ਪ੍ਰਗਤੀਵਾਦੀ ਸਿਨੇਮੇ ਦੇ ਪ੍ਰਚਾਰਕ ਕੁਲਵਿੰਦਰ ਕਹਿੰਦੇ ਹਨ ਕਿ ਲੀਜੈਂਡ ਆਫ ਭਗਤ ਸਿੰਘ ’ਚ ਕੁਝ ਹੱਦ ਤੱਕ ਉਨ੍ਹਾਂ ਦੇ ਬੁੱਧੀਜੀਵੀ ਪੱਖ ਨੂੰ ਦਰਸਾਇਆ ਗਿਆ ਹੈ ਪਰ ਹੋਰ ਫਿਲਮਾਂ ਵਿਚ ਇਹ ਪੱਖ ਨਾ ਦੇ ਬਰਾਬਰ ਹੈ। ਇਸ ਨਾਲ ਇਕ ਅਧੂਰਾ ਚਿੱਤਰ ਬਣਦਾ ਹੈ। ਭਗਤ ਸਿੰਘ ਦੇ ਲੇਖਾਂ ਤੇ ਉਨ੍ਹਾਂ ਦੀ ਸੋਚ ਨੂੰ ਫਿਲਮਾਂ ਵਿਚ ਪੂਰੀ ਤਰ੍ਹਾਂ ਜਗ੍ਹਾ ਨਹੀਂ ਮਿਲਦੀ। ਉਨ੍ਹਾਂ ਦਾ ਵਰਗ ਸੰਘਰਸ਼ ਅਤੇ ਸਮਾਜਿਕ ਨਿਆਂ ਬਾਰੇ ਵਿਚਾਰ ਅਕਸਰ ਹਲਕੇ ਤੌਰ ’ਤੇ ਹੀ ਛੂਹੇ ਜਾਂਦੇ ਹਨ।

ਭਾਰਤੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿਚ ਭਗਤ ਸਿੰਘ ਦਾ ਨਾਂ ਇਕ ਪ੍ਰਤੀਕ ਵਜੋਂ ਉੱਭਰਦਾ ਹੈ। ਇਕ ਅਜਿਹਾ ਪ੍ਰਤੀਕ ਜਿਹੜਾ ਕੁਰਬਾਨੀ, ਬੁੱਧੀਜੀਵੀ ਸੋਚ ਤੇ ਕ੍ਰਾਂਤੀਕਾਰੀ ਜਜ਼ਬੇ ਨੂੰ ਇਕੱਠਾ ਕਰਦਾ ਹੈ। ਉਹ ਸਿਰਫ਼ ਇਕ ਸ਼ਹੀਦ ਹੀ ਨਹੀਂ ਸਨ, ਸਗੋਂ ਵੱਡੇ ਚਿੰਤਕ, ਲੇਖਕ ਅਤੇ ਸਮਾਜਿਕ ਵਿਸ਼ਲੇਸ਼ਕ ਵੀ ਸਨ ਪਰ ਜਦੋਂ ਅਸੀਂ ਭਗਤ ਸਿੰਘ ਦੇ ਜੀਵਨ ਤੇ ਫਲਸਫੇ ਨੂੰ ਭਾਰਤੀ ਸਿਨੇਮਾ ਵਿਚ ਵੇਖਦੇ ਹਾਂ, ਤਾਂ ਅਕਸਰ ਇਹ ਸਵਾਲ ਉੱਠਦਾ ਹੈ ਕਿ ਕੀ ਫਿਲਮਾਂ ਨੇ ਉਨ੍ਹਾਂ ਦੇ ਅਸਲ ਵਿਚਾਰਾਂ ਤੇ ਦਰਸ਼ਨ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਹੈ ਜਾਂ ਉਨ੍ਹਾਂ ਨੂੰ ਸਿਰਫ਼ ਇਕ ਰੋਮਾਂਚਕ ਕ੍ਰਾਂਤੀਕਾਰੀ ਵਜੋਂ ਹੀ ਦਰਸਾਇਆ ਹੈ। ਭਗਤ ਸਿੰਘ ਸਿਰਫ਼ ਹਥਿਆਰਬੰਦ ਸੰਘਰਸ਼ ਵਿਚ ਹੀ ਨਹੀਂ ਸਗੋਂ ਵਿਚਾਰਧਾਰਕ ਪੱਧਰ ’ਤੇ ਕ੍ਰਾਂਤੀ ਦੇ ਹਾਮੀ ਸਨ। ਉਹ ਸਮਾਜਵਾਦੀ ਪ੍ਰਣਾਲੀ ਦੀ ਸਥਾਪਨਾ ਚਾਹੁੰਦੇ ਸਨ। ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਦੀਆਂ ਤਰਕਸ਼ੀਲਤਾ ਤੇ ਵਿਗਿਆਨਕ ਸੋਚ ਨੂੰ ਦਰਸਾਉਂਦੀਆਂ ਹਨ। ਉਹ ਮੰਨਦੇ ਸਨ ਕਿ ਕ੍ਰਾਂਤੀ ਦਾ ਮਤਲਬ ਸਿਰਫ਼ ਹਥਿਆਰ ਚੁੱਕਣਾ ਨਹੀਂ ਸਗੋਂ ਸਮਾਜਿਕ ਤੇ ਆਰਥਿਕ ਬਦਲਾਅ ਲਿਆਉਣਾ ਵੀ ਹੈ। ਇਸ ਲਈ ਉਨ੍ਹਾਂ ਦਾ ਫਲਸਫਾ ਬਹੁਪੱਖੀ ਸੀ, ਰਾਸ਼ਟਰਵਾਦ, ਸਮਾਜਵਾਦ ਅਤੇ ਮਨੁੱਖਤਾ ਦਾ ਮਿਲਾਪ। ਉਨ੍ਹਾਂ ਦੇ ਜੀਵਨ ’ਤੇ 10 ਦੇ ਲਗਪਗ ਪ੍ਰਮੁੱਖ ਫੀਚਰ ਫਿਲਮਾਂ ਬਣ ਚੁੱਕੀਆਂ ਹਨ, ਜਦਕਿ ਛੋਟੇ ਪੱਧਰ ਜਾਂ ਖੇਤਰੀ ਪ੍ਰੋਡਕਸ਼ਨ ਮਿਲਾ ਕੇ ਇਹ ਗਿਣਤੀ 15 ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਦਸਤਾਵੇਜ਼ੀ ਫਿਲਮਾਂ ਦੀ ਗਿਣਤੀ ਇਸ ਤੋਂ ਵੱਧ ਹੈ ਕਿਉਂਕਿ ਸਰਕਾਰੀ ਸੰਸਥਾਵਾਂ ਜਿਵੇਂ ਫਿਲਮ ਡਵੀਜ਼ਨ ਆਫ ਇੰਡੀਆ ਨੇ ਕਈ ਡਾਕੂਮੈਂਟਰੀਆਂ ਵੀ ਬਣਾਈਆਂ। ਦੂਰਦਰਸ਼ਨ, ਹਿਸਟਰੀ ਟੀਵੀ, ਡਿਸਕਵਰੀ ਆਦਿ ਟੀਵੀ ਚੈਨਲਾਂ ਨੇ ਖ਼ਾਸ ਪ੍ਰੋਗਰਾਮ ਬਣਾਏ। ਯੂਨੀਵਰਸਿਟੀਆਂ ਤੇ ਆਜ਼ਾਦ ਫਿਲਮਮੇਕਰਾਂ ਨੇ ਵੀ ਕਾਫ਼ੀ ਕੰਮ ਕੀਤਾ। ਮੰਨਿਆ ਜਾਂਦਾ ਹੈ ਕਿ ਲਗਪਗ 20 ਤੋਂ 40 ਦੇ ਵਿਚਕਾਰ ਡਾਕੂਮੈਂਟਰੀਆਂ ਤੇ ਟੀਵੀ ਪ੍ਰੋਗਰਾਮ ਬਣੇ ਹਨ। ਭਗਤ ਸਿੰਘ ਦੀ ਕਹਾਣੀ ਸਿਰਫ਼ ਫਿਲਮਾਂ ਤੱਕ ਸੀਮਿਤ ਨਹੀਂ ਹੈ, ਟੀਵੀ ਰੀਲਜ਼, ਰੇਡੀਓ ਡਾਕੂਮੈਂਟਰੀਆਂ, ਨਾਟਕ ਅਤੇ ਵੈੱਬ ਸੀਰੀਜ਼ ਵੀ ਵੱਡੀ ਗਿਣਤੀ ਵਿਚ ਬਣੀਆਂ ਹਨ।
ਉਨ੍ਹਾਂ ਦੇ ਜੀਵਨ ’ਤੇ ਕਈ ਫਿਲਮਾਂ ਬਣੀਆਂ ਹਨ, ਜਿਵੇਂ ਕਿ ਮਨੋਜ ਕੁਮਾਰ ਵਾਲੀ ਸ਼ਹੀਦ, ਦਿ ਲੀਜੈਂਡ ਆਫ ਭਗਤ ਸਿੰਘ, 23 ਮਾਰਚ 1931: ਸ਼ਹੀਦ ਅਤੇ ਸ਼ਹੀਦ-ਏ-ਆਜ਼ਮ। ਸ਼ਹੀਦ ਊਧਮ ਸਿੰਘ ਅਤੇ ਰੰਗ ਦੇ ਬਸੰਤੀ ਵੀ ਅਸਿੱਧੇ ਤੌਰ ’ਤੇ ਭਗਤ ਸਿੰਘ ਦੀ ਵਿਰਾਸਤ ਨੂੰ ਨਵੀਂ ਪੀੜ੍ਹੀ ਨਾਲ ਜੋੜਦੀ ਹੈ। ਫਿਲਮਾਂ ਵਿਚ ਭਗਤ ਸਿੰਘ ਨੂੰ ਅਕਸਰ ਇਕ ਜਜ਼ਬਾਤੀ ਅਤੇ ਬਹਾਦਰ ਨੌਜਵਾਨ ਵਜੋਂ ਦਰਸਾਇਆ ਜਾਂਦਾ ਹੈ, ਜੋ ਬੰਬ ਸੁੱਟਦਾ ਹੈ ਤੇ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦਿੰਦਾ ਹੈ। ਇਹ ਦਰਸ਼ਨ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਸ ਨਾਲ ਉਨ੍ਹਾਂ ਦੀ ਵਿਚਾਰਧਾਰਾ ਪਿੱਛੇ ਰਹਿ ਜਾਂਦੀ ਹੈ।
ਪ੍ਰਗਤੀਵਾਦੀ ਸਿਨੇਮੇ ਦੇ ਪ੍ਰਚਾਰਕ ਕੁਲਵਿੰਦਰ ਕਹਿੰਦੇ ਹਨ ਕਿ ਲੀਜੈਂਡ ਆਫ ਭਗਤ ਸਿੰਘ ’ਚ ਕੁਝ ਹੱਦ ਤੱਕ ਉਨ੍ਹਾਂ ਦੇ ਬੁੱਧੀਜੀਵੀ ਪੱਖ ਨੂੰ ਦਰਸਾਇਆ ਗਿਆ ਹੈ ਪਰ ਹੋਰ ਫਿਲਮਾਂ ਵਿਚ ਇਹ ਪੱਖ ਨਾ ਦੇ ਬਰਾਬਰ ਹੈ। ਇਸ ਨਾਲ ਇਕ ਅਧੂਰਾ ਚਿੱਤਰ ਬਣਦਾ ਹੈ। ਭਗਤ ਸਿੰਘ ਦੇ ਲੇਖਾਂ ਤੇ ਉਨ੍ਹਾਂ ਦੀ ਸੋਚ ਨੂੰ ਫਿਲਮਾਂ ਵਿਚ ਪੂਰੀ ਤਰ੍ਹਾਂ ਜਗ੍ਹਾ ਨਹੀਂ ਮਿਲਦੀ। ਉਨ੍ਹਾਂ ਦਾ ਵਰਗ ਸੰਘਰਸ਼ ਅਤੇ ਸਮਾਜਿਕ ਨਿਆਂ ਬਾਰੇ ਵਿਚਾਰ ਅਕਸਰ ਹਲਕੇ ਤੌਰ ’ਤੇ ਹੀ ਛੂਹੇ ਜਾਂਦੇ ਹਨ। ਅਸਲ ਵਿਚ ਫਿਲਮਾਂ ਵਪਾਰਕ ਮੀਡੀਆ ਹਨ, ਇਸ ਲਈ ਉਹ ਅਕਸਰ ਦਰਸ਼ਕਾਂ ਨੂੰ ਖਿੱਚਣ ਲਈ ਜਜ਼ਬਾਤੀ ਤੱਤਾਂ ’ਤੇ ਜ਼ੋਰ ਦਿੰਦੀਆਂ ਹਨ। ਇਸ ਕਾਰਨ, ਭਗਤ ਸਿੰਘ ਦੇ ਵਿਚਾਰਾਂ ਦੀ ਡੂੰਘਾਈ ਪਿੱਛੇ ਰਹਿ ਜਾਂਦੀ ਹੈ। ਫਿਲਮਾਂ ’ਚ ਕਈ ਵਾਰ ਇਤਿਹਾਸਕ ਘਟਨਾਵਾਂ ਨੂੰ ਨਾਟਕੀ ਬਣਾਉਣ ਲਈ ਤਬਦੀਲ ਕੀਤਾ ਜਾਂਦਾ ਹੈ। ਇਹ ਸਿਨੇਮਾਈ ਲੋੜ ਹੋ ਸਕਦੀ ਹੈ ਪਰ ਇਸ ਨਾਲ ਦਰਸ਼ਕਾਂ ਨੂੰ ਗ਼ਲਤ ਸਮਝ ਵੀ ਮਿਲ ਸਕਦੀ ਹੈ।
ਅਸੈਂਬਲੀ ਬੰਬ ਕਾਂਡ ਨੂੰ ਅਕਸਰ ਬਹੁਤ ਹੀ ਨਾਟਕੀ ਢੰਗ ਨਾਲ ਦਰਸਾਇਆ ਜਾਂਦਾ ਹੈ ਜਦੋਂਕਿ ਭਗਤ ਸਿੰਘ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਆਪਣੀ ਆਵਾਜ਼ ਬੁਲੰਦ ਕਰਨਾ ਸੀ। ਪ੍ਰੋਫੈਸਰ ਜਗਮੋਹਣ ਸਿੰਘ ਕਹਿੰਦੇ ਹਨ ਕਿ ਭਗਤ ਸਿੰਘ ਦਾ ਜੀਵਨ ਅਤੇ ਫਲਸਫਾ ਬਹੁਤ ਹੀ ਵਿਸ਼ਾਲ ਅਤੇ ਡੂੰਘਾ ਹੈ, ਜਿਸ ਨੂੰ ਸਿਰਫ਼ ਫਿਲਮਾਂ ਰਾਹੀਂ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਜਾਂਦਾ ਰਿਹਾ। ਉਨ੍ਹਾਂ ਦੇ ਅਸਲ ਵਿਚਾਰਾਂ ਨੂੰ ਸਮਝਣ ਲਈ ਉਨ੍ਹਾਂ ਦੇ ਲੇਖਾਂ ਅਤੇ ਇਤਿਹਾਸਕ ਦਸਤਾਵੇਜ਼ਾਂ ਦਾ ਅਧਿਐਨ ਜ਼ਰੂਰੀ ਹੈ। ਇਤਿਹਾਸਕ ਸੱਚਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।