ਵੀਹਵੀਂ ਸਦੀ ਦੇ ਦੂਜੇ ਅੱਧ ’ਚ ਸ਼ੁਰੂ ਹੋਈ ਇਸ ਸੰਸਥਾ ਨੇ ਲੰਮੇ ਅਰਸੇ ਦੌਰਾਨ ਦੋ ਮੁਕਾਮ ਬਦਲੇ। 1962 ’ਚ ਪੰਜਾਬ ਯੂਨੀਵਰਸਿਟੀ ਤਹਿਤ ਈਵਨਿੰਗ ਕਾਲਜ ਦੇ ਨਾਂ ਨਾਲ ਸ਼ੁਰੂ ਹੋਈ ਇਸ ਸੰਸਥਾ ਦਾ ਮਕਸਦ ਗਿਆਨ ਦੀ ਲੋਅ ਨੂੰ ਹੋਰ ਪ੍ਰਚੰਡ ਕਰਨ ਦੇ ਨਾਲ-ਨਾਲ ਇਹ ਵੀ ਸੀ ਕਿ ਸਿੱਖਿਆ ਗ੍ਰਹਿਣ ਕਰਨ ਦੇ ਇੱਛੁਕ ਨੌਕਰੀ ਦੇ ਨਾਲ-ਨਾਲ ਆਪਣੀ ਵਿੱਦਿਅਕ ਯੋਗਤਾ ਨੂੰ ਹੋਰ ਚਮਕਾ ਸਕਣ।

ਵੀਹਵੀਂ ਸਦੀ ਦੇ ਦੂਜੇ ਅੱਧ ’ਚ ਸ਼ੁਰੂ ਹੋਈ ਇਸ ਸੰਸਥਾ ਨੇ ਲੰਮੇ ਅਰਸੇ ਦੌਰਾਨ ਦੋ ਮੁਕਾਮ ਬਦਲੇ। 1962 ’ਚ ਪੰਜਾਬ ਯੂਨੀਵਰਸਿਟੀ ਤਹਿਤ ਈਵਨਿੰਗ ਕਾਲਜ ਦੇ ਨਾਂ ਨਾਲ ਸ਼ੁਰੂ ਹੋਈ ਇਸ ਸੰਸਥਾ ਦਾ ਮਕਸਦ ਗਿਆਨ ਦੀ ਲੋਅ ਨੂੰ ਹੋਰ ਪ੍ਰਚੰਡ ਕਰਨ ਦੇ ਨਾਲ-ਨਾਲ ਇਹ ਵੀ ਸੀ ਕਿ ਸਿੱਖਿਆ ਗ੍ਰਹਿਣ ਕਰਨ ਦੇ ਇੱਛੁਕ ਨੌਕਰੀ ਦੇ ਨਾਲ-ਨਾਲ ਆਪਣੀ ਵਿੱਦਿਅਕ ਯੋਗਤਾ ਨੂੰ ਹੋਰ ਚਮਕਾ ਸਕਣ। ਉਸ ਦੌਰ ’ਚ ਨੌਕਰੀਪੇਸ਼ਾ ਤੇ ਕੰਮਕਾਜੀ ਲੋਕਾਂ ਲਈ ਇਹ ਸੰਸਥਾ ਵਰਦਾਨ ਸਾਬਿਤ ਹੋਈ ਤੇ ਉਨ੍ਹਾਂ ਨੇ ਇਸ ਪਹਿਲ ਦਾ ਭਰਪੂਰ ਫ਼ਾਇਦਾ ਉਠਾਇਆ। ਹਜ਼ਾਰਾਂ ਵਿਦਿਆਰਥੀਆਂ ਨੇ ਇਸ ਅਦਾਰੇ ਦਾ ਫ਼ਾਇਦਾ ਉਠਾਉਂਦਿਆਂ ਆਪਣੀਆਂ ਡਿਗਰੀਆਂ ’ਚ ਵਾਧਾ ਕਰ ਕੇ ਉੱਚ ਅਹੁਦਿਆਂ ਤੱਕ ਰਸਾਈ ਕੀਤੀ। ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਬਹੁਤ ਸਾਰੇ ਨਾਮੀਂ ਵਕੀਲ ਤੇ ਜੱਜ ਇਸੇ ਕਾਲਜ ਦੀ ਦੇਣ ਹਨ। ਕਾਮਰਸ, ਮੈਨੇਜਮੈਂਟ, ਕੰਪਿਊਟਰ ਸਾਇੰਸ, ਪੰਜਾਬੀ ਤੇ ਪੱਤਰਕਾਰਤਾ ਵਿਭਾਗ ਤੋਂ ਵਿੱਦਿਆ ਗ੍ਰਹਿਣ ਕਰ ਕੇ ਅੱਜ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਤੇ ਨਿੱਜੀ ਅਦਾਰਿਆਂ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਸੰਸਥਾ ਦੀ ਖ਼ੁਸ਼ਬੂ ਨੂੰ ਵੱਡੇ ਪੱਧਰ ’ਤੇ ਫੈਲਾਅ ਰਹੇ ਹਨ।
ਸ਼ਾਨਦਾਰ ਦਸਤਾਵੇਜ਼
ਫੁੱਟਬਾਲ ਚੌਕ ਬਸਤੀ ਨੌਂ ’ਚ ਜਿੱਥੇ ਉਸ ਸਮੇਂ ਇਹ ਸੰਸਥਾ ਸਥਾਪਤ ਹੋਈ, ਦੱਸਿਆ ਜਾਂਦਾ ਹੈ ਕਿ ਦੇਸ਼ ਵੰਡ ਦੇ ਕਲਹਿਣੇ ਦੌਰ ਤੋਂ ਪਹਿਲਾਂ ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਇਮਰਾਨ ਖ਼ਾਨ ਦੇ ਨਾਨਕਿਆਂ ਦੀ ਜਾਇਦਾਦ ਸੀ। 24 ਨਵੰਬਰ 1969 ’ਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇਂ ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਿਰਮਾਣ ਹੁੰਦਾ ਹੈ। 1973 ’ਚ ਫਿਰ ਇਹ ਵਿਦਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰਹਿਨੁਮਾਈ ਹੇਠ ਆਪਣੀ ਵਿਲੱਖਣ ਪਛਾਣ ਸਥਾਪਿਤ ਕਰਦਾ ਹੈ। ਜਲੰਧਰ ਸ਼ਹਿਰ ਦੇ ਬਿਲਕੁਲ ਵਿਚਕਾਰ ਰੇਲਵੇ ਸਟੇਸ਼ਨ ਤੋਂ ਇਕ ਕਿਲੋਮੀਟਰ ’ਤੇ, ਬੱਸ ਅੱਡੇ ਤੋਂ ਦੋ ਕਿਲੋਮੀਟਰ ਦੀ ਦੂਰੀ ਉੱਤੇ ਪ੍ਰੰਪਰਾ ਤੇ ਆਧੁਨਿਕਤਾ ਦੇ ਸੁਮੇਲ ਵਾਲੀ ਇਸ ਸੰਸਥਾ ਦੀ ਇਮਾਰਤ ਆਪਣੇ ਆਪ ਵਿਚ ਸ਼ਾਨਦਾਰ ਦਸਤਾਵੇਜ਼ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੂਝਵਾਨ ਪ੍ਰਬੰਧਕ ਇਸ ਸੋਚ ਦੇ ਧਾਰਨੀ ਹਨ ਕਿ ਹਰ ਵਿਦਿਆਰਥੀ ਦੀ ਪਹੁੰਚ ਯੂਨੀਵਰਸਿਟੀ ਤੱਕ ਨਹੀਂ ਹੋ ਸਕਦੀ, ਇਸ ਕਰਕੇ ਉਨ੍ਹਾਂ ਯੂਨੀਵਰਸਿਟੀ ’ਚ ਪੜ੍ਹਾਏ ਜਾਂਦੇ ਕੋਰਸ ਇਸ ਸੰਸਥਾ ਵਿਚ ਸ਼ੁਰੂ ਕਰ ਕੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਗਿਆਨ ਨੂੰ ਹਾਸਿਲ ਕਰਨ ਦਾ ਮੌਕਾ ਮੁਹੱਈਆ ਕਰਵਾਇਆ ਹੈ।
ਸ਼ਖ਼ਸੀਅਤ ਨੂੰ ਨਿਖਾਰਨਾ
ਆਪਸੀ ਮਿਲਵਰਤਣ, ਸਹਿਯੋਗ ਤੇ ਦੂਸਰਿਆਂ ਦੇ ਕੰਮ ਆਉਣ ਦੀ ਭਾਵਨਾ ਦੇ ਨਾਲ-ਨਾਲ ਵਾਤਾਵਰਣ ਦੀ ਸਾਂਭ-ਸੰਭਾਲ ਤੇ ਨੈਤਿਕ ਸਿੱਖਿਆ ਦੇਣਾ ਇਸ ਸੰਸਥਾ ਦਾ ਮੁੱਖ ਮਕਸਦ ਹੈ। ਅਧਿਆਪਕ ਦੀ ਜ਼ਿੰਮੇਵਾਰੀ ਸਿਰਫ਼ ਸਿਲੇਬਸ ਖ਼ਤਮ ਕਰਵਾਉਣਾ ਨਹੀਂ ਹੁੰਦੀ ਸਗੋਂ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਤੇ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣਾਉਣ ਦੇ ਨਾਲ-ਨਾਲ ਦੇਸ਼ ਪਿਆਰ ਤੇ ਲੋਕ ਸੇਵਾ ਦੇ ਅਰਥ ਸਮਝਾੳਣਾ ਵੀ ਉਸ ਦਾ ਫ਼ਰਜ਼ ਹੁੰਦਾ ਹੈ। ਇਸ ਸੰਸਥਾ ਵਿਚ ਕਿਤਾਬਾਂ ਤੋਂ ਪੜ੍ਹੇ ਅੱਖਰਾਂ ਨੂੰ ਜ਼ਿੰਦਗੀ ਵਿਚ ਤਾਮੀਰ ਕਰਨ ਦੇ ਗੁਰ ਸਿਖਾਉਣ ਤੇ ਹਰ ਪੈਰ ’ਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਨੌਜਵਾਨ ਵਰਗ ਦੀ ਊਰਜਾ ਨੂੰ ਸਹੀ ਸੋਧ ਦੇਣ ਦੇ ਲਗਾਤਾਰ ਯਤਨ ਕੀਤੇ ਜਾਂਦੇ ਹਨ। ਸਿਰਫ਼ ਅੱਖਰ ਗਿਆਨ ਦੇਣਾ ਸਾਡਾ ਮਕਸਦ ਨਹੀਂ। ਨਵੀਂ ਪੀੜ੍ਹੀ ਨੂੰ ਬੁੱਧੀਮਾਨ ਤੇ ਤੇਜੱਸਵੀ ਬਣਾਉਣ ਦੇ ਨਾਲ-ਨਾਲ ਨੈਤਿਕ ਅਤੇ ਆਰਥਿਕ ਤੌਰ ’ਤੇ ਸਪੰਨ ਕਰਨਾ ਸਾਡਾ ਉਦੇਸ਼ ਹੈ ।
ਰੁਜ਼ਗਾਰ-ਮੁਖੀ ਕੋਰਸ
ਅਜੋਕੇ ਦੌਰ ’ਚ ਵੱਡੀਆਂ ਕੰਪਨੀਆਂ ਨੂੰ ਰਸਮੀ ਸਿੱਖਿਆ ਵਾਲੇ ਪਾੜ੍ਹੇ ਨਹੀਂ ਚਾਹੀਦੇ। ਗਲੋਬਲ ਚੁਣੌਤੀਆਂ ਦੇ ਸਨਮੁੱਖ ਵਿਗਿਆਨਕ, ਸਾਂਸਕ੍ਰਿਤਿਕ ਤੇ ਹੁਨਰਮੰਦ ਸਿੱਖਿਆ ਨੀਤੀ ਤਹਿਤ ਰੁਜ਼ਗਾਰ-ਮੁਖੀ ਕੋਰਸ ਇਸ ਸੰਸਥਾ ਦਾ ਮੁੱਖ ਹਾਸਲ ਹੈ। ਸੁਯੋਗ ਅਗਵਾਈ ਦੇਣ ਵਾਲੇ ਪ੍ਰਤੀਬੱਧ ਅਧਿਆਪਕ ਬ੍ਰੇਨ ਡਰੇਨ ਦੀ ਇਸ ਅੰਨ੍ਹੀ ਦੌੜ ਵਿਚ ਵੀ ਆਪਣੇ ਦੇਸ਼ ਵਿਚ ਹੀ ਬਿਨਾਂ ਕੋਈ ਵਾਧੂ ਪੈਸੇ ਨਿਵੇਸ਼ ਕਰਨ ਦੇ ਵਧੀਆ ਕਾਰੋਬਾਰ ਸਥਾਪਿਤ ਕਰਨ ਲਈ ਵਿਦਿਆਰਥੀਆਂ ਨੂੰ ਅਗਵਾਈ ਦਿੰਦੇ ਰਹਿੰਦੇ ਹਨ। ਏਕਤਾ, ਅਖੰਡਤਾ, ਧਾਰਮਿਕ ਸਦਭਾਵਨਾ ਨੂੰ ਕਾਇਮ ਰੱਖਣ ਦੇ ਨਾਲ-ਨਾਲ ਵਿਸ਼ਵ ਸ਼ਾਂਤੀ ਦਾ ਸੁਨੇਹਾ ਇਹ ਸੰਸਥਾ ਨਿਰੰਤਰ ਦਿੰਦੀ ਰਹਿੰਦੀ ਹੈ। ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਵਿਦਵਾਨ ਬੁਲਾ ਕੇ ਲੈਕਚਰ ਤੇ ਸੈਮੀਨਾਰ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਹਨ। ਔਰਤ ਦੇ ਵਿਕਾਸ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ। ਅਸੀਂ ਧੀਆਂ ਨੂੰ ਬੇਖੌਫ਼ ਹੋ ਕੇ ਅਣਖ਼ ਨਾਲ ਜਿਊਣ ਤੇ ਹਰ ਮੰਜ਼ਿਲ ਫ਼ਤਿਹ ਕਰਨ ਦੀ ਜਾਚ ਹੀ ਨਹੀਂ ਸਿਖਾਉਂਦੇ ਸਗੋਂ ਪੁੱਤਾਂ ਨੂੰ ਵੀ ਸਮਾਜ ’ਚ ਸਾਊ ਤੇ ਸੱਭਿਅਕ ਤਰੀਕੇ ਨਾਲ ਵਿਚਰਨ ਦਾ ਸਲੀਕਾ ਸਿਖਾਉਣ ਦੀ ਕੋਸ਼ਿਸ਼ ’ਚ ਰਹਿੰਦੇ ਹਾਂ।
ਨਵੀਆਂ ਪੈੜਾਂ ਪਾ ਰਹੀ ਸੰਸਥਾ
ਵਪਾਰੀਕਰਨ ਦੇ ਇਸ ਦੌਰ ਵਿਚ ਵੀ ਇਸ ਸੰਸਥਾ ਨੇ ਆਪਣੀਆਂ ਕਦਰਾਂ-ਕੀਮਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਬਹੁਤ ਘੱਟ ਫੀਸ ਨਾਲ ਉੱਚ ਦਰਜੇ ਦੀ ਸਿੱਖਿਆ ਸਾਡਾ ਉਦੇਸ਼ ਹੈ। ਬਹੁਤ ਸਾਰੇ ਦਾਨੀ ਸੱਜਣ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਦੀ ਮਦਦ ਕਰਦੇ ਰਹਿੰਦੇ ਹਨ। ਇਸ ਨੇਕ ਕਰਮ ’ਚ ਕਰਮਯੋਗੀ ਸਟਾਫ ਵੀ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਬਣਦਾ ਹਿੱਸਾ ਕੱਢ ਕੇ ਇਸ ਨੇਕ ਕਰਮ ਨੂੰ ਨਿਭਾ ਰਿਹਾ ਹੈ। ਸੋਚਵਾਨ ਤੇ ਰੌਸ਼ਨ ਖ਼ਿਆਲ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਡਾ. ਕਰਮਜੀਤ ਸਿੰਘ ਜੀ ਸੋਹਣਾ ਸੁਨੱਖਾ ਸਮਾਜ ਸਿਰਜਣ ਦੇ ਸੁਪਨਸਾਜ਼ ਹਨ, ਜਿਨ੍ਹਾਂ ਦੀ ਸੁਯੋਗ ਅਗਵਾਈ ਹੇਠ ਇਹ ਸੰਸਥਾ ਨਵੀਆਂ ਪੈੜਾਂ ਪਾ ਰਹੀ ਹੈ। ਮੇਰੇ ਅੰਦਰ ਸਮਾਜ ਲਈ ਕੁਝ ਕਰ ਸਕਣ ਦੀ ਭਾਵਨਾ ਲਟ-ਲਟ ਬਲਦੀ ਰਹਿੰਦੀ ਹੈ, ਜਿਸ ਤਹਿਤ ਮੈਂ ਇਮਾਨਦਾਰੀ ਤੇ ਪ੍ਰਤੀਬੱਧਤਾ ਨਾਲ ਇਹ ਜ਼ਿੰਮੇਵਾਰੀ ਨਿਭਾਉਣ ਲਈ ਵਿੱਦਿਆ ਦੇ ਇਸ ਮੰਦਰ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੀ ਹਾਂ।
- ਪ੍ਰੋ. (ਡਾ.) ਨਵਜੋਤ