2014 ਵਿਚ ਅਧਰੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਇਨ੍ਹਾਂ ਦੀ ਹਾਲਤ ਵਿਚ ਕੁਝ ਸੁਧਾਰ ਹੋਇਆ ਤਾਂ ਇਹ ਪੱਤਰਕਾਰੀ ਅਤੇ ਗੀਤਕਾਰੀ ਦੇ ਖੇਤਰਾਂ ਵਿਚ ਮੁੜ ਸਰਗਰਮ ਹੋ ਗਏ। 2020 ਦੇ ਅਖ਼ੀਰ ’ਚ ਇਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੋਣ ਲੱਗੀ ਤੇ ਫਿਰ ਇਕ ਦਿਨ ਪਤਾ ਲੱਗਾ ਕਿ ਇਨ੍ਹਾਂ ਨੂੰ ਬ੍ਰੇਨ ਟਿਊਮਰ ਸੀ।

ਨਾਮਵਰ ਪੱਤਰਕਾਰ, ਫਿਲਮੀ ਗੀਤਕਾਰ ਅਤੇ ਨਾਟਕ ਲੇਖਕ ਵਜੋਂ ਜਾਣੇ ਜਾਂਦੇ ਕੇ. ਸ਼ਰਨਜੀਤ ਸਿੰਘ ਉਰਫ਼ ਫ਼ਿਦਾ ਬਟਾਲਵੀ ਦਾ ਜਨਮ ਬਟਾਲਾ ਨੇੜਲੇ ਪਿੰਡ ਡੁੱਲਟ ਵਿਖੇ ਪਿਤਾ ਸ. ਜਗਤ ਸਿੰਘ ਦੇ ਘਰ ਮਾਤਾ ਸ੍ਰੀਮਤੀ ਗਿਆਨ ਕੌਰ ਦੀ ਕੁੱਖੋਂ 17 ਅਗਸਤ 1946 ਨੂੰ ਹੋਇਆ ਸੀ। ਨਿੱਕੀ ਉਮਰ ਤੋਂ ਹੀ ਅਦਾਕਾਰੀ ਦੇ ਦੀਵਾਨੇ ਕੇ.ਸ਼ਰਨਜੀਤ ਸਿੰਘ ਸੰਨ 1960 ਦੇ ਆਸਪਾਸ ਇਕ ਰਾਮਲੀਲਾ ਕਲੱਬ ਨਾਲ ਜੁੜ ਗਏ ਅਤੇ ਕਈ ਸਾਲ ਤੱਕ ਹਨੂੰਮਾਨ ਜੀ ਦਾ ਰੋਲ ਨਿਭਾਉਂਦੇ ਰਹੇ। ਮੈਂ ਉਨ੍ਹੀਂ ਦਿਨੀ ਰਾਮਲੀਲਾ ਵਿਚ ਹਿੰਦੀ ਪੰਜਾਬੀ ਵਿਚ ਫਿਲਮੀ ਤਰਜ਼ਾਂ ’ਤੇ ਗੀਤ ਲਿਖ਼ਦਾ ਸਾਂ। ਸ਼ਰਨਜੀਤ ਅਤੇ ਮੈਂ ਬਟਾਲੇ ਵਿਚ ਹੁੰਦੇ ਕਵੀ ਦਰਬਾਰ ਸੁਣਨ ਜਾਇਆ ਕਰਦੇ ਸਾਂ ਜਿਨ੍ਹਾਂ ਵਿਚ ਮਸ਼ਹੂਰ ਸ਼ਾਇਰ ਬਰਕਤ ਰਾਮ ਯੁਮਨ, ਮੇਲਾ ਰਾਮ ਤਾਇਰ, ਗੋਪਾਲ ਦਾਸ ਗੋਪਾਲ, ਕੰਸ ਰਾਜ ਗੌਹਰ, ਭੀਮ ਸੈਨ ਬੇਕਸ, ਬਲਕਾਰ ਸਿੰਘ ਅਰਸ਼ੀ, ਸ਼ਿਵ ਕੁਮਾਰ ਬਟਾਲਵੀ ਅਤੇ ਅੰਮ੍ਰਿਤਸਰ ਤੋਂ ਵਿਧਾਤਾ ਸਿੰਘ ਤੀਰ, ਬਲਵੰਤ ਸਿੰਘ ਤੇਗ ਅਤੇ ਹੋਰ ਕਈ ਨਾਮੀ ਕਵੀ ਭਾਗ ਲੈਂਦੇ ਸਨ। ਇੰਜ ਸ਼ਰਨਜੀਤ ਸਿੰਘ ਨੂੰ ਲਿਖਣ ਦੀ ਚੇਟਕ ਪੈ ਗਈ।
ਗ਼ਜ਼ਲਾਂ ’ਚ ਵਰਤੇ ਉਰਦੂ ਦੇ ਔਖੇ ਸ਼ਬਦ
ਸ਼ਰਨਜੀਤ ਨੂੰ ਭਾਵੇਂ ਉਰਦੂ ਪੜ੍ਹਨਾ ਲਿਖਣਾ ਨਹੀਂ ਸੀ ਆਉਂਦਾ ਪਰ ਉਹ ਉਰਦੂ ਦੇ ਔਖ਼ੇ ਸ਼ਬਦ ਆਪਣੀਆਂ ਗ਼ਜ਼ਲਾਂ ਅਤੇ ਨਜ਼ਮਾਂ ਵਿਚ ਵਰਤਦੇ ਸਨ ਤੇ ਸੁਣਨ ਵਾਲੇ ਇਹੀ ਪ੍ਰਭਾਵ ਲੈਂਦੇ ਸਨ ਕਿ ਇਹ ਉਰਦੂ ਦੇ ਚੰਗੇ ਜਾਣਕਾਰ ਹਨ। ਵੱਡੇ ਗਾਇਕ ਜਨਾਬ ਗ਼ੁਲਾਮ ਅਲੀ ਖਾਂ ਅਤੇ ਰਾਹਤ ਫ਼ਤਹਿ ਅਲੀ ਖਾਂ ਵਰਗੇ ਗਾਇਕ ਨਹੀਂ ਮੰਨਦੇ ਸਨ ਕਿ ਇਨ੍ਹਾਂ ਨੂੰ ਉਰਦੂ ਨਹੀਂ ਆਉਂਦਾ ਸੀ।ਇਹ ਵਕਤਾ ਬਹੁਤ ਅੱਛੇ ਸਨ। ਕਿਸੇ ਕਹਾਣੀ ਦਾ ਕੋਈ ਸੀਨ ਜਦ ਸੁਣਾਉਂਦੇ ਸਨ ਤਾਂ ਸੁਣਨ ਵਾਲੇ ਨੂੰ ਇੰਜ ਲੱਗਦਾ ਸੀ ਜਿਵੇਂ ਕਿ ਉਹ ਸੀਨ ਉਸ ਦੇ ਸਾਹਮਣੇ ਵਾਪਰ ਰਿਹਾ ਹੋਵੇ।
ਸੰਗੀਤ ਸਿਖਾਉਣ ਪਿੱਛੇ ਵੱਡਾ ਯੋਗਦਾਨ
ਨਾਮਵਰ ਸੰਗੀਤਕਾਰ ਵਿਜੇ ਬਟਾਲਵੀ ਨੂੰ ਸੰਗੀਤ ਸਿਖਾਉਣ ’ਚ ਇਨ੍ਹਾਂ ਦਾ ਬੜਾ ਯੋਗਦਾਨ ਰਿਹਾ। ਵਿਜੇ ਬਟਾਲਵੀ ਦੀ ਅਾਵਾਜ਼ ਵੀ ਬਹੁਤ ਵਧੀਆ ਸੀ। ਇਹ ਸ਼ੌਕ ਵਿਜੇ ਬਟਾਲਵੀ ਨੂੰ 1974 ਵਿਚ ਮੁੰਬਈ ਲੈ ਗਿਆ। ਜਦੋਂ ਵਿਜੇ ਬਟਾਲਵੀ ਮੁੰਬਈ ਆਏ ਤਾਂ ਸ਼ਰਨਜੀਤ ਸਿੰਘ ਫ਼ਿਰ ਹਰ ਸਾਲ ਬੰਬਈ ਦਾ ਚੱਕਰ ਲੱਗਦਾ ਰਿਹਾ। ਇਥੋਂ ਤੱਕ ਕਿ ਹਰ ਸਾਲ 31 ਦਸੰਬਰ ਨੂੰ ਇਹ ਮੁੰਬਈ ਹੰੁਦੇ ਸਨ। ਵਿਜੇ ਬਟਾਲਵੀ ਜਦੋਂ ਸੰਘਰਸ਼ ਪਿੱਛੋਂ ਸੰਗੀਤਕਾਰ ਬਣ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਦੇ ਕਈ ਗੀਤ ਪੰਜਾਬੀ ਤੇ ਹਿੰਦੀ ’ਚ ਰਿਕਾਰਡ ਕੀਤੇ ਿਜਨ੍ਹਾਂ ਦੀਆਂ ਕੈਸਿਟਾਂ ਉਸ ਵੇਲ਼ੇ ਦੀਆਂ ਮਸ਼ਹੂਰ ਕੈਸਿਟ ਕੰਪਨੀਆਂ ਨੇ ਰਿਲੀਜ਼ ਕੀਤੀਆਂ। ਇਹ ਸ਼ੌਕ ਵੱਧਦਾ ਗਿਆ ਅਤੇ ਬੰਬਈ ਦੇ ਫਿਲਮ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨਾਲ ਇਨ੍ਹਾਂ ਦੀ ਜਾਣ-ਪਛਾਣ ਵੱਧਦੀ ਗਈ। ਓਥੋਂ ਦੇ ਇਕ ਨਿਰਮਾਤਾ ਮੁਰਲੀ ਨੇ ਹਿੰਦੀ ਫ਼ਿਲਮ ‘ਹਿੱਟ ਲਿਸਟ’ ਵਿਚ ਇਨ੍ਹਾਂ ਦੇ ਸਾਰੇ ਗੀਤ ਦਲੀਪ ਸੇਨ-ਸਮੀਰ ਸੇਨ ਦੇ ਸੰਗੀਤ ਨਿਰਦੇਸ਼ਨ ਵਿਚ ਰਿਕਾਰਡ ਕਰਵਾਏ ਜਿਹੜੇ ਕਿ ਰਾਹਤ ਫ਼ਤਹਿ ਅਲੀ ਖ਼ਾਨ, ਕਵਿਤਾ ਕ੍ਰਿਸ਼ਨਾ ਮੂਰਤੀ, ਸ਼੍ਰੇਆ ਗੋਸ਼ਾਲ ਆਦਿ ਦੀ ਅਾਵਾਜ਼ ਵਿਚ ਸਨ। ਇਨ੍ਹਾਂ ਦੇ ਗੀਤ ਆਸ਼ਾ ਭੌਂਸਲੇ, ਮਨਹਰ ਉਦਾਸ, ਪੰਕਜ ਉਦਾਸ, ਵਿਨੋਦ ਸਹਿਗਲ, ਪਰਵੇਜ਼ ਮਹਿੰਦੀ, ਮੁਹੰਮਦ ਅਜ਼ੀਜ਼, ਦਿਲਰਾਜ ਕੌਰ, ਸੁਰੇਸ਼ ਵਾਡੇਕਰ, ਅਲਕਾ ਯਾਗਨਿਕ, ਸਾਰਿਕਾ ਕਪੂਰ ਆਦਿ ਦੀ ਅਾਵਾਜ਼ ਵਿਚ ਵੀ ਰਿਕਾਰਡ ਹੋਏ।
ਵਡਾਲੀ ਭਰਾਵਾਂ ਨੇ ਕਈ ਸੂਫ਼ੀ ਗੀਤ ਗਾਏ
ਇਨ੍ਹਾਂ ਤੋਂ ਇਲਾਵਾ ਲਖਵਿੰਦਰ ਵਡਾਲੀ ਦਾ ਗਾਇਆ ਇਨ੍ਹਾਂ ਦਾ ਲਿਖਿਆ ਗੀਤ ‘ਮੈ਼ ਤੇਰੀ ਕਮਲੀ ਰਮਲੀ’ ਬੜਾ ਮਸ਼ਹੂਰ ਹੋਇਆ ਸੀ। ਪਦਮਸ੍ਰੀ ਪੂਰਨ ਚੰਦ ਅਤੇ ਪਿਆਰੇ ਲਾਲ ਵਡਾਲੀ ਦੀ ਜੋੜੀ ਨੇ ਇਨ੍ਹਾਂ ਦੇ ਕਈ ਸੂਫ਼ੀ ਗੀਤ ਰਿਕਾਰਡ ਕੀਤੇ ਜਿਹੜੇ ਕਿ ਅੱਜ ਵੀ ਹਰ ਮਹਿਫ਼ਲ ਵਿਚ ਸ੍ਰੀ ਪੂਰਨ ਚੰਦ ਵਡਾਲ਼ੀ ਅਤੇ ਲਖ਼ਵਿੰਦਰ ਵਡਾਲੀ਼ ਵੱਲੋਂ ਗਾਏ ਜਾਂਦੇ ਹਨ ਜਿਵੇਂ ਕਿ ‘ਤੁਝੇ ਤੱਕਿਆ ਤੋ ਲਗਾ ਮੁਝੇ ਐਸੇ’, ‘ਤੁਮ ਇਧਰ ਦੇਖ ਲੋ ਯਾ ਉਧਰ ਦੇਖ ਲੋ’, ‘ਮੌਲ਼ਾ ਹੈ ਹਰ ਤਰਫ਼ ਤੁਮ ਜਿਧਰ ਦੇਖ ਲੋ’, ‘ਜਬ ਦੇਖਾ ਮੈਨੇ ਯਾਰ ਕਾ ਨਜ਼ਾਰਾ’ ਆਦਿ। ਸਾਲ 2024 ਵਿਚ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਨੇ ਇਕ ਐਲਬਮ ‘ਰੰਗਰੇਜ਼’਼ ਰਿਲੀਜ਼ ਕੀਤੀ ਸੀ ਜਿਸ ਵਿਚ ਸ਼ਰਨਜੀਤ ਉਰਫ਼ ਫ਼ਿਦਾ ਬਟਾਲਵੀ ਦਾ ਬੜਾ ਹੀ ਪਿਆਰਾ ਗੀਤ ਵੀ ਸ਼ਾਮਿਲ ਸੀ। ਉਂਜ ਬਟਾਲਾ ਦੇ ਨਾਮਵਰ ਗਾਇਕ ਅਮਰੀਕ ਸਿੰਘ ਬਮਰਾਹ ਨੇ ਸਭ ਤੋਂ ਪਹਿਲਾਂ ਇਨ੍ਹਾਂ ਦਾ ਗੀਤ ‘ਸੋਹਣੀ ਮਹੀਂਵਾਲ’ ਦੂਰਦਰਸ਼ਨ ਕੇਂਦਰ, ਜਲੰਧਰ ਤੋਂ ਪੇਸ਼ ਕੀਤਾ ਸੀ। ਸ਼ਰਨਜੀਤ ਦੇ ਰਿਕਾਰਡ ਹੋਏ ਗੀਤਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਇਨ੍ਹਾਂ ਦੇ ਅਕਾਲ ਚਲਾਣਾ ਕਰਨ ਦੇ ਚਾਰ ਮਹੀਨੇ ਬਾਅਦ ਇਨ੍ਹਾਂ ਦਾ ਲਿਖਿਆ ਗੀਤ ‘ਨਜ਼ਾਰਾ’ ਪਦਮਸ੍ਰੀ ਪੂਰਨ ਚੰਦ ਵਡਾਲੀ ਅਤੇ ਲਖ਼ਵਿੰਦਰ ਵਡਾਲ਼ੀ ਦੀ ਆਵਾਜ਼ ਵਿਚ ਟੀ. ਸੀਰੀਜ਼ ਵੱਲੋਂ ਰਿਲੀਜ਼ ਕੀਤਾ ਗਿਆ ਸੀ।
ਸਮਾਜ ਸੇਵਾ ਦੇ ਕਾਰਜ ਵੀ ਨਿਭਾਏ
ਉਹ ਤਬਲਾ ਅਤੇ ਹਰਮੋਨੀਅਮ ਬਾਖ਼ੂਬੀ ਵਜਾ ਲੈਂਦੇ ਸਨ। ਇਕ ਸੁੱਘੜ ਸਾਹਿਤਕਾਰ ਵਜੋਂ ਇਨ੍ਹਾਂ ਨੇ ਸਾਹਿਤ ਜਗਤ ਨੂੰ ਕਵਿਤਾ ਦੀਆਂ ਛੇ ਪੁਸਤਕਾਂ ਦਿੱਤੀਆਂ ਹਨ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ: ‘ਸਾਚੇ ਸੰਗ ਪ੍ਰੀਤ, ਗੁਰ ਬਿਨ ਘੋਰ ਅੰਧਾਰ, ਸ਼ਬ-ਏ-ਫ਼ਿਰਾਕ, ਰੁਖ਼ਸਤ, ਇਸ਼ਕ ਇਬਾਦਤ ਅਤੇ ਆਈਨਾ’ ਆਦਿ। ਇਹ ਬਟਾਲਾ ਪ੍ਰੈੱਸ ਕਲੱਬ ਦੇ ਲੰਮਾ ਸਮਾਂ ਚੇਅਰਮੈਨ ਵੀ ਰਹੇ ਸਨ ਤੇ ਬਤੌਰ ਸਮਾਜ ਸੇਵਕ ਇਨ੍ਹਾਂ ਨੇ ਵਿਮੈੱਨ ਸੈੱਲ ਬਟਾਲਾ ਵਿਖੇ ਕਈ ਸਾਲ ਬਤੌਰ ਸਲਾਹਕਾਰ ਸੇਵਾ ਨਿਭਾਈ ਸੀ ਅਤੇ ਕਈ ਪਰਿਵਾਰ ਟੁੱਟਣ ਤੋਂ ਬਚਾਏ ਸਨ।
ਆਖ਼ਰੀ ਵਕਤ
2014 ਵਿਚ ਅਧਰੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਇਨ੍ਹਾਂ ਦੀ ਹਾਲਤ ਵਿਚ ਕੁਝ ਸੁਧਾਰ ਹੋਇਆ ਤਾਂ ਇਹ ਪੱਤਰਕਾਰੀ ਅਤੇ ਗੀਤਕਾਰੀ ਦੇ ਖੇਤਰਾਂ ਵਿਚ ਮੁੜ ਸਰਗਰਮ ਹੋ ਗਏ। 2020 ਦੇ ਅਖ਼ੀਰ ’ਚ ਇਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੋਣ ਲੱਗੀ ਤੇ ਫਿਰ ਇਕ ਦਿਨ ਪਤਾ ਲੱਗਾ ਕਿ ਇਨ੍ਹਾਂ ਨੂੰ ਬ੍ਰੇਨ ਟਿਊਮਰ ਸੀ। ਡਾਕਟਰਾਂ ਨੇ ਬਥੇਰਾ ਚਾਰਾ ਕੀਤਾ ਪਰ ਕੋਈ ਪੇਸ਼ ਨਾ ਗਈ। ਹੌਲ਼ੀ-ਹੌਲ਼ੀ ਇਨ੍ਹਾਂ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਅਖ਼ੀਰ 18 ਜਨਵਰੀ, 2021 ਨੂੰ ਕੇ. ਸ਼ਰਨਜੀਤ ਸਿੰਘ ਉਰਫ਼ ਫ਼ਿਦਾ ਬਟਾਲਵੀ ਸਦੀਵੀ ਵਿਛੋੜਾ ਦੇ ਗਏ। •
-ਅਜੀਤ ਕਮਲ 94173-76895