ਜ਼ਿੰਦਗੀ ਅਜਿਹਾ ਸਫ਼ਰ ਹੈ, ਜਿਸ ਵਿਚ ਹਰ ਮੋੜ ’ਤੇ ਇਨਸਾਨ ਨੂੰ ਨਵੇਂ ਇਮਤਿਹਾਨ ਦੇਣੇ ਪੈਂਦੇ ਹਨ। ਕੋਈ ਵੀ ਇਨਸਾਨ ਅਜਿਹਾ ਨਹੀਂ, ਜਿਸ ਦੀ ਜ਼ਿੰਦਗੀ ਵਿਚ ਦੁੱਖ, ਤਕਲੀਫ਼ਾਂ ਜਾਂ ਹਾਰਾਂ ਨਾ ਆਈਆਂ ਹੋਣ ਪਰ ਅਸਲ ਮਾਅਨਿਆਂ ’ਚ ਉਹੀ ਲੋਕ ਕਾਮਯਾਬ ਹੁੰਦੇ ਹਨ, ਜੋ ਹਰ ਮੁਸ਼ਕਲ ਦੇ ਬਾਵਜੂਦ ਤੁਰਦੇ ਰਹਿੰਦੇ ਹਨ। ਜ਼ਿੰਦਗੀ ਦੇ ਅਗਲੇ ਮੋੜ ’ਤੇ ਸ਼ਾਇਦ ਸਕੂਨ ਹੋਵੇ, ਚੱਲ ਜ਼ਿੰਦਗੀ ਹੋਰ ਅੱਗੇ ਚਲੀਏ।

ਜ਼ਿੰਦਗੀ ਅਜਿਹਾ ਸਫ਼ਰ ਹੈ, ਜਿਸ ਵਿਚ ਹਰ ਮੋੜ ’ਤੇ ਇਨਸਾਨ ਨੂੰ ਨਵੇਂ ਇਮਤਿਹਾਨ ਦੇਣੇ ਪੈਂਦੇ ਹਨ। ਕੋਈ ਵੀ ਇਨਸਾਨ ਅਜਿਹਾ ਨਹੀਂ, ਜਿਸ ਦੀ ਜ਼ਿੰਦਗੀ ਵਿਚ ਦੁੱਖ, ਤਕਲੀਫ਼ਾਂ ਜਾਂ ਹਾਰਾਂ ਨਾ ਆਈਆਂ ਹੋਣ ਪਰ ਅਸਲ ਮਾਅਨਿਆਂ ’ਚ ਉਹੀ ਲੋਕ ਕਾਮਯਾਬ ਹੁੰਦੇ ਹਨ, ਜੋ ਹਰ ਮੁਸ਼ਕਲ ਦੇ ਬਾਵਜੂਦ ਤੁਰਦੇ ਰਹਿੰਦੇ ਹਨ। ਜ਼ਿੰਦਗੀ ਦੇ ਅਗਲੇ ਮੋੜ ’ਤੇ ਸ਼ਾਇਦ ਸਕੂਨ ਹੋਵੇ, ਚੱਲ ਜ਼ਿੰਦਗੀ ਹੋਰ ਅੱਗੇ ਚਲੀਏ। ਅੱਜ ਦੇ ਸਮੇਂ ’ਚ ਹਰ ਇਨਸਾਨ ਕਿਸੇ ਨਾ ਕਿਸੇ ਉਲਝਣ ’ਚ ਫਸਿਆ ਹੋਇਆ ਹੈ। ਕੋਈ ਰੁਜ਼ਗਾਰ ਲਈ ਸੰਘਰਸ਼ ਕਰ ਰਿਹਾ ਹੈ, ਕੋਈ ਘਰ ਦੀਆਂ ਜ਼ਿੰਮੇਵਾਰੀਆਂ ਹੇਠਾਂ ਦੱਬਿਆ ਹੋਇਆ ਹੈ, ਕੋਈ ਆਪਣੇ ਸੁਪਨਿਆਂ ਲਈ ਰਾਤਾਂ ਜਾਗਦਾ ਹੈ ਤੇ ਕੋਈ ਆਪਣੇ ਹੀ ਲੋਕਾਂ ਦੀ ਬੇਰੁਖ਼ੀ ਸਹਿੰਦਾ ਹੈ। ਕਈ ਵਾਰੀ ਹਾਲਾਤ ਇੰਨੇ ਮਾੜੇ ਹੋ ਜਾਂਦੇ ਹਨ ਕਿ ਇਨਸਾਨ ਖ਼ੁਦ ਨੂੰ ਇਕੱਲਾ ਮਹਿਸੂਸ ਕਰਨ ਲੱਗਦਾ ਹੈ। ਉਸ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਉਸ ਦੀ ਜ਼ਿੰਦਗੀ ਵਿਚ ਕੁਝ ਵੀ ਚੰਗਾ ਨਹੀਂ ਬਚਿਆ।
ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਜਿਵੇਂ ਰਾਤ ਹਮੇਸ਼ਾ ਨਹੀਂ ਰਹਿੰਦੀ, ਉਸੇ ਤਰ੍ਹਾਂ ਦੁੱਖ ਵੀ ਸਦਾ ਲਈ ਨਹੀਂ ਰਹਿੰਦੇ। ਹਰ ਹਨੇਰੇ ਤੋਂ ਬਾਅਦ ਚਾਨਣ ਆਉਂਦਾ ਹੈ। ਇਹ ਲਾਈਨਾਂ ਵੀ ਸਾਨੂੰ ਇਹੀ ਸਿੱਖਿਆ ਦਿੰਦੀਆਂ ਹਨ ਕਿ ਜੇ ਅੱਜ ਹਾਲਾਤ ਸਾਡੇ ਹੱਕ ’ਚ ਨਹੀਂ ਤਾਂ ਕੀ ਹੋਇਆ, ਹੋ ਸਕਦਾ ਹੈ ਅਗਲਾ ਮੋੜ ਸਾਡੀ ਜ਼ਿੰਦਗੀ ਬਦਲ ਦੇਵੇ। ਅਕਸਰ ਇਨਸਾਨ ਉਦੋਂ ਹਾਰ ਮੰਨ ਜਾਂਦਾ ਹੈ, ਜਦੋਂ ਉਹ ਆਪਣੀ ਮੰਜ਼ਿਲ ਤੋਂ ਸਿਰਫ਼ ਇਕ ਕਦਮ ਦੂਰ ਹੁੰਦਾ ਹੈ ਕਿਉਂਕਿ ਥਕਾਵਟ ਸਰੀਰ ਨਾਲੋਂ ਵੱਧ ਦਿਮਾਗ਼ ਨੂੰ ਹੁੰਦੀ ਹੈ। ਜਦੋਂ ਵਾਰ-ਵਾਰ ਨਾਕਾਮੀਆਂ ਮਿਲਦੀਆਂ ਹਨ, ਜਦੋਂ ਮਿਹਨਤ ਦਾ ਫਲ ਨਹੀਂ ਮਿਲਦਾ, ਜਦੋਂ ਲੋਕ ਸਾਡੀ ਕਦਰ ਨਹੀਂ ਕਰਦੇ, ਉਦੋਂ ਦਿਲ ਅੰਦਰੋਂ ਟੁੱਟ ਜਾਂਦਾ ਹੈ ਪਰ ਉਹੀ ਵੇਲਾ ਹੁੰਦਾ ਹੈ, ਜਦੋਂ ਇਨਸਾਨ ਨੂੰ ਖ਼ੁਦ ਨੂੰ ਸੰਭਾਲਣਾ ਪੈਂਦਾ ਹੈ। ਆਪਣੇ ਆਪ ਨੂੰ ਕਹਿਣਾ ਪੈਂਦਾ ਹੈ, ‘ਰੁਕਣਾ ਨਹੀਂ, ਹਾਲੇ ਹੋਰ ਤੁਰਨਾ ਹੈ।’
ਇਹ ਦੁਨੀਆ ਹਮੇਸ਼ਾ ਕਾਮਯਾਬ ਲੋਕਾਂ ਦੀ ਤਾਰੀਫ਼ ਕਰਦੀ ਹੈ ਪਰ ਉਨ੍ਹਾਂ ਦੇ ਸੰਘਰਸ਼ ਨੂੰ ਨਹੀਂ ਵੇਖਦੀ। ਲੋਕ ਸਿਰਫ਼ ਮੰਜ਼ਿਲ ਵੇਖਦੇ ਹਨ, ਰਸਤੇ ਦੇ ਜਖ਼ਮ ਨਹੀਂ। ਅੱਜ ਦਾ ਨੌਜਵਾਨ ਸਭ ਤੋਂ ਵੱਧ ਬੇਚੈਨ ਹੈ। ਡਿਗਰੀਆਂ ਹੋਣ ਦੇ ਬਾਵਜੂਦ ਰੁਜ਼ਗਾਰ ਨਹੀਂ। ਸੁਪਨੇ ਹੋਣ ਦੇ ਬਾਵਜੂਦ ਮੌਕੇ ਨਹੀਂ। ਇਹ ਹਾਲਾਤ ਉਸ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ। ਕਈ ਵਾਰੀ ਉਹ ਖ਼ੁਦ ਤੋਂ ਹੀ ਸਵਾਲ ਪੁੱਛਣ ਲੱਗਦਾ ਹੈ ਕਿ ਆਖ਼ਰ ਉਸ ਦੀ ਗ਼ਲਤੀ ਕੀ ਹੈ ਪਰ ਇੱਥੇ ਹੀ ਇਹ ਲਾਈਨਾਂ ਇਕ ਚਾਨਣ ਬਣ ਕੇ ਸਾਹਮਣੇ ਆਉਂਦੀਆਂ ਹਨ, ‘ਚੱਲ ਜ਼ਿੰਦੀਏ ਹੋਰ ਅੱਗੇ ਚਲੀਏ।’
ਜੇ ਸਾਡੀ ਜ਼ਿੰਦਗੀ ਦਾ ਇਕ ਦਰਵਾਜ਼ਾ ਬੰਦ ਹੋਵੇ ਤਾਂ ਹੋ ਸਕਦਾ ਹੈ ਅੱਗੇ ਦੂਜਾ ਖੁੱਲ੍ਹ ਜਾਵੇ। ਜੇ ਅੱਜ ਲੋਕ ਸਾਡੀ ਕਦਰ ਨਹੀਂ ਕਰਦੇ ਤਾਂ ਕੱਲ੍ਹ ਸਮਾਂ ਸਾਡੀ ਕੀਮਤ ਦੁਨੀਆ ਨੂੰ ਦੱਸੇਗਾ। ਜ਼ਿੰਦਗੀ ਦਾ ਅਸਲ ਮਤਲਬ ਵੀ ਇਹੀ ਹੈ ਕਿ ਇਨਸਾਨ ਡਿੱਗ ਕੇ ਵੀ ਖੜ੍ਹਾ ਹੋ ਜਾਵੇ। ਜੋ ਤਕਲੀਫ਼ਾਂ ਦੇ ਸਾਹਮਣੇ ਟੁੱਟ ਜਾਂਦੇ ਹਨ, ਉਹ ਸਮੇਂ ਦੇ ਨਾਲ ਗੁੰਮ ਹੋ ਜਾਂਦੇ ਹਨ ਪਰ ਜੋ ਹੌਸਲਾ ਨਹੀਂ ਛੱਡਦੇ, ਉਹ ਇਕ ਦਿਨ ਆਪਣੀ ਕਹਾਣੀ ਖ਼ੁਦ ਲਿਖਦੇ ਹਨ। ਇਸ ਲਈ ਜਦੋਂ ਵੀ ਜ਼ਿੰਦਗੀ ਔਖੀ ਲੱਗੇ, ਜਦੋਂ ਆਪਣੇ ਪਰਾਏ ਲੱਗਣ, ਜਦੋਂ ਸੁਪਨੇ ਟੁੱਟਦੇ ਮਹਿਸੂਸ ਹੋਣ, ਉਦੋਂ ਆਪਣੇ ਦਿਲ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੀਦੀ ਹੈ, ‘ਅਗਲੇ ਮੋੜ ’ਤੇ ਸ਼ਾਇਦ ਸਕੂਨ ਹੋਵੇ, ਚੱਲ ਜ਼ਿੰਦਗੀ ਹੋਰ ਅੱਗੇ ਚਲੀਏ।’
- ਮੰਜੂ ਰਾਇਕਾ