ਕਾਨੂੰਨ ਤੋਂ ਕਦੋਂ ਤੱਕ ਬਚਦਾ? ਮਸ਼ਹੂਰ ਯੂਟਿਊਬਰ ਗ੍ਰਿਫ਼ਤਾਰ, 31 ਸਾਲ ਪਹਿਲਾਂ ਕੀਤਾ ਸੀ ਇਹ ਕਾਂਢ
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 31 ਸਾਲ ਪੁਰਾਣੇ ਅਗਵਾ ਅਤੇ ਕਤਲ ਕੇਸ ਵਿੱਚ ਫਰਾਰ ਚੱਲ ਰਹੇ ਮੁਲਜ਼ਮ ਸਲੀਮ ਵਾਸਤਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਲੀਮ ਵਾਸਤਿਕ, ਜੋ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਵਾਦਿਤ ਬਿਆਨਾਂ ਅਤੇ ਯੂਟਿਊਬ ਵੀਡੀਓਜ਼ ਕਾਰਨ ਚਰਚਾ ਵਿੱਚ ਸੀ, ਦਰਅਸਲ 1995 ਦੇ ਇੱਕ ਸੰਗੀਨ ਜ਼ੁਰਮ ਵਿੱਚ ਦੋਸ਼ੀ ਪਾਇਆ ਗਿਆ ਸੀ ਅਤੇ ਸਾਲਾਂ ਤੋਂ ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਪਾ ਰਿਹਾ ਸੀ।
Publish Date: Sat, 25 Apr 2026 01:06 PM (IST)
Updated Date: Sat, 25 Apr 2026 01:08 PM (IST)

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 31 ਸਾਲ ਪੁਰਾਣੇ ਅਗਵਾ ਅਤੇ ਕਤਲ ਕੇਸ ਵਿੱਚ ਫਰਾਰ ਚੱਲ ਰਹੇ ਮੁਲਜ਼ਮ ਸਲੀਮ ਵਾਸਤਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਲੀਮ ਵਾਸਤਿਕ, ਜੋ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਵਾਦਿਤ ਬਿਆਨਾਂ ਅਤੇ ਯੂਟਿਊਬ ਵੀਡੀਓਜ਼ ਕਾਰਨ ਚਰਚਾ ਵਿੱਚ ਸੀ, ਦਰਅਸਲ 1995 ਦੇ ਇੱਕ ਸੰਗੀਨ ਜ਼ੁਰਮ ਵਿੱਚ ਦੋਸ਼ੀ ਪਾਇਆ ਗਿਆ ਸੀ ਅਤੇ ਸਾਲਾਂ ਤੋਂ ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਪਾ ਰਿਹਾ ਸੀ।
ਇਹ ਮਾਮਲਾ ਸਾਲ 1995 ਦਾ ਹੈ, ਜਦੋਂ ਉੱਤਰ-ਪੂਰਬੀ ਦਿੱਲੀ ਦੇ ਇੱਕ ਕਾਰੋਬਾਰੀ ਦੇ 13 ਸਾਲਾ ਪੁੱਤਰ ਸੰਦੀਪ ਬੰਸਲ ਨੂੰ ਅਗਵਾ ਕਰ ਲਿਆ ਗਿਆ ਸੀ। ਅਗਵਾਕਾਰਾਂ ਨੇ ਫੋਨ ਕਰਕੇ 30,000 ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਜਾਂਚ ਦੌਰਾਨ ਪੁਲਿਸ ਦਾ ਸ਼ੱਕ ਸਲੀਮ ਖ਼ਾਨ (ਹੁਣ ਸਲੀਮ ਵਾਸਤਿਕ) 'ਤੇ ਗਿਆ, ਜੋ ਉਸ ਸਮੇਂ ਬੱਚੇ ਦੇ ਸਕੂਲ ਵਿੱਚ ਮਾਰਸ਼ਲ ਆਰਟਸ ਸਿਖਾਉਂਦਾ ਸੀ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ।
ਖ਼ੁਦ ਨੂੰ ਮ੍ਰਿਤਕ ਐਲਾਨ ਕੇ ਬਦਲੀ ਪਛਾਣ
ਸਾਲ 1997 ਵਿੱਚ ਅਦਾਲਤ ਨੇ ਸਲੀਮ ਖ਼ਾਨ ਅਤੇ ਉਸ ਦੇ ਸਾਥੀ ਅਨਿਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ ਸਾਲ 2000 ਵਿੱਚ ਦਿੱਲੀ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਸਲੀਮ ਫਰਾਰ ਹੋ ਗਿਆ। ਪੁਲਿਸ ਨੂੰ ਗੁਮਰਾਹ ਕਰਨ ਲਈ ਉਸ ਨੇ ਖ਼ੁਦ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਆਪਣਾ ਨਾਂ ਬਦਲ ਕੇ ਸਲੀਮ ਅਹਿਮਦ ਉਰਫ਼ ਸਲੀਮ ਵਾਸਤਿਕ ਰੱਖ ਲਿਆ। ਉਹ ਹਰਿਆਣਾ ਅਤੇ ਯੂਪੀ ਵਿੱਚ ਵੱਖ-ਵੱਖ ਥਾਵਾਂ 'ਤੇ ਆਪਣੀ ਪਛਾਣ ਲੁਕਾ ਕੇ ਰਹਿ ਰਿਹਾ ਸੀ।
ਫਿੰਗਰਪ੍ਰਿੰਟਸ ਨੇ ਖੋਲ੍ਹੀ ਪੋਲ
ਆਖ਼ਰਕਾਰ ਉਹ ਗਾਜ਼ੀਆਬਾਦ ਦੇ ਲੋਨੀ ਇਲਾਕੇ ਵਿੱਚ ਵੱਸ ਗਿਆ, ਜਿੱਥੇ ਉਹ ਕੱਪੜਿਆਂ ਦਾ ਕਾਰੋਬਾਰ ਕਰ ਰਿਹਾ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਚਰਚਿਤ ਯੂਟਿਊਬਰ ਸਲੀਮ ਵਾਸਤਿਕ ਹੀ ਉਹ ਪੁਰਾਣਾ ਭਗੌੜਾ ਅਪਰਾਧੀ ਹੈ। ਜਾਂਚ ਦੌਰਾਨ ਪੁਰਾਣੇ ਰਿਕਾਰਡ, ਫਿੰਗਰਪ੍ਰਿੰਟਸ ਅਤੇ ਫੋਟੋਆਂ ਨਾਲ ਉਸ ਦੀ ਪਛਾਣ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਲੋਨੀ ਤੋਂ ਦਬੋਚ ਲਿਆ।