ਵਿਦਿਆਰਥੀਆਂ ਨੂੰ ਸਾਲਾਨਾ ਪੇਪਰਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਿੰਨਾ ਸਿਲੇਬਸ ਪੜ੍ਹਾਇਆ ਜਾ ਚੁੱਕਿਆ ਹੈ, ਉਸ ਦੀ ਦੁਹਰਾਈ ਸ਼ੁਰੂ ਕਰਨ ਦੀ ਜ਼ਰੂਰਤ ਹੈ। ਜਦੋਂ ਨਵਾਂ ਸਿਲੇਬਸ ਪੜ੍ਹਾਇਆ ਜਾ ਰਿਹਾ ਹੁੰਦਾ ਹੈ ਤਾਂ ਪੁਰਾਣੇ ਦੀ ਦੁਹਰਾਈ ਕਰਨਾ ਔਖਾ ਨਹੀਂ ਬਸ ਸਮੇਂ ਦਾ ਸਹੀ ਉਪਯੋਗ ਕਰਨਾ ਜ਼ਰੂਰੀ ਹੈ।
ਵਿਦਿਆਰਥੀਆਂ ਨੂੰ ਸਾਲਾਨਾ ਪੇਪਰਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਿੰਨਾ ਸਿਲੇਬਸ ਪੜ੍ਹਾਇਆ ਜਾ ਚੁੱਕਿਆ ਹੈ, ਉਸ ਦੀ ਦੁਹਰਾਈ ਸ਼ੁਰੂ ਕਰਨ ਦੀ ਜ਼ਰੂਰਤ ਹੈ। ਜਦੋਂ ਨਵਾਂ ਸਿਲੇਬਸ ਪੜ੍ਹਾਇਆ ਜਾ ਰਿਹਾ ਹੁੰਦਾ ਹੈ ਤਾਂ ਪੁਰਾਣੇ ਦੀ ਦੁਹਰਾਈ ਕਰਨਾ ਔਖਾ ਨਹੀਂ ਬਸ ਸਮੇਂ ਦਾ ਸਹੀ ਉਪਯੋਗ ਕਰਨਾ ਜ਼ਰੂਰੀ ਹੈ। ਹਰ ਵਿਦਿਆਰਥੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਦਿਨ ਦਾ ਇਕ ਘੰਟਾ ਸਿਰਫ਼ ਪੇਪਰਾਂ ਦੀ ਤਿਆਰੀ ਲਈ ਰੱਖੇ। ਬਾਕੀ ਸਮੇਂ ’ਚ ਉਹ ਆਪਣਾ ਰੋਜ਼ ਦਾ ਕੰਮ ਕਰ ਸਕਦਾ ਹੈ।
ਖ਼ੁਦ ਅਧਿਆਪਕ ਬਣ ਕੇ ਸਮਝਾਓ
ਪੇਪਰਾਂ ਦੀ ਤਿਆਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਿਤਾਬਾਂ ਨੂੰ ਰੱਟਾ ਲਾਉਣਾ ਸ਼ੁਰੂ ਕਰ ਦਈਏ। ਸਾਨੂੰ ਹਰ ਮਜ਼ਮੂਨ ਨੂੰ ਸਹੀ ਤਰੀਕੇ ਨਾਲ ਪੜ੍ਹਨਾ ਜ਼ਰੂਰੀ ਹੈ। ਜੇ ਕਿਸੇ ਵਿਸ਼ੇ ਨੂੰ ਸਹੀ ਢੰਗ ਨਾਲ ਪੜ੍ਹਿਆ ਜਾਵੇ ਤਾਂ ਉਹ ਕਾਫ਼ੀ ਹੱਦ ਤਕ ਸਾਡੀ ਸਮਝ ’ਚ ਆ ਜਾਂਦਾ ਹੈ। ਇਕ ਸੌਖਾ ਤਰੀਕਾ ਹੋਰ ਵੀ ਹੈ ਕਿ ਤੁਸੀਂ ਖ਼ੁਦ ਅਧਿਆਪਕ ਬਣ ਕੇ ਸਾਹਮਣੇ ਕਿਸੇ ਵੀ ਚੀਜ਼ ਨੂੰ ਵਿਦਿਆਰਥੀ ਸਮਝ ਕੇ ਉਸ ਨੂੰ ਉਹ ਫਾਰਮੂਲਾ ਸਮਝਾਓ, ਜੋ ਤੁਹਾਨੂੰ ਸਮਝ ਨਹੀਂ ਆ ਰਿਹਾ। ਇਕ ਬਹੁਤ ਵਧੀਆ ਤਰੀਕਾ ਹੈ ਸਿੱਖਣ ਦਾ। ਛੋਟੇ ਬੱਚੇ ਅਕਸਰ ਆਪ ਅਧਿਆਪਕ ਬਣ ਜਾਂਦੇ ਹਨ ਤੇ ਦੂਜਿਆਂ ਨੂੰ ਪੜ੍ਹਾਉਂਦੇ ਹਨ। ਇਹ ਤਰੀਕਾ ਸਾਡੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਵਿਸ਼ਿਆਂ ਲਈ ਅਪਣਾਉਣਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਬਹੁਤੇ ਪਸੰਦ ਨਹੀਂ। ਅਜਿਹੇ ਵਿਸ਼ੇ ਉਨ੍ਹਾਂ ਨੂੰ ਰੋਚਕ ਨਹੀਂ ਲੱਗਦੇ ਪਰ ਇਹ ਵਿਸ਼ੇ ਜਦੋਂ ਉਹ ਦੂਜਿਆਂ ਨੂੰ ਪੜ੍ਹਾਉਣ ਦੀ ਐਕਟਿੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਉਸ ਵਿੱਚ ਰੋਚਕਤਾ ਮਹਿਸੂਸ ਹੋਵੇਗੀ।
ਹਰ ਵਿਸ਼ੇ ਲਈ ਰੱਖੋ ਰਾਖਵਾਂ ਦਿਨ
ਹਰ ਵਿਸ਼ੇ ਲਈ ਇਕ ਦਿਨ ਰਾਖਵਾਂ ਕਰ ਲਿਆ ਜਾਵੇ। ਦਿਨ ਦਾ ਉਹ ਇਕ ਵਿਸ਼ੇਸ਼ ਘੰਟਾ ਇਕ ਵਿਸ਼ੇ ਨੂੰ ਦਿੱਤਾ ਜਾਵੇ। ਦੂਸਰੇ ਦਿਨ ਉਸੇ ਸਮੇਂ ਦੂਜਾ ਵਿਸ਼ਾ ਪੜ੍ਹਿਆ ਜਾਵੇ। ਇਸ ਤਰ੍ਹਾਂ ਉਨ੍ਹਾਂ ਦੀ ਚੱਲਦੇ ਸਿਲੇਬਸ ਦੇ ਨਾਲ-ਨਾਲ ਪਿਛਲੇ ਸਿਲੇਬਸ ਦੀ ਦੁਹਰਾਈ ਵੀ ਹੋ ਜਾਵੇਗੀ। ਅੱਠਵੀਂ ਤੇ ਦਸਵੀਂ ਜਮਾਤ ਲਈ ਇਹ ਬਹੁਤ ਮਹੱਤਵਪੂਰਨ ਹੈ। ਕੁੱਲ ਛੇ ਵਿਸ਼ੇ ਹੁੰਦੇ ਹਨ ਤੇ ਹਫ਼ਤੇ ਦੇ ਛੇ ਦਿਨ ਇਕ-ਇਕ ਘੰਟਾ ਇਨ੍ਹਾਂ ਵਿਸ਼ਿਆਂ ਨੂੰ ਦੇ ਦੇਣਾ ਚਾਹੀਦਾ ਹੈ। ਇਸ ਨਾਲ ਵਿਦਿਆਰਥੀ ਨੂੰ ਸਾਲਾਨਾ ਪੇਪਰਾਂ ਦਾ ਬੋਝ ਵੀ ਮਹਿਸੂਸ ਨਹੀਂ ਹੁੰਦਾ।
ਸੰਜੀਦਗੀ ਨਾਲ ਪੜ੍ਹੋ ਤੇ ਸਮਝੋ
ਅੱਜ-ਕੱਲ੍ਹ ਪੇਪਰ ਇਸ ਤਰੀਕੇ ਨਾਲ ਆਉਂਦੇ ਹਨ ਕਿ ਵਿਦਿਆਰਥੀ ਨੂੰ ਰੱਟਾ ਲਾਉਣ ਦੀ ਥਾਂ ਸਮਝ ਲੈਣਾ ਜ਼ਰੂਰੀ ਹੈ। ਦੇਖਣ ਨੂੰ ਲੱਗਦਾ ਹੈ ਕਿ ਸ਼ਾਇਦ ਐਮਸੀਕਿਊ ’ਚ ਸੌਖ ਹੁੰਦੀ ਹੈ ਪਰ ਅਜਿਹਾ ਨਹੀਂ ਹੈ। ਜਦੋਂ ਚਾਰੋਂ ਉੱਤਰ ਇਕ-ਦੂਜੇ ਨਾਲ ਮਿਲਦੇ-ਜੁਲਦੇ ਹੋਣ ਤਾਂ ਉਨ੍ਹਾਂ ਵਿੱਚੋਂ ਇਕ ਸਹੀ ਉੱਤਰ ਚੁਣਨਾ ਔਖਾ ਕੰਮ ਹੈ। ਇਹ ਕੰਮ ਸੌਖਾ ਸਿਰਫ਼ ਤਾਂ ਹੀ ਹੋਵੇਗਾ, ਜੇਕਰ ਅਸੀਂ ਉਸ ਵਿਸ਼ੇ ਨੂੰ ਧਿਆਨ ਨਾਲ ਪੜ੍ਹਿਆ ਹੋਵੇ। ਇਸ ਲਈ ਸੰਜੀਦਗੀ ਨਾਲ ਵਿਸ਼ੇ ਨੂੰ ਪੜ੍ਹਨਾ ਤੇ ਸਮਝਣਾ ਬਹੁਤ ਜ਼ਰੂਰੀ ਹੈ।
ਆਸਾਨੀ ਨਾਲ ਹੋਵੇਗੀ ਤਿਆਰੀ
ਅਕਸਰ ਜਦੋਂ ਸਾਲਾਨਾ ਪੇਪਰ ਨੇੜੇ ਆਉਂਦੇ ਹਨ ਤਾਂ ਵਿਦਿਆਰਥੀ ਬਹੁਤ ਬੋਝ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਇੰਜ ਲੱਗਦਾ ਹੈ ਕਿ ਸਾਰੇ ਸਿਲੇਬਸ ਦੀ ਦੁਹਰਾਈ ਉਹ ਕਿਵੇਂ ਕਰਨਗੇ ਪਰ ਜੇਕਰ ਉਹ ਨਵੰਬਰ ਤੋਂ ਹੀ ਇਹ ਕੰਮ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਨੂੰ ਦਿੱਕਤ ਨਹੀਂ ਆਵੇਗੀ। ਜਨਵਰੀ ਦੇ ਅਖ਼ੀਰ ਵਿਚ ਪ੍ਰੀ-ਬੋਰਡ ਪੇਪਰ ਹੁੰਦੇ ਹਨ। ਜੇ ਉਹ ਲਗਾਤਾਰ ਪੜ੍ਹਦੇ ਰਹਿਣਗੇ ਤਾਂ ਉਨ੍ਹਾਂ ਦੀ ਪੇਪਰਾਂ ਦੀ ਤਿਆਰੀ ਆਸਾਨੀ ਨਾਲ ਹੋ ਜਾਵੇਗੀ।
ਅਨੁਸ਼ਾਸਨ ਦਾ ਮਹੱਤਵ
ਵਿਦਿਆਰਥੀ ਜੀਵਨ ’ਚ ਅਨੁਸ਼ਾਸਨ ਦਾ ਬਹੁਤ ਮਹੱਤਵ ਹੁੰਦਾ ਹੈ। ਇਹ ਅਨੁਸ਼ਾਸਨ ਇਕ ਟਾਈਮ ਟੇਬਲ ਬਣਾਉਣਾ ਤੇ ਉਸ ਅਨੁਸਾਰ ਪੜ੍ਹਨਾ ਵੀ ਹੈ। ਦੁਹਰਾਈ ਦਾ ਪੱਕਾ ਸਮਾਂ ਰੱਖਿਆ ਜਾਵੇ। ਜੇ ਵਿਦਿਆਰਥੀ ਇਸ ਤਰੀਕੇ ਨਾਲ ਆਪਣੇ ਸਾਲਾਨਾ ਪੇਪਰਾਂ ਦੀ ਤਿਆਰੀ ਕਰਨਗੇ ਤਾਂ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਵੀ ਨਹੀਂ ਆਵੇਗੀ ਤੇ ਉਹ ਚੰਗੇ ਅੰਕ ਵੀ ਪ੍ਰਾਪਤ ਕਰਨਗੇ। ਇਸ ਤਰ੍ਹਾਂ ਉਸ ਦੀ ਵਿਸ਼ੇ ’ਤੇ ਪਕੜ ਵੀ ਡੂੰਘੀ ਹੋ ਜਾਵੇਗੀ।
- ਹਰਪ੍ਰੀਤ ਕੌਰ ਸੰਧੂ