ਸੁਪਰੀਮ ਕੋਰਟ ਨੇ ਧੋਖਾਧੜੀ ਮਾਮਲੇ ’ਚ ਫਿਲਮ ਨਿਰਮਾਤਾ ਵਿਕਰਮ ਭੱਟ ਨੂੰ ਦਿੱਤੀ ਜ਼ਮਾਨਤ, 30 ਕਰੋੜ ਰੁਪਏ ਗਬਨ ਦਾ ਦੋਸ਼
ਉਦੈਪੁਰ ਵਾਸੀ ਅਤੇ ਇੰਦਰਾ ਆਈਵੀਐੱਫ ਤੇ ਫਰਟੀਲਿਟੀ ਸੈਂਟਰ ਦੇ ਸੰਸਥਾਪਕ ਅਜੇ ਮੁਰਡੀਆ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮਰਹੂਮ ਪਤਨੀ ਦੀ ਜੀਵਨੀ ’ਤੇ ਆਧਾਰਿਤ ਫਿਲਮ ਵਿਚ 30 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਵੱਡੇ ਲਾਭ ਦਾ ਵਾਅਦਾ ਕੀਤਾ।
Publish Date: Fri, 20 Feb 2026 08:19 AM (IST)
Updated Date: Fri, 20 Feb 2026 08:24 AM (IST)
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਰਾਜਸਥਾਨ ਵਿਚ ਦਰਜ ਕਰੋੜਾਂ ਰੁਪਏ ਦੇ ਧੋਖਾਧੜੀ ਮਾਮਲੇ ਵਿਚ ਫਿਲਮ ਨਿਰਮਾਤਾ ਵਿਕਰਮ ਭੱਟ ਨੂੰ ਜ਼ਮਾਨਤ ਦੇ ਦਿੱਤੀ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਯਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੇ ਭੱਟ ਦੀ ਪਤਨੀ ਸ਼ਵੇਤਾਂਬਰੀ ਭੱਟ ਨੂੰ 13 ਫਰਵਰੀ ਨੂੰ ਦਿੱਤੀ ਅੰਤ੍ਰਿਮ ਜ਼ਮਾਨਤ ਨੂੰ ਵੀ ਨਿਯਮਤ ਕਰ ਦਿੱਤਾ।
ਇਸ ਤੋਂ ਪਹਿਲਾਂ 31 ਜਨਵਰੀ ਨੂੰ ਰਾਜਸਥਾਨ ਹਾਈ ਕੋਰਟ ਨੇ ਧੋਖਾਧੜੀ ਮਾਮਲੇ ਵਿਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਉਨ੍ਹਾਂ ਨੂੰ ਮੁੰਬਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦਸੰਬਰ ਵਿਚ ਉਦੈਪੁਰ ਲਿਆਂਦਾ ਗਿਆ ਸੀ। ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਨੂੰ ਵਿਚੋਲਗੀ ਰਾਹੀਂ ਸੁਹਿਰਦ ਹੱਲ ਤੱਕ ਪੁੱਜਣ ਦੇ ਯਤਨ ਕਰਨ ਲਈ ਕਿਹਾ ਹੈ।
ਉਦੈਪੁਰ ਵਾਸੀ ਅਤੇ ਇੰਦਰਾ ਆਈਵੀਐੱਫ ਤੇ ਫਰਟੀਲਿਟੀ ਸੈਂਟਰ ਦੇ ਸੰਸਥਾਪਕ ਅਜੇ ਮੁਰਡੀਆ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮਰਹੂਮ ਪਤਨੀ ਦੀ ਜੀਵਨੀ ’ਤੇ ਆਧਾਰਿਤ ਫਿਲਮ ਵਿਚ 30 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਵੱਡੇ ਲਾਭ ਦਾ ਵਾਅਦਾ ਕੀਤਾ।
ਮੁਰਡੀਆ ਵੱਲੋਂ ਵਿਕਰਮ ਭੱਟ, ਉਨ੍ਹਾਂ ਦੀ ਪਤਨੀ ਤੇ ਹੋਰਨਾਂ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਕ ਵਿਸ਼ਵਾਸਘਾਤ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਕ ਫਿਲਮ ਪ੍ਰੋਜੈਕਟ ਦੇ ਨਾਂ ’ਤੇ ਲਏ ਗਏ ਪੈਸੇ ਦੀ ਦੁਰਵਰਤੋਂ ਕੀਤੀ ਗਈ। ਸ਼ਿਕਾਇਤ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲਗਪਗ 30 ਕਰੋੜ ਰੁਪਏ ਦੀ ਰਕਮ ਦਾ ਗਬਨ ਕੀਤਾ ਗਿਆ। ਮੁਰਡੀਆ ਨੇ ਦੋਸ਼ ਲਗਾਇਆ ਕਿ ਭੱਟ ਜੋੜੇ ਨੇ ਵੱਖ-ਵੱਖ ਨਾਵਾਂ ਨਾਲ ਫਰਜ਼ੀ ਬਿੱਲ ਤਿਆਰ ਕੀਤੇ ਅਤੇ ਸ਼ਿਕਾਇਤਕਰਤਾ ਦੇ ਖਾਤੇ ’ਚੋਂ ਪੈਸੇ ਟਰਾਂਸਫਰ ਕਰਵਾਏ। ਵਿਕਰਮ ਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਉਦੈਪੁਰ ਵਾਸੀ ਦਿਨੇਸ਼ ਕਟਾਰੀਆ ਅਤੇ ਭੱਟ ਦੇ ਮੈਨੇਜਰ ਮਹਿਬੂਬ ਅੰਸਾਰੀ ਨੂੰ ਵੀ ਰਾਜਸਥਾਨ ਪੁਲਿਸ ਨੇ 7 ਦਸੰਬਰ, 2025 ਨੂੰ ਗ੍ਰਿਫ਼ਤਾਰ ਕੀਤਾ।