ਜਦੋਂ ਅਸੀਂ ਛੋਟੇ ਸਾਂ ਤਾਂ ਦੋ ਕੁ ਮੀਲ ਪੈਂਦੀ ਪੈਲੀ ਵਿਚ ਪਾਪਾ ਜੀ ਸਾਨੂੰ ਹਰ ਰੋਜ਼ ਸਵੇਰੇ ਉੱਥੇ ਲੈ ਕੇ ਜਾਂਦੇ ਸਨ ਤਾਂ ਸਾਨੂੰ ਉਠਾਉਣ ਵਾਸਤੇ ਅਕਸਰ ਇਹ ਬੋਲ ਗੁਣਗੁਣਾਉਂਦੇ ਹੁੰਦੇ ਸਨ।-ਉੱਠੋ ਪੁੱਤਰੋ, ਉੱਤਰੋ ਮੈਦਾਨ ਦੇ ਵਿਚ, ਕੁਝ ਕਰ ਕੇ ਮੈਨੂੰ ਦਿਖਾਓ ਜ਼ਰਾ, ਕੀ ਕਰਨਾ ਹੈ, ਮੈਂ ਦੱਸਾਂਗਾ। ਮੇਰੇ ਪਿੱਛੇ ਤਾਂ ਤੁਸੀਂ ਆਓ ਜ਼ਰਾ।

ਉਮਰ ਦੇ ਇਸ ਪੜਾਅ ਉੱਤੇ ਆ ਕੇ ਕਦੇ-ਕਦੇ ਫੁਰਸਤ ਦੇ ਪਲਾਂ ਵਿਚ ਅਕਸਰ ਸੋਚਦਾ ਹਾਂ ਕਿ ਮੈਂ ਲੇਖਣੀ ਦੇ ਖ਼ੇਤਰ ਵਿਚ ਕਿਵੇਂ ਆਇਆ? ਨਾਲ ਹੀ ਮੈਨੂੰ ਅਦਾਕਾਰੀ ਤੇ ਗਾਇਕੀ ਦਾ ਭੁਸ ਕਿਉਂ ਹੈ? ਮੇਰੇ ਭਰਾ ਨੂੰ ਭੰਗੜਾ ਪਾਉਣ ਦਾ ਚਾਅ ਕਿਉਂ ਹੈ? ਸਾਡੇ ਦੋਵਾਂ ਦੇ ਬੱਚੇ ਰੰਗਮੰਚ, ਅਦਾਕਾਰੀ ਤੇ ਸੰਗੀਤ ਵਿਚ ਕਿਵੇਂ ਤੇ ਕਿਉਂ ਪੈ ਗਏ? ਉਨ੍ਹਾਂ ਨੇ ਇਸ ਨੂੰ ਆਪਣੀ ਰੋਜ਼ੀ-ਰੋਟੀ ਦਾ ਜ਼ਰੀਆ ਕਿਵੇਂ ਬਣਾ ਲਿਆ? ਮੇਰੀ ਇਕ ਭੈਣ ਨੂੰ ਮੂਰਤਾਂ ਬਣਾਉਣ ਦਾ ਸ਼ੌਕ ਕਿਉਂ ਹੈ? ਉਸ ਨੇ ਐੱਮਏ ਦੀ ਪੜ੍ਹਾਈ ਫਾਈਨ ਆਰਟਸ ਵਿਚ ਕਿਉਂ ਕੀਤੀ? ਉਹ ਪੇਂਟਿੰਗਜ਼ ਕਿਉਂ ਬਣਾਉਂਦੀ ਹੈ? ਦੂਸਰੀ ਭੈਣ ਨੂੰ ਫਟੇ-ਪੁਰਾਣੇ ਕੱਪੜਿਆਂ ਤੇ ਫਾਲਤੂ ਚੀਜ਼ਾਂ ਨੂੰ ਵਰਤ ਕੇ ਨਿੱਕੇ-ਨਿੱਕੇ ਖਿਡੌਣੇ ਬਣਾਉਣਾ ਕਿਉਂ ਚੰਗਾ ਲੱਗਦਾ ਹੈ? ਮੇਰੇ ਇਕ ਭਤੀਜੇ ਨੂੰ ਵੱਡੀਆਂ-ਵੱਡੀਆਂ ਇਮਾਰਤਾਂ ਦੇ ਸਕੈੱਚ ਬਣਾਉਣਾ ਕਿਉਂ ਚੰਗਾ ਲੱਗਦਾ ਹੈ?
ਜਿੱਥੋਂ ਤੱਕ ਮੈਨੂੰ ਪਤਾ ਹੈ ਜਾਂ ਮੈਂ ਸਮਝਦਾ ਹਾਂ ਕਿ ਸਾਡੇ ਪੜਦਾਦਿਆਂ ਤੇ ਪੜਨਾਨਿਆਂ ਤੱਕ ਤਾਂ ਦੋਨੋਂ ਪਾਸੇ ਦੇ ਪਰਿਵਾਰਾਂ ਵਿਚ ਕਦੇ ਕੋਈ ਲੇਖਕ, ਗਾਇਕ, ਕਲਾਕਾਰ ਤੇ ਅਦਾਕਾਰ ਨਹੀਂ ਹੋਇਆ ਜਿਸ ਨੇ ਕੋਈ ਨਾਮਣਾ ਖੱਟਿਆ ਹੋਵੇ। ਹੁਣ ਜਦੋਂ ਮੈਂ ਆਪਣੇ ਪਰਿਵਾਰ ਨੂੰ ਗ਼ੌਰ ਨਾਲ ਵਾਚਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਹੀ ਨਹੀਂ ਸਮਝ ਸਕੇ ਕਿ ਅਸਲ ਵਿਚ ਸਾਡੇ ਪਾਪਾ (ਪਿਤਾ) ਜੀ ਤਾਂ ਲੇਖਕ ਸਨ। ਸਾਹਿਤ ਰਸੀਆ ਸਨ। ਪੰਜਾਬੀ-ਹਿੰਦੀ ਸਿਨੇਮਾ ਦੇ ਗੰਭੀਰ ਦਰਸ਼ਕ ਸਨ। ਸ਼ਾਇਦ ਇਸੇ ਕਰਕੇ ਹੀ ਉਹ ਪਿਛਲੀ ਸਦੀ ਦੇ ਸੱਤਰਵਿਆਂ ਤੇ ਅੱਸੀਵਿਆਂ ਦਹਾਕਿਆਂ ਵਿਚ ਹਰ ਹਫ਼ਤੇ ਘੱਟ ਤੋਂ ਘੱਟ ਦੋ ਫਿਲਮਾਂ ਵੇਖਦੇ ਹੁੰਦੇ ਸਨ। ਅਸੀਂ ਬਾਕੀ ਪਰਿਵਾਰ ਦੇ ਜੀਅ ਵੀ ਅਕਸਰ ਉਨ੍ਹਾਂ ਨਾਲ ਸਿਨੇਮਾ ਦੇਖਦੇ ਹੁੰਦੇ ਸਾਂ। ਫਿਰ ਮੇਰੇ ਜ਼ੋਰ ਦੇਣ ’ਤੇ ਪਾਪਾ ਜੀ ਨੇ ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿਚ ਕੌੜੀਆਂ-ਮਿੱਠੀਆਂ ਯਾਦਾਂ ਨੂੰ ਕਾਗ਼ਜ਼ ’ਤੇ ਉਤਾਰਿਆ। ਬਾਅਦ ਵਿਚ ਮੈਂ ਸਾਹਿਤਕ ਧਾਗੇ ਨਾਲ ਗੰਢ ਕੇ ਉਨ੍ਹਾਂ ਸਾਹਿਤਕ ਕਤਰਾਂ ਨੂੰ ਉਨ੍ਹਾਂ ਦੀ ਸਵੈ-ਜੀਵਨੀਨੁਮਾ ਨਾਵਲ ਲਿਖਿਆ ਤਾਂ ਮੈਨੂੰ ਪਤਾ ਲੱਗਾ ਕਿ ਪਾਪਾ ਜੀ ਤਾਂ ਲੇਖਕ ਸਨ। ਉਹ ਕਵੀ ਸਨ। ਉਹ ਗਾਇਕ ਸਨ। ਲਗਪਗ ਸਾਰੇ ਪਰਿਵਾਰਕ ਸਮਾਗਮਾਂ ਵਿਚ ਜਿਵੇਂ ਕਿ ਵਿਆਹ, ਜਗਰਾਤਾ, ਜਨਮ ਦਿਨ ਆਦਿ ਉੱਪਰ ਸਾਡੇ ਪਾਪਾ ਜੀ ਲੋਕ ਗੀਤ, ਆਰਤੀ, ਭਜਨ ਤੇ ਹੋਰ ਫਿਲਮੀ ਗੀਤ ਗਾਉਂਦੇ ਹੁੰਦੇ ਸਨ। ਸਾਡੇ ਪਿੰਡ ਵਿਚ ਹਰ ਸਾਲ ਖੇਡੀ ਜਾਂਦੀ ਰਾਮ-ਲੀਲਾ ਵਿਚ ਨਿੱਕਾ-ਮੋਟਾ ਕਿਰਦਾਰ ਵੀ ਨਿਭਾਉਂਦੇ ਸਨ। ਸਟੇਜ ’ਤੇ ਗੀਤ ਵੀ ਗਾਉਂਦੇ ਸਨ। ਸੱਸੀ-ਪੁੰਨੂ, ਪੂਰਨ ਭਗਤ, ਰੂਪ ਬਸੰਤ, ਸ਼ਾਮੋ ਨਾਰ ਵਰਗੇ ਕਿੱਸਿਆਂ ਨੂੰ ਗਾ ਕੇ ਸੁਣਾਉਂਦੇ ਹੁੰਦੇ ਸਨ। ਪਾਪਾ ਜੀ ਦੀ ਆਵਾਜ਼ ਬਹੁਤ ਮਧੁਰ ਸੀ। ਵਿਲੱਖਣ ਸੀ। ਉਹ ਅਕਸਰ ਘਰੇਲੂ ਮਹਿਫਲਾਂ ਵਿਚ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਗੀਤ ਗਾਉਂਦੇ ਹੁੰਦੇ ਸਨ। ਸ਼ਾਇਦ ਇਹੀ ਕਾਰਨ ਹੈ ਕਿ ਇਸ ਉਮਰ ਵਿਚ ਆ ਕੇ ਵੀ ਮੈਂ ਗਾਇਕ ਬਣਨਾ ਲੋਚਦਾ ਹਾਂ। ਮੇਰੇ ਇਕ ਮਰਹੂਮ ਤਾਇਆ ਜੀ ਅਨਪੜ੍ਹ ਹੋਣ ਦੇ ਬਾਵਜੂਦ ਕਮਾਲ ਦੇ ਮੌਖਿਕ ਵਾਰਤਾਕਾਰ ਸਨ। ਉਹ ਲਗਪਗ ਹਰ ਸ਼ਾਮ ਨੂੰ ਘਰ ਤੇ ਗਲੀ-ਮੁਹੱਲੇ ਦੇ ਬੱਚਿਆਂ ਨੂੰ ਰੌਚਕ ਬਾਤਾਂ ਤੇ ਕਹਾਣੀਆਂ ਸੁਣਾਇਆ ਕਰਦੇ ਸਨ ਜਿਨ੍ਹਾਂ ਨੂੰ ਅਸੀਂ ਸਾਰੇ ਬੜੇ ਚਾਅ ਨਾਲ ਸੁਣਦੇ ਸਾਂ। ਸ਼ਾਇਦ ਤਾਇਆ ਜੀ ਕੋਲੋਂ ਸੁਣੀਆਂ ਬਾਤਾਂ ਨੇ ਮੇਰੇ ਲੇਖਕ ਬਣਨ ਵਿਚ ਅਹਿਮ ਭੂਮਿਕਾ ਨਿਭਾਈ ਹੋਵੇ। ਸਾਡੇ ਮਾਮਾ ਜੀ ਨੂੰ ਭੰਗੜਾ ਪਾਉਣ ਦਾ ਸ਼ੌਕ ਸੀ। ਅਸੀਂ ਬਚਪਨ ਵਿਚ ਦੇਖਦੇ ਸਾਂ ਕਿ ਉਹ ਆਪਣੇ ਪਿੰਡ ਦੇ ਕਈ ਸਮਾਗਮਾਂ ਵਿਚ ਸਜ-ਧਜ ਕੇ, ਤੁਰਲੇ ਵਾਲੀ ਪੱਗ ਬੰਨ੍ਹ ਕੇ ਭੰਗੜਾ ਬੜੇ ਸ਼ੌਕ ਤੇ ਸੁਚੱਜੇ ਢੰਗ ਨਾਲ ਪਾਉਂਦੇ ਹੁੰਦੇ ਸਨ। ਸਾਡੀ ਮਾਂ ਭਾਵੇਂ ਅਨਪੜ੍ਹ ਹੈ ਪਰ ਉਸ ਨੂੰ ਹਰ ਆਮ ਘਰੇਲੂ ਗੱਲਬਾਤ ਨੂੰ ਕਹਾਣੀ ਵਿਚ ਢਾਲ ਕੇ ਸੁਣਾਉਣ ਦਾ ਹੁਨਰ ਆਉਂਦਾ ਹੈ। ਉਹ ਆਮ ਗੱਲ ਨੂੰ ਇੰਨੀ ਰੌਚਕ ਤੇ ਦਿਲਚਸਪ ਬਣਾ ਦਿੰਦੀ ਹੈ ਕਿ ਸੁਣਨ ਵਾਲੇ ਦੀ ਉਤਸੁਕਤਾ ਆਪ-ਮੁਹਾਰੇ ਵਧ ਜਾਂਦੀ ਹੈ। ਉਸ ਨੂੰ ਕਹਾਣੀ ਬਣਾਉਣੀ ਤੇ ਪਾਉਣੀ ਖ਼ੂਬ ਆਉਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਕਹਾਣੀਕਾਰ ਵੀ ਬਣ ਪਾਇਆ। ਮੇਰੀ ਮਰਹੂਮ ਸੱਸ ਨੂੰ ਅਨਪੜ੍ਹ ਹੁੰਦੇ ਹੋਏ ਵੀ ਢੇਰ ਸਾਰੇ ਧਾਰਮਿਕ ਤੇ ਅਧਿਅਤਮਕ ਸਲੋਕ ਤੇ ਦੋਹੇ ਯਾਦ ਸਨ। ਉਹ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਉਸ ਵੇਲੇ ਢੁੱਕਵਾਂ ਸਲੋਕ ਜਾਂ ਦੋਹਾ ਜਾਂ ਕੋਈ ਛੋਟੀ ਸਾਖੀ ਸੁਣਾਉਣ ਵਿਚ ਮਾਹਿਰ ਸੀ। ਸਾਡੇ ਪਾਪਾ ਜੀ ਲੇਖਕ ਸਨ ਪਰ ਸ਼ਾਇਦ ਇਹ ਉਨ੍ਹਾਂ ਨੂੰ ਖ਼ੁਦ ਵੀ ਪਤਾ ਨਹੀਂ ਸੀ। ਜਵਾਨੀ ਵਿਚ ਉਨ੍ਹਾਂ ਨੇ ਆਪਣੀ ਫ਼ੌਜ ਦੀ ਨੌਕਰੀ ਦੌਰਾਨ ਆਪਣੇ ਤਜਰਬੇ ਦੇ ਆਧਾਰ ’ਤੇ ਕਦੇ ਇਹ ਗੀਤ ਲਿਖਿਆ ਸੀ ਜਿਸ ਨੂੰ ਉਹ ਅਕਸਰ ਗਾ ਕੇ ਸਾਨੂੰ ਸੁਣਾਉਂਦੇ ਹੁੰਦੇ ਸਨ।
ਕੁਝ ਦਿਨਾਂ ਦੀ ਗੱਲ ਹੈ, ਇਕ ਰਾਤ ਹਨੇਰੀ, ਕੁਆਰਟਰ ਗਾਰਦ ਲੱਗੀ ਸੀ, ਡਿਊਟੀ ਮੇਰੀ। ਦਸ ਤੋਂ ਬਾਰਾਂ ਸਮਾਂ ਸੀ ਡਿਊਟੀ ਦਾ ਮੇਰਾ, ਚਾਰੇ ਪਾਸੇ ਪਸਰ ਗਿਆ ਸੀ ਘੁੱਪ ਹਨੇਰਾ। ਬਰਫਾਂ ਜੰਮੀ ਰਾਤ ਸੀ ਸਾਡੇ ਚਾਰ ਚੁਫੇਰੇ, ਸਾਥਣ ਮੇਰੀ ਕੋਲ ਸੀ ਇਕ ਰਾਈਫਲ ਮੇਰੇ। ਯਾਦ ਕਿਸੇ ਯਾਰ ਦੀ ਮੈਨੂੰ ਆ ਘੇਰ ਖੜੌਤੀ, ਜਿਵੇਂ ਮੂਰਤ ਪਿਆਰ ਦੀ ਕੋਈ ਨਹਾਤੀ-ਧੋਤੀ। ਖ਼ੁਸ਼ਬੂ ਉਸ ਦੇ ਬਦਨ ਦੀ ਫੈਲੀ ਸੀ ਚਾਰ-ਚੁਫੇਰੇ, ਵਿਚ ਖ਼ਿਆਲਾਂ ਪਹੁੰਚ ਗਿਆ ਸੀ ਮੈਂ ਉਸ ਦੇ ਨੇੜੇ। ਕਹਿਣ ਲੱਗੀ ਹਾਣੀਆ ਦੱਸ ਕਿਵੇਂ ਹੈਂ ਆਇਆ, ਕੋਲ ਖੜੌਤਾ ਵੇਖ ਕੇ ਸੀ ਉਸ ਨੇ ਫੁਰਮਾਇਆ। ਖ਼ਾਤਿਰ ਤੈਨੂੰ ਮਿਲਣ ਦੀ ਮੈਂ ਚਲਿਆ ਆਇਆ, ਦੇਖ ਉਸ ਦਾ ਸੁੰਦਰ ਮੁੱਖੜਾ ਸੀ ਮੈਂ ਮੁਸਕਾਇਆ। ਜਦ ਬਾਹਾਂ ਦਾ ਹਾਰ ਸੀ ਮੈਂ ਗਲ ਉਸ ਦੇ ਪਾਇਆ, ਉਸੇ ਵੇਲੇ ਡਿਊਟੀ ਅਫ਼ਸਰ ਸੀ ਮੇਰੇ ਪਿੱਛੇ ਆਇਆ। ਸਭ ਕੁਝ ਉਸ ਨੇ ਵੇਖ ਲਿਆ ਸੀ ਖੜ੍ਹੇ ਖੜੌਤੇ, ਉੱਡ ਗਏ ਸੀ ਦੋਸਤੋ ਫਿਰ ਮੇਰੇ ਹੱਥਾਂ ਦੇ ਤੋਤੇ। ਉਸ ਵੇਲੇ ਮੈਨੂੰ ਦੋਸਤੋ ਫਿਰ ਗੱਲ ਇੱਕੋ ਔੜੀ, ਇਟ ਇਜ਼ ਮਾਈ ਮਿਸਟੇਕ ਸਰ, ਆਈ ਐੱਮ ਸੌਰੀ।
ਫਿਰ ਇਕ ਵਾਰ ਨੌਕਰੀ ਦੌਰਾਨ ਉਨ੍ਹਾਂ ਦੀ ਡਿਊਟੀ ਬਿਆਸ ਦਰਿਆ ਦੇ ਨੇੜੇ ਲੱਗੀ। ਉਨ੍ਹਾਂ ਨੂੰ ਕਿਸੇ ਦੀ ਯਾਦ ਸਤਾਉਂਦੀ ਹੋਵੇਗੀ, ਤਦ ਉਨ੍ਹਾਂ ਲਿਖਿਆ।-ਲੱਗੀਆਂ ਟੁੱਟ ਗਈਆਂ, ਗ਼ਮਾਂ ਵਿਚ ਸੁੱਟ ਗਈਆਂ। ਓ ਸੋਹਣੀਏ, ਓ ਸੋਹਣੀਏ, ਕੀ ਖੱਟਿਆ ਦਿਲ ਲਗਾ ਕੇ। ਵਰਖਾ ਪੈ ਗਈ ਐ, ਵਧ ਗਈ ਹੈ ਠੰਢ। ਬੈਠੇ ਹਾਂ ਬਿਆਸ ਕਿਨਾਰੇ, ਹਾਏ ਗੋਰੀਏ, ਹਾਏ ਗੋਰੀਏ। ਕੀ ਖੱਟਿਆ ਦਿਲ ਲਗਾ ਕੇ, ਹਾਏ ਗੋਰੀਏ, ਹਾਏ ਗੋਰੀਏ। ਕੀ ਖੱਟਿਆ ਦਿਲ ਲਗਾ ਕੇ।
ਜਦੋਂ ਅਸੀਂ ਛੋਟੇ ਸਾਂ ਤਾਂ ਦੋ ਕੁ ਮੀਲ ਪੈਂਦੀ ਪੈਲੀ ਵਿਚ ਪਾਪਾ ਜੀ ਸਾਨੂੰ ਹਰ ਰੋਜ਼ ਸਵੇਰੇ ਉੱਥੇ ਲੈ ਕੇ ਜਾਂਦੇ ਸਨ ਤਾਂ ਸਾਨੂੰ ਉਠਾਉਣ ਵਾਸਤੇ ਅਕਸਰ ਇਹ ਬੋਲ ਗੁਣਗੁਣਾਉਂਦੇ ਹੁੰਦੇ ਸਨ।-ਉੱਠੋ ਪੁੱਤਰੋ, ਉੱਤਰੋ ਮੈਦਾਨ ਦੇ ਵਿਚ, ਕੁਝ ਕਰ ਕੇ ਮੈਨੂੰ ਦਿਖਾਓ ਜ਼ਰਾ, ਕੀ ਕਰਨਾ ਹੈ, ਮੈਂ ਦੱਸਾਂਗਾ। ਮੇਰੇ ਪਿੱਛੇ ਤਾਂ ਤੁਸੀਂ ਆਓ ਜ਼ਰਾ।
ਜਦੋਂ ਅਸੀਂ ਗੋਹੇ-ਕੂੜੇ ਵਾਲੀ ਟੋਕਰੀ ਲੈ ਕੇ ਤੁਰ ਪੈਣਾ ਤਾਂ ਪਾਪਾ ਜੀ ਨੇ ਅਕਸਰ ਇਹ ਕਹਿਣਾ।-ਰਾਹ ਸਾਡਾ ਇਕ ਤੇ ਕੰਮ ਸਾਡੇ ਦੋ, ਜਾਂਦੇ ਵਾਰੀ ਗੋਹਾ ਤੇ ਆਉਂਦੇ ਵਾਰੀ ਭੋਅ। ਪਾਪਾ ਜੀ ਨੇ ਹਲ ਵਾਹੁੰਦੇ ਹੋਏ ਅਕਸਰ ਇਨ੍ਹਾਂ ਸ਼ਬਦਾਂ ਨੂੰ ਲੈਅ ਵਿਚ ਬੋਲਣਾ। ਹੋ...ਹੋ.. ਹੋ..ਹੋਅ..., ਪੈਰ …ਹੂੰ...ਪੈਰ...ਹੂੰ...ਸੋਹਣਿਆ...ਚੱਲ ਓਏ ਮੱਖਣਾ....ਹੋ...ਹੋ...ਤੇਰੀਆਂ ਨਹੀਂ ਰੀਸਾਂ, ਨਹੀਂ ਰੀਸਾਂ ਤੇਰੀਆਂ।
-ਗੋਵਰਧਨ ਗੱਬੀ
-ਮੋਬਾਈਲ : 94171-73700