CBSE ਵੱਲੋਂ ਵਿਦਿਆਰਥੀਆਂ ਲਈ ਵੱਡੀ ਸਹੂਲਤ ਦਿੱਤੀ ਗਈ ਹੈ। ਜੇਕਰ ਰੀ-ਇਵੈਲੂਏਸ਼ਨ ਦੌਰਾਨ ਕਿਸੇ ਵਿਦਿਆਰਥੀ ਦੇ ਨੰਬਰ ਵਧ ਜਾਂਦੇ ਹਨ, ਤਾਂ ਸੀਬੀਐੱਸਈ ਵਿਦਿਆਰਥੀ ਨੂੰ ਜਮ੍ਹਾਂ ਕਰਵਾਈ ਗਈ ਰਕਮ ਵਾਪਸ ਕਰ ਦੇਵੇਗਾ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਸੀਬੀਐੱਸਈ 12ਵੀਂ ਬੋਰਡ ਪ੍ਰੀਖਿਆਵਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਲਈ ਕੰਮ ਦੀ ਖ਼ਬਰ ਹੈ। CBSE ਵੱਲੋਂ ਕੱਲ੍ਹ ਯਾਨੀ 19 ਮਈ ਤੋਂ ਮੁੜ-ਮੁਲਾਂਕਣ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਅਜਿਹੇ 'ਚ ਜਿਹੜੇ ਵਿਦਿਆਰਥੀ ਕਿਸੇ ਵਿਸ਼ੇ ਵਿੱਚ ਪ੍ਰਾਪਤ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ, ਉਹ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਕੇ ਆਪਣੀ ਕਾਪੀ ਪ੍ਰਾਪਤ ਕਰਕੇ ਰੀ-ਚੈੱਕ ਕਰ ਸਕਣਗੇ। ਜੇਕਰ ਇਸ ਦੌਰਾਨ ਉਨ੍ਹਾਂ ਨੂੰ ਅੰਕਾਂ ਦੀ ਟੋਟਲਿੰਗ (ਜੋੜ) ਜਾਂ ਕਿਸੇ ਹੋਰ ਕਿਸਮ ਦੀ ਗੜਬੜੀ ਲੱਗਦੀ ਹੈ ਤਾਂ ਉਹ ਦੁਬਾਰਾ ਅਪਲਾਈ ਕਰ ਕੇ ਕਾਪੀ ਨੂੰ ਰੀ-ਚੈੱਕ ਕਰਵਾ ਸਕਦੇ ਹਨ।
ਸੀਬੀਐੱਸਈ ਬੋਰਡ ਵੱਲੋਂ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ ਰੀ-ਇਵੈਲੂਏਸ਼ਨ ਫੀਸ 100 ਰੁਪਏ ਲਈ ਜਾਵੇਗੀ। ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮ ਰਾਹੀਂ ਕੀਤਾ ਜਾ ਸਕਦਾ ਹੈ।
ਸੀਬੀਐੱਸਈ ਵੱਲੋਂ ਵਿਦਿਆਰਥੀਆਂ ਲਈ ਵੱਡੀ ਸਹੂਲਤ ਦਿੱਤੀ ਗਈ ਹੈ। ਜੇਕਰ ਰੀ-ਇਵੈਲੂਏਸ਼ਨ ਦੌਰਾਨ ਕਿਸੇ ਵਿਦਿਆਰਥੀ ਦੇ ਨੰਬਰ ਵਧ ਜਾਂਦੇ ਹਨ, ਤਾਂ ਸੀਬੀਐੱਸਈ ਵਿਦਿਆਰਥੀ ਨੂੰ ਜਮ੍ਹਾਂ ਕਰਵਾਈ ਗਈ ਰਕਮ ਵਾਪਸ ਕਰ ਦੇਵੇਗਾ।
ਸੀਬੀਐੱਸਈ ਵੱਲੋਂ ਕੀਤੇ ਗਏ ਟਵੀਟ ਮੁਤਾਬਕ 'ਸੀਬੀਐੱਸਈ ਨੇ ਜਮਾਤ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਨਵੀਂ ਆਨ-ਸਕ੍ਰੀਨ ਮਾਰਕਿੰਗ (OSM) ਪ੍ਰਣਾਲੀ ਤਹਿਤ ਵਿਦਿਆਰਥੀਆਂ ਲਈ ਸੁਵਿਧਾਜਨਕ ਰਿਫੰਡ ਦਾ ਪ੍ਰਬੰਧ ਸ਼ੁਰੂ ਕੀਤਾ ਹੈ। ਮੁੜ-ਮੁਲਾਂਕਣ ਤੋਂ ਬਾਅਦ ਜਿਨ੍ਹਾਂ ਵਿਦਿਆਰਥੀਆਂ ਦੇ ਨੰਬਰ ਵਧਣਗੇ, ਉਨ੍ਹਾਂ ਨੂੰ ਪੂਰੀ ਫੀਸ ਵਾਪਸ ਮਿਲੇਗੀ, ਜਿਸ ਨਾਲ ਮੁਲਾਂਕਣ ਪ੍ਰਕਿਰਿਆ 'ਚ ਪਾਰਦਰਸ਼ਤਾ, ਨਿਰਪੱਖਤਾ ਤੇ ਜਵਾਬਦੇਹੀ ਨੂੰ ਉਤਸ਼ਾਹ ਮਿਲੇਗਾ। ਤੇਜ਼ ਸਮਾਂ-ਸੀਮਾ ਤੇ ਵਧੇਰੇ ਕੁਸ਼ਲ ਡਿਜੀਟਲ ਮੁਲਾਂਕਣ ਪ੍ਰਣਾਲੀ ਦੇ ਨਾਲ ਓਐੱਸਐੱਮ ਮੁਲਾਂਕਣ ਪ੍ਰਕਿਰਿਆਵਾਂ ਨੂੰ ਵਧੇਰੇ ਜਵਾਬਦੇਹ ਅਤੇ ਵਿਦਿਆਰਥੀ ਕੇਂਦਰਿਤ ਬਣਾਉਣ 'ਚ ਮਦਦ ਕਰ ਰਿਹਾ ਹੈ।'
19 ਤੋਂ 22 ਮਈ 2026 ਤਕ ਵਿਦਿਆਰਥੀ ਰੀ-ਇਵੈਲੂਏਸ਼ਨ ਲਈ ਅਪਲਾਈ ਕਰ ਸਕਦੇ ਹਨ। ਇਸਦੇ ਲਈ 100 ਰੁਪਏ ਫੀਸ ਲੱਗੇਗੀ। ਫਾਰਮ ਭਰਨ ਤੋਂ ਬਾਅਦ ਤੁਹਾਡੀ ਕਾਪੀ ਤੁਹਾਡੇ ਲੌਗਇਨ ਡੈਸ਼ਬੋਰਡ 'ਚ ਉਪਲਬਧ ਕਰਵਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਤੁਸੀਂ ਇਸ ਨੂੰ ਚੈੱਕ ਕਰ ਸਕੋਗੇ।
ਆਪਣੀ ਕਾਪੀ ਨੂੰ ਚੈੱਕ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਕਿਤੇ ਵੀ ਗੜਬੜ ਲੱਗਦੀ ਹੈ ਤਾਂ 26 ਤੋਂ 29 ਮਈ 2026 ਤਕ ਦੁਬਾਰਾ 100 ਰੁਪਏ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ ਅਪਲਾਈ ਕਰਕੇ ਤੁਸੀਂ ਬੋਰਡ ਵੱਲੋਂ ਆਪਣੀ ਕਾਪੀ ਨੂੰ ਰੀ-ਚੈੱਕ ਕਰਵਾ ਸਕਦੇ ਹੋ। ਜੇਕਰ ਤੁਹਾਡੇ ਨੰਬਰਾਂ 'ਚ ਗੜਬੜੀ ਹੁੰਦੀ ਹੈ, ਤਾਂ ਉਸ ਨੂੰ ਸੁਧਾਰਿਆ ਜਾਵੇਗਾ। ਕਿਸੇ ਇੱਕ ਖ਼ਾਸ ਪ੍ਰਸ਼ਨ ਦੀ ਰੀ-ਚੈਕਿੰਗ ਲਈ ਕੇਵਲ 25 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।