90s ਦੀ ਟਾਪ ਅਦਾਕਾਰਾ, ਤਿੰਨ ਵਾਰ ਟੁੱਟਿਆ ਵਿਆਹ; ਲੋਕਾਂ ਨੇ ਲਾਇਆ ਤਲਾਕ ਦਾ ਦੋਸ਼, ਅਦਾਕਾਰਾ ਬੋਲੀ- 'ਮੈਂ ਤਾਂ ਸ਼ਰਾਬ ਨੂੰ ਹੱਥ ਵੀ...'
ਸੋਸ਼ਲ ਮੀਡੀਆ 'ਤੇ ਹੋਣ ਵਾਲੀ ਟ੍ਰੋਲਿੰਗ ਬਾਰੇ ਗੱਲ ਕਰਦਿਆਂ ਨੀਲਿਮਾ ਕਾਫੀ ਭਾਵੁਕ ਹੋ ਗਈ। ਉਨ੍ਹਾਂ ਦੱਸਿਆ ਕਿ ਲੋਕ ਬਿਨਾਂ ਸੱਚਾਈ ਜਾਣੇ ਕੁਝ ਵੀ ਕਹਿ ਦਿੰਦੇ ਹਨ। ਉਨ੍ਹਾਂ ਕਿਹਾ,"ਹਾਲ ਹੀ ਵਿੱਚ ਕਿਸੇ ਨੇ ਕਮੈਂਟ ਕੀਤਾ ਕਿ 'ਸ਼ਰਾਬ ਪੀ ਕੇ ਕੀ ਹਾਲ ਹੋ ਗਿਆ ਹੈ', ਜਦਕਿ ਸੱਚਾਈ ਇਹ ਹੈ ਕਿ ਮੈਂ ਸ਼ਰਾਬ ਪੀਂਦੀ ਹੀ ਨਹੀਂ ਹਾਂ
Publish Date: Mon, 11 May 2026 01:47 PM (IST)
Updated Date: Mon, 11 May 2026 01:50 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸੋਸ਼ਲ ਮੀਡੀਆ ਜਿੱਥੇ ਪ੍ਰਸ਼ੰਸਕਾਂ ਨਾਲ ਜੁੜਨ ਦਾ ਜ਼ਰੀਆ ਹੈ, ਉੱਥੇ ਹੀ ਕਈ ਵਾਰ ਇਹ ਸਿਤਾਰਿਆਂ ਲਈ ਮੁਸੀਬਤ ਵੀ ਬਣ ਜਾਂਦਾ ਹੈ। 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਨੀਲਿਮਾ ਅਜ਼ੀਮ (ਸ਼ਾਹਿਦ ਕਪੂਰ ਦੀ ਮਾਂ) ਨੂੰ ਆਪਣੀ ਨਿੱਜੀ ਜ਼ਿੰਦਗੀ ਕਾਰਨ ਅਕਸਰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਤਿੰਨ ਵਾਰ ਵਿਆਹ ਟੁੱਟਣ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ, ਜਿਸ 'ਤੇ ਹੁਣ ਅਦਾਕਾਰਾ ਨੇ ਚੁੱਪੀ ਤੋੜਦਿਆਂ ਕਰਾਰਾ ਜਵਾਬ ਦਿੱਤਾ ਹੈ।
ਨੀਲਿਮਾ ਅਜ਼ੀਮ ਨੇ ਆਪਣੀ ਜ਼ਿੰਦਗੀ ਵਿੱਚ ਤਿੰਨ ਵਿਆਹ ਕੀਤੇ। ਉਨ੍ਹਾਂ ਦਾ ਪਹਿਲਾ ਵਿਆਹ ਪੰਕਜ ਕਪੂਰ ਨਾਲ ਹੋਇਆ (ਜਿਨ੍ਹਾਂ ਤੋਂ ਬੇਟਾ ਸ਼ਾਹਿਦ ਕਪੂਰ ਹੈ)। ਦੂਜਾ ਵਿਆਹ ਰਾਜੇਸ਼ ਖੱਟੜ ਨਾਲ ਹੋਇਆ (ਜਿਨ੍ਹਾਂ ਤੋਂ ਬੇਟਾ ਈਸ਼ਾਨ ਖੱਟੜ ਹੈ) ਅਤੇ ਤੀਜਾ ਵਿਆਹ ਰਜ਼ਾ ਅਲੀ ਖਾਨ ਨਾਲ ਹੋਇਆ। ਬਦਕਿਸਮਤੀ ਨਾਲ ਇਹ ਤਿੰਨੋਂ ਹੀ ਰਿਸ਼ਤੇ ਲੰਬੇ ਸਮੇਂ ਤੱਕ ਨਹੀਂ ਚੱਲ ਸਕੇ।
"ਮੈਂ ਪੈਸੇ ਜਾਂ ਫੇਮ ਲਈ ਵਿਆਹ ਨਹੀਂ ਕੀਤਾ"
ਇੱਕ ਤਾਜ਼ਾ ਇੰਟਰਵਿਊ ਵਿੱਚ ਨੀਲਿਮਾ ਨੇ ਦੱਸਿਆ ਕਿ ਉਨ੍ਹਾਂ 'ਤੇ ਤਲਾਕ ਦਾ ਦੋਸ਼ ਮੜ੍ਹਿਆ ਜਾਂਦਾ ਹੈ। ਉਨ੍ਹਾਂ ਕਿਹਾ,"ਮੈਂ ਹਮੇਸ਼ਾ ਸਧਾਰਨ ਇਨਸਾਨਾਂ ਨਾਲ ਵਿਆਹ ਕੀਤਾ, ਜਿਨ੍ਹਾਂ ਕੋਲ ਪੈਸੇ ਨਹੀਂ ਸਨ ਪਰ ਮੈਨੂੰ ਉਹ ਪ੍ਰਤਿਭਾਸ਼ਾਲੀ ਲੱਗੇ। ਮੈਂ ਕਦੇ ਵੀ ਦੌਲਤ ਜਾਂ ਕਰੀਅਰ ਬਣਾਉਣ ਲਈ ਰਿਸ਼ਤਾ ਨਹੀਂ ਜੋੜਿਆ। ਮੈਂ ਆਪਣੀ ਕਾਬਲੀਅਤ 'ਤੇ ਕੰਮ ਕੀਤਾ ਅਤੇ 27 'ਬੈਸਟ ਐਕਟਰੈੱਸ' ਐਵਾਰਡ ਜਿੱਤੇ।"
ਸ਼ਰਾਬ ਪੀਣ ਦੇ ਇਲਜ਼ਾਮਾਂ 'ਤੇ ਦਿੱਤਾ ਠੋਕਵਾਂ ਜਵਾਬ
ਸੋਸ਼ਲ ਮੀਡੀਆ 'ਤੇ ਹੋਣ ਵਾਲੀ ਟ੍ਰੋਲਿੰਗ ਬਾਰੇ ਗੱਲ ਕਰਦਿਆਂ ਨੀਲਿਮਾ ਕਾਫੀ ਭਾਵੁਕ ਹੋ ਗਈ। ਉਨ੍ਹਾਂ ਦੱਸਿਆ ਕਿ ਲੋਕ ਬਿਨਾਂ ਸੱਚਾਈ ਜਾਣੇ ਕੁਝ ਵੀ ਕਹਿ ਦਿੰਦੇ ਹਨ। ਉਨ੍ਹਾਂ ਕਿਹਾ,"ਹਾਲ ਹੀ ਵਿੱਚ ਕਿਸੇ ਨੇ ਕਮੈਂਟ ਕੀਤਾ ਕਿ 'ਸ਼ਰਾਬ ਪੀ ਕੇ ਕੀ ਹਾਲ ਹੋ ਗਿਆ ਹੈ', ਜਦਕਿ ਸੱਚਾਈ ਇਹ ਹੈ ਕਿ ਮੈਂ ਸ਼ਰਾਬ ਪੀਂਦੀ ਹੀ ਨਹੀਂ ਹਾਂ। ਲੋਕਾਂ ਲਈ ਇਲਜ਼ਾਮ ਲਗਾਉਣਾ ਬਹੁਤ ਸੌਖਾ ਹੈ। ਮੈਂ ਕਦੇ ਆਪਣਾ ਵਿਆਹ ਖਤਮ ਨਹੀਂ ਕਰਨਾ ਚਾਹੁੰਦੀ ਸੀ, ਪਰ ਜਦੋਂ ਕੁਝ ਗਲਤ ਹੁੰਦਾ ਹੈ ਤਾਂ ਉਸ ਦੇ ਪਿੱਛੇ ਕਈ ਵਜ੍ਹਾ ਹੁੰਦੀਆਂ ਹਨ।"
ਔਰਤਾਂ ਹੀ ਕਰ ਰਹੀਆਂ ਨੇ ਬਦਨਾਮ
ਨੀਲਿਮਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਭ ਤੋਂ ਵੱਧ ਦੁੱਖ ਉਦੋਂ ਹੁੰਦਾ ਹੈ ਜਦੋਂ ਦੂਜੀਆਂ ਔਰਤਾਂ ਹੀ ਉਨ੍ਹਾਂ ਬਾਰੇ ਗਲਤ ਗੱਲਾਂ ਫੈਲਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣਾ ਸੱਚ ਦੁਨੀਆ ਸਾਹਮਣੇ ਰੱਖਣ, ਨਹੀਂ ਤਾਂ ਲੋਕ ਉਨ੍ਹਾਂ ਦੀ ਆਵਾਜ਼ ਦਬਾ ਦੇਣਗੇ।