ਸਿਨੇਮਾ ਨੂੰ 4 ਸਾਲ ਦੀ ਬੱਚੀ ਦੀ ਵਜ੍ਹਾ ਕਰਕੇ ਮਿਲਿਆ ਸੀ ਇਹ ਕਲਟ ਗਾਣਾ, 27 ਸਾਲ ਪਹਿਲਾਂ ਅਨੂ ਮਲਿਕ ਨੇ ਧੀ ਨੂੰ ਬਣਾ ਦਿੱਤਾ ਸੀ 'ਰਿਕਾਰਡਰ'
ਅਸੀਂ ਗੱਲ ਕਰ ਰਹੇ ਹਾਂ ਸਾਲ 1999 ਵਿੱਚ ਰਿਲੀਜ਼ ਹੋਈ ਫ਼ਿਲਮ 'ਬੀਵੀ ਨੰਬਰ 1' ਦੀ। ਅਨੂ ਮਲਿਕ ਨੂੰ ਫਟਾਫਟ ਧੁਨ ਬਣਾਉਣ ਲਈ ਜਾਣਿਆ ਜਾਂਦਾ ਹੈ ਪਰ ਉਸ ਧੁਨ ਨੂੰ ਤੁਰੰਤ ਰਿਕਾਰਡ ਕਰਨਾ ਵੀ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਕਈ ਵਾਰ ਦਿਮਾਗ ਵਿੱਚੋਂ ਚੀਜ਼ਾਂ ਨਿਕਲ ਜਾਂਦੀਆਂ ਹਨ
Publish Date: Fri, 29 May 2026 11:14 AM (IST)
Updated Date: Fri, 29 May 2026 11:17 AM (IST)
ਪ੍ਰਿਅੰਕਾ ਸਿੰਘ, ਮੁੰਬਈ : ਕੁਝ ਗਾਣੇ ਸਦਾਬਹਾਰ ਹੁੰਦੇ ਹਨ। ਉਨ੍ਹਾਂ ਗਾਣਿਆਂ ਦੇ ਬਣਨ ਨਾਲ ਜੁੜੀਆਂ ਯਾਦਾਂ ਵੀ ਖ਼ਾਸ ਹੁੰਦੀਆਂ ਹਨ। ਅਜਿਹਾ ਹੀ ਇੱਕ ਗਾਣਾ ਸੰਗੀਤਕਾਰ ਅਨੂ ਮਲਿਕ ਦੇ ਲਈ ਵੀ ਯਾਦਗਾਰ ਹੈ ਕਿਉਂਕਿ ਉਸਦੀ ਧੁਨ ਉਨ੍ਹਾਂ ਨੇ ਆਪਣੀ ਧੀ ਨੂੰ ਯਾਦ ਕਰਵਾਈ ਸੀ ਤਾਂ ਜੋ ਜੇਕਰ ਉਹ ਭੁੱਲ ਜਾਣ ਤਾਂ ਉਨ੍ਹਾਂ ਦੀ ਧੀ ਨੂੰ ਉਹ ਗਾਣਾ ਯਾਦ ਰਹੇ।
ਰਿਕਾਰਡ ਕਰਨ ਲਈ ਕੈਸੇਟ ਨਹੀਂ ਸੀ
ਅਸੀਂ ਗੱਲ ਕਰ ਰਹੇ ਹਾਂ ਸਾਲ 1999 ਵਿੱਚ ਰਿਲੀਜ਼ ਹੋਈ ਫ਼ਿਲਮ 'ਬੀਵੀ ਨੰਬਰ 1' ਦੀ। ਅਨੂ ਮਲਿਕ ਨੂੰ ਫਟਾਫਟ ਧੁਨ ਬਣਾਉਣ ਲਈ ਜਾਣਿਆ ਜਾਂਦਾ ਹੈ ਪਰ ਉਸ ਧੁਨ ਨੂੰ ਤੁਰੰਤ ਰਿਕਾਰਡ ਕਰਨਾ ਵੀ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਕਈ ਵਾਰ ਦਿਮਾਗ ਵਿੱਚੋਂ ਚੀਜ਼ਾਂ ਨਿਕਲ ਜਾਂਦੀਆਂ ਹਨ। ਅੱਜ ਮੋਬਾਈਲ ਦੇ ਦੌਰ ਵਿੱਚ ਅਜਿਹਾ ਕਰਨਾ ਆਸਾਨ ਹੈ ਪਰ ਜਦੋਂ 'ਚੁਨਰੀ ਚੁਨਰੀ' ਗਾਣਾ ਉਨ੍ਹਾਂ ਨੇ ਬਣਾਇਆ ਸੀ, ਉਦੋਂ ਕੈਸੇਟ ਦਾ ਜ਼ਮਾਨਾ ਹੋਇਆ ਕਰਦਾ ਸੀ। ਹਰ ਵੇਲੇ ਰਿਕਾਰਡਰ ਅਤੇ ਕੈਸੇਟ ਕੋਲ ਰੱਖਣੀ ਪੈਂਦੀ ਸੀ।
ਗੋਆ 'ਚ ਅਚਾਨਕ ਯਾਦ ਆਈ ਧੁਨ
ਅਨੂ ਇਸ ਗਾਣੇ ਨਾਲ ਜੁੜਿਆ ਇੱਕ ਕਿੱਸਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ 'ਚੁਨਰੀ ਚੁਨਰੀ...' ਦੀ ਧੁਨ ਮੇਰੇ ਦਿਮਾਗ ਵਿੱਚ ਉਦੋਂ ਆਈ ਸੀ, ਜਦੋਂ ਮੈਂ ਗੋਆ ਵਿੱਚ ਪਰਿਵਾਰ ਦੇ ਨਾਲ ਛੁੱਟੀਆਂ ਮਨਾ ਰਿਹਾ ਸੀ। ਉਸ ਜ਼ਮਾਨੇ ਵਿੱਚ ਕੈਸੇਟਾਂ ਹੋਇਆ ਕਰਦੀਆਂ ਸਨ, ਜਿਸ 'ਤੇ ਗਾਣਾ ਰਿਕਾਰਡ ਹੁੰਦਾ ਸੀ। ਉਹ ਮੈਂ ਨਾਲ ਲੈ ਕੇ ਜਾਣਾ ਭੁੱਲ ਗਿਆ ਸੀ। ਮੇਰੇ ਨਾਲ ਮੇਰੇ ਧੀ ਅਨਮੋਲ ਸੀ, ਜੋ ਉਦੋਂ ਬਹੁਤ ਛੋਟੀ ਸੀ।
ਬੱਚਿਆਂ ਦੀ ਯਾਦਦਾਸ਼ਤ ਚੰਗੀ ਹੁੰਦੀ ਹੈ। ਮੈਂ ਉਸਨੂੰ ਕਿਹਾ ਕਿ ਗੋਆ ਤੋਂ ਮੁੰਬਈ ਜਾਣ ਤੋਂ ਬਾਅਦ 'ਬੀਵੀ ਨੰਬਰ 1' ਦੇ ਗਾਣਿਆਂ ਲਈ ਉਸਦੇ ਨਿਰਦੇਸ਼ਕ ਨਾਲ ਮੇਰੀ ਮੀਟਿੰਗ ਹੋਣ ਵਾਲੀ ਹੈ, ਇੱਕ ਧੁਨ ਦਿਮਾਗ ਵਿੱਚ ਆ ਰਹੀ ਹੈ, ਕੀ ਤੈਨੂੰ ਯਾਦ ਰਹੇਗੀ? ਉਸਨੇ ਹਾਂ ਕਿਹਾ। ਫਿਰ ਮੈਂ ਉਸਨੂੰ 'ਆਜਾ ਨਾ ਛੂ ਲੇ ਮੇਰੀ ਚੁਨਰੀ ਸਨਮ...' ਦੀ ਧੁਨ ਯਾਦ ਕਰਵਾ ਦਿੱਤੀ।
ਧੀ ਨੇ ਤੋਤਲੀ ਆਵਾਜ਼ 'ਚ ਸੁਣਾਇਆ ਗਾਣਾ
ਜਦੋਂ ਫ਼ਿਲਮ ਦੇ ਨਿਰਦੇਸ਼ਕ ਡੇਵਿਡ ਧਵਨ ਆਏ, ਤਾਂ ਮੈਂ ਇੱਧਰ-ਉੱਧਰ ਗਾਣਾ ਲੱਭਣ ਲੱਗਾ ਕਿ ਕੀ ਧੁਨ ਸੁਣਾਵਾਂ। ਫਿਰ ਯਾਦ ਆਇਆ ਕਿ ਇੱਕ ਧੁਨ ਧੀ ਨੂੰ ਯਾਦ ਕਰਵਾਈ ਸੀ। ਮੈਂ ਉਸਨੂੰ ਬੁਲਾ ਕੇ ਕਿਹਾ ਕਿ ਤੁਹਾਨੂੰ ਗਾਣਾ ਯਾਦ ਹੈ? ਉਸਨੇ ਹਾਂ ਕਿਹਾ ਅਤੇ ਆਪਣੀ ਤੋਤਲੀ ਜਿਹੀ ਪਿਆਰੀ ਜਿਹੀ ਆਵਾਜ਼ ਵਿੱਚ 'ਚੁਨਰੀ ਚੁਨਰੀ...' ਦੀ ਧੁਨ ਗਾ ਕੇ ਸੁਣਾ ਦਿੱਤੀ। ਫ਼ਿਲਮ ਦੇ ਨਿਰਦੇਸ਼ਕ ਤਾਂ ਇਹ ਗਾਣਾ ਸੁਣਦੇ ਹੀ ਉਛਲ ਪਏ। ਉਨ੍ਹਾਂ ਨੇ ਕਿਹਾ ਕਿ ਇਹੋ ਗਾਣਾ ਤਾਂ ਚਾਹੀਦਾ ਸੀ। ਫਿਰ ਅਸੀਂ ਇਸ ਗਾਣੇ ਨੂੰ ਰਿਕਾਰਡ ਕੀਤਾ। ਉਸ ਵਿੱਚ ਵਿਚਾਲੇ ਜੋ 'ਚੁਨਰੀ ਚੁਨਰੀ...' ਲਾਈਨ ਆਉਂਦੀ ਹੈ, ਉਹ ਮੇਰੀ ਆਵਾਜ਼ ਹੈ।