ਅੱਜ ਦੇ ਸਮੇਂ ਦਾ ਸਭ ਤੋਂ ਸੰਵੇਦਨਸ਼ੀਲ ਮੁੱਦਾ ਹੈ ਨਸ਼ੇ। ਜੇ ਨੌਜਵਾਨਾਂ ਪੀੜ੍ਹੀ ਤੋਂ ਇਹ ਪੁੱਛਿਆ ਜਾਵੇ ਕਿ ਕੀ ਤੁਸੀਂ ਕੋਈ ਨਸ਼ਾ ਕਰਦੇ ਹੋ? ਤਾਂ ਨਵੀਂ ਪੀੜ੍ਹੀ ਦਾ ਜਵਾਬ ਆਮ ਤੌਰ ’ਤੇ ਨਾਂਹ ਵਿਚ ਹੁੰਦਾ ਹੈ। ਪਰ ਜਦੋਂ ਨੌਜਵਾਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੋਈ ਐਨਰਜੀ ਡਰਿੰਕ ਪੀਂਦੇ ਹੋ ਤਾਂ ਉਹ ਬੜੇ ਫ਼ਖਰ ਨਾਲ ਹਾਂ ਵਿਚ ਜਵਾਬ ਦਿੰਦੇ ਹਨ।

ਅੱਜ ਦੇ ਸਮੇਂ ਦਾ ਸਭ ਤੋਂ ਸੰਵੇਦਨਸ਼ੀਲ ਮੁੱਦਾ ਹੈ ਨਸ਼ੇ। ਜੇ ਨੌਜਵਾਨਾਂ ਪੀੜ੍ਹੀ ਤੋਂ ਇਹ ਪੁੱਛਿਆ ਜਾਵੇ ਕਿ ਕੀ ਤੁਸੀਂ ਕੋਈ ਨਸ਼ਾ ਕਰਦੇ ਹੋ? ਤਾਂ ਨਵੀਂ ਪੀੜ੍ਹੀ ਦਾ ਜਵਾਬ ਆਮ ਤੌਰ ’ਤੇ ਨਾਂਹ ਵਿਚ ਹੁੰਦਾ ਹੈ। ਪਰ ਜਦੋਂ ਨੌਜਵਾਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੋਈ ਐਨਰਜੀ ਡਰਿੰਕ ਪੀਂਦੇ ਹੋ ਤਾਂ ਉਹ ਬੜੇ ਫ਼ਖਰ ਨਾਲ ਹਾਂ ਵਿਚ ਜਵਾਬ ਦਿੰਦੇ ਹਨ।
ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਇਹ ਸ਼ੌਕ ਕਦੋਂ ਉਨ੍ਹਾਂ ਨੂੰ ਨਸ਼ੇ ਦੀ ਦਲਦਲ ’ਚ ਫਸਾ ਦੇਵੇਗਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨੁੱਖ ਨਸ਼ਾ ਕਰਦਾ ਕਿਉਂ ਹੈ? ਜਵਾਬ ਇਹ ਹੈ ਕਿ ਉਹ ਖ਼ੁਦ ਨੂੰ ਖ਼ੁਸ਼ੀ ਤੇ ਆਨੰਦ ਦਾ ਅਨੁਭਵ ਕਰਵਾਉਣ ਲਈ ਨਸ਼ਾ ਕਰਦਾ ਹੈ। ਮਨੁੱਖ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਬਚਪਨ ਵਿਚ ਵੀ ਦੁੱਧ ਦਾ ਇਕ ਹੀ ਗਲਾਸ ਪੀਂਦਾ ਸੀ ਤੇ ਅੱਜ ਵੀ ਇਕ ਹੀ ਪੀਂਦਾ ਹੈ।
ਪਰ ਨਸ਼ੇ ਦੀ ਮਿਕਦਾਰ ਦਿਨ-ਬ-ਦਿਨ ਵਧਦੀ ਹੀ ਜਾਂਦੀ ਹੈ ਜੋ ਬਹੁਤ ਗੰਭੀਰ ਮੁੱਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਨਸ਼ੇ ’ਚ ਅਜਿਹੀ ਕਿਹੜੀ ਚੀਜ਼ ਹੈ ਜਿਸ ਨਾਲ ਮਨੁੱਖ ਆਨੰਦ ਜਾਂ ਖ਼ੁਸ਼ੀ ਮਹਿਸੂਸ ਕਰਦਾ ਹੈ। ਅਸਲ ’ਚ ਹੁੰਦਾ ਕੀ ਹੈ, ਜਦੋਂ ਮਨੁੱਖ ਕਿਸੇ ਵੀ ਤਰ੍ਹਾਂ ਦਾ ਨਸ਼ਾ ਲੈਂਦਾ ਹੈ ਤਾਂ ਉਸ ਦੇ ਸਰੀਰ ’ਚ ਡੋਪਾਮਾਈਨ ਬਣਦਾ ਹੈ ਜਿਸ ਦੇ ਬਣਨ ਨਾਲ ਮਨੁੱਖ ਨੂੰ ਖ਼ੁਸ਼ੀ, ਜਜ਼ਬਾ, ਚੁਸਤੀ ਤੇ ਰਾਹਤ ਦਾ ਅਹਿਸਾਸ ਹੁੰਦਾ ਹੈ। ਜਦੋਂ ਅਸੀਂ ਛੋਟੇ ਬੱਚੇ ਨਾਲ ਲਾਡ-ਪਿਆਰ ਕਰਦੇ ਹਾਂ ਤਾਂ ਵੀ ਸਰੀਰ ’ਚ ਡੋਪਾਮਾਈਨ ਬਣਦਾ ਹੈ। ਜਦੋਂ ਅਸੀਂ ਚੰਗਾ ਸੰਗੀਤ ਸੁਣਦੇ ਹਾਂ ਤਾਂ ਵੀ ਇਹ ਬਣਦਾ ਹੈ।
ਆਮ ਹੀ ਮਿਲਣ ਵਾਲਾ ਫਲ ਕੇਲਾ ਵੀ ਸਾਡੇ ਸਰੀਰ ’ਚ ਡੋਪਾਮਾਈਨ ਨੂੰ ਠੀਕ ਰੱਖਦਾ ਹੈ। ਜਦੋਂ ਸਾਨੂੰ ਕੁਦਰਤੀ ਰੂਪ ’ਚ ਡੋਪਾਮਾਈਨ ਮਿਲ ਸਕਦਾ ਹੈ ਤਾਂ ਫਿਰ ਅਸੀਂ ਨਸ਼ੇ ਵਾਲਾ ਰਸਤਾ ਕਿਉਂ ਅਪਣਾਉਂਦੇ ਹਾਂ? ਹੁਣ ਵੱਡਾ ਸਵਾਲ ਇਹ ਹੈ ਕਿ ਨਸ਼ਿਆਂ ਤੋਂ ਬਚਿਆ ਕਿਵੇਂ ਜਾਵੇ? ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਜ਼ਰੂਰ ਕੋਈ ਨਾ ਕੋਈ ਖੇਡ ਚੁਣਨ ਜਿਸ ਨਾਲ ਉਨ੍ਹਾਂ ਨੂੰ ਭੁੱਖ ਲੱਗੇ, ਉਹ ਘਰ ਦੀ ਦੇਸੀ ਖ਼ੁਰਾਕ ਖਾਣ ਤੇ ਆਪਣੇ ਸਰੀਰ ਨੂੰ ਸੁਡੋਲ ਬਣਾਉਣ।
ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਇਕ-ਦੂਜੇ ਦੇ ਸੱਚੇ ਦੋਸਤ ਬਣਨ, ਉਹ ਦੋਸਤ ਜੋ ਸੱਚ ਨੂੰ ਸੱਚ ਕਹੇ ਤੇ ਝੂਠ ਨੂੰ ਝੂਠ। ਸੱਚੇ ਦੋਸਤ ਹੋਣ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਦੋਸਤ ਨੂੰ ਗ਼ਲਤ ਰਸਤੇ ’ਤੇ ਜਾਣ ਤੋਂ ਰੋਕੀਏ, ਬਜਾਏ ਇਸ ਦੇ ਕਿ ਉਸ ਨਾਲ ਖ਼ੁਦ ਵੀ ਗ਼ਲਤ ਰਾਹ ’ਤੇ ਤੁਰ ਪਈਏ। ਸਭ ਤੋਂ ਅਹਿਮ ਤੇ ਜ਼ਰੂਰੀ ਗੱਲ ਇਹ ਹੈ ਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿੱਥਣਾ ਚਾਹੀਦਾ ਹੈ।
ਜਦੋਂ ਅਸੀਂ ਜ਼ਿੰਦਗੀ ਦਾ ਨਿਸ਼ਾਨਾ ਮਿੱਥ ਲਿਆ ਤਾਂ ਸਾਰੇ ਰਸਤੇ ਸਾਨੂੰ ਉਸ ਦਿਸ਼ਾ ਵੱਲ ਨੂੰ ਜਾਂਦੇ ਨਜ਼ਰ ਆਉਣਗੇ। ਹੋਰ ਅਲਾਮਤਾਂ ਪਾਸੇ ਹੁੰਦੀਆਂ ਜਾਣਗੀਆਂ ਤੇ ਅਸੀਂ ਨਸ਼ੇ ਵਰਗੇ ਭਿਆਨਕ ਦੈਂਤ ਤੋਂ ਬਚ ਕੇ ਆਪਣੇ ਭਵਿੱਖ ਨੂੰ ਉਜਵਲ ਤੇ ਜੀਵਨ ਨੂੰ ਸਾਰਥਕ ਬਣਾ ਸਕਦੇ ਹਾਂ। ਸੋ ਆਓ! ਸਾਰੇ ਰਲ-ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ।
-ਗੁਰਿੰਦਰ ਸਿੰਘ, ਸੰਗਰੂਰ।
ਮੋਬਾਈਲ : 98724-14378