ਇਸ ਮਸ਼ਹੂਰ ਅਦਾਕਾਰ ਦੀ ਵਧੀ ਮੁਸ਼ਕਲ: ਰਿਹਾਇਸ਼ੀ ਬਿਲਡਿੰਗ 'ਤੇ ਚਲਾਈਆਂ ਗੋਲੀਆਂ, ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਕੇਆਰਕੇ ਨੇ ਦੱਸਿਆ ਕਿ ਉਨ੍ਹਾਂ ਨੇ ਬੰਦੂਕ ਦੀ ਚੈਕਿੰਗ ਲਈ ਆਪਣੇ ਘਰ ਦੇ ਸਾਹਮਣੇ ਇੱਕ ਵੱਡੇ ਮੈਂਗਰੋਵ ਜੰਗਲ ਵੱਲ ਗੋਲੀ ਚਲਾਈ ਸੀ। ਉਨ੍ਹਾਂ ਨੂੰ ਲੱਗਿਆ ਸੀ ਕਿ ਗੋਲੀ ਜੰਗਲ ਵਿੱਚ ਗੁਆਚ ਜਾਵੇਗੀ, ਪਰ ਹਵਾ ਦੇ ਵੇਗ ਕਾਰਨ ਗੋਲੀ ਥੋੜ੍ਹਾੀ ਹੋਰ ਅੱਗੇ ਚਲੀ ਗਈ ਅਤੇ ਓਸ਼ੀਵਾਰਾ ਦੀ ਇੱਕ ਬਿਲਡਿੰਗ ਵਿੱਚ ਜਾ ਲੱਗੀ।
Publish Date: Sat, 24 Jan 2026 09:09 AM (IST)
Updated Date: Sat, 24 Jan 2026 09:12 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: 'ਦੇਸ਼ਧ੍ਰੋਹੀ' ਅਤੇ 'ਏ ਵਿਲੇਨ' ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਕਮਾਲ ਆਰ ਖਾਨ (KRK) ਪੁਲਿਸ ਦੀ ਹਿਰਾਸਤ ਵਿੱਚ ਹਨ। ਇਸ ਦਾ ਕਾਰਨ ਇੱਕ ਰਿਹਾਇਸ਼ੀ ਇਮਾਰਤ 'ਤੇ ਗੋਲੀਆਂ ਚਲਾਉਣਾ ਦੱਸਿਆ ਜਾ ਰਿਹਾ ਹੈ।
ਪੁਲਿਸ ਦੀ ਹਿਰਾਸਤ ਵਿੱਚ ਕਮਾਲ ਆਰ ਖਾਨ
ਦਰਅਸਲ, ਹਾਲ ਹੀ ਵਿੱਚ ਕਮਾਲ ਆਰ ਖਾਨ ਨੇ ਓਸ਼ੀਵਾਰਾ ਸਥਿਤ ਇੱਕ ਰਿਹਾਇਸ਼ੀ ਇਮਾਰਤ 'ਤੇ ਚਾਰ ਰਾਊਂਡ ਗੋਲੀਆਂ ਚਲਾਇਆਂ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ਮੁਤਾਬਕ, 18 ਜਨਵਰੀ 2026 ਨੂੰ ਕੇਆਰਕੇ ਨੇ ਮੁੰਬਈ ਵਿੱਚ ਇੱਕ ਰਿਹਾਇਸ਼ੀ ਬਿਲਡਿੰਗ 'ਤੇ ਚਾਰ ਗੋਲੀਆਂ ਚਲਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੁੱਕਰਵਾਰ (23 ਜਨਵਰੀ 2026) ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਕੀਤੀ।
ਕਮਾਲ ਆਰ ਖਾਨ ਨੇ ਕਿਉਂ ਚਲਾਈਆਂ ਗੋਲੀਆਂ?
ਕਮਾਲ ਆਰ ਖਾਨ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਬੂਲ ਕੀਤਾ ਕਿ ਉਹ ਆਪਣੀ ਲਾਇਸੈਂਸੀ ਬੰਦੂਕ ਨੂੰ ਸਾਫ਼ ਕਰ ਰਹੇ ਸਨ ਅਤੇ ਉਸ ਦੀ ਕਾਰਜਸ਼ੀਲਤਾ (ਫੰਕਸ਼ਨੈਲਿਟੀ) ਚੈੱਕ ਕਰਨ ਦੇ ਚੱਕਰ ਵਿੱਚ ਉਨ੍ਹਾਂ ਕੋਲੋਂ ਗੋਲੀਆਂ ਚੱਲ ਗਈਆਂ। ਉਨ੍ਹਾਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਸੱਟ ਪਹੁੰਚਾਉਣ ਦਾ ਨਹੀਂ ਸੀ।
ਕੇਆਰਕੇ ਨੇ ਦੱਸਿਆ ਕਿ ਉਨ੍ਹਾਂ ਨੇ ਬੰਦੂਕ ਦੀ ਚੈਕਿੰਗ ਲਈ ਆਪਣੇ ਘਰ ਦੇ ਸਾਹਮਣੇ ਇੱਕ ਵੱਡੇ ਮੈਂਗਰੋਵ ਜੰਗਲ ਵੱਲ ਗੋਲੀ ਚਲਾਈ ਸੀ। ਉਨ੍ਹਾਂ ਨੂੰ ਲੱਗਿਆ ਸੀ ਕਿ ਗੋਲੀ ਜੰਗਲ ਵਿੱਚ ਗੁਆਚ ਜਾਵੇਗੀ, ਪਰ ਹਵਾ ਦੇ ਵੇਗ ਕਾਰਨ ਗੋਲੀ ਥੋੜ੍ਹਾੀ ਹੋਰ ਅੱਗੇ ਚਲੀ ਗਈ ਅਤੇ ਓਸ਼ੀਵਾਰਾ ਦੀ ਇੱਕ ਬਿਲਡਿੰਗ ਵਿੱਚ ਜਾ ਲੱਗੀ।
ਡਾਇਰੈਕਟਰ ਦੇ ਘਰ ਵਿੱਚ ਲੱਗੀ ਗੋਲੀ
ਜਿਸ ਸਮੇਂ ਗੋਲੀਆਂ ਚਲਾਈਆਂ ਗਈਆਂ ਸਨ, ਉਸ ਵੇਲੇ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਸੀ। ਜਿਸ ਇਮਾਰਤ ਵਿੱਚ ਗੋਲੀਆਂ ਲੱਗੀਆਂ, ਉੱਥੇ ਇੱਕ ਫਲੈਟ ਇੱਕ ਰਾਈਟਰ-ਡਾਇਰੈਕਟਰ ਅਤੇ ਇੱਕ ਮਾਡਲ ਦਾ ਵੀ ਹੈ। ਰਿਪੋਰਟਾਂ ਮੁਤਾਬਕ ਉੱਥੋਂ ਦੋ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਬਾਅਦ ਵਿੱਚ ਫੋਰੈਂਸਿਕ ਟੀਮ ਦੀ ਮਦਦ ਨਾਲ ਪੁਲਿਸ ਨੇ ਪਤਾ ਲਗਾਇਆ ਕਿ ਇਹ ਗੋਲੀਆਂ ਸ਼ਾਇਦ ਕਮਾਲ ਆਰ ਖਾਨ ਦੇ ਬੰਗਲੇ ਤੋਂ ਚਲਾਈਆਂ ਗਈਆਂ ਹੋ ਸਕਦੀਆਂ ਹਨ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।