ਇੱਕੀਵੀਂ ਸਦੀ ਨੂੰ ਤਕਨਾਲੋਜੀ ਦੀ ਸਦੀ ਕਿਹਾ ਜਾਂਦਾ ਹੈ। ਮੱਨੁਖੀ ਜੀਵਨ ਦੇ ਹਰ ਖੇਤਰ ’ਚ ਤਕਨਾਲੋਜੀ ਨੇ ਡੂੰਘਾ ਪ੍ਰਭਾਵ ਪਾਇਆ ਹੈ। ਸਿਹਤ, ਉਦਯੋਗ, ਵਪਾਰ, ਪ੍ਰਸ਼ਾਸਨ ਦੇ ਨਾਲ-ਨਾਲ ਸਿੱਖਿਆ ਦਾ ਖੇਤਰ ਵੀ ਇਸ ਦੇ ਪ੍ਰਭਾਵ ਹੇਠ ਆ ਕੇ ਵੱਡੇ ਬਦਲਾਅ ਦਾ ਕਾਰਨ ਬਣਿਆ ਹੈ। ਸਮੇਂ ਦੇ ਨਾਲ-ਨਾਲ ਬਦਲਾਅ ਜ਼ਿੰਦਗੀ ’ਚ ਵੀ ਅਹਿਮ ਥਾ ਰਖੱਦਾ ਹੈ।

ਇੱਕੀਵੀਂ ਸਦੀ ਨੂੰ ਤਕਨਾਲੋਜੀ ਦੀ ਸਦੀ ਕਿਹਾ ਜਾਂਦਾ ਹੈ। ਮੱਨੁਖੀ ਜੀਵਨ ਦੇ ਹਰ ਖੇਤਰ ’ਚ ਤਕਨਾਲੋਜੀ ਨੇ ਡੂੰਘਾ ਪ੍ਰਭਾਵ ਪਾਇਆ ਹੈ। ਸਿਹਤ, ਉਦਯੋਗ, ਵਪਾਰ, ਪ੍ਰਸ਼ਾਸਨ ਦੇ ਨਾਲ-ਨਾਲ ਸਿੱਖਿਆ ਦਾ ਖੇਤਰ ਵੀ ਇਸ ਦੇ ਪ੍ਰਭਾਵ ਹੇਠ ਆ ਕੇ ਵੱਡੇ ਬਦਲਾਅ ਦਾ ਕਾਰਨ ਬਣਿਆ ਹੈ। ਸਮੇਂ ਦੇ ਨਾਲ-ਨਾਲ ਬਦਲਾਅ ਜ਼ਿੰਦਗੀ ’ਚ ਵੀ ਅਹਿਮ ਥਾ ਰਖੱਦਾ ਹੈ। ਪਿਛਲੇ ਕੁਝ ਸਾਲਾ ’ਚ ਏਆਈ (Artificial Intelligence) ਅਜਿਹੀ ਤਕਨੀਕ ਵਜੋਂ ਸਾਹਮਣੇ ਆਈ ਹੈ, ਜਿਸ ਨੇ ਸਿੱਖਿਆ ਦੇ ਖੇਤਰ ’ਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਅੱਜ ਦੁਨੀਆ ਭਰ ਵਿਚ ਸਕੂਲਾਂ ਤੇ ਹੋਰ ਸਿੱਖਿਆ ਸੰਸਥਾਵਾਂ ’ਚ ਏਆਈ ਦੀ ਵਰਤੋਂ ਵਧਦੀ ਜਾ ਰਹੀ ਹੈ। ਇਹ ਤਕਨੀਕ ਨਾ ਸਿਰਫ਼ ਪੜ੍ਹਾਉਣ ਦੇ ਤਰੀਕਿਆਂ ਨੂੰ ਬਦਲ ਰਹੀ ਹੈ ਸਗੋਂ ਸਿੱਖਣ ਦੇ ਤਰੀਕਿਆਂ ਨੂੰ ਵੀ ਪ੍ਰਭਾਵਸ਼ਾਲੀ ਤੇ ਦਿਲਚਸਪ ਬਣਾ ਰਹੀ ਹੈ।
ਸਿੱਖਿਆ ’ਚ ਤਕਨਾਲੋਜੀ ਦੀ ਯਾਤਰਾ
ਅੱਜ ਜੇ ਅਸੀਂ ਸਿੱਖਿਆ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹਰ ਨਵੀਂ ਤਕਨੀਕ ਨੇ ਪੜ੍ਹਨ ਤੇ ਪੜ੍ਹਾਉਣ ਦੇ ਤਰੀਕਿਆਂ ’ਚ ਵੱਡਾ ਬਦਲਾਅ ਲਿਆਂਦਾ ਹੈ। ਛਾਪੇਖਾਨੇ ਦੀ ਖੋਜ ਨਾਲ ਗਿਆਨ ਕਿਤਾਬਾ ਰਾਹੀਂ ਆਮ ਲੋਕਾਂ ਤੱਕ ਪਹੁੰਚਿਆਂ। ਫਿਰ ਕੰਪਿਊਟਰ ਤੇ ਇੰਟਰਨੈੱਟ ਨੇ ਜਾਣਕਾਰੀ ਤੇ ਗਿਆਨ ਦੇ ਸਰੋਤਾਂ ਨੂੰ ਅਸੀਮਤ ਕਰ ਦਿਤਾ। ਹੁਣ ਏਆਈ ਇਸ ਵਿਕਾਸ ਦਾ ਅਗਲਾ ਪੜਾਅ ਹੈ। ਏਆਈ ਉਹ ਤਕਨੀਕ ਹੈ, ਜੋ ਕੰਪਿਊਟਰ ਪ੍ਰਣਾਲੀਆਂ ਨੂੰ ਮਨੁਖੀ ਬੁੱਧੀ ਨਾਲ ਸਬੰਧਿਤ ਕੰਮ ਕਰਨ ਦੇ ਯੋਗ ਬਣਾਉਂਦੀ ਹੈ, ਜਿਵੇਂ ਸਿੱਖਣਾ, ਵਿਸ਼ਲੇਸ਼ਣ ਕਰਨਾ ਤੇ ਫ਼ੈਸਲੇ ਲੈਣਾ। ਸਿੱਖਿਆ ਦੇ ਖੇਤਰ ’ਚ ਏਆਈ ਵਰਤੋਂ ਨਾਲ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਰੁਝਾਨ, ਸਿੱਖਣ ਦੇ ਤਰੀਕਿਆਂ ਦਾ ਵਿਸ਼ਲੇਸਣ ਕੀਤਾ ਜਾ ਸਕਦਾ ਹੈ। ਇਸ ਦੀ ਜਾਣਕਾਰੀ ਅਧਿਆਪਕਾਂ ਤੇ ਸਿੱਖਿਆ ਸੰਸਥਾਵਾਂ ਦੇ ਪੜ੍ਹਾਈ ਦੇ ਢੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਦੀ ਹੈ।
ਸਿੱਖਣ ’ਚ ਨਵੀਆਂ ਸੰਭਾਵਨਾਵਾਂ
ਸਕੂਲ ਸਿੱਖਿਆ ’ਚ ਏਆਈ ਦਾ ਸਭ ਤੋਂ ਵੱਡਾ ਫ਼ਾਇਦਾ ਵਿਅਕਤੀਗਤ ਸਿੱਖਣ (Personalised Learning) ਦੀ ਸੰਭਾਵਨਾ ਹੈ। ਰਵਾਇਤੀ ਕਲਾਸਰੂਮ ’ਚ ਅਧਿਆਪਕ ਨੂੰ ਇੱਕੋ ਸਮੇਂ ’ਤੇ ਕਈ ਵਿਦਿਆਰਥੀਆਂ ਨੂੰ ਇੱਕੋ ਗਤੀ ਨਾਲ ਪੜ੍ਹਾਉਣਾ ਪੈਂਦਾ ਹੈ। ਹਰ ਵਿਦਿਆਰਥੀ ਦੀ ਸਿੱਖਣ ਦੀ ਗਤੀ ਵੱਖਰੀ ਹੁੰਦੀ ਹੈ ਪਰ ਪੜ੍ਹਾਉਣ ਦਾ ਤਰੀਕਾ ਅਕਸਰ ਇਕ ਹੀ ਰਹਿੰਦਾ ਹੈ, ਜਿਸ ਕਰਕੇ ਇਕ ਹੀ ਪਾਠ ਨੂੰ ਜਿੱਥੇ ਕਈ ਵਿਦਿਆਰਥੀ ਸਮਝਣ ’ਚ ਪਿੱਛੇ ਰਹਿ ਜਾਂਦੇ ਹਨ, ਉੱਥੇ ਕਈ ਵਿਦਿਆਰਥਆਂ ਲਈ ਉਹੀ ਪਾਠ ਬਹੁਤ ਸੌਖਾ ਹੁੰਦਾ ਹੈ। ਏਆਈ ਆਧਾਰਿਤ Adaptive Learning Platform ਇਸ ਸਮੱਸਿਆ ਦਾ ਹੱਲ ਪੇਸ਼ ਕਰਦਾ ਹੈ। ਇਹ ਪ੍ਰਣਾਲੀਆਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰ ਕੇ ਉਸ ਦੀ ਰੁਚੀ ਤੇ ਸਮਝ ਅਨੁਸਾਰ ਉਸ ਲਈ ਪਾਠ ਸਮੱਗਰੀ ਨੂੰ ਤਬਦੀਲ ਕਰਦੀਆਂ ਹਨ। ਜੇ ਕਿਸੇ ਵਿਦਿਆਰਥੀ ਨੂੰ ਕਿਸੇ ਵਿਸ਼ੇ ’ਚ ਮੁਸ਼ਕਲ ਆ ਰਹੀ ਹੁੰਦੀ ਹੈ ਤਾਂ ਇਹ ਸਿਸਟਮ ਉਸ ਉਸ ਨੂੰ ਵਾਧੂ ਅਭਿਆਸ ਤੇ ਸਪਸ਼ਟੀਕਰਨ ਦਿੰਦਾ ਹੈ। ਦੂਜੇ ਪਾਸੇ ਤੇਜ਼ੀ ਨਾਲ ਸਿੱਖਣ ਵਾਲੇ ਵਿਦਿਆਰਥੀ ਹੋਰ ਉੱਚ ਪੱਧਰੀ ਵਿੱਦਿਅਕ ਸਮਗਰੀ ਨਾਲ ਅੱਗੇ ਵਧ ਸਕਦੇ ਹਨ। ਇਸ ਤਰ੍ਹਾਂ ਸਿੱਖਿਆ ਦਾ ਮਾਡਲ ਇੱਕੋ ਜਿਹੇ ਮਾਪਦੰਡਾਂ ਤੋ ਹਟ ਕੇ ਹਰ ਵਿਦਿਆਰਥੀ ਦੀ ਲੋੜ ਅਨੁਸਾਰ ਤਿਆਰ ਹੋਣ ਵਾਲਾ ਮਾਡਲ ਬਣ ਸਕਦਾ ਹੈ।
ਡਿਜੀਟਲ ਟਿਊਟਰ
ਏਆਈ ਦਾ ਇਕ ਹੋਰ ਮਹੱਤਵਪੂਰਨ ਪੱਖ ਇੰਟੈਲੀਜੈਂਟ ਟਿਊਟਰਿੰਗ ਸਿਸਟਮ ਹੈ। ਇਹ ਪ੍ਰਣਾਲੀਆਂ ਡਿਜੀਟਲ ਟਿਊਟਰ ਵਾਂਗ ਕੰਮ ਕਰਦੀਆਂ ਹਨ। ਇਸ ਨਾਲ ਵਿਦਿਆਰਥੀਆਂ ਨੂੰ ਸਿੱਖਣ ’ਚ ਨਿੱਜੀ ਮਦਦ ਮਿਲਦੀ ਹੈ। ਉਦਾਹਰਨ ਵਜੋਂ ਜੇ ਕੋਈ ਵਿਦਿਆਰਥੀ ਗਣਿਤ ਦਾ ਪ੍ਰਸ਼ਨ ਗ਼ਲਤ ਕਰਦਾ ਹੈ ਤਾਂ ਇਹ ਸਿਸਟਮ ਉਸ ਦੀ ਗ਼ਲਤੀ ਦੀ ਉਸੇ ਸਮੇਂ ਪਛਾਣ ਕਰ ਕੇ ਉਸ ਨੂੰ ਸਹੀ ਤਰੀਕਾ ਸਮਝਾਉਂਦਾ ਹੈ। ਇਸ ਤਰ੍ਹਾਂ ਵਿਦਿਆਰਥੀ ਨੂੰ ਤੁਰੰਤ ਫੀਡਬੈਕ ਮਿਲਦਾ ਹੈ ਤੇ ਉਹ ਆਪਣੀਆਂ ਗ਼ਲਤੀਆਂ ਤੋਂ ਸਿੱਖਦਾ ਹੈ।
ਮੁਲਾਂਕਣ ’ਚ ਸੁਧਾਰ
ਵਿੱਦਿਅਕ ਸੰਸਥਾਵਾਂ ਵਿਚ ਮੁਲਾਂਕਣ ਤੇ ਪ੍ਰਸ਼ਾਸਕੀ ਕੰਮਾਂ ’ਚ ਵੀ ਏਆਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਕਾਪੀਆਂ ਦੀ ਜਾਂਚ, ਹਾਜ਼ਰੀ ਦੀ ਨਿਗਰਾਨੀ, ਸਮਾਂ ਸਾਰਣੀ, ਵਿਦਿਆਰਥੀਆਂ ਦੇ ਡਾਟੇ ਦਾ ਵਿਸ਼ਲੇਸ਼ਣ ਵਰਗੇ ਕੰਮ ਆਟੋਮੈਟਿਕ ਹੋ ਸਕਦੇ ਹਨ। ਇਸ ਨਾਲ ਅਧਿਆਪਕਾਂ ਦਾ ਕਾਫ਼ੀ ਸਮਾਂ ਬਚ ਸਕਦਾ ਹੈ। ਇਸ ਸਮੇਂ ਨੂੰ ਉਹ ਵਿਦਿਆਰਥੀਆਂ ਦੀ ਸਮਝ, ਰਚਨਾਤਮਕਤਾ ਤੇ ਆਲੋਚਨਾਤਮਕ ਸੋਚ ਨੂੰ ਵਿਕਸਿਤ ਕਰਨ ’ਚ ਵਰਤ ਸਕਦੇ ਹਨ। ਇਸ ਤਰ੍ਹਾਂ ਏਆਈ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ’ਚ ਮਦਦਗਾਰ ਸਿੱਧ ਹੋ ਸਕਦਾ ਹੈ।
ਚੁਣੌਤੀਆਂ ਤੇ ਚਿੰਤਾਵਾਂ
ਜਿੱਥੇ ਏਆਈ ਦੇ ਬਹੁਤ ਸਾਰੇ ਫ਼ਾਇਦੇ ਹਨ, ਉੱਥੇ ਹੀ ਇਸ ਨਾਲ ਕੁਝ ਗੰਭੀਰ ਚੁਣੌਤੀਆਂ ਵੀ ਜੁੜੀਆਂ ਹੋਈਆਂ ਹਨ। ਸਭ ਤੋਂ ਵੱਡਾ ਮੁੱਦਾ ਡਾਟਾ ਦੀ ਗੋਪਨੀਯਤਾ ਦਾ ਹੈ। ਵਿਦਿਆਰਥੀਆਂ ਦੇ ਨਿੱਜੀ ਢਾਟੇ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ Digital Divide ਵੀ ਮਹੱਤਵਪੂਰਨ ਚੁਣੌਤੀ ਹੈ। ਹਰ ਸਕੂਲ ਕੋਲ ਇੱਕੋ ਜਿਹੀ ਤਕਨੀਕੀ ਸਹੂਲਤ ਨਹੀਂ ਹੁੰਦੀ। ਜੇ ਇਸ ਅਸਮਾਨਤਾ ਨੂੰ ਦੂਰ ਨਾ ਕੀਤਾ ਗਿਆ ਤਾਂ ਤਕਨਾਲੋਜੀ ਸਿੱਖਿਆ ’ਚ ਅਸਮਾਨਤਾ ਪੈਦਾ ਕਰ ਸਕਦੀ ਹੈ।
ਅਧਿਆਪਕ ਦੀ ਭੂਮਿਕਾ
ਕੁਝ ਲੋਕਾਂ ਦਾ ਵਿਚਾਰ ਹੈ ਕਿ ਏਆਈ ਦੇ ਆਉਣ ਨਾਲ ਅਧਿਆਪਕਾਂ ਦੀ ਲੋੜ ਘਟ ਜਾਵੇਗੀ ਪਰ ਅਸਲ ’ਚ ਤਕਨਾਲੋਜੀ ਅਧਿਆਪਕ ਦੀ ਥਾਂ ਨਹੀਂ ਲੈ ਸਕਦੀ। ਤਕਨਾਲੋਜੀ ਸਿੱਖਣ ਨੂੰ ਸੌਖਾ ਬਣਾ ਸਕਦੀ ਹੈ ਪਰ ਸਿੱਖਿਆ ਨੂੰ ਅਰਥਪੂਰਨ ਬਣਾਉਣਾ ਅਜੇ ਵੀ ਅਧਿਆਪਕ ਦੀ ਤਾਕਤ ਹੈ। ਅਧਿਆਪਕ ਸਿਰਫ਼ ਗਿਆਨ ਦੇਣ ਵਾਲਾ ਹੀ ਨਹੀਂ ਹੁੰਦਾ ਸਗੋਂ ਉਹ ਵਿਦਿਆਰਥੀ ਨੂੰ ਪ੍ਰੇਰਿਤ ਕਰ ਕੇ ਉਸ ਦੀ ਸੋਚ ਨੂੰ ਸਹੀ ਦਿਸ਼ਾ ਦਿੰਦਾ ਹੈ। ਆਉਣ ਵਾਲੇ ਸਮੇਂ ’ਚ ਅਧਿਆਪਕ ਮੈਂਟਰ, ਮਾਰਗ-ਦਰਸ਼ਕ ਵਜੋਂ ਹੋਰ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਸਿੱਖਿਆ ਦਾ ਕੇਂਦਰ ਨਹੀਂ ਤਕਨਾਲੋਜੀ
ਏਆਈ ਸਕੂਲੀ ਸਿੱਖਿਆ ’ਚ ਵੱਡਾ ਬਦਲਾਅ ਲਿਆ ਸਕਦੀ ਹੈ। ਜੇ ਇਸ ਨੂੰ ਜ਼ਿੰਮੇਵਾਰੀ ਤੇ ਚੰਗੀ ਸੋਚ ਰੱਖ ਕੇ ਵਰਤਿਆ ਜਾਂਦਾ ਹੈ ਤਾਂ ਇਹ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਤੇ ਦਿਲਚਸਪ ਬਣਾ ਸਕਦੀ ਹੈ। ਇਹ ਵੀ ਯਾਦ ਰਖੱਣਾ ਚਾਹੀਦਾ ਹੈ ਕਿ ਤਕਨਾਲੋਜੀ ਸਿੱਖਿਆ ਦਾ ਕੇਂਦਰ ਨਹੀਂ ਹੈ। ਸਿੱਖਿਆ ਦੀ ਅਸਲ ਤਾਕਤ ਅਜੇ ਵੀ ਅਧਿਆਪਕ ਹੀ ਹੈ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਅੱਜ ਵੀ ਸਰੀਰ ਤੇ ਰੂਹ ਵਰਗਾ ਹੈ। ਭਵਿੱਖ ਦੀ ਅਸਲ ਤੇ ਸਫਲ ਸਿੱਖਿਆ ਉਹ ਹੋਵੇਗੀ, ਜਿੱਥੇ ਤਕਨਾਲੋਜੀ ਤੇ ਮਨੁੱਖੀ ਸੰਵੇਦਨਾ ਇੱਕੋ ਕੰਮ ਕਰਨਗੇ। ਭਵਿੱਖ ਦੇ ਕਲਾਸਰੂਮ ਉਹ ਹੋਣਗੇ, ਜਿੱਥੇ ਤਕਨਾਲੋਜੀ ਸਿੱਖਣ ਨੂੰ ਸੌਖਾ ਤੇ ਮਹਤੱਵਪੂਰਨ ਬਣਾਵੇਗੀ ਪਰ ਅਧਿਆਪਕ ਉਸ ਨੂੰ ਅਰਥਪੂਰਨ ਬਣਾਉਣਗੇ।
- ਰੀਤੂ ਪਾਲ