ਇਹ ਉਹ ਰਾਹ ਹੈ, ਜਿਸ ਵਿਚ ਬੱਚਿਆਂ ਨੂੰ ਕੰਪਿਊਟਰ ਦੀ ਭਾਸ਼ਾ ਰਾਹੀਂ ਸਾਫਟਵੇਅਰ, ਵੈੱਬਸਾਈਟ,ਮੋਬਾਈਲ ਐਪਲੀਕੇਸ਼ਨ ਜਾਂ ਏਆਈ ਪ੍ਰੋਗਰਾਮ ਬਣਾਉਣਾ ਸਿਖਾਇਆ ਜਾਂਦਾ ਹੈ। ਜੇ ਤੁਸੀਂ ਪ੍ਰੋਗਰਾਮਿੰਗ ’ਚ ਜਾਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਵੈੱਬ ਡਿਵੈਲਪਮੈਂਟ ਸਿੱਖ ਸਕਦੇ ਹੋ। ਇਸ ’ਚ ਵੱਖ-ਵੱਖ ਤਰ੍ਹਾਂ ਦੀਆਂ ਵੈੱਬਸਾਈਟਾਂ, ਵੈੱਬ ਐਪਲੀਕੇਸ਼ਨਾਂ ਤੇ ਸਾਫਟਵੇਅਰ ਬਣਾਏ ਜਾਂਦੇ ਹਨ।

ਅੱਜ ਹਰ ਵਿਦਿਆਰਥੀ ਕੰਪਿਊਟਰ ਦੇ ਖੇਤਰ ’ਚ ਨੌਕਰੀ ਦੀ ਭਾਲ ਕਰ ਰਿਹਾ ਹੈ। ਇਸ ਲਈ ਕੰਪਿਊਟਰ ਨਾਲ ਸਬੰਧਿਤ ਬਹੁਤ ਸਾਰੇ ਕੋਰਸ ਚੱਲ ਰਹੇ ਹਨ, ਜਿਵੇਂ ਬੀਟੈੱਕ, ਬੀਸੀਏ, ਐੱਮਸੀਏ, ਬੀਐੱਸਸੀ ਆਈਟੀ/ਸੀਐੱਸ, ਐੱਮਐੱਸਸੀ ਆਈਟੀ/ਸੀਐੱਸ, ਡੀਸੀਏ, ਪੀਜੀਡੀਸੀਏ ਤੇ ਡਿਪਲੋਮਾ ਆਦਿ। ਇਹ ਸਾਰੀਆਂ ਡਿਗਰੀਆਂ ਤੇ ਡਿਪਲੋਮੇ ਆਪਣੇ ਆਪ ’ਚ ਵੱਖਰੇ ਹਨ ਪਰ ਜੇ ਅਸੀਂ ਕੋਰਸ ਦੇ ਕੰਟੈਂਟ ਦੀ ਗੱਲ ਕਰੀਏ ਤਾਂ ਕਾਫ਼ੀ ਹੱਦ ਤੱਕ ਇੱਕੋ ਜਿਹਾ ਹੀ ਹੈ। ਜਾਣਦੇ ਹਾਂ ਕਿ ਇਹ ਵੱਖ-ਵੱਖ ਕੋਰਸ ਕਰ ਕੇ ਆਈਟੀ ਫੀਲਡ ਨਾਲ ਕਿਵੇਂ ਜੁੜ ਸਕਦੇ ਹੋ ਤੇ ਆਈਟੀ ’ਚ ਨੌਕਰੀ ਕਿਵੇਂ ਹਾਸਿਲ ਕਰ ਸਕਦੇ ਹਾਂ ਕਿਉਂਕਿ ਡਿਗਰੀ ਜਾਂ ਡਿਪਲੋਮਾ ਸਿਰਫ਼ ਕੰਪਨੀ ’ਚ ਦਾਖ਼ਲੇ ਦਾ ਮਾਧਿਅਮ ਹੁੰਦਾ ਹੈ। ਉਦੋਂ ਕੰਪਨੀ ਹਮੇਸ਼ਾ ਇੱਕੋ ਗੱਲ ਪੁੱਛਦੀ ਹੈ ਕਿ ਤੁਹਾਡਾ ਵਿਹਾਰਕ ਹੁਨਰ ਕੀ ਹੈ ਯਾਨੀ ਤੁਹਾਡੇ ਕੋਲ ਕੋਈ ਆਈਟੀ ਹੁਨਰ ਹੈ? ਇਸ ਲੇਖ ’ਚ ਆਪਾਂ ਸਿਰਫ਼ ਪ੍ਰੋਗਰਾਮਿੰਗ ਦੇ ਖੇਤਰ ਦੀ ਗੱਲ ਕਰਾਂਗੇ।
ਤਿੰਨ ਭਾਗਾਂ ’ਚ ਵੰਡ ਸਕਦੇ ਆਈਟੀ ਖੇਤਰ
- ਪ੍ਰੋਗਰਾਮਿੰਗ ਵਾਲਾ ਖੇਤਰ।
- ਬਿਨਾਂ ਪ੍ਰੋਗਰਾਮਿੰਗ ਵਾਲਾ ਖੇਤਰ।
- ਉਹ ਖੇਤਰ ਜਿੱਥੇ ਪ੍ਰੋਗਰਾਮਿੰਗ ਦਾ ਥੋੜ੍ਹਾ ਹਿੱਸਾ ਹੁੰਦਾ ਹੈ।
ਪ੍ਰੋਗਰਾਮਿੰਗ ਵਾਲਾ ਖੇਤਰ
ਇਹ ਉਹ ਰਾਹ ਹੈ, ਜਿਸ ਵਿਚ ਬੱਚਿਆਂ ਨੂੰ ਕੰਪਿਊਟਰ ਦੀ ਭਾਸ਼ਾ ਰਾਹੀਂ ਸਾਫਟਵੇਅਰ, ਵੈੱਬਸਾਈਟ,ਮੋਬਾਈਲ ਐਪਲੀਕੇਸ਼ਨ ਜਾਂ ਏਆਈ ਪ੍ਰੋਗਰਾਮ ਬਣਾਉਣਾ ਸਿਖਾਇਆ ਜਾਂਦਾ ਹੈ। ਜੇ ਤੁਸੀਂ ਪ੍ਰੋਗਰਾਮਿੰਗ ’ਚ ਜਾਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਵੈੱਬ ਡਿਵੈਲਪਮੈਂਟ ਸਿੱਖ ਸਕਦੇ ਹੋ। ਇਸ ’ਚ ਵੱਖ-ਵੱਖ ਤਰ੍ਹਾਂ ਦੀਆਂ ਵੈੱਬਸਾਈਟਾਂ, ਵੈੱਬ ਐਪਲੀਕੇਸ਼ਨਾਂ ਤੇ ਸਾਫਟਵੇਅਰ ਬਣਾਏ ਜਾਂਦੇ ਹਨ। ਅੱਜ ਜੇ ਤੁਸੀਂ ਆਨਲਾਈਨ ਵਰਡਫਾਈਲ ਐਡਿਟ ਕਰਦੇ ਹੋ, ਤਾਂ ਉਹ ਇਕ ਵੈੱਬ ਆਧਾਰਿਤ ਐਪਲੀਕੇਸ਼ਨ ਹੈ। ਪਹਿਲਾਂ ਫੋਟੋ ਐਡਿਟ ਕਰਨ ਲਈ ਫੋਟੋਸ਼ਾਪ ਵਰਤਿਆ ਜਾਂਦਾ ਸੀ ਪਰ ਅੱਜ-ਕੱਲ੍ਹ ਬਹੁਤ ਸਾਰੀਆਂ ਆਨਲਾਈਨ ਫੋਟੋ ਐਡੀਟਿੰਗ ਵੈੱਬਸਾਈਟਾਂ ਮੌਜੂਦ ਹਨ। ਇਸ ਤਰ੍ਹਾਂ ਵੈੱਬ ਤਕਨਾਲੋਜੀ ਨੇ ਸਾਡੀ ਜ਼ਿੰਦਗੀ ’ਚ ਕਾਫ਼ੀ ਬਦਲਾਅ ਲਿਆਂਦਾ ਹੈ। ਆਨਲਾਈਨ ਸਿਲੰਡਰ ਬੁੱਕ ਕਰਨਾ ਹੋਵੇ ਜਾਂ ਫਿਲਮ ਦੀ ਟਿਕਟ ਬੁੱਕ ਕਰਨੀ ਹੋਵੇ ਤਾਂ ਇਹ ਸਭ ਵੈੱਬ ਤੋਂ ਹੀ ਸ਼ੁਰੂ ਹੁੰਦਾ ਹੈ।
ਵੈੱਬ ਡਿਵੈਲਪਮੈਂਟ
ਜੇ ਤੁਸੀਂ ਵੈੱਬ ਡਿਵੈਲਪਮੈਂਟ ਸਿੱਖਣਾ ਚਾਹੁੰਦੇ ਹੋ ਤੇ ਪੂਰੀ ਤਰ੍ਹਾਂ ਹੁਨਰਮੰਦ ਬਣਨਾ ਚਾਹੁੰਦੇ ਹੋ ਤਾਂ ਇਸ ’ਚ Frontend ਲਈ Angular ਜਾਂ ਰਿਐਕਟ ਸਿੱਖਿਆ ਜਾਂਦਾ ਹੈ ਤੇ Backend ਲਈ Node.js, Laravel, Django ਜਾਂ Spring Boot ਵਰਗੀ ਤਕਨਾਲੋਜੀ ਪੜ੍ਹੀ ਜਾਂਦੀ ਹੈ।
ਮੋਬਾਈਲ ਡਿਵੈਲਪਮੈਂਟ
ਦੂਜਾ ਮਹੱਤਵਪੂਰਨ ਹੁਨਰ ਹੈ ਮੋਬਾਈਲ ਡਿਵੈਲਪਮੈਂਟ। ਇਹ ਉਹ ਇੰਜੀਨੀਅਰ ਹੁੰਦੇ ਹਨ, ਜੋ ਮੋਬਾਈਲ ਐਪਲੀਕੇਸ਼ਨਾਂ ਤੇ ਸਾਫਟਵੇਅਰ ਬਣਾਉਂਦੇ ਹਨ, ਜਿਵੇਂ ਗੂਗਲ ਪੇਅ, ਫਲਿਪਕਾਰਟ ਅਤੇ ਵ੍ਹਟਸਐਪ। ਇਸ ’ਚ ਮੁੱਖ ਤੌਰ ’ਤੇ ਦੋ ਪਲੇਟਫਾਰਮ ਐਂਡਰਾਇਡ ਤੇ ਆਈਓਐੱਸ ਹੁੰਦੇ ਹਨ। ਜੇ ਤੁਸੀਂ ਐਂਡਰਾਇਡ ਲਈ ਐਪਲੀਕੇਸ਼ਨ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ Kotlin ਸਿੱਖੋ, ਜੋ ਐਂਡਰਾਇਡ ਦੀ ਮੁੱਖ ਭਾਸ਼ਾ ਹੈ। ਜੇ ਤੁਸੀਂ ਆਈਫੋਨ ਲਈ ਐਪਲੀਕੇਸ਼ਨਾਂ ਬਣਾਉਣੀਆਂ ਚਾਹੁੰਦੇ ਹੋ ਤਾਂ ਸਵਿਫਟ ਸਿੱਖੋ, ਜੋ ਆਈਓਐੱਸ ਦੀ ਮੁੱਖ ਭਾਸ਼ਾ ਹੈ। ਇਨ੍ਹਾਂ ਦੋਵਾਂ ਨੂੰ ਨੇਟਿਵ ਲੈਂਗੁਇਜ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਫਲੂਟਰ ਤੇ ਰਿਐਕਟ ਨੇਟਿਵ ਵਰਗੇ ਫਰੇਮ ਵਰਕ ਵੀ ਹਨ, ਜਿਨ੍ਹਾਂ ਰਾਹੀਂ ਇਕ ਵਾਰ ਕੋਡ ਲਿਖ ਕੇ ਐਂਡਰਾਇਡ ਤੇ ਆਈਓਐੱਸ ਦੋਵਾਂ ਲਈ ਐਪਲੀਕੇਸ਼ਨਾਂ ਬਣਾਈਆਂ ਜਾ ਸਕਦੀਆਂ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ
ਅੱਜ ਹਰ ਜਗ੍ਹਾ ਏਆਈ ਦੀ ਗੱਲ ਹੋ ਰਹੀ ਹੈ। ਇਸ ਨਾਲ ਹਰ ਖੇਤਰ ਪ੍ਰਭਾਵਿਤ ਹੋ ਰਿਹਾ ਹੈ। ਆਈਟੀ ਕੰਪਨੀਆਂ ਦੇ ਸਟਾਕਜ਼ ਤੱਕ ਪ੍ਰਭਾਵਿਤ ਹੋ ਰਹੇ ਹਨ ਪਰ ਸੱਚ ਇਹ ਹੈ ਕਿ ਏਆਈ ਨੂੰ ਵਰਤਣਾ ਤੇ ਏਆਈ ਮਾਡਲ ਬਣਾਉਣਾ ਦੋਵੋਂ ਵੱਖਰੀਆਂ ਚੀਜ਼ਾਂ ਹਨ। ਇਸ ਖੇਤਰ ’ਚ ਅੱਗੇ ਵਧਣ ਲਈ ਏਆਈ ਨੂੰ ਸਿਰਫ਼ ਵਰਤਣਾ ਨਹੀਂ ਸਗੋਂ ਬਣਾਉਣਾ ਵੀ ਸਿੱਖੋ।
ਸਿੱਖਣ ਦੇ ਰਾਹ
- ਸਭ ਤੋਂ ਪਹਿਲਾਂ ਪਾਇਥਾਨ (Paython)।
- ਫਿਰ ਡਾਟਾ ਸਾਇੰਸ।
- ਉਸ ਤੋਂ ਬਾਅਦ ਮਸ਼ੀਨ ਲਰਨਿੰਗ।
- ਫਿਰ ਡੀਪ ਲਰਨਿੰਗ ਅਤੇ ਆਖ਼ਰ ’ਚ ਏਆਈ ਅਤੇ ਜਨਰੇਟਿਵ ਏਆਈ।
ਜੇ ਤੁਸੀਂ ਆਪਣਾ ਏਆਈ ਮਾਡਲ ਬਣਾਉਣਾ ਚਾਹੁੰਦੇ ਹੋ ਜਾਂ ਏਆਈ ਦੇ ਖੇਤਰ ਵਿਚ ਭਵਿੱਖ ਬਣਾਉਣਾ ਚਾਹੁੰਦੇ ਹੋ, ਤਾਂ ਇਹ ਪੂਰਾ ਮਾਰਗ ਤੈਅ ਕਰਨਾ ਪਵੇਗਾ। ਇਹ ਸਾਰੇ ਆਈ ਦੇ ਵੱਖ-ਵੱਖ ਕਰੀਅਰ ਮਾਰਗ ਹਨ। ਤੁਸੀਂ ਆਪਣੀ ਰੁਚੀ ਮੁਤਾਬਕ ਕਿਸੇ ਵੀ ਖੇਤਰ ਨੂੰ ਚੁਣ ਸਕਦੇ ਹੋ। ਤਿੰਨਾਂ ਖੇਤਰਾਂ ’ਚ ਭਵਿੱਖ ਅਤੇ ਨੌਕਰੀਆਂ ਦੇ ਬਹੁਤ ਸਾਰੇ ਮੌਕੇ ਹਨ। ਜਦੋਂ ਵੀ ਤੁਸੀਂ ਕਿਸੇ ਡਿਗਰੀ ਵਿਚ ਦਾਖ਼ਲਾ ਲੈਂਦੇ ਹੋ ਤਾਂ ਉਸ ਦੇ ਨਾਲ-ਨਾਲ ਆਪਣੇ ਹੁਨਰ ਵਿਕਾਸ ’ਤੇ ਵੀ ਧਿਆਨ ਦਿਓ ਕਿਉਂਕਿ ਜਦੋਂ ਕੰਪਨੀ ਤੁਹਾਡੇ ਕੋਲ ਆਵੇਗੀ ਤਾਂ ਉਹ ਸਿਰਫ਼ ਇੱਕੋਂ ਗੱਲ ਪੁੱਛੇਗੀ, ‘ਕੀ ਤੁਹਾਨੂੰ ਕੰਮ ਕਰਨਾ ਆਉਂਦਾ ਹੈ’?
- ਗੌਰਵ ਸ਼ਰਮਾ