ਵਿਦਿਆਰਥੀ ਜੀਵਨ ਦਾ ਸਮਾਂ ਹਰ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਸੁਹਾਵਣਾ, ਜੋਸ਼ ਭਰਿਆਅਤੇ ਯਾਦਗਾਰੀ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਮਨੁੱਖ ਪੂਰੀ ਤਰ੍ਹਾਂ ਨਾਲ ਸਿੱਖਣ, ਵਿਕਸਣ ਤੇ ਆਪਣੇ ਸੁਪਨੇ ਸਿਰਜਣ ’ਚ ਰੁੱਝਿਆ ਹੁੰਦਾ ਹੈ ਪਰ ਅਜੋਕੇ ਮੁਕਾਬਲੇ ਦੇ ਯੁੱਗ ’ਚ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਦਸਵੀਂ ਤੇ ਬਾਰ੍ਹਵੀਂ ਪਾਸ ਵਿਦਿਆਰਥੀ ਵੀ ਉਚੇਰੀ ਵਿੱਦਿਆ ਦੀ ਪ੍ਰਾਪਤੀ ਕਰਨ ਨਾਲੋਂ ਨੌਕਰੀ ਪ੍ਰਾਪਤ ਕਰਨ ਨੂੰ ਵੱਧ ਤਰਜੀਹ ਦਿੰਦੇ ਹਨ।

ਵਿਦਿਆਰਥੀ ਜੀਵਨ ਦਾ ਸਮਾਂ ਹਰ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਸੁਹਾਵਣਾ, ਜੋਸ਼ ਭਰਿਆਅਤੇ ਯਾਦਗਾਰੀ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਮਨੁੱਖ ਪੂਰੀ ਤਰ੍ਹਾਂ ਨਾਲ ਸਿੱਖਣ, ਵਿਕਸਣ ਤੇ ਆਪਣੇ ਸੁਪਨੇ ਸਿਰਜਣ ’ਚ ਰੁੱਝਿਆ ਹੁੰਦਾ ਹੈ ਪਰ ਅਜੋਕੇ ਮੁਕਾਬਲੇ ਦੇ ਯੁੱਗ ’ਚ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਦਸਵੀਂ ਤੇ ਬਾਰ੍ਹਵੀਂ ਪਾਸ ਵਿਦਿਆਰਥੀ ਵੀ ਉਚੇਰੀ ਵਿੱਦਿਆ ਦੀ ਪ੍ਰਾਪਤੀ ਕਰਨ ਨਾਲੋਂ ਨੌਕਰੀ ਪ੍ਰਾਪਤ ਕਰਨ ਨੂੰ ਵੱਧ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ ਕੁਝ ਵਿਦਿਆਰਥੀ ਕਾਲਜਾਂ-ਯੂਨੀਵਰਸਿਟੀਆਂ ’ਚ ਦਾਖ਼ਲਾ ਤਾਂ ਕਰਵਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਮਨ ਵਿਚ ਨੌਕਰੀ ਪ੍ਰਾਪਤੀ ਦੀ ਰੁਚੀ ਬਹੁਤ ਜ਼ਿਆਦਾ ਹੋਣ ਕਾਰਨ ਉਹ ਪੂਰੀ ਦਿਲਚਸਪੀ ਨਾਲ ਆਪਣੀ ਪੜ੍ਹਾਈ ਨਹੀਂ ਕਰਨਾ ਚਾਹੁੰਦੇ।
ਆਰਥਿਕ ਜਾਂ ਪਰਿਵਾਰਕ ਮਜਬੂਰੀ
ਕਈ ਵਾਰ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਨੌਕਰੀ ਕਰਨਾ ਆਰਥਿਕ ਜਾਂ ਪਰਿਵਾਰਕ ਮਜਬੂਰੀ ਹੋ ਸਕਦੀ ਹੈ ਕਿਉਂਕਿ ਘਰੇਲੂ ਹਾਲਾਤ, ਵਿੱਤੀ ਲੋੜਾਂ ਜਾਂ ਕਿਸੇ ਆਪਣੇ ਦੀ ਸਹਾਇਤਾ ਕਰਨ ਲਈ ਉਨ੍ਹਾਂ ਨੂੰ ਨੌਕਰੀ ਕਰਨੀ ਪੈਂਦੀ ਹੈ। ਚਿੰਤਾ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਪੜ੍ਹੇ-ਲਿਖੇ ਪਰਿਵਾਰਾਂ ਦੇ ਵਿਦਿਆਰਥੀ ਵੀ ਦੇਖੋਦੇਖੀ ਛੋਟੀਆਂ-ਮੋਟੀਆਂ ਨੌਕਰੀਆਂ ਪਿੱਛੇ ਭੱਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਜਲਦੀ ਪੈਸਾ ਕਮਾਉਣਾ ਹੀ ਅਸਲ ਕਾਮਯਾਬੀ ਹੁੰਦੀ ਹੈ। ਇਹ ਸੋਚ ਪੜ੍ਹਾਈ ਦੀ ਅਹਿਮੀਅਤ ਨੂੰ ਪਿੱਛੇ ਧੱਕ ਦਿੰਦੀ ਹੈ ਤੇ ਨੌਕਰੀ ਦੀ ਲਾਲਸਾ ਕਈ ਵਾਰ ਅਧੂਰੀ ਸਿੱਖਿਆ, ਤਣਾਅ ਤੇ ਆਉਣ ਵਾਲੇ ਸਮੇਂ ਵਿਚ ਸੀਮਤ ਵਿਕਲਪਾਂ ਦਾ ਕਾਰਨ ਬਣ ਜਾਂਦੀ ਹੈ।
ਪ੍ਰਾਪਤ ਕਰ ਲੈਣਾ ਚਾਹੀਦਾ ਅਕਾਦਮਿਕ ਗਿਆਨ
ਜੇ ਨਿਰਪੱਖਤਾ ਨਾਲ ਸੋਚਿਆ ਜਾਵੇ ਤਾਂ ਪੜ੍ਹਾਈ ਤੇ ਨੌਕਰੀ ਦਾ ਆਪਸ ਵਿਚ ਕੋਈ ਮੇਲ ਨਹੀਂ ਹੁੰਦਾ ਭਾਵ ਇੱਕੋ ਸਮੇਂ ਇਨ੍ਹਾਂ ਦੋਨਾਂ ਵਿੱਚੋਂ ਕੋਈ ਇਕ ਕੰਮ ਹੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੀਤਾ ਜਾ ਸਕਦਾ ਹੈ। ਇਸ ਲਈ ਬਿਨਾਂ ਕਿਸੇ ਦੇ ਪਿੱਛੇ ਲੱਗਿਆਂ ਵਿਦਿਆਰਥੀਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਆਪਣਾ ਅਕਾਦਮਿਕ ਗਿਆਨ ਪ੍ਰਾਪਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਵਿਦਿਆਰਥੀ ਜੀਵਨ ਦੀ ਆਜ਼ਾਦੀ, ਬੇਫ਼ਿਕਰੀ ਅਤੇ ਬੇਪਰਵਾਹੀ ਦਾ ਆਨੰਦ ਲੈਣ ਦਾ ਵੀ ਇਕ ਸੀਮਤ ਸਮਾਂ ਹੁੰਦਾ ਹੈ, ਜੋ ਕਦੇ ਦੁਬਾਰਾ ਨਹੀਂ ਆਉਂਦਾ।
ਸਮੁੱਚੀ ਸ਼ਖ਼ਸੀਅਤ ਦਾ ਕਰ ਸਕਦਾ ਵਿਕਾਸ
ਇਹ ਵੀ ਆਮ ਦੇਖਣ ਨੂੰ ਮਿਲਦਾ ਹੈ ਕਿ ਕਈ ਵਿਦਿਆਰਥੀ ਨੌਕਰੀ ਦੀ ਚਿੰਤਾ ਕਰਕੇ ਆਪਣੀ ਪੜ੍ਹਾਈ ’ਤੇ ਬਣਦਾ ਧਿਆਨ ਨਹੀਂ ਦੇ ਪਾਉਂਦੇ, ਜਿਸ ਕਰਕੇ ਨਾ ਤਾਂ ਉਹ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਨਾਲ ਕਰ ਪਾਉਂਦੇ ਹਨ ਤੇ ਨਾ ਹੀ ਚੰਗੀ ਨੌਕਰੀ ਹਾਸਿਲ ਕਰ ਪਾਉਂਦੇ ਹਨ। ਪੜ੍ਹਾਈ ਤੇ ਨੌਕਰੀ ਵਿਚਕਾਰ ਸੰਤੁਲਨ ਬਣਾਉਣਾ ਸੌਖਾ ਕੰਮ ਨਹੀਂ ਹੁੰਦਾ ਕਿਉਂਕਿ ਇਕ ਪਾਸੇ ਜਿੱਥੇ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਆਪਣੀ ਹਾਜ਼ਰੀ ਪੂਰੀ ਕਰਨ, ਪ੍ਰੀਖਿਆਵਾਂ ਦੇਣ, ਅਸਾਈਨਮੈਂਟਾਂ ਬਣਾਉਣ ਅਤੇ ਪ੍ਰੈਕਟਿਕਲ ਗਿਆਨ ਹਾਸਿਲ ਕਰਨ ਦੀ ਜ਼ਰੂਰਤ ਹੁੰਦੀ ਹੈ, ਉੱਥੇ ਦੂਸਰੇ ਪਾਸੇ ਨੌਕਰੀ ਦੀਆਂ ਆਪਣੀਆਂ ਜ਼ਿੰਮੇਵਾਰੀਆਂ, ਟੀਚੇ ਤੇ ਕੰਮ ਦੇ ਨਿਸ਼ਚਿਤ ਘੰਟੇ ਹੁੰਦੇ ਹਨ, ਜੋ ਸਭ ਮਿਲ ਕੇ ਵਿਦਿਆਰਥੀ ਦੇ ਜੀਵਨ ਨੂੰ ਥਕਾਵਟ ਭਰਿਆ ਤੇ ਤਣਾਅਪੂਰਨ ਬਣਾ ਦਿੰਦੇ ਹਨ। ਇਸ ਲਈ ਵਿਦਿਆਰਥੀ ਜੀਵਨ ਦੌਰਾਨ ਉਹ ਪਹਿਲਾਂ ਵਿੱਦਿਅਕ ਗਿਆਨ ਨੂੰ ਗੰਭੀਰਤਾ ਨਾਲ ਪ੍ਰਾਪਤ ਕਰਨ, ਨਵੇਂ ਤਜਰਬੇ ਹਾਸਿਲ ਕਰਨ, ਨਵੇਂ ਵਿਚਾਰ ਸੋਚਣ ਦੀ ਸਮਰੱਥਾ ਪੈਦਾ ਕਰਨ, ਨੈਤਿਕ ਕਦਰਾਂ-ਕੀਮਤਾਂ ਸਿੱਖਣ ਅਤੇ ਆਪਣੇ ਵਿਚ ਵਿਹਾਰਕ ਹੁਨਰ ਪੈਦਾ ਕਰਨ ’ਤੇ ਵਿਸ਼ੇਸ਼ ਧਿਆਨ ਦੇਣ। ਪੜ੍ਹਾਈ ਦੇ ਸਮੇਂ ਦੌਰਾਨ ਵਿਦਿਆਰਥੀ ਕੋਲ ਸਿੱਖਣ ਦੀ ਇੰਨੀ ਆਜ਼ਾਦੀ ਹੁੰਦੀ ਹੈ ਕਿ ਉਹ ਆਪਣੇ ਮਨਪਸੰਦ ਵਿਸ਼ਿਆਂ ਨੂੰ ਪੂਰੀ ਦਿਲਚਸਪੀ ਨਾਲ ਪੜ੍ਹ ਸਕਦਾ ਹੈ, ਖੋਜ ਕਰ ਸਕਦਾ ਹੈ ਅਤੇ ਆਪਣੇ ਅਧਿਆਪਕਾਂ ਤੇ ਸਹਿਪਾਠੀਆਂ ਦੀ ਉਸਾਰੂ ਸੰਗਤ ਵਿੱਚ ਆਪਣੇ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦਾ ਹੈ।
ਮਨੋਵਿਗਿਆਨਕ ਦਬਾਅ
ਇਸ ਦੇ ਉਲਟ ਨੌਕਰੀ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਬੰਨ੍ਹ ਕੇ ਰੱਖ ਲੈਂਦੀ ਹੈ, ਜੋ ਇੰਨੀ ਜ਼ਿੰਮੇਵਾਰੀ ਭਰੀ ਤੇ ਮਨੋਵਿਗਿਆਨਕ ਦਬਾਅ ਵਾਲੀ ਹੁੰਦੀ ਹੈ ਕਿ ਵਿਦਿਆਰਥੀਆਂ ਦੁਆਰਾ ਨੌਕਰੀ ਨਾਲ ਪੜ੍ਹਾਈ ਕਰਨਾ ਅਸੰਭਵ ਕਾਰਜ ਹੋ ਜਾਂਦਾ ਹੈ ਅਤੇ ਨੀਂਦ ਦੀ ਘਾਟ, ਸਮੇਂ ਦੀ ਕਮੀ ਅਤੇ ਥਕਾਵਟ ਵੀ ਉਨ੍ਹਾਂ ਦੀ ਪੜ੍ਹਨ, ਲਿਖਣ ਅਤੇ ਯਾਦ ਰੱਖਣ ਦੀ ਸਮਰੱਥਾ ਨੂੰ ਹੋਰ ਘਟਾ ਦਿੰਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਜੀਵਨ ਨੂੰ ਬਿਨਾਂ ਕਿਸੇ ਵਾਧੂ ਦਬਾਅ ਤੋਂ ਪੂਰੀ ਤਰ੍ਹਾਂ ਨਾਲ ਜੀਵਿਆ ਜਾਵੇ ਕਿਉਂਕਿ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨਾ, ਆਪਣੇ ਮਨ ਨੂੰ ਸੰਤੁਲਿਤ ਰੱਖਣਾ ਅਤੇ ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਹੀ ਵਿਦਿਆਰਥੀ ਜੀਵਨ ਦੀ ਸਫਲਤਾ ਦੀ ਕੁੰਜੀ ਹੈ।
ਨਿਵੇਸ਼ ਵਾਂਗ ਹੁੰਦੀ ਪੜ੍ਹਾਈ
ਭਾਵੇਂ ਪੜ੍ਹਾਈ ਤੇ ਨੌਕਰੀ ਦੋਵੇਂ ਹੀ ਜੀਵਨ ਦੇ ਮਹੱਤਵਪੂਰਨ ਅੰਗ ਹਨ ਪਰ ਉਨ੍ਹਾਂ ਦੀ ਤਰਜੀਹ ਸਹੀ ਸਮੇਂ ਅਨੁਸਾਰ ਹੋਣੀ ਚਾਹੀਦੀ ਹੈ। ਸਾਡੀ ਜ਼ਿੰਦਗੀ ਦੇ ਹਰ ਪੜਾਅ ਦੀ ਆਪਣੀ ਮਹੱਤਤਾ ਹੈ ਪਰ ਅਸਲ ਖ਼ੁਸ਼ੀ ਤੇ ਸਫਲਤਾ ਉਸ ਵਿਅਕਤੀ ਨੂੰ ਹੀ ਮਿਲ ਸਕਦੀ ਹੈ, ਜੋ ਹਰ ਪੜਾਅ ਨੂੰ ਉਸ ਦਾ ਬਣਦਾ ਯੋਗ ਸਮਾਂ ਦੇ ਪਾਉਂਦਾ ਹੈ। ਇਸ ਮਾਹੌਲ ’ਚ ਮਾਪਿਆਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ, ਜਿਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਾ ਸਿਰਫ਼ ਵਿਦਿਆਰਥੀ ਜੀਵਨ ਦੇ ਸਮੇਂ ਦੇ ਮਹੱਤਵ ਬਾਰੇ ਸਮਝਾਉਣ ਸਗੋਂ ਉਨ੍ਹਾਂ ’ਤੇ ਜਲਦੀ ਨੌਕਰੀ ਕਰਨ ਦਾ ਬੇਲੋੜਾ ਬੋਝ ਨਾ ਪਾਉਂਦੇ ਹੋਏ ਉਨ੍ਹਾਂ ਨੂੰ ਪਹਿਲਾਂ ਆਪਣੇ ਵਿਦਿਆਰਥੀ ਜੀਵਨ ਦਾ ਸਦਉਪਯੋਗ ਕਰਨ ਲਈ ਉਤਸ਼ਾਹਿਤ ਕਰਨ। ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੜ੍ਹਾਈ ਨਿਵੇਸ਼ ਵਾਂਗ ਹੁੰਦੀ ਹੈ, ਜਿਸ ਦੇ ਨਤੀਜੇ ਭਾਵੇਂ ਤੁਰੰਤ ਨਾ ਮਿਲਣ ਪਰ ਜ਼ਿੰਦਗੀ ਦੀ ਲੰਮੀ ਦੌੜ ਵਿਚ ਵਿਦਿਆਰਥੀ ਜੀਵਨ ਦੌਰਾਨ ਹਾਸਿਲ ਕੀਤੀ ਸਿੱਖਿਆ ਸਾਡੇ ਜੀਵਨ ਨੂੰ ਜ਼ਰੂਰ ਸੁੰਦਰ, ਸਥਿਰ ਅਤੇ ਸਫਲ ਬਣਾਉਂਦੀ ਹੈ।
- ਡਾ. ਹਰਗੁਣਪ੍ਰੀਤ ਸਿੰਘ