋ ਮਾਂ ਦੇ ਜਿਉਂਦਿਆਂ ਹੁੰਦਾ ਸੀ। ਉਸ ਵੇਲੇ ਭਰਾਵਾਂ ਤੇ ਭਾਬੀਆਂ ਦੀ ਜੋ ਹਾਲਤ ਹੁੰਦੀ ਹੈ, ਉਸ ਹਾਲਤ ਦਾ ਬਿਆਨ ਕਰਦਿਆਂ ਕਿਸੇ ਫ਼ਤਵੇ ਵਰਗਾ ਐਲਾਨ ਕਰਦਾ ਹੈ ਕਿ ‘ਪੇਕੇ ਹੁੰਦੇ ਮਾਵਾਂ ਨਾਲ...।’ ਮੇਰਾ ਇਕ ਦੋਸਤ ਉਸ ਦੇ ਗੀਤਾਂ ਦੀ ਵਿਆਖਿਆ ਕਰਦਾ ਅਕਸਰ ਕਹਿੰਦਾ ਹੁੰਦਾ ਹੈ ਕਿ ਸ਼ਮਸ਼ੇਰ ਦੇ ਗੀਤਾਂ ਵਿਚ ਪੈਸੇ ਦੀ ਤਾਕਤ, ਰੁਮਾਂਸ ਅਤੇ ਸਮਾਜਿਕ ਰੁਤਬਾ ਤਿੰਨੋਂ ਹੀ ਵੱਖ-ਵੱਖ ਰੂਪਾਂ ’ਚ ਮਿਲਦੇ ਹਨ।
ਆਖ਼ਰੀ ਗੱਲ ਜੋ ਸ਼ਾਇਦ ਕਿਸੇ ਨੂੰ ਪਤਾ ਨਾ ਹੋਵੇ ਅਤੇ ਸ਼ਾਇਦ ਸਾਡੇ ਦੋਵਾਂ ’ਚ ਹੀ ਹੋਵੇ। ਉਹ ਇਹ ਹੈ ਕਿ ਜ਼ਿੰਦਗੀ ਦੀਆਂ ਗਹਿਰਾਈਆਂ ਅਤੇ ਡੂੰਘੇ ਭੇਤਾਂ ਨੂੰ ਜਾਣਨ-ਬੁੱਝਣ ਦੀ ਉਸ ਦੀ ਜਗਿਆਸਾ ਪਿਆਸ ਦੀਆਂ ਹੱਦਾਂ ਨੂੰ ਜਾ ਛੂੰਹਦੀ ਹੈ। ਇਕ ਰੋਜ਼ਾਨਾ ਅਖ਼ਬਾਰ ਦੀ ਵੱਡੀ ਇਮਾਰਤ ਦੀ ਸਭ ਤੋਂ ਉੱਚੀ ਇਮਾਰਤ ਉੱਤੇ ਇਤਫ਼ਾਕ ਵੱਸ ਸਾਨੂੰ ਇਕ ਸਾਲ ਲਈ ਅਜਿਹਾ ਕਮਰਾ ਮਿਲ ਗਿਆ, ਜਿੱਥੇ ਮੈਂ ਉਸ ਦੇ ਹੋਰ ਕਰੀਬ ਹੋ ਗਿਆਂ। ਇੱਥੇ ਅਸੀਂ ਤਿੰਨ ਜਣੇ ਇਕੱਠੇ ਹੋ ਗਏ ਯਾਨੀ ਤੀਸਰਾ ਪੱਤਰਕਾਰ ਸੁਰਿੰਦਰ ਗਰੋਆ ਸੀ। ਨੌਕਰੀ ਦੀ ਮੁਅੱਤਲੀ ਤੋਂ ਪਿੱਛੋਂ ਜਦੋਂ ਮੈਂ ਬਹਾਲ ਹੋਇਆ ਤਾਂ ਮੈਨੂੰ ਇਹੋ ਜਿਹਾ ਕਮਰਾ ਮਿਲਿਆ, ਜਿੱਥੇ ਸ਼ਮਸ਼ੇਰ ਨਾਲ ਮੇਰੀ ਗੂੜ੍ਹੀ ਸਾਂਝ ਪੈ ਗਈ। ਮੇਰੇ ਕੋਲ ਕਈ ਕੰਮ ਨਹੀਂ ਸੀ ਕਿਉਂਕਿ ਅਧਿਕਾਰੀਆਂ ਨੂੰ ਮੇਰੀਆਂ ਲਿਖਤਾਂ ਵਿੱਚੋਂ ਕਿਸੇ ਖ਼ਤਰੇ ਜਾਂ ਡਰ ਦੀ ਝਲਕ ਮਿਲਦੀ ਸੀ। ਇਸ ਲਈ ਮੈਂ ਬਿਲਕੁਲ ਵਿਹਲਾ ਸੀ। ਸ਼ਮਸ਼ੇਰ ਨਾਲ ਸਾਂਝ ਉਸ ਸਮੇਂ ਗੂੜ੍ਹੀ ਹੋ ਗਈ, ਜਦੋਂ ਉਸ ਨੇ ਬ੍ਰਹਿਮੰਡ ਦੇ ਵਿਸਥਾਰ ਬਾਰੇ, ਬਲੈਕ ਹੋਲ ਬਾਰੇ, ਡਾਰਕ ਮੈਟਰ ਦੀ ਹੋਂਦ ਬਾਰੇ, ਕੁਇੰਟਮ ਥਿਊਰੀ ਬਾਰੇ ਇਹ ਜਾਣ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਵੇਂ ਮੈਂ ਇਨ੍ਹਾਂ ਬਾਰੇ ਬਹੁਤ ਗਹਿਰਾਈ ਵਿਚ ਜਾਣਦਾ ਹੋਵਾਂ। ਵੈਸੇ ਮੇਰੀ ਫਿਲਾਸਫ਼ੀ ਦੇ ਵਿਸ਼ੇ ਵਿਚ ਅਤੇ ਖ਼ਾਸ ਕਰਕੇ ਧਰਮ ਦੇ ਰਹੱਸਵਾਦੀ ਪਹਿਲੂਆਂ ਬਾਰੇ ਡੂੰਘੀ ਦਿਲਚਸਪੀ ਸੀ ਅਤੇ ਸ਼ਮਸ਼ੇਰ ਇਹ ਜਾਣਦਾ ਸੀ। ਫਿਰ ਵੀ ਵਿਗਿਆਨ ਦੀਆਂ ਇਹੋ ਜਿਹੀਆਂ ਰਹੱਸ ਭਰਪੂਰ ਸੱਚਾਈਆਂ ਬਾਰੇ ਡੂੰਘੀ ਦਿਲਚਸਪੀ ਰੱਖਦਾ ਸੀ। ਕਦੇ-ਕਦੇ ਇਸ ਸਵਾਲ ਉੱਤੇ ਬਹਿਸ ਹੋ ਜਾਂਦੀ ਕਿ ‘ਸਮਾਂ’ ਕੀ ਹੁੰਦਾ ਹੈ। ਕੀ ਸਮੇਂ ਦੀ ਹੋਂਦ ਹੁੰਦੀ ਵੀ ਹੈ ਜਾਂ ਇਹ ਸਾਡੀ ਮਹਿਜ਼ ਕਲਪਨਾ ਹੀ ਹੈ। ਸਾਇੰਸਦਾਨ ਆਈਨਸਟਾਈਨ ਦੀ ਇਸ ਸਮੇਂ ਬਾਰੇ ਖੋਜ ਬਾਰੇ ਵੀ ਜਦੋਂ ਮੈਂ ਉਸ ਨੂੰ ਦੱਸਦਾ ਤਾਂ ਉਹ ਕੁਝ ਪਲਾਂ ਲਈ ਵਿਸਮਾਦ ਵਿਚ ਡੁੱਬ ਜਾਂਦਾ। ਅਸੀਂ ਕਦੇ ਸੁਰਜੀਤ ਢਿੱਲੋਂ ਦੇ ਲੇਖਾਂ ਬਾਰੇ ਬਹਿਸ ਕਰਦੇ, ਜੋ ਅਕਸਰ ਹੀ ਇਕ ਰੋਜ਼ਾਨਾ ਪੰਜਾਬੀ ਅਖ਼ਬਾਰ ਦੇ ਐਤਵਾਰ ਦੇ ਅੰਕ ਵਿਚ ਛਪਦੇ ਰਹਿਦੇ ਸਨ ਤੇ ਹੁਣ ਵੀ ਛਪਦੇ ਹਨ, ਜਿਨ੍ਹਾਂ ’ਚ ਬੜੀ ਖ਼ੂਬਸੂਰਤ ਸ਼ਬਦਾਵਲੀ ਅਤੇ ਸ਼ਿਅਰਾਂ ਦੇ ਸ਼ਿੰਗਾਰ ਨਾਲ ਰੱਬ ਦੀ ਹੋਂਦ ਤੋਂ ਮੁਨਕਰ ਹੋਇਆ ਜਾਂਦਾ ਸੀ। ਕੱਚੇ-ਪੱਕੇ ਖੱਬੇਪੱਖੀ ਅਤੇ ਅਗਾਂਹਵਧੂ ਇਨ੍ਹਾਂ ਲੇਖਾਂ ਤੋਂ ਡੂੰਘੀ ਤਸੱਲੀ ਲੱਭਦੇ। ਕਦੇ-ਕਦੇ ਮੌਤ ਬਾਰੇ ਗੱਲਾਂ ਹੋ ਜਾਂਦੀਆਂ ਅਤੇ ਇਹੋ ਜਿਹੀ ਮਹਿਫ਼ਲ ’ਚ ਕਦੇ-ਕਦੇ ਬਾਲ ਕ੍ਰਿਸ਼ਨ ਸੈਣੀ ਵੀ ਆ ਜਾਂਦੇ ਕਿਉਂਕਿ ਉਨ੍ਹਾਂ ਦੇ ਅੰਦਰ ਵੀ ਫਿਲਾਸਫ਼ੀ ਵਰਗੇ ਵਿਸ਼ਿਆਂ ਉਤੇ ਬਹਿਸ ਕਰਨੀ ਚੰਗੀ ਲੱਗਦੀ ਸੀ। ਅਸੀਂ ਕਿਸੇ ਵੀ ਠੋਸ ਨਤੀਜੇ ਉੱਤੇ ਨਾ ਪਹੁੰਚਦੇ ਪਰ ਇਕ ਗੱਲ ਤਾਂ ਪੱਕੀ ਸੀ ਕਿ ਸ਼ਮਸ਼ੇਰ ਸੰਧੂ ਅੱਧਾ ਜਿਹਾ ਨਾਸਤਕ ਵੀ ਹੈ ਅਤੇ ਅੱਧਾ ਜਿਹਾ ਆਸਤਕ ਵੀ। ਉਂਜ ਜ਼ਿੰਦਗੀ ਨੂੰ ਜਾਣਨ ਦਾ ਸ਼ੌਕ ਇਹੋ ਜਿਹਾ ਹੈ ਕਿ ਉਸ ਨੇ ਦਿਮਾਗ਼ ਅਤੇ ਰੂਹ ਦੇ ਸਾਰੇ ਦਰ ਖੁੱਲ੍ਹੇ ਰੱਖੇ ਹਨ।
- ਕਰਮਜੀਤ ਸਿੰਘ