ਅਗਲੇ ਸਾਲ ਬੋਰਡ ਪ੍ਰੀਖਿਆ ’ਚ AI ਆਧਾਰਤ ਮੁਲਾਂਕਣ ਪ੍ਰਣਾਲੀ ਦਾ ਦਾਇਰਾ ਵਧਾਏਗਾ CBSE, ਇਹ ਹੈ ਮਕਸਦ
ਨਤੀਜੇ ਚੰਗੇ ਰਹੇ ਹਨ, ਇਸ ਲਈ ਅਗਲੀ ਬੋਰਡ ਪ੍ਰੀਖਿਆ ਲਈ ਸੀਬੀਐੱਸਈ ਡਿਜੀਟਲ ਆਂਸਰ ਸ਼ੀਟਾਂ ਮੁਲਾਂਕਣ ਦੀ ਪ੍ਰਕਿਰਿਆ ਨੂੰ ਹੋਰ ਵਿਆਪਕ ਕਰੇਗਾ। ਇਸ ਨੂੰ ਅਗਲੇ ਪੀਖਿਆ ਸੈਸ਼ਨ ’ਚ ਜ਼ਿਆਦਾ ਖੇਤਰੀ ਕੇਂਦਰਾਂ ਤੱਕ ਵਧਾਉਣ ਦੀ ਯੋਜਨਾ ਹੈ।
Publish Date: Wed, 08 Oct 2025 08:20 AM (IST)
Updated Date: Wed, 08 Oct 2025 10:40 AM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਸਾਲ 2026 ਦੀਆਂ ਬੋਰਡ ਪ੍ਰੀਖਿਆਵਾਂ ’ਚ ਏਆਈ ਆਧਾਰਤ ਮੁਲਾਂਕਣ ਤੇ ਡਿਜੀਟਲ ਚੈਕਿੰਗ ਪ੍ਰਣਾਲੀ ਨੂੰ ਵੱਡੇ ਪੱਧਰ ’ਤੇ ਲਾਗੂ ਕਰਨ ਜਾ ਰਿਹਾ ਹੈ। ਇਸ ਦਾ ਮਕਸਦ ਆਂਸਰ ਸ਼ੀਟਾਂ ਦੇ ਮੁਲਾਂਕਣ ’ਚ ਸਟੀਕਤਾ ਵਧਾਉਣਾ ਤੇ ਮਨੁੱਖੀ ਗ਼ਲਤੀਆਂ ਘੱਟ ਕਰਨਾ ਹੈ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸੀਬੀਐੱਸਈ ਨੇ ਪਿਛਲੇ ਪ੍ਰੀਖਿਆ ਸੈਸ਼ਨਾਂ ’ਚ ਏਆਈ ਸਮਰਥਿਤ ਉਪਕਰਨਾਂ ਤੇ ਆਨ ਸਕ੍ਰੀਨ ਮਾਰਕਿੰਗ ਦੀ ਪਾਇਲਟ ਟੈਸਟਿੰਗ ਕੀਤੀ ਸੀ। ਨਤੀਜੇ ਚੰਗੇ ਰਹੇ ਹਨ, ਇਸ ਲਈ ਅਗਲੀ ਬੋਰਡ ਪ੍ਰੀਖਿਆ ਲਈ ਸੀਬੀਐੱਸਈ ਡਿਜੀਟਲ ਆਂਸਰ ਸ਼ੀਟਾਂ ਮੁਲਾਂਕਣ ਦੀ ਪ੍ਰਕਿਰਿਆ ਨੂੰ ਹੋਰ ਵਿਆਪਕ ਕਰੇਗਾ। ਇਸ ਨੂੰ ਅਗਲੇ ਪੀਖਿਆ ਸੈਸ਼ਨ ’ਚ ਜ਼ਿਆਦਾ ਖੇਤਰੀ ਕੇਂਦਰਾਂ ਤੱਕ ਵਧਾਉਣ ਦੀ ਯੋਜਨਾ ਹੈ।
ਹੁਣ ਅਧਿਆਪਕ ਭੌਤਿਕ ਆਂਸਰ ਸ਼ੀਟਾਂ ਦੀ ਥਾਂ ਸਕੈਨ ਕੀਤੀਆਂ ਗਈਆਂ ਕਾਪੀਆਂ ਨੂੰ ਆਨਲਾਈਨ ਜਾਂਚਣਗੇ। ਇਹ ਪ੍ਰਣਾਲੀ ਜਾਂਚ ’ਚ ਇਕਰੂਪਤਾ ਲਿਆਉਣ, ਕ੍ਰਾਸ ਚੈਕਿੰਗ ਤੇ ਮਾਡਰੇਸ਼ਨ ਪ੍ਰਕਿਰਿਆ ਨੂੰ ਤੇਜ਼ ਬਣਾਉਣ ’ਚ ਮਦਦ ਕਰੇਗੀ। ਦਵਾਰਕਾ ਸਥਿਤ ਸੀਬੀਐੱਸਈ ਕੇਂਦਰ ’ਚ ਡਿਜੀਟਲ ਮੁਲਾਂਕਣ ਤੇ ਏਆਈ ਆਧਾਰਤ ਸਹੂਲਤ ਪਹਿਲਾਂ ਹੀ ਸਥਾਪਤ ਕੀਤੀ ਜਾ ਚੁੱਕੀ ਹੈ, ਜਿੱਥੇ ਮੁੱਢਲੇ ਪ੍ਰੀਖਣ ਕੀਤੇ ਗਏ ਸਨ। ਅਧਿਆਪਕਾਂ ਨੂੰ ਆਨ ਸਕ੍ਰੀਨ ਮੁਲਾਂਕਣ ਲਈ ਸਿਖਲਾਈ ਦੇਣ ਦੀ ਯੋਜਨਾ ਅਗਲੇ ਸਾਲ ਦੇ ਸ਼ੁਰੂ ’ਚ ਆਰੰਭ ਹੋਵੇਗੀ।
ਨਹੀਂ ਖ਼ਤਮ ਹੋਵੇਗੀ ਅਧਿਆਪਕਾਂ ਦੀ ਭੂਮਿਕਾ
ਬੋਰਡ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਪ੍ਰਣਾਲੀ ਅਧਿਆਪਕਾਂ ਦੀ ਭੂਮਿਕਾ ਨੂੰ ਖ਼ਤਮ ਨਹੀਂ ਕਰੇਗੀ। ਆਂਸਰ ਸ਼ੀਟਾਂ ਦੀ ਜਾਂਚ ਹੁਣ ਵੀ ਅਧਿਆਪਕ ਹੀ ਕਰਨਗੇ ਜਦਕਿ ਏਆਈ ਉਪਕਰਨ ਸਿਰਫ਼ ਡਾਟਾ ਵਿਸ਼ਲੇਸ਼ਣ, ਗਲਤੀ ਪਛਾਣਨ ਤੇ ਮਾਡਰੇਸ਼ਨ ਸਹਿਯੋਗ ਲਈ ਇਸਤੇਮਾਲ ਕੀਤੇ ਜਾਣਗੇ। ਬੋਰਡ ਦਾ ਮੰਨਣਾ ਹੈ ਕਿ ਮਨੁੱਖੀ ਤੇ ਮਸ਼ੀਨ ਦੇ ਇਸ ਮੇਲ ਵਾਲੇ ਮੁਲਾਂਕਣ ਮਾਡਲ ਨਾਲ ਜਾਂਚ ਪ੍ਰਕਿਰਿਆ ਨਾ ਸਿਰਫ਼ ਤੇਜ਼ ਹੋਵੇਗੀ ਬਲਕਿ ਜ਼ਿਆਦਾ ਪਾਰਦਰਸ਼ੀ ਤੇ ਨਿਰਪੱਖ ਵੀ ਬਣੇਗੀ। ਦੱਸਣਯੋਗ ਹੈ ਕਿ ਸੀਬੀਐੱਸਈ ਨੇ ਪਹਿਲੀ ਵਾਰੀ ਵਿੱਦਿਅਕ ਸੈਸ਼ਨ 2024-25 ’ਚ ਏਆਈ ਆਧਾਰਤ ਮੁਲਾਂਕਣ ਪ੍ਰਣਾਲੀ ਦੀ ਵਰਤੋਂ ਕੀਤੀ ਸੀ।