ਪੰਜਾਬੀ ਸੰਗੀਤ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਐਤਵਾਰ ਸਵੇਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚੇ। ਇੱਥੇ ਉਨ੍ਹਾਂ ਨੇ ਮੂਸੇਵਾਲਾ ਦੀ ਹਵੇਲੀ ਵਿੱਚ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਹੌਲ ਉਸ ਸਮੇਂ ਬੇਹੱਦ ਭਾਵੁਕ ਹੋ ਗਿਆ ਜਦੋਂ ਗੁਰਦਾਸ ਮਾਨ ਨੇ ਪਹਿਲਾਂ ਸ਼ੁਭਦੀਪ (ਸਿੱਧੂ ਮੂਸੇਵਾਲਾ) ਦੇ ਛੋਟੇ ਭਰਾ ਦੇ ਪੈਰਾਂ ਨੂੰ ਛੂਹਿਆ ਅਤੇ ਉਸ ਤੋਂ ਬਾਅਦ ਛੋਟੇ ਮੂਸੇਵਾਲਾ ਨੇ ਵੀ ਉਨ੍ਹਾਂ ਦੇ ਪੈਰ ਛੂਹ ਕੇ ਸਿਰ ਝੁਕਾਇਆ।

ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਆਵਾਜ਼ ਅਤੇ ਉਸ ਦੀ ਸ਼ਾਇਰੀ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਉਨ੍ਹਾਂ ਨੇ ਸਟੇਜ ਤੋਂ ਸਤਰਾਂ ਪੜ੍ਹਦੇ ਹੋਏ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਸ ਦੇ ਗੀਤ ਅਤੇ ਉਸ ਦਾ ਜਜ਼ਬਾ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਛੋਟੇ ਸਿੱਧੂ ਨੂੰ ਦੇਖਦੇ ਹੀ ਰਹਿ ਗਏ ਗੁਰਦਾਸ ਮਾਨ
ਐਤਵਾਰ ਸਵੇਰੇ ਗੁਰਦਾਸ ਮਾਨ ਸਿੱਧਾ ਪਿੰਡ ਮੂਸਾ ਪਹੁੰਚੇ। ਇਸ ਦੌਰਾਨ ਜਦੋਂ ਸਿੱਧੂ ਦੀ ਮਾਤਾ ਚਰਨ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਤਾਂ ਗੁਰਦਾਸ ਮਾਨ ਨੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਿੱਧੂ ਦੇ ਛੋਟੇ ਭਰਾ ਨੂੰ ਦੇਖਿਆ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਇਹ ਤਾਂ ਬਿਲਕੁਲ 'ਹੂ-ਬ-ਹੂ' ਸ਼ੁਭਦੀਪ ਵਰਗਾ ਦਿਖਾਈ ਦਿੰਦਾ ਹੈ, ਉਹੀ ਚਿਹਰਾ ਅਤੇ ਉਹੀ ਜਜ਼ਬਾ ਨਜ਼ਰ ਆਉਂਦਾ ਹੈ।
ਇਸ ਤੋਂ ਬਾਅਦ ਅਚਾਨਕ ਗੁਰਦਾਸ ਮਾਨ ਨੇ ਛੋਟੇ ਸਿੱਧੂ ਦੇ ਪੈਰਾਂ ਨੂੰ ਛੂਹ ਲਿਆ। ਇਸ ਉਪਰੰਤ ਮਾਤਾ ਚਰਨ ਕੌਰ ਨੇ ਛੋਟੇ ਸ਼ੁਭਦੀਪ ਨੂੰ ਗੁਰਦਾਸ ਮਾਨ ਦੇ ਪੈਰ ਛੂਹਣ ਲਈ ਕਿਹਾ।
ਸ਼ੁਭਦੀਪ ਦੀ ਤਸਵੀਰ ਨੂੰ ਕੀਤਾ ਸਲੂਟ
ਇਸ ਤੋਂ ਬਾਅਦ ਗੁਰਦਾਸ ਮਾਨ ਮੂਸੇਵਾਲਾ ਦੀ ਹਵੇਲੀ ਦੇ ਅੰਦਰ ਗਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸਿੱਧੂ ਦੀ ਤਸਵੀਰ ਨੂੰ ਨਮਨ ਕੀਤਾ। ਉਨ੍ਹਾਂ ਨੇ ਤਸਵੀਰ ਦੇ ਸਾਹਮਣੇ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਕੁਝ ਪਲ ਮੌਨ ਵੀ ਰੱਖਿਆ। ਇਸ ਉਪਰੰਤ ਗੁਰਦਾਸ ਮਾਨ ਨੇ ਸਿੱਧੂ ਦੀ ਤਸਵੀਰ ਨੂੰ ਸਲੂਟ ਵੀ ਕੀਤਾ।
ਗੁਰਦਾਸ ਮਾਨ ਨੇ ਇਸ ਦੌਰਾਨ ਪਰਿਵਾਰ ਨਾਲ ਕੁਝ ਸਮਾਂ ਬਿਤਾਇਆ ਅਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਦਾ ਨਾਮ ਅਤੇ ਉਸ ਦੀ ਆਵਾਜ਼ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗੀ। ਉਨ੍ਹਾਂ ਦੇ ਇਸ ਦੌਰੇ ਦੌਰਾਨ ਪਿੰਡ ਮੂਸਾ ਵਿੱਚ ਮਾਹੌਲ ਪੂਰੀ ਤਰ੍ਹਾਂ ਭਾਵੁਕ ਬਣਿਆ ਰਿਹਾ।