- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਤੋਂ ਉੱਠ ਕੇ ਨੌਜਵਾਨਾਂ ਨੇ ਦੂਜੇ ਮੁਲਕਾਂ ’ਚ ਵੀ ਹਰੇਕ ਖੇਤਰ ’ਚ ਆਪਣੀ ਮਿਹਨਤ ਦੇ ਬਲ ’ਤੇ ਧਾਕ ਜਮਾਈ ਹੈ। ਦਹਾਕੇ ਪਹਿਲਾਂ, ਖ਼ਾਸਕਰ ਦੁਆਬੇ ’ਚੋਂ ਉੱਠ ਕੇ ਨੌਜਵਾਨਾਂ ਨੇ ਕੈਨੇਡਾ, ਅਮਰੀਕਾ, ਦੁਬਈ, ਇੰਗਲੈਂਡ ਸਣੇ ਹੋਰ ਵੱਡੇ ਮੁਲਕਾਂ ’ਚ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ। ਇਨ੍ਹਾਂ ਦੀ ਮਿਹਨਤ ਨੇ ਦੂਜੇ ਮੁਲਕਾਂ ਦੀ ਆਰਥਿਕਤਾ ’ਚ ਵੱਡਾ ਹਿੱਸਾ ਪਾਇਆ ਹੈ। ਪੰਜਾਬ ਦੇ ਕਈ ਪਿੰਡ ਇਸ ਗੱਲ ਦੇ ਗਵਾਹ ਹਨ, ਜਿੱਥੋਂ ਦੇ ਐੱਨਆਰਆਈ ਨੌਜਵਾਨਾਂ ਨੇ ਆਪਣੇ ਪਸੀਨੇ ਨਾਲ ਪਿੰਡ ਤੇ ਪੰਜਾਬ ਦੀਆਂ ਆਰਥਿਕ ਲੋੜਾਂ ਨੂੰ ਪੂਰਿਆ ਹੈ।

ਨੌਜਵਾਨ ਕਿਸੇ ਵੀ ਖਿੱਤੇ ਦੇ ਹੋਣ, ਇਹ ਸਮਾਜ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਾਰਦੇ ਹਨ। ਜਵਾਨੀ ਇਕ ਅਜਿਹਾ ਦੌਰ ਹੈ, ਜਿਸ ਨੂੰ ਜੇਕਰ ਸਹੀ ਦਿਸ਼ਾ ’ਚ ਤੋਰ ਦਿੱਤਾ ਜਾਵੇ ਤਾਂ ਇਹ ਦਿਸਹੱਦਿਆਂ ਤੋਂ ਵੀ ਪਾਰ ਲੰਘਣ ਦਾ ਦਮ ਰੱਖਦੀ ਹੈ। ਇਕ ਰਚਨਾਤਮਕ ਦਿਮਾਗ਼ ਵੀ ਤਾਂ ਹੀ ਕੁਝ ਸਿਰਜ ਸਕਦਾ ਹੈ, ਜੇਕਰ ਉਸ ਨੂੰ ਮਾਹੌਲ ਦੇ ਮੁਤਾਬਕ ਵਧਣ-ਫੁੱਲਣ ਦਿੱਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਟਾਰਟ-ਅੱਪ ਸਨਮਾਨ ਸਮਾਗਮ ਦੌਰਾਨ ਵੱਖ-ਵੱਖ ਖੇਤਰ ’ਚ ਆਪਣੇ ਸਟਾਰਟ ਅੱਪਸ ਨਾਲ ਨਾਮਣਾ ਖੱਟਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨਾ ਵੀ ਇਸੇ ਕੜੀ ਦਾ ਹਿੱਸਾ ਲੱਗ ਰਿਹਾ ਹੈ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਨੂੰ ਆਤਮਵਿਸ਼ਵਾਸ, ਅਗਾਂਹਵਧੂ ਤੇ ਜ਼ਿੰਦਗੀ ’ਚ ਸਹੀ ਫ਼ੈਸਲੇ ਲੈਣ ਦੀ ਕਲਾ ਸਿਖਾਉਂਦੀਆਂ ਗੱਲਾਂ ਵੀ ਨੋਟ ਕਰਨ ਵਾਲੀਆਂ ਹਨ। ਚੰਗੀ ਚੀਜ਼ ਕਿਤਿਓਂ ਵੀ ਸਿੱਖਣ ਲਈ ਮਿਲੇ, ਸਿੱਖ ਲੈਣੀ ਚਾਹੀਦੀ ਹੈ। ਬੇਸ਼ੱਕ ਗੱਲਾਂ ਸਿਖਾਉਣ ਵਾਲਾ ਸਿਆਸੀ ਚਿਹਰਾ ਹੀ ਕਿਉਂ ਨਾ ਹੋਵੇ। ਇਸ ’ਚ ਕੋਈ ਲੁਕੋਅ ਨਹੀਂ ਹੈ, ਕਿਸੇ ਵੇਲੇ ਮੁੱਖ ਮੰਤਰੀ ਮਾਨ ਖ਼ੁਦ ਇਕ ਕਲਾਕਾਰ ਦੇ ਰੁਤਬੇ ਨਾਲ ਪੰਜਾਬ ’ਚ ਵਿਚਰਦੇ ਰਹੇ ਹਨ ਤੇ ਪੰਜਾਬ ਦੇ ਨੌਜਵਾਨ ਕਲਾ-ਸਾਹਿਤ ਦੇ ਖੇਤਰ ਨਾਲ ਜੁੜੇ ਲੋਕਾਂ ਨੂੰ ਸਿੱਧੇ ਰੂਪ ’ਚ ਫਾਲੋ ਕਰਦੇ ਹਨ। ਪੰਜਾਬ ਤੋਂ ਉੱਠ ਕੇ ਨੌਜਵਾਨਾਂ ਨੇ ਦੂਜੇ ਮੁਲਕਾਂ ’ਚ ਵੀ ਹਰੇਕ ਖੇਤਰ ’ਚ ਆਪਣੀ ਮਿਹਨਤ ਦੇ ਬਲ ’ਤੇ ਧਾਕ ਜਮਾਈ ਹੈ। ਦਹਾਕੇ ਪਹਿਲਾਂ, ਖ਼ਾਸਕਰ ਦੁਆਬੇ ’ਚੋਂ ਉੱਠ ਕੇ ਨੌਜਵਾਨਾਂ ਨੇ ਕੈਨੇਡਾ, ਅਮਰੀਕਾ, ਦੁਬਈ, ਇੰਗਲੈਂਡ ਸਣੇ ਹੋਰ ਵੱਡੇ ਮੁਲਕਾਂ ’ਚ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ। ਇਨ੍ਹਾਂ ਦੀ ਮਿਹਨਤ ਨੇ ਦੂਜੇ ਮੁਲਕਾਂ ਦੀ ਆਰਥਿਕਤਾ ’ਚ ਵੱਡਾ ਹਿੱਸਾ ਪਾਇਆ ਹੈ। ਪੰਜਾਬ ਦੇ ਕਈ ਪਿੰਡ ਇਸ ਗੱਲ ਦੇ ਗਵਾਹ ਹਨ, ਜਿੱਥੋਂ ਦੇ ਐੱਨਆਰਆਈ ਨੌਜਵਾਨਾਂ ਨੇ ਆਪਣੇ ਪਸੀਨੇ ਨਾਲ ਪਿੰਡ ਤੇ ਪੰਜਾਬ ਦੀਆਂ ਆਰਥਿਕ ਲੋੜਾਂ ਨੂੰ ਪੂਰਿਆ ਹੈ। ਪੰਜਾਬੀ ਹਰ ਕੰਮ ’ਚ ਪੂਰੀ ਰੂਹ ਨਾਲ ਜੁੜਦੇ ਹਨ। ਹਰ ਕੰਮ ’ਚ ਹਿੱਕ ਡਾਹ ਦੇਣੀ, ਇਨ੍ਹਾਂ ਦੇ ਹੀ ਹਿੱਸੇ ਆਇਆ ਹੈ। ਇਹੀ ਵਜ੍ਹਾ ਹੈ ਕਿ ਪੰਜਾਬੀਆਂ ਨੂੰ ਦੂਜੇ ਸੂਬਿਆਂ ਤੇ ਮੁਲਕਾਂ ਵਾਲੇ ‘ਜੁਗਾੜੀ’ ਕਹਿ ਦਿੰਦੇ ਹਨ। ਇਹ ਜੁਗਾੜ ਲਗਾਉਣੇ ਉਸੇ ਦਿਮਾਗ਼ ਦਾ ਹਿੱਸਾ ਹੈ, ਜਿਸ ਨਾਲ ਇਨ੍ਹਾਂ ਨੇ ਵੱਡੇ-ਵੱਡੇ ਬ੍ਰਾਂਡ ਖੜ੍ਹੇ ਕੀਤੇ ਹਨ। ਇਕ ਪੰਜਾਬੀ ਨੌਜਵਾਨ ਆਪਣੇ ਸੂਬੇ ’ਚ ਬੇਸ਼ੱਕ ਕੰਮ ਪ੍ਰਤੀ ਅਵੇਸਲਾ ਲੱਗਦਾ ਹੋਵੇ ਪਰ ਜਦੋਂ ਉਸ ਨੂੰ ਮਾਹੌਲ ਮਿਲਦਾ ਹੈ ਤਾਂ ਉਹ ਕੁਝ ਨਾ ਕੁਝ ਸਿਰਜ ਕੇ ਹੀ ਸਾਹ ਲੈਂਦਾ ਹੈ। ਅਜਿਹੀਆਂ ਅਨੇਕਾਂ ਉਦਾਹਰਨਾਂ ਹਨ, ਜਿਸ ’ਚ ਪੰਜਾਬ ਦੇ ਮੁੰਡਿਆਂ ਨੇ ਕਮਾਲ ਦੀ ਇੰਟਰਪਨਿਓਰਸ਼ਿਪ ਕਾਇਮ ਕੀਤੀ ਹੈ। ਜ਼ਿਆਦਾਤਰ ਖਾਣ-ਪੀਣ ਦੇ ਬ੍ਰਾਂਡ ਤੇ ਆਨਲਾਈਨ ਸ਼ਾਪਿੰਗ ਨਾਲ ਜੁੜੀਆਂ ਬਹੁਤੀਆਂ ਵੈੱਬਸਾਈਟਾਂ ਇਨ੍ਹਾਂ ਪੰਜਾਬੀ ਨੌਜਵਾਨਾਂ ਦੇ ਹੀ ਸਿਰਾਂ ’ਚੋਂ ਉਪਜੀਆਂ ਹਨ। ਲੁਧਿਆਣਾ ਦੀ ਸਾਇਕਲ ਇੰਡਸਟਰੀ ਪੂਰੇ ਸੰਸਾਰ ’ਚ ਪ੍ਰਸਿੱਧ ਹੈ। ਹੁਸ਼ਿਆਰਪੁਰ ’ਚ ਲੱਗਿਆ ਸੋਨਾਲੀਕਾ ਟ੍ਰੈਕਟਰਾਂ ਦਾ ਪਲਾਂਟ ਦੂਜੇ ਮੁਲਕਾਂ ਦੀਆਂ ਮਸ਼ੀਨਰੀ ਲੋੜਾਂ ਪੂਰੀਆਂ ਕਰ ਰਿਹਾ ਹੈ। ਪੰਜਾਬ ਦਾ ਆਪਣਾ ਬ੍ਰਾਂਡ ਲਾਹੌਰੀ ਜ਼ੀਰਾ ਤਿੰਨ ਭਰਾਵਾਂ ਦੇ ਉੱਦਮ ਦੀ ਸ਼ਾਨਦਾਰ ਕਹਾਣੀ ਹੈ। ਖਾਣ-ਪੀਣ ਦੇ ਸਮਾਨ ਲਈ ਆਨਲਈਨ ਸ਼ਾਪਿੰਗ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਜ਼ੋਮੈਟੋ ਵੀ ਪੰਜਾਬ ਦੇ ਮੁਕਤਸਰ ਦੇ ਰਹਿਣ ਵਾਲੇ ਦੀਪਿੰਦਰ ਗੋਇਲ ਦੇ ਦਿਮਾਗ਼ ਦੀ ਕਾਢ ਹੈ। ਚੰਡੀਗੜ੍ਹ ਦੇ ਸਚਿਨ ਬਾਂਸਲ ਤੇ ਬਿੰਨੀ ਬਾਂਸਲ ਨੇ ਫਲਿੱਪਕਾਰਟ ਨਾਲ ਨਵੀਂ ਉਡਾਣ ਭਰੀ ਹੈ। ਅਜਿਹੀਆਂ ਅਨੇਕਾਂ ਉਦਾਹਨਾਂ ਹਨ, ਜੋ ਪੰਜਾਬੀ ਨੌਜਵਾਨਾਂ ਦੇ ਹਿੱਸੇ ਆਈਆਂ ਹਨ। ਜੇਕਰ ਹੁਣ ਸਰਕਾਰ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਪਹਿਲ ਕਰ ਰਹੀ ਹੈ ਤਾਂ ਇਸ ਨੂੰ ਨਿਰਪੱਖਤਾ ਤੇ ਪਾਰਦਰਸ਼ੀ ਤਰੀਕੇ ਨਾਲ ਸਿਰੇ ਚਾੜ੍ਹਿਆ ਜਾਣਾ ਚਾਹੀਦਾ ਹੈ।