ਨੀਟ ਯੂਜੀ ਪ੍ਰੀਖਿਆ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਦੋਸ਼ ਹੈ ਕਿ ਪ੍ਰੀਖਿਆ ਤੋਂ 15 ਦਿਨਾਂ ਤੋਂ ਲੈ ਕੇ ਇੱਕ ਮਹੀਨੇ ਪਹਿਲਾਂ ਹੀ 'ਨੀਟ ਗੈੱਸ ਪੇਪਰ' ਦੇ ਨਾਮ ਨਾਲ ਜੁੜੀ ਸਮੱਗਰੀ ਵਿਦਿਆਰਥੀਆਂ ਤੱਕ ਪਹੁੰਚਾਈ ਜਾ ਰਹੀ ਸੀ। ਅਧਿਕਾਰੀਆਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੀਟ ਯੂਜੀ ਦੀ ਪ੍ਰੀਖਿਆ ਸ਼ੁਰੂ ਹੋਣ ਤੋਂ ਲਗਭਗ 42 ਘੰਟੇ ਪਹਿਲਾਂ ਵਿਦਿਆਰਥੀਆਂ ਨੂੰ ਇਹ ਸਮੱਗਰੀ ਵਟਸਐਪ ਦੇ ਜ਼ਰੀਏ ਭੇਜੀ ਗਈ ਸੀ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਕਰਵਾਈ ਗਈ NEET UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਕਾਰਨ ਹੁਣ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ (CBI) ਨੂੰ ਸੌਂਪ ਦਿੱਤੀ ਗਈ ਹੈ। ਹੁਣ ਤਕ ਨੀਟ ਯੂਜੀ ਪੇਪਰ ਲੀਕ ਮਾਮਲੇ 'ਚ ਕੁੱਲ 45 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹੁਣ ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਆਖਰ ਨੀਟ ਯੂਜੀ ਪ੍ਰੀਖਿਆ ਦਾ ਪੇਪਰ ਕਿਵੇਂ ਲੀਕ ਹੋਇਆ ਅਤੇ ਇਸ ਪੂਰੇ ਮਾਮਲੇ ਵਿੱਚ ਐਨਟੀਏ ਦਾ ਕੀ ਰੁਖ਼ ਹੈ।
ਨੀਟ ਯੂਜੀ ਪ੍ਰੀਖਿਆ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਦੋਸ਼ ਹੈ ਕਿ ਪ੍ਰੀਖਿਆ ਤੋਂ 15 ਦਿਨਾਂ ਤੋਂ ਲੈ ਕੇ ਇੱਕ ਮਹੀਨੇ ਪਹਿਲਾਂ ਹੀ 'ਨੀਟ ਗੈੱਸ ਪੇਪਰ' ਦੇ ਨਾਮ ਨਾਲ ਜੁੜੀ ਸਮੱਗਰੀ ਵਿਦਿਆਰਥੀਆਂ ਤੱਕ ਪਹੁੰਚਾਈ ਜਾ ਰਹੀ ਸੀ। ਅਧਿਕਾਰੀਆਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੀਟ ਯੂਜੀ ਦੀ ਪ੍ਰੀਖਿਆ ਸ਼ੁਰੂ ਹੋਣ ਤੋਂ ਲਗਭਗ 42 ਘੰਟੇ ਪਹਿਲਾਂ ਵਿਦਿਆਰਥੀਆਂ ਨੂੰ ਇਹ ਸਮੱਗਰੀ ਵਟਸਐਪ ਦੇ ਜ਼ਰੀਏ ਭੇਜੀ ਗਈ ਸੀ।
ਰਾਜਸਥਾਨ ਦੇ ਐਡੀਸ਼ਨਲ ਡੀਜੀਪੀ (SOG) ਵਿਸ਼ਾਲ ਬੰਸਲ ਨੇ ਨੀਟ ਯੂਜੀ ਪੇਪਰ ਲੀਕ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ 410 ਪ੍ਰਸ਼ਨਾਂ ਵਾਲੀ ਇੱਕ ਗੈੱਸ ਪੇਪਰ ਸਮੱਗਰੀ ਵਿਦਿਆਰਥੀਆਂ ਤੱਕ ਪਹੁੰਚਾਈ ਗਈ ਸੀ। ਇਸ ਗੈੱਸ ਪੇਪਰ ਵਿੱਚ 180 ਵਿੱਚੋਂ ਕੁੱਲ 135 ਸਵਾਲ ਸੇਮ ਸਨ ਅਤੇ ਰਸਾਇਣ ਵਿਗਿਆਨ (Chemistry) ਦੇ ਕੁੱਲ 45 ਸਵਾਲ ਪੁੱਛੇ ਗਏ ਸਨ। ਇਸ ਦੇ ਨਾਲ ਹੀ ਕਈ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ 720 ਨੰਬਰ ਵਾਲੀ ਨੀਟ ਯੂਜੀ ਦੀ ਪ੍ਰੀਖਿਆ ਵਿੱਚੋਂ 600 ਨੰਬਰ ਦੇ ਸਵਾਲ ਵਿਦਿਆਰਥੀਆਂ ਕੋਲ ਪ੍ਰੀਖਿਆ ਤੋਂ ਸਿਰਫ਼ ਦੋ ਦਿਨ ਪਹਿਲਾਂ ਹੀ ਪਹੁੰਚ ਗਏ ਸਨ।
ਨੀਟ ਯੂਜੀ ਪੇਪਰ ਲੀਕ ਹੋਣ ਤੋਂ ਬਾਅਦ ਐਨਟੀਏ ਵੱਲੋਂ ਇਹ ਕਿਹਾ ਗਿਆ ਹੈ ਕਿ ਨੀਟ ਯੂਜੀ ਪ੍ਰੀਖਿਆ ਲਈ ਮਿਤੀ ਅਤੇ ਐਡਮਿਟ ਕਾਰਡ ਨਾਲ ਜੁੜੇ ਪ੍ਰੋਗਰਾਮ ਦੀ ਜਾਣਕਾਰੀ ਜਲਦੀ ਹੀ ਅਧਿਕਾਰਤ ਨੋਟੀਫਿਕੇਸ਼ਨ ਰਾਹੀਂ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੀਟ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਐਨਟੀਏ ਨੇ ਕੁਝ ਜ਼ਰੂਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਨੀਟ ਯੂਜੀ ਰੀ-ਐਗਜ਼ਾਮ (Re-exam) ਲਈ ਵਿਦਿਆਰਥੀਆਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਲਈ ਵਿਦਿਆਰਥੀਆਂ ਤੋਂ ਦੁਬਾਰਾ ਪ੍ਰੀਖਿਆ ਫੀਸ ਵੀ ਨਹੀਂ ਲਈ ਜਾਵੇਗੀ। ਐਨਟੀਏ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਖਿਆ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਨਵੀਂ ਅਪਡੇਟ ਲਈ ਕੇਵਲ ਆਫੀਸ਼ੀਅਲ ਵੈੱਬਸਾਈਟ 'ਤੇ ਸਾਂਝੀ ਕੀਤੀ ਜਾਣਕਾਰੀ 'ਤੇ ਹੀ ਭਰੋਸਾ ਕਰਨ।