ਸਕੂਲ ਫੀਸ ਪ੍ਰਕਿਰਿਆ ਨੂੰ ਆਧੁਨਿਕ ਬਣਾਓ, UPI ਦੀ ਕਰੋ ਵਰਤੋਂ; ਸਿੱਖਿਆ ਮੰਤਰਾਲਾ ਨੇ ਦਿੱਤੀ ਸਲਾਹ
ਵਿਭਾਗ ਨੇ ਸੂਬਿਆਂ ਤੇ ਮੰਤਰਾਲੇ ਅਧੀਨ ਖੁਦਮੁਖਤਾਰ ਸੰਸਥਾਵਾਂ ਨੂੰ ਅਜਿਹੇ ਤੰਤਰਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਉਤਸ਼ਾਹਤ ਕੀਤਾ ਹੈ ਜਿਹੜੇ ਸਕੂਲਾਂ ਨੂੰ ਸੁਰੱਖਿਅਤ ਤੇ ਪਾਰਦਰਸ਼ੀ ਡਿਜੀਟਲ ਵਸੀਲਿਆਂ ਨਾਲ ਦਾਖਲਾ ਤੇ ਪ੍ਰੀਖਿਆ ਫੀਸ ਇਕੱਠੀ ਕਰਨ ’ਚ ਸਮਰੱਥ ਬਣਾਉਂਦੇ ਹਨ।
Publish Date: Sun, 12 Oct 2025 11:07 AM (IST)
Updated Date: Sun, 12 Oct 2025 11:14 AM (IST)
ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਸਿੱਖਿਆ ਮੰਤਰਾਲੇ ਨੇ ਸੂਬਿਆਂ ਨੂੰ ਯੂਪੀਆਈ ਦੀ ਵਰਤੋਂ ਕਰ ਕੇ ਸਕੂਲਾਂ ’ਚ ਫੀਸ ਇਕੱਠੀ ਕਰਨ ਦੀ ਪ੍ਰਕਿਰਿਆ ਨੂੰ ਆਧੁਨਿਕ ਬਣਾਉਣ ਲਈ ਕਿਹਾ ਹੈ ਜਿਸ ਨਾਲ ਪਾਰਦਰਸ਼ਿਤਾ ਨੂੰ ਹੁਲਾਰਾ ਮਿਲੇ ਤੇ ਮਾਤਾ-ਪਿਤਾ ਨੂੰ ਸਹੂਲਤ ਹੋ ਸਕੇ। ਆਪਣੀ ਤਰ੍ਹਾਂ ਦੇ ਪਹਿਲੇ ਕਦਮ ਤਹਿਤ ਸਿੱਖਿਆ ਮੰਤਰਾਲੇ ਦਾ ਸਕੂਲੀ ਸਿੱਖਿਆ ਤੇ ਸਾਖਰਤਾ ਵਿਭਾਗ ਯੂਪੀਆਈ, ਮੋਬਾਈਲ ਵਾਲੇਟ ਤੇ ਨੈੱਟ ਬੈਂਕਿੰਗ ਵਰਗੇ ਡਿਜੀਟਲ ਭੁਗਤਾਨ ਪਲੇਟਫਾਰਮ ਦੀ ਵਧਦੀ ਪਹੁੰਚ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵਿਭਾਗ ਨੇ ਸੂਬਿਆਂ ਤੇ ਮੰਤਰਾਲੇ ਅਧੀਨ ਖੁਦਮੁਖਤਾਰ ਸੰਸਥਾਵਾਂ ਨੂੰ ਅਜਿਹੇ ਤੰਤਰਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਉਤਸ਼ਾਹਤ ਕੀਤਾ ਹੈ ਜਿਹੜੇ ਸਕੂਲਾਂ ਨੂੰ ਸੁਰੱਖਿਅਤ ਤੇ ਪਾਰਦਰਸ਼ੀ ਡਿਜੀਟਲ ਵਸੀਲਿਆਂ ਨਾਲ ਦਾਖਲਾ ਤੇ ਪ੍ਰੀਖਿਆ ਫੀਸ ਇਕੱਠੀ ਕਰਨ ’ਚ ਸਮਰੱਥ ਬਣਾਉਂਦੇ ਹਨ। ਪੱਤਰ ’ਚ ਜ਼ਿਕਰ ਕੀਤਾ ਗਿਆ ਹੈ ਕਿ ਨਕਦ ਭੁਗਤਾਨ ਨਾਲ ਡਿਜੀਟਲ ਭੁਗਤਾਨ ’ਚ ਬਦਲਾਅ ਦੇ ਕਈ ਫਾਇਦੇ ਹਨ। ਮਾਤਾ-ਪਿਤਾ ਤੇ ਵਿਦਿਆਰਥੀਆਂ ਲਈ ਇਹ ਸੁਵਿਧਾ ਬਿਨਾਂ ਸਕੂਲ ਗਏ ਘਰੋਂ ਭੁਗਤਾਨ ਦੀ ਸਮਰੱਥਾ ਯਕੀਨੀ ਬਣਾਉਂਦੀ ਹੈ। ਵਿਭਾਗ ਨੇ ਕਿਹਾ ਕਿ ਸਕੂਲਾਂ ’ਚ ਡਿਜੀਟਲ ਪਰਿਵਰਤਨ ਦੇ ਵਿਆਪਕ ਟੀਚੇ ਨਾਲ ਜੋੜਨ ’ਚ ਇਹ ਇਕ ਮਹੱਤਵਪੂਰਣ ਕਦਮ ਹੋਵੇਗਾ। ਇਸ ਨਾਲ ਸਾਰੇ ਹਿੱਤਧਾਰਕਾਂ ਨੂੰ ਵਿੱਤੀ ਤੌਰ ’ਤੇ ਜ਼ਿਆਦਾ ਸਾਖਰ ਬਣਨ ’ਚ ਮਦਦ ਮਿਲੇਗੀ ਜਿਸ ਨਾਲ ਡਿਜੀਟਲ ਲੈਣ-ਦੇਣ ਦੀ ਇਕ ਵੱਡੀ ਦੁਨੀਆ ਖੁੱਲ੍ਹ ਜਾਵੇਗੀ।