ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ 'ਚ ਸੁਧਾਰ, ਤਰਸੇਮ ਜੱਸੜ ਨੇ ਦਿੱਤੀ ਜਾਣਕਾਰੀ; ਪੋਸਟ ਸਾਂਝੀ ਕਰਕੇ ਲੋਕਾਂ ਨੂੰ ਕੀਤੀ ਅਪੀਲ
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਐਕਸੀਡੈਂਟ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮੋਟਰਸਾਈਕਲ 'ਤੇ ਬੱਦੀ ਤੋਂ ਸ਼ਿਮਲਾ ਵੱਲ ਜਾ ਰਹੇ ਸਨ, ਜਦੋਂ ਇਹ ਦੁਰਘਟਨਾ ਵਾਪਰੀ। ਇਸ ਭਿਆਨਕ ਹਾਦਸੇ 'ਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
Publish Date: Sun, 28 Sep 2025 11:25 AM (IST)
Updated Date: Sun, 28 Sep 2025 11:49 AM (IST)

ਡਿਜੀਟਲ ਡੈਸਕ, ਮੋਹਾਲੀ : ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਐਕਸੀਡੈਂਟ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮੋਟਰਸਾਈਕਲ 'ਤੇ ਬੱਦੀ ਤੋਂ ਸ਼ਿਮਲਾ ਵੱਲ ਜਾ ਰਹੇ ਸਨ, ਜਦੋਂ ਇਹ ਦੁਰਘਟਨਾ ਵਾਪਰੀ। ਇਸ ਭਿਆਨਕ ਹਾਦਸੇ 'ਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਰਾਜਵੀਰ ਜਵੰਦਾ ਦੀ ਸਿਹਤ 'ਚ ਸੁਧਾਰ
ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡੀਆ 'ਤੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਵੰਦਾ ਦੀ ਸਿਹਤ 'ਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ। ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ- ''ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਡਾ ਭਰਾ ਰਾਜਵੀਰ ਜਵੰਦਾ ਹਸਪਤਾਲ 'ਚ ਹੈ, ਕੱਲ ਨਾਲੋਂ ਥੋੜ੍ਹਾ ਸੁਧਾਰ ਹੋਇਆ...ਸਾਰਿਆਂ ਦੀ ਅਸੀਸਾਂ ਨਾਲ। ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿਪ੍ਰਾ ਕਰਕੇ ਕੋਈ ਵੀ ਫੇਕ ਨਿਊਜ਼ ਜਾਂ ਗੱਲ ਨਾ ਕੀਤੀ ਜਾਵੇ।''
ਤਰਸੇਮ ਜੱਸੜ ਨੇ ਲੋਕਾਂ ਨੂੰ ਖ਼ਾਸ ਅਪੀਲ
ਇਸ ਤੋਂ ਅੱਗੇ ਤਰਸੇਮ ਜੱਸੜ ਨੇ ਲਿਖਿਆ ਹੈ ਕਿ, ''ਇਕ ਮੇਰੇ ਵੱਲੋਂ ਸਭ ਨੂੰ ਹੱਥ ਜੋੜ ਕੇ ਬੇਨਤੀ... ਅਰਦਾਸ ਦੀ ਤਾਕਤ ਤੋਂ ਉੱਪਰ ਕੁਝ ਨਹੀਂ ਹੁੰਦਾ, ਸੋ ਸਾਰੇ ਰਲ ਕੇ ਜੋ ਵੀ ਪਾਠ ਕਰ ਸਕਦੇ ਹੋ ਤੇ ਅਰਦਾਸ ਕਰ ਸਕਦੇ ਹੋ ਜ਼ਰੂਰ ਕਰੋ ਕਿ ਸਾਡਾ ਵੀਰ ਜਲਦੀ ਸੁਧਾਰ ਹੋ ਕੇ ਘਰ ਆਵੇ। ਵਾਹਿਗੁਰੂ ਕ੍ਰਿਪਾ ਕਰਨ।''
ਦੱਸ ਦਈਏ ਕਿ ਐਕਸੀਡੈਂਟ ਦੌਰਾਨ ਰਾਜਵੀਰ ਜਵੰਦਾ ਦੇ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਉਂਦੇ ਸਮੇਂ ਦਿਲ ਦਾ ਦੌਰਾ (ਹਾਰਟ ਅਟੈਕ) ਵੀ ਪਿਆ ਹੈ। ਰਾਜਵੀਰ ਜਵੰਦਾ ਦਾ ਹਾਲ-ਚਾਲ ਜਾਣਨ ਲਈ ਕਈ ਪ੍ਰਮੁੱਖ ਪੰਜਾਬੀ ਗਾਇਕ ਅਤੇ ਕਲਾਕਾਰ ਹਸਪਤਾਲ ਪਹੁੰਚ ਰਹੇ ਹਨ।
ਬਾਈਕ ਚਲਾਉਣ ਦੇ ਸ਼ੌਕੀਨ ਹਨ ਰਾਜਵੀਰ ਜਵੰਦਾ
ਗਾਇਕ ਰਾਜਵੀਰ ਜਵੰਦਾ ਨੂੰ ਬਾਈਕ ਚਲਾਉਣ ਦਾ ਬਹੁਤ ਸ਼ੌਕ ਹੈ ਅਤੇ ਉਹ ਅਕਸਰ ਆਪਣੀ ਮੋਟਰਸਾਈਕਲ 'ਤੇ ਲੰਬੇ ਸਫ਼ਰ 'ਤੇ ਜਾਂਦੇ ਰਹਿੰਦੇ ਹਨ। ਰਾਜਵੀਰ ਜਵੰਦਾ ਦਾ ਜਨਮ 1990 ਵਿੱਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਤਹਿਸੀਲ ਦੇ ਇੱਕ ਸਿੱਖ ਜੱਟ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ, ਕਰਮ ਸਿੰਘ, ਪੰਜਾਬ ਪੁਲਿਸ ਵਿੱਚ ਅਧਿਕਾਰੀ ਸਨ। ਰਾਜਵੀਰ ਗਾਇਕ ਗੁਰਦਾਸ ਮਾਨ ਦੇ ਗੀਤਾਂ ਤੋਂ ਪ੍ਰੇਰਿਤ ਹੋਏ ਹਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਤੱਕ ਪੰਜਾਬ ਪੁਲਿਸ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ ਪਰ ਬਾਅਦ ਵਿੱਚ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਆਪਣੇ ਗਾਇਕੀ ਦੇ ਕਰੀਅਰ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ।