ਅਦਾਕਾਰ ਗੈਵੀ ਚਾਹਲ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਨਿੱਤਰੇ, ਪਸ਼ੂਆਂ ਲਈ ਚਾਰਾ ਭੇਜਣ ਦੀ ਚਲਾਈ ਮੁਹਿੰਮ
ਨੇੜਲੇ ਪਿੰਡ ਦੁੱਧੜ ਦੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਬਾਲੀਵੁੱਡ ’ਚ ਪੰਜਾਬੀਆਂ ਦੇ ਝੰਡਾਬਰਦਾਰ ਗੈਵੀ ਚਹਿਲ ਦੀ ਪ੍ਰੇਰਨਾ ਤੇ ਸਹਿਯੋਗ ਨਾਲ ਪੰਜਾਬ ’ਚ ਆਏ ਹੜ੍ਹਾਂ ਤੋਂ ਪੀੜਿਤ ਲੋਕਾਂ ਦੇ ਪਸ਼ੂ ਧਨ ਲਈ ਚਾਰਾ ਤੇ ਤੂੜੀ ਇਕੱਤਰ ਕਰਕੇ ਅੱਜ ਮਾਝੇ ਵੱਲ ਰਵਾਨਾ ਕਰਨ ਦੀ ਸ਼ੁਰੂਆਤ ਕੀਤੀ। ਤਕਰੀਬਨ ਡੇਢ ਦਰਜਨ ਦੇ ਕਰੀਬ ਤੂੜੀ ਨਾਲ ਭਰੀਆਂ ਖੜ੍ਹੀਆਂ ਟਰਾਲੀਆਂ ’ਚੋਂ ਹਰ ਰੋਜ ਦੋ-ਤਿੰਨ ਟਰਾਲੀਆਂ ਵੱਖ-ਵੱਖ
Publish Date: Sat, 06 Sep 2025 11:39 AM (IST)
Updated Date: Sat, 06 Sep 2025 11:41 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨੇੜਲੇ ਪਿੰਡ ਦੁੱਧੜ ਦੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਬਾਲੀਵੁੱਡ ’ਚ ਪੰਜਾਬੀਆਂ ਦੇ ਝੰਡਾਬਰਦਾਰ ਗੈਵੀ ਚਹਿਲ ਦੀ ਪ੍ਰੇਰਨਾ ਤੇ ਸਹਿਯੋਗ ਨਾਲ ਪੰਜਾਬ ’ਚ ਆਏ ਹੜ੍ਹਾਂ ਤੋਂ ਪੀੜਿਤ ਲੋਕਾਂ ਦੇ ਪਸ਼ੂ ਧਨ ਲਈ ਚਾਰਾ ਤੇ ਤੂੜੀ ਇਕੱਤਰ ਕਰਕੇ ਅੱਜ ਮਾਝੇ ਵੱਲ ਰਵਾਨਾ ਕਰਨ ਦੀ ਸ਼ੁਰੂਆਤ ਕੀਤੀ। ਤਕਰੀਬਨ ਡੇਢ ਦਰਜਨ ਦੇ ਕਰੀਬ ਤੂੜੀ ਨਾਲ ਭਰੀਆਂ ਖੜ੍ਹੀਆਂ ਟਰਾਲੀਆਂ ’ਚੋਂ ਹਰ ਰੋਜ ਦੋ-ਤਿੰਨ ਟਰਾਲੀਆਂ ਵੱਖ-ਵੱਖ ਥਾਵਾਂ ਨੂੰ ਰਵਾਨਾ ਕੀਤੀਆਂ ਜਾਣਗੀਆਂ। ਜਿੰਨ੍ਹਾਂ ਵਿੱਚ ਇੱਕ ਟਰਾਲੀ ਰਾਸ਼ਨ ਵੀ ਸ਼ਾਮਲ ਹੈ। ਅੱਜ ਰਵਾਨਾ ਹੋਈਆਂ ਟਰਾਲੀਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ’ਚ ਲੋੜਵੰਦਾਂ ਤੱਕ ਰਾਸ਼ਨ ਤੇ ਪਸ਼ੂਆਂ ਤੱਕ ਚਾਰਾ ਪਹੁੰਚਾਉਣਗੀਆਂ।
ਇਸ ਮੌਕੇ ਗੈਵੀ ਚਾਹਲ ਫਾਊਂਡੇਸ਼ਨ ਦੇ ਮੈਂਬਰਾਂ ਤੇ ਗ੍ਰਾਮ ਪੰਚਾਇਤ ਦੁੱਧੜ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਕਾਰਜ ਲਈ ਪਿੰਡ ਵਾਸੀਆਂ ਵੱਲੋਂ ਵੀ ਭਰਵਾਂ ਸਹਿਯੋਗ ਮਿਿਲਆ ਹੈ। ਇਸ ਮੌਕੇ ਗੈਵੀ ਚਹਿਲ ਨੇ ਦੱਸਿਆ ਕਿ ਉਸ ਦਾ ਫਰਜ ਬਣਦਾ ਹੈ ਕਿ ਉਹ ਸਾਡੇ ਗੁਰੂਆਂ ਵੱਲੋਂ ਦਰਸਾਏ ਮਾਰਗ ਅਨੁਸਾਰ ਆਪਣੀ ਕਮਾਈ ’ਚੋਂ ਮਨੁੱਖਤਾ ਦੀ ਭਲਾਈ ਲਈ ਦਸਵੰਧ ਕੱਢੇ। ਇਸੇ ਤਹਿਤ ਹੀ ਉਨ੍ਹਾਂ ਦੀ ਫਾਊਂਡੇਸ਼ਨ ਨੇ ਪਿੰਡ ਦੁੱਧੜ ਵਾਸੀ ਜੱਸੀ ਸਰਪੰਚ ਤੇ ਸਾਥੀਆਂ ਨਾਲ ਸੰਪਰਕ ਬਣਾਇਆ ਅਤੇ ਇਹ ਕਾਰਜ ਸਾਂਝੇ ਤੌਰ ’ਤੇ ਕਰਨ ਦਾ ਬੀੜਾ ਚੁੱਕਿਆ। ਜਿਸ ਲਈ ਪਿੰਡ ਵਾਸੀਆਂ ਨੇ ਖੂਬ ਹੁੰਗਾਰਾ ਭਰਿਆ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ।
ਗੈਵੀ ਚਾਹਲ ਨੇ ਅਪੀਲ ਕੀਤੀ ਕਿ ਜੋ ਵੀ ਸੱਜਣ ਇਸ ਨੇਕ ਕਾਰਜ ’ਚ ਹਿੱਸਾ ਪਾਉਣਾ ਚਾਹੁੰਦਾ ਹੈ, ਉੁਹ ਗੈਵੀ ਚਾਹਲ ਫਾਊਂਡੇਸ਼ਨ ਅਤੇ ਗ੍ਰਾਮ ਪੰਚਾਇਤ ਦੁੱਧੜ ਦੇ ਨੁਮਾਇੰਦਿਆਂ ਨਾਲ ਸੰਪਰਕ ਬਣਾ ਸਕਦਾ ਹੈ। ਜੱਸੀ ਸਰਪੰਚ ਨੇ ਦੱਸਿਆ ਕਿ ਹੜ੍ਹ ਪੀੜਤ ਇਨਸਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਪਸ਼ੂਆਂ ਲਈ ਚਾਰੇ ਦੀ ਸਖ਼ਤ ਜ਼ਰੂਰਤ ਹੈ। ਇਸ ਕਰਕੇ ਉਨ੍ਹਾਂ ਗੈਵੀ ਚਹਿਲ ਦੀ ਪ੍ਰੇਰਨਾ ਤੇ ਮੱਦਦ ਨਾਲ ਇਹ ਕਾਰਜ ਵਿੱਢਿਆ ਹੈ।ਇਸ ਮੌਕੇ ਆਸਟਰੇਲੀਆ ਤੋਂ ਆਏ ਗੁਰਪ੍ਰੀਤ ਸਿੰਘ ਸਰਾਂ ਨੇ ਵੀ ਸੇਵਾ ’ਚ ਹਿੱਸਾ ਪਾਇਆ। ਖਾਸ ਗੱਲ ਇਹ ਹੈ ਕਿ ਚਾਰੇ ਵਾਲੀਆਂ ਟਰਾਲੀਆਂ ’ਤੇ ਕੋਈ ਫਲੈਕਸ ਆਦਿ ਨਹੀਂ ਲਗਾਈ ਇਸ ਨੂੰ ਗੁਪਤਦਾਨ ਵਜੋਂ ਹੀ ਭੇਜਿਆ ਗਿਆ ਹੈ। ਪਿੰਡ ਵਾਸੀਆਂ ਨੇ ਗੈਵੀ ਚਾਹਲ ਫਾਊਂਡੇਸ਼ਨ ਦਾ ਸਹਿਯੋਗ ਲਈ ਉਚੇਚੇ ਤੌਰ ’ਤੇ ਧੰਨਵਾਦ ਕੀਤਾ, ਗੈਵੀ ਚਾਹਲ ਅਤੇ ਗੁਰਪ੍ਰੀਤ ਸਰਾਂ ਨੂੰ ਸਿਰੋਪਾਓ ਭੇਟ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।