ਜੇਐੱਨਐੱਨ, ਪੂਰਬੀ ਦਿੱਲੀ : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਇਕ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਜਿਨ੍ਹਾਂ ਦੋ ਥਾਵਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਕੀਤੀ, ਉਨ੍ਹਾਂ ਦੋਵਾਂ ਹਲਕਿਆਂ 'ਚ ਭਾਜਪਾ ਕੁਝ ਸੀਟਾਂ ਜਿੱਤਣ 'ਚ ਕਾਮਯਾਬ ਰਹੀ, ਬਾਕੀ ਕਿਸੇ ਲੋਕ ਸਭਾ ਹਲਕੇ 'ਚ ਪਾਰਟੀ ਇਕ ਵੀ ਸੀਟ ਹਾਸਲ ਨਹੀਂ ਕਰ ਸਕੀ।

ਪੂਰੀ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ 'ਚ ਯਮੁਨਾਪਾਰ ਨੇ ਭਾਜਪਾ ਨੂੰ ਜ਼ਿੰਦਾ ਰੱਖਿਆ ਹੈ। ਇੱਥੇ ਉੱਤਰ-ਪੂਰਬੀ ਅਤੇ ਪੂਰਬੀ ਸੰਸਦੀ ਹਲਕੇ ਦੀਆਂ ਕੁੱਲ 16 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ 'ਚੋਂ 6 ਸੀਟਾਂ ਭਾਜਪਾ ਦੇ ਖਾਤੇ 'ਚ ਆਉਂਦੀਆਂ ਦਿਸ ਰਹੀਆਂ ਹਨ। ਇਨ੍ਹਾਂ 'ਚ ਸੰਸਦ ਮੈਂਬਰ ਗੌਤਮ ਗੰਭੀਰ ਦੇ ਸੰਸਦੀ ਹਲਕੇ ਦੀਆਂ ਤਿੰਨ ਸੀਟਾਂ ਲਕਸ਼ਮੀ ਨਗਰ, ਗਾਂਧੀ ਨਗਰ ਅਤੇ ਵਿਸ਼ਵਾਸ ਨਗਰ ਸ਼ਾਮਲ ਹਨ। ਉੱਥੇ, ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਦੇ ਸੰਸਦੀ ਹਲਕੇ ਦੀਆਂ ਵੀ ਤਿੰਨ ਸੀਟਾਂ ਘੋਂਡਾ, ਰੋਹਤਾਸ ਨਗਰ ਅਤੇ ਕਰਾਵਲ ਨਗਰ ਸ਼ਾਮਲ ਹਨ।

ਲਕਸ਼ਮੀ ਨਗਰ ਤੋਂ ਭਾਜਪਾ ਦੇ ਅਭੈ ਵਰਮਾ, ਗਾਂਧੀ ਨਗਰ ਤੋਂ ਅਨਿਲ ਵਾਜਪਾਈ, ਵਿਸ਼ਵਾਸ ਨਗਰ ਤੋਂ ਓਮ ਪ੍ਰਕਾਸ਼ ਸ਼ਰਮਾ ਦੀ ਜਿੱਤ ਹੋਈ ਹੈ। ਵਿਸ਼ਵਾਸ ਨਗਰ ਤੋਂ ਪਿਛਲੀ ਵਾਰ ਵੀ ਭਾਜਪਾ ਹੀ ਜਿੱਤੀ ਸੀ। ਉੱਥੇ, ਰੋਹਤਾਸ ਨਗਰ ਤੋਂ ਭਾਜਪਾ ਦੇ ਜਿਤੇਂਦਰ ਮਹਾਜਨ ਨੇ ਆਪ ਦੀ ਵਿਧਾਇਕਾ ਸਰਿਤਾ ਸਿੰਘ ਨੂੰ ਮਾਤ ਦਿੱਤੀ। ਘੋਂਡਾ 'ਚ ਭਾਜਪਾ ਉਮੀਦਵਾਰ ਅਜੈ ਮਹਾਵਰ ਅਤੇ ਕਰਾਵਲ ਨਗਰ ਤੋਂ ਮੋਹਨ ਸਿੰਘ ਬਿਸ਼ਟ ਜਿੱਤ ਦੇ ਲਗਪਗ ਨੇੜੇ ਹਨ। ਮੋਹਨ ਸਿੰਘ ਬਿਸ਼ਟ ਪੁਰਾਣੇ ਭਾਜਪਾ ਨੇਤਾ ਹਨ ਅਤੇ ਉਹ ਪਹਿਲਾਂ ਵੀ ਚੋਣ ਜਿੱਤ ਚੁੱਕੇ ਹਨ। ਇਲਾਕੇ 'ਚ ਉਨ੍ਹਾਂ ਦੀ ਪਕੜ ਚੰਗੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਜਨਤਾ ਵਿਚਕਾਰ ਵੀ ਬਣੇ ਰਹਿੰਦੇ ਹਨ।

ਦਰਅਸਲ, ਯਮੁਨਾਨਗਰ ਦੀਆਂ ਦੋਵੇਂ ਲੋਕ ਸਭਾ ਸੀਟਾਂ 'ਤੇ ਯੂਪੀ ਅਤੇ ਬਿਹਾਰ ਦੇ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਇਸ ਕਾਰਨ ਇਹ ਮੰਨਿਆ ਜਾ ਰਿਹਾ ਸੀ ਕਿ ਮਨੋਜ ਤਿਵਾੜੀ ਨੂੰ ਪਸੰਦ ਕਰਨ ਵਾਲੇ ਉਨ੍ਹਾਂ ਦੀ ਹੀ ਪਾਰਟੀ ਨੂੰ ਵੋਟ ਦੇਣਗੇ, ਇੱਥੇ ਆਮ ਆਦਮੀ ਪਾਰਟੀ ਦਾ ਜ਼ਿਆਦਾ ਜ਼ੋਰ ਨਹੀਂ ਚੱਲੇਗਾ। ਸੰਨ 2015 ਦੀਆਂ ਚੋਣਾਂ 'ਚ ਜਦੋਂ ਆਮ ਆਦਮੀ ਪਾਰਟੀ ਨੂੰ 67 ਸੀਟਾਂ ਮਿਲੀਆਂ ਸਨ, ਉਸ ਸਮੇਂ ਵੀ ਇੱਥੋਂ ਭਾਜਪਾ ਨੂੰ ਸੀਟ ਮਿਲੀ ਸੀ, ਜਦੋਂਕਿ ਬਾਕੀ ਦਿੱਲੀ 'ਚ ਉਨ੍ਹਾਂ ਨੂੰ ਇਕ ਵੀ ਸੀਟ ਨਹੀਂ ਮਿਲ ਸਕੀ। ਇਸ ਵਾਰ ਚੋਣਾਂ 'ਚ ਵੀ ਭਾਜਪਾ ਨੂੰ ਇੱਥੋਂ ਜ਼ਿਆਦਾ ਸੀਟਾਂ ਮਿਲੀਆਂ ਹਨ। ਇਸ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਭਾਜਪਾ ਦੇ ਵੋਟਰਾਂ 'ਚ ਕਿਸੇ ਤਰ੍ਹਾਂ ਸੰਨ੍ਹ ਨਹੀਂ ਲੱਗ ਸਕੀ।

ਇਕ ਵੱਡਾ ਕਾਰਨ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਵੀ ਦੱਸਿਆ ਜਾ ਰਿਹਾ ਹੈ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਸਿਰਫ਼ ਦੋ ਥਾਵਾਂ 'ਤੇ ਹੀ ਰੈਲੀਆਂ ਕੀਤੀਆਂ, ਜਿਨ੍ਹਾਂ 'ਚ ਇਕ ਸ਼ਾਹਦਰਾ ਅਤੇ ਦੂਜੀ ਦੁਆਰਕਾ 'ਚ ਕੀਤੀ ਗਈ। ਉਨ੍ਹਾਂ ਦੀ ਰੈਲੀ ਦਾ ਦੋਵੇਂ ਥਾਵਾਂ 'ਤੇ ਥੋੜ੍ਹਾ ਬਹੁਤ ਅਸਰ ਦਿਸਿਆ। ਇਨ੍ਹਾਂ ਦੋਵੇਂ ਥਾਵਾਂ 'ਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਬਾਕੀ ਕਿਸੇ ਲੋਕ ਸਭਾ ਹਲਕੇ 'ਚ ਭਾਜਪਾ ਉਮੀਦਵਾਰ ਲਈ ਜਿੱਤ ਸਕਣਾ ਮੁਸ਼ਕਿਲ ਹੋ ਗਿਆ।

Posted By: Jagjit Singh