Punjab 10th Result 2022 update : ਸਤਵਿੰਦਰ ਧੜਾਕ, ਮੁਹਾਲੀ : ਲੰਬੇ ਸਮੇਂ ਤੋਂ ਪੰਜਾਬ ਬੋਰਡ 10ਵੀਂ ਦੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਅਪਡੇਟ। ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ ਜਿਸ ਵਿਚ 97.94 ਫ਼ੀਸਦ ਬੱਚੇ ਪਾਸ ਹੋਏ ਹਨ। ਟਾਪਰ 3 ਕੁੜੀਆਂ ਹਨ। ਫ਼ਿਰੋਜ਼ਪੁਰ ਦੀ ਨੈਨਸੀ 99.08 ਫ਼ੀਸਦੀ ਅੰਕਾਂ ਨਾਲ ਪੰਜਾਬ ਭਰ 'ਚੋਂ ਅੱਵਲ। ਪਹਿਲੇ ਨੰਬਰ 'ਤੇ ਨੈਨਸੀ ਰਾਣਾ (ਫਿਰੋਜ਼ਪੁਰ) 650 'ਚੋਂ 644 (99.8 %) ਸਰਕਾਰੀ ਹਾਈ ਸਕੂਲ ਸਕੀਏਵਾਲਾ ਫਿਰੋਜ਼ਪੁਰ, ਸੰਗਰੂਰ ਦੀ ਦਿਲਪ੍ਰੀਤ ਕੌਰ ਦੂਸਰੇ ਨੰਬਰ 'ਤੇ 644 ਨੰਬਰਾਂ ਨਾਲ ਤੇ ਤੀਜੇ ਨੰਬਰ ਕੋਮਲਪ੍ਰੀਤ ਕੌਰ ਵਾਸੀ ਸੰਗਰੂਰ ਹੈ ਤੇ ਉਸ ਨੇ 642 ਨੰਬਰ 98.77 ਫ਼ੀਸਦ ਹੈ। 312 ਵਿਦਿਆਰਥੀ ਮੈਰਿਟ 'ਚ ਆਏ ਹਨ। ਇਹ ਨਤੀਜਾ 6 ਜੁਲਾਈ 2022 ਬਾਅਦ ਦੁਪਹਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ indiaresults.com 'ਤੇ ਪਰੀਖਿਆਰਥੀਆਂ ਲਈ ਉਪਲਬਧ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇਆਰ ਮਹਿਰੋਕ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ਮੰਗਲਵਾਰ 5 ਜੁਲਾਈ 2022 ਨੂੰ 12:15 ਵਜੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ।

ਅਕਾਦਮਿਕ ਵਰ੍ਹੇ 2021-22 ਦੀ ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ (ਸਮੇਤ ਪ੍ਰਯੋਗੀ ਵਿਸ਼ੇ) ’ਚ 3 ਲੱਖ 23 ਹਜ਼ਾਰ 361 (ਓਪਨ ਸਕੂਲ ਮਿਲਾ ਕੇ) ਵਿਦਿਆਰਥੀ ਸ਼ਾਮਲ ਹੋਏ ਸਨ। ਇਨ੍ਹਾਂ ’ਚੋਂ 3 ਲੱਖ 16 ਹਜ਼ਾਰ 699 ਪਾਸ ਹੋਏ ਤੇ ਨਤੀਜਾ 97.94 ਫ਼ੀਸਦੀ ਰਿਹਾ। ਮੰਗਲਵਾਰ ਨੂੰ ਐਲਾਨੇ ਗਏ ਨਤੀਜਿਆਂ ’ਚ 650 ’ਚੋਂ 644 ਅੰਕ (99.08 ਫ਼ੀਸਦ) ਲੈ ਕੇ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਫ਼ਿਰੋਜ਼ਪੁਰ ਦੀ ਵਿਦਿਆਰਥਣ ਨੈਨਸੀ ਰਾਣੀ ਪੁੱਤਰੀ ਰਾਮ ਕ੍ਰਿਸ਼ਨ ਪੰਜਾਬ ਭਰ ’ਚੋਂ ਅੱਵਲ ਰਹੀ। ਦਿਲਪ੍ਰੀਤ ਕੌਰ ਪੁੱਤਰੀ ਰੱਬੀ ਸਿੰਘ ਜ਼ਿਲ੍ਹਾ ਸੰਗਰੂਰ ਨੇ ਵੀ 644 (99.08 ਫ਼ੀਸਦੀ) ਅੰਕ ਹਾਸਲ ਕੀਤੇ ਪਰ ਉਮਰ ਵੱਧ ਹੋਣ ਕਾਰਨ ਉਸ ਨੂੰ ਦੂਜੇ ਸਥਾਨ ’ਤੇ ਰੱਖਿਆ ਗਿਆ। ਇਸੇ ਤਰ੍ਹਾਂ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਜ਼ਿਲ੍ਹਾ ਸੰਗਰੂਰ ਨੇ 642 (98.77 ਫ਼ੀਸਦ) ਅੰਕ ਹਾਸਲ ਕਰ ਕੇ ਤੀਜੇ ਸਥਾਨ ’ਤੇ ਰਹੀ।

ਲੰਘੇ ਅਕਾਦਮਿਕ ਸਾਲ ’ਚ 35 ਵਿਸ਼ਿਆਂ ਦੀਆ ਪ੍ਰੀਖਿਆਵਾਂ ਲਈਆਂ ਗਈਆਂ ਸਨ। ਇਨ੍ਹਾਂ ਦੇ ਅੰਕਾਂ ਨੂੰ ਆਧਾਰ ਮੰਨ ਕੇ (99.08 ਤੋਂ 96.77 ਫ਼ੀਸਦੀ ਅੰਕਾਂ ਵਾਲੇ) 312 ਪ੍ਰੀਖਿਆਰਥੀਆਂ ਨੂੰ ਮੈਰਿਟ ਸੂਚੀ ’ਚ ਜਗ੍ਹਾ ਦਿੱਤੀ ਗਈ ਹੈ। ਇਸ ਸਾਲ ਕੁਲ 3 ਲੱਖ 11 ਹਜ਼ਾਰ 545 ਰੈਗੂਲਰ ਪ੍ਰੀਖਿਆਰਥੀਆਂ ’ਚੋਂ 3 ਲੱਖ 8 ਹਜ਼ਾਰ 627 ਵਿਦਿਆਰਥੀ ਪਾਸ ਤੇ 126 ਫੇਲ੍ਹ ਹੋਏ। 2475 ਦੀ ਰੀਅਪੀਅਰ ਆਈ ਤੇ 317 ਦਾ ਨਤੀਜਾ ਦਸਤਾਵੇਜ਼ਾਂ ਦੀ ਘਾਟ ਕਾਰਨ ਰੋਕਿਆ ਗਿਆ ਹੈ।

ਇਸੇ ਤਰ੍ਹਾਂ ਓਪਨ ਸਕੂਲ ’ਚ ਕੁੱਲ 11 ਹਜ਼ਾਰ 816 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ’ਚੋਂ ’ਚੋਂ 8 ਹਜ਼ਾਰ 72 ਪਾਸ ਹੋਏ ਤੇ ਨਤੀਜਾ 68.31 ਫ਼ੀਸਦੀ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਨਤੀਜਿਆਂ ’ਚ ਕਿਸੇ ਵੀ ਵਿਦਿਆਰਥੀ ਨੂੰ ਗ੍ਰੇਸ ਨਹੀਂ ਦਿੱਤੀ ਗਈ।

6 ਜੁਲਾਈ ਤੋਂ ਬਾਅਦ ਵਿਦਿਆਰਥੀ ਨਿੱਜੀ ਤੌਰ 'ਤੇ ਨਤੀਜਾ ਜਾਣ ਸਕਣਗੇ

ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਹੋਣਹਾਰ ਵਿਦਿਆਰਥੀਆਂ ਦੀ ਸੂਚੀ ਮੰਗਲਵਾਰ ਨੂੰ ਹੀ ਜਾਰੀ ਕਰੇਗਾ, ਜਦਕਿ ਸਕੂਲਾਂ ਦੇ ਵਿਦਿਆਰਥੀ 6 ਜੁਲਾਈ ਯਾਨੀ ਬੁੱਧਵਾਰ ਨੂੰ ਬੋਰਡ ਦੀਆਂ ਵੈੱਬਸਾਈਟਾਂ www.pseb.ac.in ਤੇ indiaresults.com 'ਤੇ ਨਿੱਜੀ ਤੌਰ 'ਤੇ ਆਪਣੇ ਨਤੀਜੇ ਜਾਣ ਸਕਣਗੇ।

ਸਕੂਲਾਂ ਨੇ ਕੀਤੇ ਪ੍ਰਬੰਧ

PSEB ਨੇ ਮੰਗਲਵਾਰ ਨੂੰ ਅਧਿਕਾਰਤ ਤੌਰ 'ਤੇ ਨਤੀਜਾ ਘੋਸ਼ਿਤ ਕਰਨ ਦੀ ਗੱਲ ਕਹੀ ਹੈ, ਜਿਵੇਂ ਹੀ ਸਕੂਲਾਂ ਨੂੰ ਇਸ ਦੀ ਜਾਣਕਾਰੀ ਮਿਲੀ, ਸਕੂਲਾਂ ਨੇ ਨਤੀਜੇ ਨੂੰ ਲੈ ਕੇ ਸਾਰੇ ਪ੍ਰਬੰਧ ਕਰ ਲਏ। ਸਕੂਲਾਂ ਨੇ ਸੰਭਾਵੀ ਟਾਪਰਾਂ ਨੂੰ ਸਵੇਰੇ ਹੀ ਸਕੂਲ ਬੁਲਾਉਣ ਲਈ ਕਿਹਾ ਤਾਂ ਜੋ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਕੋਈ ਦਿੱਕਤ ਨਾ ਆਵੇ।

Posted By: Seema Anand