ਪ੍ਰਿਯੰਕਾ ਚੋਪੜਾ ਦੇ ਦੋਵੇਂ ਹੱਥ ਇਸ ਵੇਲੇ ਲੱਡੂਆਂ ਨਾਲ ਭਰੇ ਹੋਏ ਹਨ। ਇੱਕ ਪਾਸੇ ਜਿੱਥੇ ਗਲੋਬਲ ਆਈਕਾਨ ਇੱਕ ਤੋਂ ਬਾਅਦ ਇੱਕ ਹਾਲੀਵੁੱਡ ਪ੍ਰੋਜੈਕਟ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਬਾਲੀਵੁੱਡ ਦੇ ਦਰਵਾਜ਼ੇ ਵੀ ਹੁਣ ਅਦਾਕਾਰਾ ਲਈ ਮੁੜ ਖੁੱਲ੍ਹਣ ਲੱਗੇ ਹਨ।

ਮਿਡ-ਡੇਅ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ, ਪ੍ਰਿਯੰਕਾ ਚੋਪੜਾ ਅੰਮ੍ਰਿਤਾ ਸ਼ੇਰਗਿੱਲ ਦੀ ਬਾਇਓਪਿਕ ਦਾ ਹਿੱਸਾ ਬਣਨ ਵਾਲੀ ਹੈ, ਜਿਸ ਦਾ ਟਾਈਟਲ 'ਅਮਰੀ' (Amri) ਹੈ। ਦੱਸ ਦੇਈਏ ਕਿ ਭਾਰਤ ਅਤੇ ਹੰਗਰੀ ਦੀ ਨਾਗਰਿਕਤਾ ਰੱਖਣ ਵਾਲੀ ਅੰਮ੍ਰਿਤਾ ਸ਼ੇਰਗਿੱਲ ਵੀਹਵੀਂ ਸਦੀ ਦੀ ਸ਼ੁਰੂਆਤ ਦੀਆਂ ਸਭ ਤੋਂ ਪ੍ਰਸਿੱਧ ਮਹਿਲਾ ਚਿੱਤਰਕਾਰਾਂ ਵਿੱਚੋਂ ਇੱਕ ਸੀ। ਫਿਲਮ ਨਾਲ ਜੁੜੇ ਸੂਤਰਾਂ ਅਨੁਸਾਰ, ਮੀਰਾ ਨਾਇਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਵਿੱਚ ਪ੍ਰਿਯੰਕਾ ਮੁੱਖ ਭੂਮਿਕਾ (ਮੇਨ ਲੀਡ) ਵਜੋਂ ਨਹੀਂ, ਸਗੋਂ ਇੱਕ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗੀ।
ਪ੍ਰਿਯੰਕਾ ਮੌਜੂਦਾ ਸਮੇਂ ਵਿੱਚ ਹਿੰਦੀ ਫਿਲਮਾਂ ਦੇ ਨਾਲ-ਨਾਲ ਹਾਲੀਵੁੱਡ ਵਿੱਚ ਵੀ ਖੂਬ ਕੰਮ ਕਰ ਰਹੀ ਹੈ, ਅਜਿਹੇ ਵਿੱਚ ਫਿਲਮ ਵਿੱਚ ਉਸਦੀ ਮੌਜੂਦਗੀ ਇੱਕ ਗਲੋਬਲ ਸਟਾਰਡਮ ਜੋੜੇਗੀ। ਮੀਰਾ ਨਾਇਰ ਦੀ ਯੋਜਨਾ ਫਿਲਮ ਨੂੰ ਭਾਰਤ ਦੇ ਨਾਲ-ਨਾਲ ਹੰਗਰੀ ਅਤੇ ਫਰਾਂਸ ਵਿੱਚ ਵੀ ਵੱਡੇ ਪੱਧਰ 'ਤੇ ਪ੍ਰਦਰਸ਼ਿਤ ਕਰਨ ਦੀ ਹੈ, ਇਸ ਲਈ ਫਿਲਮ ਨਾਲ ਪ੍ਰਿਯੰਕਾ ਦਾ ਜੁੜਨਾ ਉਹਨਾਂ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ।
ਰਿਪੋਰਟਾਂ ਮੁਤਾਬਕ, 'ਅਮਰੀ' ਦਾ ਇੱਕ ਹਿੱਸਾ ਅਜਿਹਾ ਹੈ ਜਿਸ ਨੂੰ ਮੀਰਾ ਨਾਇਰ ਚਾਹੁੰਦੀ ਸੀ ਕਿ ਪ੍ਰਿਯੰਕਾ ਚੋਪੜਾ ਹੀ ਕਰੇ। ਇਸੇ ਕਾਰਨ ਉਹਨਾਂ ਨੇ ਪਿਛਲੇ ਸਾਲ 'ਦੇਸੀ ਗਰਲ' ਨਾਲ ਸੰਪਰਕ ਕੀਤਾ ਸੀ। ਪ੍ਰਿਯੰਕਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਆਪਣੇ ਹਿੱਸੇ ਦੀ ਸ਼ੂਟਿੰਗ ਵੀ ਕਰ ਚੁੱਕੀ ਹੈ। ਹੈਦਰਾਬਾਦ ਵਿੱਚ ਆਪਣੀ ਫਿਲਮ 'ਵਾਰਾਣਸੀ' ਦੀ ਸ਼ੂਟਿੰਗ ਤੋਂ ਸਿੱਧਾ ਪ੍ਰਿਯੰਕਾ ਇਸੇ ਕੰਮ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਗਈ ਸੀ, ਜਿੱਥੇ ਦੋ ਦਿਨ ਉਹਨਾਂ ਨੇ ਫਿਲਮ ਦੀ ਸ਼ੂਟਿੰਗ ਕੀਤੀ। ਇਸ ਫਿਲਮ ਵਿੱਚ ਅਦਾਕਾਰਾ ਤਾਨਿਆ ਮਾਨਿਕਤਲਾ ਮੁੱਖ ਭੂਮਿਕਾ ਵਿੱਚ ਹੈ।
ਇਹ ਮੀਰਾ ਨਾਇਰ ਅਤੇ ਪ੍ਰਿਯੰਕਾ ਚੋਪੜਾ ਦਾ ਪਹਿਲਾ ਸਹਿਯੋਗ ਹੈ। ਜਿਸ ਤਰ੍ਹਾਂ ਪ੍ਰਿਯੰਕਾ ਹਾਲੀਵੁੱਡ ਅਤੇ ਬਾਲੀਵੁੱਡ ਦੋਵਾਂ ਵਿੱਚ ਕੰਮ ਕਰਦੀ ਹੈ, ਠੀਕ ਉਸੇ ਤਰ੍ਹਾਂ ਮੀਰਾ ਵੀ ਇੱਕ ਇੰਡੀਅਨ-ਅਮੈਰੀਕਨ ਫਿਲਮ ਮੇਕਰ ਹੈ। ਫਿਲਮ ਦੀ ਕਹਾਣੀ ਕੀ ਹੋਵੇਗੀ ਅਤੇ ਪ੍ਰਿਯੰਕਾ ਉਸ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਏਗੀ, ਇਸ 'ਤੇ ਮੇਕਰਸ ਨੇ ਅਜੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ।