ਗਾਇਕ ਦਿਲਜੀਤ ਦੋਸਾਂਝ ਦੇ ਨਾਂ ’ਤੇ ਠੱਗੇ 1.07 ਕਰੋੜ, ਰੈਸਟੋਰੈਂਟ ਦੀ ਪ੍ਰਮੋਸ਼ਨ ਲਈ ਗਾਇਕ ਨੂੰ ਸੱਦਣ ਦਾ ਕੀਤਾ ਸੀ ਵਾਅਦਾ
ਪਾਰਕ ਵੈੱਲ ਸੁਸਾਇਟੀ ਮਸੂਰੀ ਰੋਡ ਵਾਸੀ ਅਭਿਸ਼ੇਕ ਪਾਰਿਖ ਨੇ ਪੁਲਿਸ ਨੂੰ ਦੱਸਿਆ ਉਸ ਦੀ ਮੁਲਾਕਾਤ ਪ੍ਰੀਤਮ ਸਿੰਘ ਚਟਵਾਲ ਦੇ ਜ਼ਰੀਏ ਐੱਮਐੱਸ ਏਡੀਆਰ ਟ੍ਰੇਡਰਜ਼ ਦੇ ਸੰਚਾਲਕ ਅੰਕਿਤ ਸਿੰਘ ਰਾਵਤ ਨਾਲ ਹੋਈ ਸੀ। ਉਸ ਨੇ ਖੁੱਦ ਨੂੰ ਨਾਮਵਰ ਟ੍ਰੇਡਰਜ਼ ਦੱਸਿਆ।
Publish Date: Fri, 17 Apr 2026 10:05 AM (IST)
Updated Date: Fri, 17 Apr 2026 10:07 AM (IST)
ਜਾਸ, ਦੇਹਰਾਦੂਨ : ਨਿਵੇਸ਼ ਕਰਾਉਣ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਰੈਸਟੋਰੈਂਟ ਦੀ ਪ੍ਰਮੋਸ਼ਨ ਲਈ ਸੱਦਣ ਦਾ ਝਾਂਸਾ ਦੇ ਕੇ ਮੁਲਜ਼ਮਾਂ ਨੇ ਇਕ ਕਾਰੋਬਾਰੀ ਤੋਂ 1.07 ਕਰੋੜ ਰੁਪਏ ਠੱਗ ਲਏ। ਇਸ ਮਾਮਲੇ ’ਚ ਦੇਹਰਾਦੂਨ ਪੁਲਿਸ ਨੇ ਕੰਪਨੀ ਸਮੇਤ ਚਾਰ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪਾਰਕ ਵੈੱਲ ਸੁਸਾਇਟੀ ਮਸੂਰੀ ਰੋਡ ਵਾਸੀ ਅਭਿਸ਼ੇਕ ਪਾਰਿਖ ਨੇ ਪੁਲਿਸ ਨੂੰ ਦੱਸਿਆ ਉਸ ਦੀ ਮੁਲਾਕਾਤ ਪ੍ਰੀਤਮ ਸਿੰਘ ਚਟਵਾਲ ਦੇ ਜ਼ਰੀਏ ਐੱਮਐੱਸ ਏਡੀਆਰ ਟ੍ਰੇਡਰਜ਼ ਦੇ ਸੰਚਾਲਕ ਅੰਕਿਤ ਸਿੰਘ ਰਾਵਤ ਨਾਲ ਹੋਈ ਸੀ। ਉਸ ਨੇ ਖੁੱਦ ਨੂੰ ਨਾਮਵਰ ਟ੍ਰੇਡਰਜ਼ ਦੱਸਿਆ। ਭਰੋਸਾ ਜਿੱਤਣ ਲਈ ਨਿਵੇਸ਼ ਤੇ ਮੁਨਾਫੇ ਦੇ ਫਰਜ਼ੀ ਦਸਤਾਵੇਜ਼ ਦਿਖਾਏ। ਮੁਲਜ਼ਮ ਨੇ ਝਾਂਸਾ ਦਿੱਤਾ ਕਿ ਜੇ ਉਹ 90 ਲੱਖ ਰੁਪਏ ਦਾ ਨਿਵੇਸ਼ ਕਰੇਗਾ ਤਾਂ ਉਸ ਨੂੰ ਰੋਜ਼ਾਨਾ 1.8 ਲੱਖ ਰੁਪਏ ਦਾ ਲਾਭ ਹੋਵੇਗਾ। ਉਸ ਦੀਆਂ ਗੱਲਾਂ ’ਚ ਆ ਕੇ ਅਭਿਸ਼ੇਕ ਨੇ 90 ਲੱਖ ਰੁਪਏ ਦੇ ਦਿੱਤੇ। ਮੁਲਜ਼ਮਾਂ ਨੇ 7.80 ਲੱਖ ਰੁਪਏ ਮੁਨਾਫਾ ਦਿੱਤਾ। ਇਸ ਤੋਂ ਬਾਅਦ ਕਈ ਦਿਨਾਂ ਤੱਕ ਮੁਨਾਫਾ ਨਹੀਂ ਮਿਲਿਆ ਤਾਂ ਉਸ ਨੇ ਸ਼ਿਕਾਇਤ ਕੀਤੀ।
ਮਾਰਚ 2026 ’ਚ ਪੀੜਤ ਨੇ ਰੈਸਟੋਰੈਂਟ ਖੋਲ੍ਹਿਆ। ਇਸ ਦੀ ਪ੍ਰਮੋਸ਼ਨ ਦੇ ਮੌਕੇ ਅੰਕਿਤ ਨੇ ਦਾਅਵਾ ਕੀਤਾ ਉਹ ਗਾਇਕ ਦਿਲਜੀਤ ਦੋਸਾਂਝ ਨੂੰ ਜਾਣਦਾ ਹੈ ਤੇ ਉਸ ਨੂੰ ਸੱਦ ਸਕਦਾ ਹੈ। ਇਸ ਦੇ ਬਦਲੇ ਉਸ ਨੇ 24 ਲੱਖ ਰੁਪਏ ਲਏ। ਇਸ ਤੋਂ ਬਾਅਦ ਮੁਲਜ਼ਮ ਨੇ ਫਲਾਈਟ ਬੁਕਿੰਗ ਤੇ ਹੋਟਲ ਬੁਕਿੰਗ ਦੇ ਨਾਂ ’ਤੇ ਡੇਢ ਲੱਖ ਰੁਪਏ ਹੋਰ ਲੈ ਲਏ। ਜਦ ਕਾਫੀ ਦਿਨਾਂ ਤੱਕ ਗਾਇਕ ਨਹੀਂ ਆਇਆ ਤਾਂ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ। ਪੀੜਤ ਅਨੁਸਾਰ ਉਹ ਮੁਲਜ਼ਮ ਨੂੰ ਕੁੱਲ ਇਕ ਕਰੋੜ 15 ਲੱਖ 50 ਹਜ਼ਾਰ ਰੁਪਏ ਦੇ ਚੁੱਕਾ ਹੈ, ਜਿਸ ’ਚੋਂ ਸਿਰਫ 7.80 ਲੱਖ ਰੁਪਏ ਹੀ ਵਾਪਸ ਕੀਤੇ ਗਏ। ਰਾਜਪੁਰ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।