- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
50 ਦੇ ਦਹਾਕੇ ਵਿੱਚ ਇੱਕ ਅਜਿਹੀ ਅਦਾਕਾਰਾ ਆਈ, ਜੋ ਭਾਰਤੀ ਸਿਨੇਮਾ ਦੀ ਪਹਿਲੀ ਅਜਿਹੀ ਅਦਾਕਾਰਾ ਸੀ ਜਿਸ ਨੂੰ ਅੰਤਰਰਾਸ਼ਟਰੀ ਫਿਲਮ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ ਸੀ। ਉਹ ਆਪਣੇ ਦੌਰ ਦੀਆਂ ਸਭ ਤੋਂ ਮਹਿੰਗੀਆਂ ਅਦਾਕਾਰਾਵਾਂ ਵਿੱਚੋਂ ਇੱਕ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਇਨਸਾਨ ਕਦੇ-ਕਦੇ ਆਪਣੇ ਕੰਮ ਜਾਂ ਜਨੂੰਨ 'ਚ ਇਸ ਕਦਰ ਗੁਆਚ ਜਾਂਦਾ ਹੈ ਕਿ ਉੱਥੇ ਮਿਲੀ ਇਕ ਅਸਫਲਤਾ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਮੰਨ ਬੈਠਦਾ ਹੈ। ਬਾਲੀਵੁੱਡ 'ਚ ਅਕਸਰ ਦੇਖਿਆ ਗਿਆ ਹੈ ਕਿ ਫਿਲਮਾਂ ਫਲਾਪ ਹੋਣ 'ਤੇ ਸਿਤਾਰੇ ਡਿਪ੍ਰੈਸ਼ਨ (ਮਾਨਸਿਕ ਤਣਾਅ) 'ਚ ਚਲੇ ਜਾਂਦੇ ਹਨ।
50 ਦੇ ਦਹਾਕੇ 'ਚ ਇਕ ਅਜਿਹੀ ਅਦਾਕਾਰਾ ਆਈ, ਜੋ ਭਾਰਤੀ ਸਿਨੇਮਾ ਦੀ ਪਹਿਲੀ ਅਜਿਹੀ ਅਦਾਕਾਰਾ ਸੀ ਜਿਸ ਨੂੰ ਅੰਤਰਰਾਸ਼ਟਰੀ ਫਿਲਮ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ ਸੀ। ਉਹ ਆਪਣੇ ਦੌਰ ਦੀਆਂ ਸਭ ਤੋਂ ਮਹਿੰਗੀਆਂ ਅਦਾਕਾਰਾਂ 'ਚੋਂ ਇਕ ਸੀ। ਪਰ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚਣ ਤੋਂ ਬਾਅਦ ਮਹਿਜ਼ ਇਕ ਫਿਲਮ ਦੇ ਫਲਾਪ ਹੋਣ 'ਤੇ ਉਸ ਨੇ ਖੁਦ ਨੂੰ ਅਜਿਹੀ ਸਜ਼ਾ ਦਿੱਤੀ ਕਿ ਪੂਰੀ ਦੁਨੀਆ ਨਾਲੋਂ ਨਾਤਾ ਹੀ ਤੋੜ ਲਿਆ।
ਅਸੀਂ ਜਿਸ ਦਿੱਗਜ ਅਦਾਕਾਰਾ ਦੀ ਗੱਲ ਕਰ ਰਹੇ ਹਾਂ, ਉਨ੍ਹਾਂ ਨਾ ਸਿਰਫ ਹਿੰਦੀ ਬਲਕਿ ਬੰਗਾਲੀ ਸਿਨੇਮਾ 'ਚ ਵੀ ਬਹੁਤ ਨਾਮ ਕਮਾਇਆ ਸੀ। ਉਨ੍ਹਾਂ ਦਾ ਰੁਤਬਾ ਅਜਿਹਾ ਸੀ ਕਿ ਆਪਣੇ ਦੌਰ 'ਚ ਕਈ ਵੱਡੇ ਅਦਾਕਾਰਾਂ ਨਾਲੋਂ ਵੀ ਜ਼ਿਆਦਾ ਫੀਸ ਮਿਲਦੀ ਸੀ। ਸ਼ਾਇਦ ਹੁਣ ਤਕ ਤੁਹਾਨੂੰ ਇਸ਼ਾਰਾ ਮਿਲ ਗਿਆ ਹੋਵੇਗਾ, ਅਸੀਂ ਗੱਲ ਕਰ ਰਹੇ ਹਾਂ ਮਹਾਨ ਅਦਾਕਾਰਾ ਸੁਚਿੱਤਰਾ ਸੇਨ (Suchitra Sen) ਦੀ।
6 ਅਪ੍ਰੈਲ 1931 ਨੂੰ ਇਕ ਬੰਗਾਲੀ ਪਰਿਵਾਰ 'ਚ ਜਨਮੀ ਸੁਚਿੱਤਰਾ ਸੇਨ ਨੂੰ ਬਚਪਨ ਤੋਂ ਹੀ ਅਦਾਕਾਰੀ 'ਚ ਡੂੰਘੀ ਦਿਲਚਸਪੀ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਦੇ ਪਰਿਵਾਰ ਦਾ ਫਿਲਮਾਂ ਨਾਲ ਦੂਰ-ਦੂਰ ਤਕ ਕੋਈ ਸਬੰਧ ਨਹੀਂ ਸੀ। ਸੁਚਿੱਤਰਾ ਸੇਨ ਦੀ ਪੜ੍ਹਾਈ ਪਾਬਨਾ ਸਰਕਾਰੀ ਗਰਲਜ਼ ਹਾਈ ਸਕੂਲ ਤੋਂ ਹੋਈ, ਪਰ 1947 ਦੀ ਵੰਡ ਕਾਰਨ ਉਨ੍ਹਾਂ ਦਾ ਪੂਰਾ ਪਰਿਵਾਰ ਪੱਛਮੀ ਬੰਗਾਲ ਆ ਕੇ ਵੱਸ ਗਿਆ।
ਜਦੋਂ ਉਹ ਪੱਛਮੀ ਬੰਗਾਲ ਆਈ ਤਾਂ ਇੱਥੇ ਉਨ੍ਹਾਂ ਦਾ ਵਿਆਹ ਮਸ਼ਹੂਰ ਉਦਯੋਗਪਤੀ ਆਦਿਨਾਥ ਸੇਨ ਦੇ ਬੇਟੇ ਦਿਬਾਨਾਥ ਸੇਨ ਨਾਲ ਕਰ ਦਿੱਤਾ ਗਿਆ। ਸਹੁਰੇ ਘਰ ਆਉਣ ਤੋਂ ਬਾਅਦ ਸੁਚਿੱਤਰਾ ਸੇਨ ਦਾ ਉਹ ਸੁਪਨਾ ਪੂਰਾ ਹੋਇਆ ਜੋ ਉਨ੍ਹਾਂ ਦੀਆਂ ਅੱਖਾਂ ਵਿੱਚ ਸੀ। ਉਨ੍ਹਾਂ ਦੇ ਸਹੁਰੇ ਤੇ ਪਤੀ ਨੇ ਉਨ੍ਹਾਂ ਦੇ ਅਦਾਕਾਰਾ ਬਣਨ ਦੇ ਸੁਪਨੇ ਦਾ ਪੂਰਾ ਸਮਰਥਨ ਕੀਤਾ। ਸਾਲ 1952 'ਚ ਸੁਚਿੱਤਰਾ ਸੇਨ ਨੇ ਬੰਗਾਲੀ ਫਿਲਮ 'ਸ਼ੇਸ਼ ਕੋਠਾਏ' ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਿਆ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ ਹਿੰਦੀ ਤੇ ਬੰਗਾਲੀ ਸਿਨੇਮਾ 'ਚ 61 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਪਰ ਇਸ ਸਫਲਤਾ ਦੀ ਕੀਮਤ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਚੁਕਾਉਣੀ ਪਈ। ਕਿਹਾ ਜਾਂਦਾ ਹੈ ਕਿ ਸਟਾਰਡਮ ਕਾਰਨ ਉਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੀ ਸੀ, ਜਿਸ ਕਾਰਨ ਪਤੀ-ਪਤਨੀ ਵਿਚਕਾਰ ਦੂਰੀਆਂ ਵਧ ਗਈਆਂ। ਸਾਲ 1970 'ਚ ਦਿਬਾਨਾਥ ਦਾ ਦਿਹਾਂਤ ਹੋ ਗਿਆ।
ਰਿਪੋਰਟਾਂ ਮੁਤਾਬਕ ਪਤੀ ਦੀ ਮੌਤ ਨੇ ਸੁਚਿੱਤਰਾ ਨੂੰ ਅੰਦਰੋਂ ਤੋੜ ਦਿੱਤਾ ਸੀ, ਪਰ ਬੱਚਿਆਂ ਦੀ ਖਾਤਰ ਉਨ੍ਹਾਂ ਖ਼ੁਦ ਨੂੰ ਸੰਭਾਲਿਆ। 1978 ਉਹ ਸਾਲ ਸੀ ਜਿਸ ਨੇ ਸਭ ਕੁਝ ਬਦਲ ਦਿੱਤਾ। ਉਸ ਸਾਲ ਸੁਚਿੱਤਰਾ ਸੇਨ ਦੀ ਇਕ ਬੰਗਾਲੀ ਫਿਲਮ 'ਪ੍ਰਣੋਏ ਪਾਸ਼ਾ' ਰਿਲੀਜ਼ ਹੋਈ, ਜੋ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਰਹੀ। ਇਸ ਹਾਰ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਹਮੇਸ਼ਾ ਲਈ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ।
ਸਿਰਫ ਫਿਲਮਾਂ ਹੀ ਨਹੀਂ, ਉਨ੍ਹਾਂ ਬਾਹਰੀ ਦੁਨੀਆ ਤੋਂ ਵੀ ਖੁਦ ਨੂੰ ਪੂਰੀ ਤਰ੍ਹਾਂ ਕੱਟ ਲਿਆ। ਕਿਹਾ ਜਾਂਦਾ ਹੈ ਕਿ 36 ਸਾਲਾਂ ਤਕ ਉਹ ਇੱਕੋ ਕਮਰੇ 'ਚ ਬੰਦ ਰਹੀ ਅਤੇ ਪਰਿਵਾਰ ਦੇ ਚੋਣਵੇਂ ਲੋਕਾਂ ਨੂੰ ਹੀ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਸੀ।
ਬੰਗਾਲ ਦੀ ਇਸ 'ਮਹਾਨਾਇਕਾ' ਦੇ ਪ੍ਰਸ਼ੰਸਕਾਂ ਲਈ ਸਭ ਤੋਂ ਦੁਖਦਾਈ ਪਲ ਉਹ ਸੀ, ਜਦੋਂ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੀ ਮਨਪਸੰਦ ਅਦਾਕਾਰਾ ਦੀ ਆਖਰੀ ਝਲਕ ਦੇਖਣ ਨੂੰ ਨਹੀਂ ਮਿਲੀ। 17 ਜਨਵਰੀ 2014 ਨੂੰ ਹਾਰਟ ਅਟੈਕ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਫਿਲਮਾਂ ਤੋਂ ਦੂਰ ਹੋਣ ਤੋਂ ਬਾਅਦ ਉਹ ਅਧਿਆਤਮਕ ਜੀਵਨ ਜੀਅ ਰਹੀ ਸਨ ਜਿਸ ਕਾਰਨ ਮੌਤ ਤੋਂ ਬਾਅਦ ਵੀ ਉਨ੍ਹਾਂ ਦਾ ਚਿਹਰਾ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਗਿਆ ਅਤੇ ਕਿਸੇ ਨੂੰ ਨਹੀਂ ਦਿਖਾਇਆ ਗਿਆ।