ਰੈਪਰ ਬਾਦਸ਼ਾਹ ਨੂੰ ਵੱਡੀ ਰਾਹਤ: ਲੁਕ ਆਊਟ ਸਰਕੂਲਰ ਵਾਪਸ, ਪੰਚਕੂਲਾ ਪੁਲਿਸ ਸਾਹਮਣੇ ਪੇਸ਼ ਹੋਣ ਤੋਂ ਬਾਅਦ ਮਿਲੀ ਜ਼ਮਾਨਤ
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਖ਼ਿਲਾਫ਼ ਜਾਰੀ ਲੁਕ ਆਊਟ ਸਰਕੂਲਰ ਨੂੰ ਵਾਪਸ ਲਿਆ ਜਾ ਰਿਹਾ ਹੈ। ਬਾਦਸ਼ਾਹ ਨੇ ਟਟੀਰੀ ਗਾਣੇ ਦੇ ਵਿਵਾਦ ’ਚ ਆਪਣੇ ਖ਼ਿਲਾਫ਼ ਜਾਰੀ ਲੁਕ ਆਊਟ ਨੋਟਿਸ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ
Publish Date: Fri, 20 Mar 2026 09:41 AM (IST)
Updated Date: Fri, 20 Mar 2026 09:43 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਹਰਿਆਣਾ ’ਚ ਦਰਜ ਅਪਰਾਧਕ ਮਾਮਲਿਆਂ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਮਸ਼ਹੂਰ ਰੈਪਰ ਬਾਦਸ਼ਾਹ ਨੂੰ ਰਾਹਤ ਮਿਲੀ ਹੈ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਜਾਰੀ ਲੁਕ ਆਊਟ ਸਰਕੂਲਰ ਨੂੰ ਵਾਪਸ ਲੈ ਲਿਆ ਹੈ। ਨਾਲ ਹੀ, ਬਾਦਸ਼ਾਹ ਨੇ ਵੀਰਵਾਰ ਸਵੇਰੇ ਪੰਚਕੂਲਾ ’ਚ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਜਾਂਚ ’ਚ ਸਹਿਯੋਗ ਕੀਤਾ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਰੁਖ਼ ਨੂੰ ਤਸੱਲੀਬਖ਼ਸ਼ ਮੰਨਦੇ ਹੋਏ ਉਨ੍ਹਾਂ ਨੂੰ ਮੌਕੇ ’ਤੇ ਹੀ ਜ਼ਮਾਨਤ ਪ੍ਰਦਾਨ ਕਰ ਦਿੱਤੀ। ਮਾਮਲੇ ਦੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਾਣੂ ਕਰਵਾਇਆ ਗਿਆ ਕਿ ਬਾਦਸ਼ਾਹ ਹੁਣ ਜਾਂਚ ’ਚ ਸ਼ਾਮਲ ਹੋ ਚੁੱਕੇ ਹਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਜ਼ਰੂਰਤ ਨਹੀਂ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਖ਼ਿਲਾਫ਼ ਜਾਰੀ ਲੁਕ ਆਊਟ ਸਰਕੂਲਰ ਨੂੰ ਵਾਪਸ ਲਿਆ ਜਾ ਰਿਹਾ ਹੈ। ਬਾਦਸ਼ਾਹ ਨੇ ਟਟੀਰੀ ਗਾਣੇ ਦੇ ਵਿਵਾਦ ’ਚ ਆਪਣੇ ਖ਼ਿਲਾਫ਼ ਜਾਰੀ ਲੁਕ ਆਊਟ ਨੋਟਿਸ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਵਿਵਾਦ ਦੇ ਕਾਰਨ ਹਰਿਆਣਾ ’ਚ ਬਾਦਸ਼ਾਹ ਖ਼ਿਲਾਫ਼ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ।