'ਕਿਸੇ ਨੂੰ ਨਾ ਦੱਸਣਾ ਕਿ ਤੁਸੀਂ...', Saif Ali Khan ਨੂੰ ਸੀਨੀਅਰ ਐਕਟਰ ਨੇ ਅਮ੍ਰਿਤਾ ਸਿੰਘ ਨਾਲ ਜੁੜੀ ਦਿੱਤੀ ਸੀ ਅਜੀਬ ਸਲਾਹ
ਦੋਵਾਂ ਦੀ ਪਹਿਲੀ ਮੁਲਾਕਾਤ 1991 ਵਿੱਚ ਰਾਹੁਲ ਰਵੈਲ ਦੇ ਸੈੱਟ 'ਤੇ ਇੱਕ ਫੋਟੋਸ਼ੂਟ ਦੌਰਾਨ ਹੋਈ ਸੀ। ਜਦੋਂ ਪਹਿਲੀ ਵਾਰ ਫੋਟੋਸ਼ੂਟ ਲਈ ਸੈਫ਼ ਨੇ ਅਮ੍ਰਿਤਾ ਦੇ ਮੋਢੇ 'ਤੇ ਹੱਥ ਰੱਖਿਆ ਤਾਂ ਅਦਾਕਾਰਾ ਨੇ ਉਨ੍ਹਾਂ ਨੂੰ ਕਾਫੀ ਘੂਰਿਆ। ਕੁਝ ਸਮੇਂ ਬਾਅਦ ਸੈਫ਼ ਅਲੀ ਖ਼ਾਨ ਨੇ ਅਮ੍ਰਿਤਾ ਨੂੰ ਡੇਟ 'ਤੇ ਚੱਲਣ ਲਈ ਕਿਹਾ ਪਰ ਅਮ੍ਰਿਤਾ ਨੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ
Publish Date: Tue, 19 May 2026 03:12 PM (IST)
Updated Date: Tue, 19 May 2026 03:16 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸੈਫ਼ ਅਲੀ ਖ਼ਾਨ 90 ਦੇ ਦਹਾਕੇ ਦੇ ਉਹ ਅਦਾਕਾਰ ਹਨ, ਜੋ ਆਪਣੇ ਪ੍ਰੋਫੈਸ਼ਨ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਰਹੇ ਹਨ। ਹਾਲਾਂਕਿ, ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਤੋਂ 12 ਸਾਲ ਵੱਡੀ ਅਦਾਕਾਰਾ ਅਮ੍ਰਿਤਾ ਸਿੰਘ ਨਾਲ ਵਿਆਹ ਕਰ ਲਿਆ ਸੀ।
ਜਦੋਂ ਸੈਫ਼ ਅਲੀ ਖ਼ਾਨ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਉਸ ਦੌਰ ਦੇ ਇੱਕ ਸੀਨੀਅਰ ਐਕਟਰ ਨੇ ਅਮ੍ਰਿਤਾ ਨਾਲ ਆਪਣੇ ਵਿਆਹ ਨੂੰ ਛੁਪਾ ਕੇ ਰੱਖਣ ਦੀ ਸਲਾਹ ਦਿੱਤੀ ਸੀ। ਹੁਣ ਹਾਲ ਹੀ ਵਿੱਚ ਖ਼ੁਦ 'ਕਰਤਵਿਆ' ਐਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਅਜੀਬੋ-ਗਰੀਬ ਸਲਾਹ ਕਿਉਂ ਦਿੱਤੀ ਗਈ ਸੀ।
ਸੈਫ਼ ਅਲੀ ਖ਼ਾਨ ਨੂੰ ਕੀਤਾ ਗਿਆ ਸੀ ਫ਼ਿਲਮ ਤੋਂ ਬਾਹਰ
ਸੈਫ਼ ਅਲੀ ਖ਼ਾਨ ਨੂੰ ਜਿਸ ਦੌਰਾਨ ਅਮ੍ਰਿਤਾ ਸਿੰਘ ਨਾਲ ਪਿਆਰ ਹੋਇਆ ਅਤੇ ਉਨ੍ਹਾਂ ਨੇ ਵਿਆਹ ਕੀਤਾ, ਉਸ ਸਮੇਂ ਅਦਾਕਾਰਾ ਆਪਣੇ ਕਰੀਅਰ ਦੇ ਸਿਖਰ 'ਤੇ ਸੀ, ਜਦੋਂ ਕਿ ਸਾਲ 1991 ਵਿੱਚ ਰਿਲੀਜ਼ ਹੋਈ ਫ਼ਿਲਮ 'ਬੇਖੁਦੀ' ਨਾਲ ਸੈਫ਼ ਡੈਬਿਊ ਕਰਨ ਵਾਲੇ ਸਨ। ਹਾਲਾਂਕਿ ਉਨ੍ਹਾਂ ਨੂੰ ਫ਼ਿਲਮ ਵਿਚਕਾਰੋਂ ਹੀ ਹਟਾ ਦਿੱਤਾ ਗਿਆ ਸੀ। ਹੁਣ 'ਨਿਊਜ਼ 18' ਨਾਲ ਗੱਲਬਾਤ ਦੌਰਾਨ ਸੈਫ਼ ਅਲੀ ਖ਼ਾਨ ਨੇ ਕਿਹਾ, "ਮੈਨੂੰ ਯਾਦ ਹੈ ਇੱਕ ਸੀਨੀਅਰ ਐਕਟਰ ਸਨ, ਜਿਨ੍ਹਾਂ ਨੇ ਮੈਨੂੰ ਇਹ ਸਲਾਹ ਦਿੱਤੀ ਸੀ ਕਿ ਮੈਂ ਕਿਸੇ ਨੂੰ ਵੀ ਆਪਣੇ ਵਿਆਹ ਬਾਰੇ ਨਾ ਦੱਸਾਂ। ਮੈਨੂੰ ਨਹੀਂ ਪਤਾ ਉਨ੍ਹਾਂ ਨੇ ਅਜਿਹਾ ਕਿਉਂ ਕਿਹਾ ਪਰ ਲੱਗਦਾ ਹੈ ਕਿ ਉਹ ਚਾਹੁੰਦੇ ਸਨ ਕਿ ਮੇਰਾ ਅਕਸ ਅਤੇ ਫੈਨ ਫਾਲੋਇੰਗ ਖ਼ਰਾਬ ਨਾ ਹੋਵੇ। ਉਹ ਬਹੁਤ ਹੀ ਅਜੀਬੋ-ਗਰੀਬ ਸਲਾਹ ਸੀ, ਜੋ ਕਿਸੇ ਨੇ ਮੈਨੂੰ ਦਿੱਤੀ ਸੀ।"
ਕਿਵੇਂ ਸ਼ੁਰੂ ਹੋਈ ਸੀ ਅਮ੍ਰਿਤਾ-ਸੈਫ਼ ਦੀ ਪ੍ਰੇਮ ਕਹਾਣੀ
ਦੋਵਾਂ ਦੀ ਪਹਿਲੀ ਮੁਲਾਕਾਤ 1991 ਵਿੱਚ ਰਾਹੁਲ ਰਵੈਲ ਦੇ ਸੈੱਟ 'ਤੇ ਇੱਕ ਫੋਟੋਸ਼ੂਟ ਦੌਰਾਨ ਹੋਈ ਸੀ। ਜਦੋਂ ਪਹਿਲੀ ਵਾਰ ਫੋਟੋਸ਼ੂਟ ਲਈ ਸੈਫ਼ ਨੇ ਅਮ੍ਰਿਤਾ ਦੇ ਮੋਢੇ 'ਤੇ ਹੱਥ ਰੱਖਿਆ ਤਾਂ ਅਦਾਕਾਰਾ ਨੇ ਉਨ੍ਹਾਂ ਨੂੰ ਕਾਫੀ ਘੂਰਿਆ। ਕੁਝ ਸਮੇਂ ਬਾਅਦ ਸੈਫ਼ ਅਲੀ ਖ਼ਾਨ ਨੇ ਅਮ੍ਰਿਤਾ ਨੂੰ ਡੇਟ 'ਤੇ ਚੱਲਣ ਲਈ ਕਿਹਾ ਪਰ ਅਮ੍ਰਿਤਾ ਨੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਘਰ ਹੀ ਬੁਲਾ ਲਿਆ। ਸੈਫ਼ ਅਲੀ ਖ਼ਾਨ ਨੇ ਸਿਮੀ ਗਰੇਵਾਲ ਦੇ ਸ਼ੋਅ ਵਿੱਚ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਅਮ੍ਰਿਤਾ ਨੂੰ ਬਿਨਾਂ ਮੇਕਅੱਪ ਦੇ ਦੇਖਿਆ ਤਾਂ ਉਹ ਉਨ੍ਹਾਂ ਦੀ ਸਾਦਗੀ 'ਤੇ ਦਿਲ ਹਾਰ ਬੈਠੇ ਸਨ।
ਦੋਵਾਂ ਦੇ ਵਿਆਹ ਦੇ ਸਖ਼ਤ ਖ਼ਿਲਾਫ਼ ਸੀ ਪਰਿਵਾਰ
ਤੁਹਾਨੂੰ ਦੱਸ ਦੇਈਏ ਕਿ ਸੈਫ਼ ਅਲੀ ਖ਼ਾਨ ਜਦੋਂ ਮਹਿਜ਼ 21 ਸਾਲ ਦੇ ਸਨ, ਉਦੋਂ ਉਨ੍ਹਾਂ ਨੇ 33 ਸਾਲ ਦੀ ਅਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਕੁਝ ਮਹੀਨਿਆਂ ਦੀ ਡੇਟਿੰਗ ਤੋਂ ਬਾਅਦ ਅਕਤੂਬਰ 1991 ਵਿੱਚ ਗੁਪਚੁਪ ਤਰੀਕੇ ਨਾਲ ਨਿਕਾਹ ਕਰ ਲਿਆ ਸੀ ਕਿਉਂਕਿ ਦੋਵਾਂ ਦੀ ਉਮਰ ਵਿੱਚ ਕਾਫੀ ਫ਼ਰਕ ਸੀ ਅਤੇ ਧਰਮ ਵੱਖੋ-ਵੱਖਰੇ ਸਨ, ਇਸ ਲਈ ਛੋਟੇ ਨਵਾਬ ਦਾ ਪਰਿਵਾਰ ਇਸ ਵਿਆਹ ਦੇ ਸਖ਼ਤ ਖ਼ਿਲਾਫ਼ ਸੀ।
ਰਿਪੋਰਟਾਂ ਦੀ ਮੰਨੀਏ ਤਾਂ ਸ਼ਰਮੀਲਾ ਟੈਗੋਰ ਨੇ ਦੋਵਾਂ ਦੇ ਵਿਆਹ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਨੇ ਲੁਕ-ਛਿਪ ਕੇ ਵਿਆਹ ਰਚਾਇਆ। ਸੈਫ਼ ਅਲੀ ਖ਼ਾਨ ਨਾਲ ਵਿਆਹ ਤੋਂ ਬਾਅਦ ਅਮ੍ਰਿਤਾ ਸਿੰਘ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਪਰ ਵਿਚਾਰਧਾਰਕ ਮਤਭੇਦਾਂ ਕਾਰਨ 13 ਸਾਲਾਂ ਬਾਅਦ 2004 ਵਿੱਚ ਦੋਵਾਂ ਦਾ ਤਲਾਕ ਹੋ ਗਿਆ।