ਐੱਨਟੀਏ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਇਕ ਪੋਸਟ ਜ਼ਰੀਏ ਉਮੀਦਵਾਰਾਂ ਨੂੰ ਇਸ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਹੈ। ਏਜੰਸੀ ਮੁਤਾਬਕ 28 ਮਈ ਨੂੰ ਹੋਣ ਵਾਲੀਆਂ ਦੋਵੇਂ ਸ਼ਿਫਟਾਂ ਦੀਆਂ ਪ੍ਰੀਖਿਆਵਾਂ ਫ਼ਿਲਹਾਲ ਟਾਲ ਦਿੱਤੀਆਂ ਗਈਆਂ ਹਨ। ਪ੍ਰਭਾਵਤ ਵਿਦਿਆਰਥੀ-ਵਿਦਿਆਰਥਣਾਂ ਲਈ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਇਸ ਲਈ ਵੈੱਬਸਾਈਟ ਦੇਖਦੇ ਰਹਿਣ ਲਈ ਕਿਹਾ ਗਿਆ ਹੈ।

ਨਵੀਂ ਦਿੱਲੀ (ਏਐੱਨਆਈ) : ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਐਤਵਾਰ ਨੂੰ ਇਕ ਵੱਡਾ ਫ਼ੈਸਲਾ ਲੈਂਦੇ ਹੋਏ 28 ਮਈ ਨੂੰ ਹੋਣ ਵਾਲੀ ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ ਅੰਡਰਗ੍ਰੈਜੂਏਟ (ਸੀਯੂਈਟੀ-ਯੂਜੀ) ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਸਰਕਾਰ ਵੱਲੋਂ ਈਦ-ਉਲ-ਅਜ਼ਹਾ (ਬਕਰੀਦ) ਦੇ ਤਿਉਹਾਰ ਦੀ ਛੁੱਟੀ ਦੀ ਤਰੀਕ ਵਿਚ ਤਬਦੀਲੀ ਕੀਤੇ ਜਾਣ ਮਗਰੋਂ ਲਿਆ ਗਿਆ ਹੈ।
ਐੱਨਟੀਏ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਇਕ ਪੋਸਟ ਜ਼ਰੀਏ ਉਮੀਦਵਾਰਾਂ ਨੂੰ ਇਸ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਹੈ। ਏਜੰਸੀ ਮੁਤਾਬਕ 28 ਮਈ ਨੂੰ ਹੋਣ ਵਾਲੀਆਂ ਦੋਵੇਂ ਸ਼ਿਫਟਾਂ ਦੀਆਂ ਪ੍ਰੀਖਿਆਵਾਂ ਫ਼ਿਲਹਾਲ ਟਾਲ ਦਿੱਤੀਆਂ ਗਈਆਂ ਹਨ। ਪ੍ਰਭਾਵਤ ਵਿਦਿਆਰਥੀ-ਵਿਦਿਆਰਥਣਾਂ ਲਈ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਇਸ ਲਈ ਵੈੱਬਸਾਈਟ ਦੇਖਦੇ ਰਹਿਣ ਲਈ ਕਿਹਾ ਗਿਆ ਹੈ।
ਕਈ ਸੈਸ਼ਨਾਂ ਤੇ ਪੜਾਵਾਂ ’ਚ ਹੋਵੇਗੀ ਨੀਟ-ਯੂਜੀ
ਪੇਪਰ ਲੀਕ ਤੋਂ ਬਾਅਦ ਮੈਡੀਕਲ ਦੇ ਗ੍ਰੈਜੂਏਸ਼ਨ ਕੋਰਸਾਂ ’ਚ ਦਾਖ਼ਲੇ ਨਾਲ ਜੁੜੀ ਪ੍ਰੀਖਿਆ ਨੀਟ-ਯੂਜੀ ’ਚ ਉਨ੍ਹਾਂ ਸਾਰੇ ਸੁਧਾਰਾਂ ਨੂੰ ਹੁਣ ਰਫ਼ਤਾਰ ਮਿਲ ਸਕਦੀ ਹੈ, ਜਿਨ੍ਹਾਂ ’ਤੇ ਸਿਹਤ ਮੰਤਰਾਲਾ ਹੁਣ ਤੱਕ ਚੁੱਪ ਧਾਰੀ ਬੈਠਾ ਸੀ। ਸਰਕਾਰ ਇਸ ਪ੍ਰੀਖਿਆ ਨੂੰ ਅਗਲੇ ਸਾਲ ਤੋਂ ਕੰਪਿਟਊਰ ਜ਼ਰੀਏ ਕਰਵਾਉਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਹਾਲਾਂਕਿ ਪ੍ਰੀਖਿਆ ਕਈ ਸੈਸ਼ਨਾਂ ਤੇ ਪੜਾਵਾਂ ’ਚ ਕਰਵਾਉਣ, ਪ੍ਰੀਖਿਆ ਦੇਣ ਦੀ ਗਿਣਤੀ ਤੇ ਉਮਰ ਦੀ ਵੱਧ ਤੋਂ ਵੱਧ ਹੱਦ ਤੈਅ ਕਰਨ ਵਰਗੇ ਸੁਝਾਅ ਅਜੇ ਵੀ ਪੈਂਡਿੰਗ ਹਨ। ਮੰਨਿਆ ਜਾ ਰਿਹਾ ਹੈ ਕਿ ਸਿਹਤ ਮੰਤਰਾਲਾ ਛੇਤੀ ਉੱਚ ਪੱਧਰੀ ਕਮੇਟੀ ਦੀਆਂ ਇਨ੍ਹਾਂ ਸਿਫ਼ਾਰਸ਼ਾਂ ’ਤੇ ਆਖ਼ਰੀ ਫ਼ੈਸਲਾ ਲੈ ਸਕਦਾ ਹੈ। ਯਾਨੀ ਅਗਲੇ ਸਾਲ ਤੋਂ ਨੀਟ-ਯੂਜੀ ’ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।
ਨੀਟ-ਯੂਜੀ ਪੇਪਰ ਲੀਕ ਮਾਮਲੇ ’ਤੇ ਹੁਣੇ ਜਿਹੇ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਅਧਿਕਾਰੀਆਂ ਨੇ 2024 ’ਚ ਪੇਪਰ ਲੀਕ ਤੋਂ ਬਾਅਦ ਡਾ. ਰਾਧਾਕ੍ਰਿਸ਼ਣਨ ਦੀ ਅਗਵਾਈ ’ਚ ਗਠਿਤ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਕਮੇਟੀ ਨੇ ਨੀਟ-ਯੂਜੀ ’ਚ ਸੁਧਾਰ ਨਾਲ ਜੁੜੇ ਤਿੰਨ ਅਹਿਮ ਸੁਝਾਅ ਸਿਹਤ ਮੰਤਰਾਲੇ ਨੂੰ ਦਿੱਤੇ ਸਨ। ਇਨ੍ਹਾਂ ’ਚ ਪ੍ਰੀਖਿਆ ਪੈਨ-ਪੇਪਰ ਦੀ ਥਾਂ ਕੰਪਿਊਟਰ ਜ਼ਰੀਏ ਕਰਵਾਉਣ, ਪ੍ਰੀਖਿਆ ਕਈ ਸੈਸ਼ਨਾਂ ’ਚ ਕਰਵਾਉਣ ਤੇ ਪ੍ਰੀਖਿਆ ਯਤਨਾਂ ਤੇ ਵੱਧ ਤੋਂ ਵੱਧ ਉਮਰ ਹੱਦ ਤੈਅ ਕਰਨ ਵਰਗੇ ਸੁਝਾਅ ਸ਼ਾਮਲ ਹਨ। ਐੱਨਟੀਏ ਨੇ ਸੰਸਦੀ ਕਮੇਟੀ ਨੂੰ ਦੱਸਿਆ ਹੈ ਕਿ ਇਨ੍ਹਾਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਲਈ ਸਿਹਤ ਮੰਤਰਾਲੇ ਨੂੰ ਨਵੇਂ ਸਿਰੇ ਤੋਂ ਤਜਵੀਜ਼ ਦਿੱਤੀ ਗਈ ਹੈ।
ਨੀਟ-ਯੂਜੀ ਪ੍ਰੀਖਿਆ ਸਿਹਤ ਮੰਤਰਾਲੇ ਅਧੀਨ ਹੈ ਤੇ ਉਹੀ ਇਸ ਲਈ ਪੈਮਾਨੇ ਤੈਅ ਕਰਦਾ ਹੈ। ਐੱਨਟੀਏ ਉਨ੍ਹਾਂ ਪੈਮਾਨਿਆਂ ਮੁਤਾਬਕ ਪ੍ਰੀਖਿਆ ਕਰਵਾਉੰਦਾ ਹੈ।