ਆਸ਼ਾ ਨੇ ਲਤਾ ਤੋਂ ਬਿਲਕੁਲ ਵੱਖਰੇ ਕੈਬਰੇ ਨੰਬਰਾਂ, ਗ਼ਜ਼ਲਾਂ, ਭਜਨਾਂ ਤੇ ਪੌਪ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ। 'ਦਮ ਮਾਰੋ ਦਮ', 'ਪੀਆ ਤੂ ਅਬ ਤੋ ਆਜਾ', 'ਦਿਲ ਚੀਜ਼ ਕਿਆ ਹੈ', 'ਯੇ ਮੇਰਾ ਦਿਲ' ਅਤੇ 'ਚੁਰਾ ਲਿਆ ਹੈ ਤੁਮਨੇ' ਵਰਗੇ ਗੀਤ ਸ਼ਾਮਲ ਹਨ। ਸਾਲ 1960 ਦੇ ਦਹਾਕੇ ਦੇ ਅੰਤ ਤਕ, ਉਹ ਆਪਣੀ ਭੈਣ ਤੋਂ ਬਾਅਦ ਦੂਜੇ ਸਥਾਨ 'ਤੇ ਸਭ ਤੋਂ ਪ੍ਰਸਿੱਧ ਗਾਇਕਾਂ 'ਚੋਂ ਇਕ ਸਨ। ਦੋਵੇਂ ਭੈਣਾਂ 1990 ਦੇ ਦਹਾਕੇ ਤਕ ਪਲੇਬੈਕ ਸਿੰਗਿੰਗ ਦੀਆਂ ਕੁਈਨ (ਰਾਣੀਆਂ) ਅਖਵਾਈਆਂ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਮਸ਼ਹੂਰ ਗਾਇਕਾ ਆਸ਼ਾ ਭੋਸਲੇ (Asha Bhosle) ਦਾ ਅੱਜ 12 ਅਪ੍ਰੈਲ ਨੂੰ ਦੇਹਾਂਤ ਹੋ ਗਿਆ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਉਨ੍ਹਾਂ ਨੇ 92 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਦਾ ਕਾਰਨ 'ਮਲਟੀਪਲ ਆਰਗਨ ਫੇਲੀਅਰ' ਦੱਸਿਆ ਜਾ ਰਿਹਾ ਹੈ।
ਆਸ਼ਾ ਭੋਸਲੇ ਦਾ ਜਨਮ 8 ਸਤੰਬਰ 1933 ਨੂੰ ਇਕ ਨਾਮਵਰ ਪਰਿਵਾਰ 'ਚ ਹੋਇਆ ਸੀ। ਆਸ਼ਾ ਭੋਸਲੇ ਨੇ ਕਰੀਬ 800 ਤੋਂ ਵੱਧ ਫਿਲਮਾਂ ਲਈ 12,000 ਤੋਂ ਵੱਧ ਗੀਤ ਰਿਕਾਰਡ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ' ਵੱਲੋਂ ਸੰਗੀਤ ਇਤਿਹਾਸ 'ਚ ਸਭ ਤੋਂ ਵੱਧ ਗੀਤ ਰਿਕਾਰਡ ਕਰਨ ਵਾਲੀ ਕਲਾਕਾਰ ਵਜੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਤੇ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਮਹਾਰਾਸ਼ਟਰ ਦੇ ਸੰਗੀਤਕਾਰ ਮੰਗੇਸ਼ਕਰ ਪਰਿਵਾਰ 'ਚ ਜਨਮੀ ਆਸ਼ਾ, ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਹਨ। ਉਨ੍ਹਾਂ ਨੇ ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਛੋਟੀ ਉਮਰ 'ਚ ਹੀ ਫਿਲਮਾਂ ਲਈ ਗਾਉਣਾ ਸ਼ੁਰੂ ਕਰ ਦਿੱਤਾ ਸੀ। ਮਹਾਨ ਗਾਇਕਾ ਲਤਾ ਮੰਗੇਸ਼ਕਰ ਵਾਂਗ ਹੀ ਆਸ਼ਾ ਨੇ ਵੀ ਆਪਣੇ ਪਿਤਾ ਦੀਨਾਨਾਥ ਮੰਗੇਸ਼ਕਰ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਪਲੇਬੈਕ ਸਿੰਗਿੰਗ (ਪਿੱਠਵਰਤੀ ਗਾਇਕੀ) ਵੱਲ ਉਨ੍ਹਾਂ ਦਾ ਰੁਝਾਨ ਕੁਦਰਤੀ ਸੀ। ਉਨ੍ਹਾਂ ਫਿਲਮ 'ਚੁਨਰੀਆ' (1948) ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਪਰ ਸਿਖਰ 'ਤੇ ਪਹੁੰਚਣ ਲਈ ਉਨ੍ਹਾਂ ਨੂੰ ਲੰਬਾ ਸਮਾਂ ਲੱਗਾ।
ਭਾਵੇਂ ਹਰ ਤਰ੍ਹਾਂ ਦੇ ਗੀਤ (ਗ਼ਜ਼ਲ, ਪੌਪ ਆਦਿ) ਉਨ੍ਹਾਂ ਦੀ ਗਾਇਕੀ ਦੇ ਘੇਰੇ 'ਚ ਆਉਂਦੇ ਸਨ, ਪਰ ਉਨ੍ਹਾਂ ਦੀ ਖ਼ਾਸੀਅਤ ਸੈਂਸ਼ੂਅਲ ਅਤੇ ਵੈਸਟਰਨ ਸਟਾਈਲ ਦੇ ਗੀਤਾਂ 'ਚ ਸੀ। ਜ਼ੀਨਤ ਅਮਾਨ ਤੋਂ ਲੈ ਕੇ ਉਰਮਿਲਾ ਮਾਤੋਂਡਕਰ ਤਕ, ਜਿਨ੍ਹਾਂ ਵੀ ਅਭਿਨੇਤਰੀਆਂ ਲਈ ਉਨ੍ਹਾਂ ਨੇ ਗਾਇਆ, ਸਾਰੀਆਂ ਨੂੰ ਪਰਦੇ 'ਤੇ ਪਹਿਲਾਂ ਨਾਲੋਂ ਕਿਤੇ ਵੱਧ ਆਕਰਸ਼ਕ ਬਣਾਉਣ 'ਚ ਆਸ਼ਾ ਦੀ ਅਨੋਖੀ ਪ੍ਰਤਿਭਾ ਸੀ। ਸ਼ੁਰੂਆਤੀ ਸਾਲਾਂ 'ਚ ਉਨ੍ਹਾਂ ਜ਼ਿਆਦਾਤਰ ਸ਼ਮਸ਼ਾਦ ਬੇਗਮ, ਗੀਤਾ ਦੱਤ ਜਾਂ ਫਿਰ ਲਤਾ ਨਾਲ ਡੂਇਟ ਗਾਏ।
ਪਰ ਸਾਲ 1957 'ਚ ਉਨ੍ਹਾਂ ਨੂੰ ਸੰਗੀਤਕਾਰ ਓਪੀ ਨਈਅਰ ਨਾਲ ਫਿਲਮਾਂ 'ਤੁਮਸਾ ਨਹੀਂ ਦੇਖਾ' ਅਤੇ 'ਨਯਾ ਦੌਰ' (1957) 'ਚ ਵੱਡਾ ਬ੍ਰੇਕ ਮਿਲਿਆ। 1958 'ਚ ਉਨ੍ਹਾਂ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ—'ਲਾਜਵੰਤੀ' (1959), 'ਹਾਵੜਾ ਬ੍ਰਿਜ' (1958) ਤੇ 'ਚਲਤੀ ਕਾ ਨਾਮ ਗਾੜੀ' (1958), ਇਨ੍ਹਾਂ ਫਿਲਮਾਂ ਦੇ ਹਿੱਟ ਗੀਤਾਂ ਨੇ ਆਸ਼ਾ ਨੂੰ ਸਫਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ, ਉਹ 1970 ਦੇ ਦਹਾਕੇ ਦੀ ਸ਼ੁਰੂਆਤ ਤਕ ਨਈਅਰ ਦੀ ਪਸੰਦੀਦਾ ਗਾਇਕਾ ਰਹੇ। ਦੋਵਾਂ ਨੇ ਮਿਲ ਕੇ ਸੰਗੀਤ ਦਾ ਜਾਦੂ ਬਿਖੇਰਿਆ, ਖਾਸ ਕਰਕੇ ਫਿਲਮਾਂ 'ਫਿਰ ਵਹੀ ਦਿਲ ਲਾਇਆ ਹੂੰ' (1963), 'ਮੇਰੇ ਸਨਮ' (1965), 'ਹਮਸਾਇਆ' (1968) ਅਤੇ 'ਪ੍ਰਾਣ ਜਾਏ ਪਰ ਵਚਨ ਨਾ ਜਾਏ' (1974) ਵਿੱਚ।
ਆਸ਼ਾ ਨੇ ਲਤਾ ਤੋਂ ਬਿਲਕੁਲ ਵੱਖਰੇ ਕੈਬਰੇ ਨੰਬਰਾਂ, ਗ਼ਜ਼ਲਾਂ, ਭਜਨਾਂ ਤੇ ਪੌਪ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ। 'ਦਮ ਮਾਰੋ ਦਮ', 'ਪੀਆ ਤੂ ਅਬ ਤੋ ਆਜਾ', 'ਦਿਲ ਚੀਜ਼ ਕਿਆ ਹੈ', 'ਯੇ ਮੇਰਾ ਦਿਲ' ਅਤੇ 'ਚੁਰਾ ਲਿਆ ਹੈ ਤੁਮਨੇ' ਵਰਗੇ ਗੀਤ ਸ਼ਾਮਲ ਹਨ। ਸਾਲ 1960 ਦੇ ਦਹਾਕੇ ਦੇ ਅੰਤ ਤਕ, ਉਹ ਆਪਣੀ ਭੈਣ ਤੋਂ ਬਾਅਦ ਦੂਜੇ ਸਥਾਨ 'ਤੇ ਸਭ ਤੋਂ ਪ੍ਰਸਿੱਧ ਗਾਇਕਾਂ 'ਚੋਂ ਇਕ ਸਨ। ਦੋਵੇਂ ਭੈਣਾਂ 1990 ਦੇ ਦਹਾਕੇ ਤਕ ਪਲੇਬੈਕ ਸਿੰਗਿੰਗ ਦੀਆਂ ਕੁਈਨ (ਰਾਣੀਆਂ) ਅਖਵਾਈਆਂ
ਉਨ੍ਹਾਂ ਨੇ 16 ਸਾਲ ਦੀ ਉਮਰ 'ਚ ਗਣਪਤਰਾਓ ਭੋਸਲੇ ਨਾਲ ਵਿਆਹ ਕੀਤਾ, ਹਾਲਾਂਕਿ ਬਾਅਦ 'ਚ ਤਲਾਕ ਹੋ ਗਿਆ। ਇਸ ਤੋਂ ਬਾਅਦ 1980 'ਚ ਸੰਗੀਤ ਨਿਰਦੇਸ਼ਕ ਆਰਡੀ ਬਰਮਨ ਨਾਲ ਵਿਆਹ ਕੀਤਾ ਅਤੇ ਦੋਵਾਂ ਨੇ ਮਿਲ ਕੇ ਸ਼ਾਨਦਾਰ ਸੰਗੀਤ ਤਿਆਰ ਕੀਤਾ। 'ਹਰੇ ਰਾਮਾ ਹਰੇ ਕ੍ਰਿਸ਼ਨਾ' (1971), 'ਜਵਾਨੀ ਦੀਵਾਨੀ' (1972), 'ਯਾਦੋਂ ਕੀ ਬਾਰਾਤ' (1973), ਅਤੇ 'ਹਮ ਕਿਸੀ ਸੇ ਕਮ ਨਹੀਂ' (1977) ਵਰਗੀਆਂ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਸਨ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਸਾਲ 2008 'ਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸਾਲ 2000 'ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਸਰਵੋਤਮ ਮਹਿਲਾ ਪਲੇਬੈਕ ਸਿੰਗਰ ਵਜੋਂ ਉਨ੍ਹਾਂ ਨੂੰ 7 ਫਿਲਮਫੇਅਰ ਪੁਰਸਕਾਰ ਦਿੱਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਆਸ਼ਾ ਇੱਕ ਐਂਟਰਪ੍ਰਨਿਓਰ (ਕਾਰੋਬਾਰੀ) ਵਜੋਂ ਵੀ ਜਾਣੀ ਜਾਂਦੀ ਹਨ। ਸੰਗੀਤ ਤੋਂ ਇਲਾਵਾ ਆਸ਼ਾ ਜੀ ਨੂੰ ਕੁਕਿੰਗ (ਖਾਣਾ ਬਣਾਉਣ) ਨਾਲ ਪਿਆਰ ਸੀ। ਉਨ੍ਹਾਂ ਖੁਦ ਕਿਹਾ ਸੀ ਕਿ 'ਜੇਕਰ ਉਹ ਗਾਇਕਾ ਨਾ ਹੁੰਦੇ ਤਾਂ ਇਕ ਸ਼ੈੱਫ (chef) ਹੁੰਦੇ'। ਉਨ੍ਹਾਂ ਨੇ 'Asha’s' ਨਾਂ ਨਾਲ ਇਕ ਅੰਤਰਰਾਸ਼ਟਰੀ ਰੈਸਟੋਰੈਂਟ ਚੇਨ ਦੀ ਸਥਾਪਨਾ ਕੀਤੀ। ਇਸ ਦੀ ਸ਼ੁਰੂਆਤ 2002 'ਚ ਦੁਬਈ ਦੇ WAFI City Mall ਤੋਂ ਹੋਈ ਸੀ ਅਤੇ ਹੁਣ ਇਸ ਦੇ ਆਊਟਲੈੱਟ ਮੱਧ ਪੂਰਬ (ਕੁਵੈਤ, ਬਹਿਰੀਨ) ਅਤੇ ਯੂਕੇ (ਬਰਮਿੰਘਮ, ਮਾਨਚੈਸਟਰ) 'ਚ ਹਨ। ਇਸ ਤੋਂ ਇਲਾਵਾ ਉਹ ਰਿਐਲਿਟੀ ਸ਼ੋਅਜ਼ 'ਚ ਜੱਜ ਵਜੋਂ ਵੀ ਨਜ਼ਰ ਆ ਚੁੱਕੇ ਹਨ।