ਕਈ ਵਿਦਿਆਰਥੀ ਜੇਈਈ ਮੇਨ (JEE Main) ਦੀ ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਬੋਰਡ ਪ੍ਰੀਖਿਆ 'ਚ 75 ਫੀਸਦੀ ਅੰਕ ਹਾਸਲ ਕਰਨ 'ਚ ਅਸਫਲ ਰਹੇ ਹਨ ਜਿਸ ਕਾਰਨ ਹੁਣ ਉਨ੍ਹਾਂ ਲਈ IIT, NIT ਅਤੇ IIIT ਵਰਗੇ ਨਾਮਵਰ ਸੰਸਥਾਵਾਂ 'ਚ ਦਾਖਲਾ ਲੈਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਾਰ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 'ਚ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਕੁੱਲ 85.20 ਫੀਸਦੀ ਰਹੀ ਹੈ ਜੋ ਕਿ ਪਿਛਲੇ 7 ਸਾਲਾਂ 'ਚ ਸਭ ਤੋਂ ਘੱਟ ਹੈ। ਦੱਸ ਦੇਈਏ, ਇਸ ਵਾਰ ਸੀਬੀਐਸਈ ਨੇ ਪੇਪਰਾਂ ਦਾ ਮੁਲਾਂਕਣ ਕਰਨ ਲਈ ਆਨ-ਸਕ੍ਰੀਨ ਮਾਰਕਿੰਗ (OSM) ਤੇ ਸਟੈੱਪ-ਮਾਰਕਿੰਗ ਸਿਸਟਮ ਨੂੰ ਅਪਣਾਇਆ ਸੀ ਜਿਸਦਾ ਸਿੱਧਾ ਅਸਰ ਹੁਣ ਸਾਇੰਸ ਸਟ੍ਰੀਮ ਦੇ ਵਿਦਿਆਰਥੀਆਂ ਦੇ ਨਤੀਜਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ।
ਕਈ ਵਿਦਿਆਰਥੀ ਜੇਈਈ ਮੇਨ (JEE Main) ਦੀ ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਬੋਰਡ ਪ੍ਰੀਖਿਆ 'ਚ 75 ਫੀਸਦੀ ਅੰਕ ਹਾਸਲ ਕਰਨ 'ਚ ਅਸਫਲ ਰਹੇ ਹਨ ਜਿਸ ਕਾਰਨ ਹੁਣ ਉਨ੍ਹਾਂ ਲਈ IIT, NIT ਅਤੇ IIIT ਵਰਗੇ ਨਾਮਵਰ ਸੰਸਥਾਵਾਂ 'ਚ ਦਾਖਲਾ ਲੈਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਸੀਬੀਐਸਈ ਨੇ ਇਸ ਵਾਰ ਪੇਪਰਾਂ ਦਾ ਮੁਲਾਂਕਣ ਕਰਨ ਲਈ ਆਨ-ਸਕ੍ਰੀਨ ਮਾਰਕਿੰਗ ਨੂੰ ਅਪਣਾਇਆ ਹੈ। OSM ਤਹਿਤ ਸਭ ਤੋਂ ਪਹਿਲਾਂ ਉੱਤਰ ਪੱਤਰੀ ਨੂੰ ਸਕੈਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਸਦੀ ਕੰਪਿਊਟਰ ਸਕ੍ਰੀਨ 'ਤੇ ਜਾਂਚ ਕੀਤੀ ਜਾਂਦੀ ਹੈ। ਇਸ ਵਿਚ ਪ੍ਰੀਖਿਆ ਦਾ ਮੁਲਾਂਕਣ ਕਰਨ ਵਾਲੇ ਵਿਸ਼ਾ ਮਾਹਰਾਂ ਨੂੰ ਡਿਜੀਟਲ ਮਾਰਕਿੰਗ ਸਕੀਮ ਦੇ ਤਹਿਤ ਨੰਬਰ ਦੇਣੇ ਹੁੰਦੇ ਹਨ। ਇਸ ਵਿੱਚ ਜੇਕਰ ਵਿਦਿਆਰਥੀ ਦਾ ਉੱਤਰ ਸਹੀ ਹੋਵੇ, ਪਰ ਡਿਜੀਟਲ ਆਨਸਰ ਸਕੀਮ ਨਾਲ ਲਿਖਣ ਦਾ ਤਰੀਕਾ ਥੋੜ੍ਹਾ ਵੱਖਰਾ ਹੋਵੇ ਤਾਂ ਪੂਰੇ ਨੰਬਰ ਨਹੀਂ ਦਿੱਤੇ ਜਾਂਦੇ।
17 ਮਈ ਨੂੰ ਜੇਈਈ ਐਡਵਾਂਸਡ (JEE Advanced) ਪ੍ਰੀਖਿਆ ਕਰਵਾਈ ਜਾਵੇਗੀ ਪਰ ਪ੍ਰੀਖਿਆ 'ਚ ਸ਼ਾਮਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੇ ਮਨਾਂ 'ਚ ਬੋਰਡ ਪ੍ਰੀਖਿਆ ਦਾ ਕ੍ਰਾਈਟੀਰੀਆ (ਮਾਪਦੰਡ) ਪੂਰਾ ਨਾ ਕਰ ਪਾਉਣ ਦੀ ਦੁਬਿਧਾ ਹੈ। ਦਰਅਸਲ ਜੇਈਈ ਐਡਵਾਂਸਡ ਦਾ ਕ੍ਰਾਈਟੀਰੀਆ ਪੂਰਾ ਕਰਨ ਲਈ ਬਾਰ੍ਹਵੀਂ ਜਮਾਤ 'ਚ ਕੁੱਲ 75 ਫੀਸਦੀ ਅੰਕ ਲਾਜ਼ਮੀ ਹਨ। ਅਜਿਹੇ ਵਿਚ ਕੁਝ ਵਿਦਿਆਰਥੀ ਅਜਿਹੇ ਵੀ ਹਨ, ਜਿਨ੍ਹਾਂ ਨੇ ਜੇਈਈ ਮੇਨ ਦੀ ਪ੍ਰੀਖਿਆ ਵਿੱਚ 90 ਤੋਂ 99 ਫੀਸਦੀ ਅੰਕ ਹਾਸਲ ਕੀਤੇ ਹਨ, ਪਰ ਬਾਰ੍ਹਵੀਂ ਬੋਰਡ ਵਿੱਚ 75 ਫੀਸਦੀ ਅੰਕਾਂ ਦਾ ਕ੍ਰਾਈਟੀਰੀਆ ਪੂਰਾ ਨਹੀਂ ਕਰ ਪਾ ਰਹੇ ਹਨ।
ਜਿਹੜੇ ਵਿਦਿਆਰਥੀ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚ ਪ੍ਰਾਪਤ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ, ਉਹ ਆਪਣੀਆਂ ਕਾਪੀਆਂ ਦੀ ਜਾਂਚ ਦੁਬਾਰਾ ਕਰਵਾ ਸਕਦੇ ਹਨ। ਸੀਬੀਐਸਈ ਵੱਲੋਂ ਮੁੜ ਮੁਲਾਂਕਣ ਲਈ ਅਪਲਾਈ ਕਰਨ ਦੀ ਪ੍ਰਕਿਰਿਆ 18 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰੀਵੈਲਯੂਏਸ਼ਨ ਤਹਿਤ ਵਿਦਿਆਰਥੀਆਂ ਨੂੰ ਕਾਪੀਆਂ ਦੀ ਦੁਬਾਰਾ ਜਾਂਚ ਅਤੇ ਮਾਰਕਸ ਵੈਰੀਫਿਕੇਸ਼ਨ ਦੀ ਸਹੂਲਤ ਦਿੱਤੀ ਜਾਵੇਗੀ।