ਆਲਮੀ ਤਪਸ਼ ਅੱਜ ਪੂਰੀ ਦੁਨੀਆ ਸਾਹਮਣੇ ਇਕ ਗੰਭੀਰ ਸਮੱਸਿਆ ਵਜੋਂ ਉੱਭਰ ਰਹੀ ਹੈ। ਇਸ ਦਾ ਪ੍ਰਭਾਵ ਭਾਰਤ ਵਿਚ ਸਪਸ਼ਟ ਮਹਿਸੂਸ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਜਾਰੀ ਕੀਤੀ ਗਈ ਗਲੋਬਲ ਤਾਪਮਾਨ ਦਰਜਾਬੰਦੀ ਅਨੁਸਾਰ ਦੁਨੀਆ ਦੇ 100 ਸਭ ਤੋਂ ਗਰਮ ਸ਼ਹਿਰਾਂ ਵਿੱਚੋਂ 95 ਇਕੱਲੇ ਭਾਰਤ ਵਿਚ ਹਨ ਜਦਕਿ ਚੋਟੀ ਦੇ 20 ਸਭ ਤੋਂ ਗਰਮ ਸ਼ਹਿਰਾਂ ਵਿੱਚੋਂ 19 ਭਾਰਤ ਵਿਚ ਹਨ।

ਆਲਮੀ ਤਪਸ਼ ਅੱਜ ਪੂਰੀ ਦੁਨੀਆ ਸਾਹਮਣੇ ਇਕ ਗੰਭੀਰ ਸਮੱਸਿਆ ਵਜੋਂ ਉੱਭਰ ਰਹੀ ਹੈ। ਇਸ ਦਾ ਪ੍ਰਭਾਵ ਭਾਰਤ ਵਿਚ ਸਪਸ਼ਟ ਮਹਿਸੂਸ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਜਾਰੀ ਕੀਤੀ ਗਈ ਗਲੋਬਲ ਤਾਪਮਾਨ ਦਰਜਾਬੰਦੀ ਅਨੁਸਾਰ ਦੁਨੀਆ ਦੇ 100 ਸਭ ਤੋਂ ਗਰਮ ਸ਼ਹਿਰਾਂ ਵਿੱਚੋਂ 95 ਇਕੱਲੇ ਭਾਰਤ ਵਿਚ ਹਨ ਜਦਕਿ ਚੋਟੀ ਦੇ 20 ਸਭ ਤੋਂ ਗਰਮ ਸ਼ਹਿਰਾਂ ਵਿੱਚੋਂ 19 ਭਾਰਤ ਵਿਚ ਹਨ। ਇਹ ਸਥਿਤੀ ਦਰਸਾਉਂਦੀ ਹੈ ਕਿ ਦੇਸ਼ ਇਸ ਸਮੇਂ ਗੰਭੀਰ ਗਰਮੀ ਦੀ ਲਪੇਟ ’ਚ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਪ੍ਰੈਲ ’ਚ ਦੇਸ਼ ਦੇ ਕਈ ਹਿੱਸਿਆਂ ’ਚ ਤਾਪਮਾਨ ਪਹਿਲਾਂ ਹੀ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ ਹੈ ਅਤੇ ਮੱਧ ਭਾਰਤ ਤੋਂ ਲੈ ਕੇ ਗੰਗਾ ਦੇ ਮੈਦਾਨਾਂ ਤੱਕ ਕਈ ਸ਼ਹਿਰਾਂ ਵਿਚ ਗਰਮੀ ਦੀਆਂ ਲਹਿਰਾਂ ਦਾ ਅਨੁਭਵ ਕੀਤਾ ਜਾ ਰਿਹਾ ਹੈ। ਕਈ ਥਾਵਾਂ ’ਤੇ ਤਾਪਮਾਨ 45 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਇਸ ਸੂਚੀ ’ਚ ਨਾ ਸਿਰਫ਼ ਵੱਡੇ ਸ਼ਹਿਰ ਸਗੋਂ ਛੋਟੇ ਕਸਬੇ ਵੀ ਸ਼ਾਮਲ ਹਨ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗਰਮੀ ਦਾ ਪ੍ਰਭਾਵ ਵਿਆਪਕ ਅਤੇ ਡੂੰਘਾਈ ਨਾਲ ਫੈਲਿਆ ਹੈ। ਮਹਾਰਾਸ਼ਟਰ, ਤੇਲੰਗਾਨਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਓਡੀਸ਼ਾ ਵਰਗੇ ਰਾਜ ਸਭ ਤੋਂ ਵੱਧ ਪ੍ਰਭਾਵਿਤ ਹਨ ਜਿਨ੍ਹਾਂ ਦੇ ਬਹੁਤ ਸਾਰੇ ਸ਼ਹਿਰ ਵਿਸ਼ਵ ਸੂਚੀਆਂ ਵਿਚ ਪ੍ਰਮੁੱਖਤਾ ਨਾਲ ਸ਼ਾਮਲ ਹਨ। ਮੌਸਮ ਵਿਗਿਆਨ ਰਿਪੋਰਟਾਂ ਮੁਤਾਬਕ ਭਾਰਤ ਦਾ ਲਗਪਗ 55 ਪ੍ਰਤੀਸ਼ਤ ਹਿੱਸਾ ਇਸ ਸਮੇਂ ਉੱਚ ਗਰਮੀ ਦੇ ਜੋਖ਼ਮ ਵਾਲੇ ਖੇਤਰ ਵਿਚ ਹੈ। ਜਦਕਿ ਅਫ਼ਰੀਕਾ ਤੇ ਅਰਬ ਦੇਸ਼ਾਂ ਨੂੰ ਆਮ ਤੌਰ ’ਤੇ ਦੁਨੀਆ ਦੇ ਸਭ ਤੋਂ ਗਰਮ ਖੇਤਰ ਮੰਨਿਆ ਜਾਂਦਾ ਸੀ, ਭਾਰਤੀ ਸ਼ਹਿਰ ਹੁਣ ਉਨ੍ਹਾਂ ਨੂੰ ਪਛਾੜ ਰਹੇ ਹਨ।
ਦਰਅਸਲ, ਭਾਰਤੀ ਸ਼ਹਿਰ ਤੇਜ਼ੀ ਨਾਲ ‘ਸ਼ਹਿਰੀ ਗਰਮੀ ਟਾਪੂਆਂ’ ਵਿਚ ਬਦਲ ਰਹੇ ਹਨ ਜਿੱਥੇ ਕੰਕਰੀਟ, ਡਾਮਰ ਅਤੇ ਕੱਚ ਦੀਆਂ ਬਣੀਆਂ ਇਮਾਰਤਾਂ ਦਿਨ ਭਰ ਗਰਮੀ ਨੂੰ ਸੋਖ ਲੈਂਦੀਆਂ ਹਨ ਅਤੇ ਰਾਤ ਨੂੰ ਇਸ ਨੂੰ ਹੌਲੀ-ਹੌਲੀ ਛੱਡਦੀਆਂ ਹਨ ਜਿਸ ਨਾਲ ਤਾਪਮਾਨ ਘਟਣ ਤੋਂ ਰੁਕ ਜਾਂਦਾ ਹੈ। ਮੁੰਬਈ, ਦਿੱਲੀ, ਗੁਰੂਗ੍ਰਾਮ, ਲਖਨਊ, ਕਾਨਪੁਰ, ਬੈਂਗਲੁਰੂ, ਕਟਕ, ਜੈਪੁਰ ਅਤੇ ਭੋਪਾਲ ਵਰਗੇ ਸ਼ਹਿਰ ਇਸ ਤੋਂ ਵੱਧ ਪੀੜਤ ਹਨ। ਸੀਮੈਂਟ ਦੀਆਂ ਛੱਤਾਂ ਅਤੇ ਸੰਘਣੀ ਆਬਾਦੀ ਵਾਲੇ ਖੇਤਰ ਵੀ ਗਰਮੀ ਵਧਾਉਣ ਵਿਚ ਯੋਗਦਾਨ ਪਾਉਂਦੇ ਹਨ। ਉਪਲਬਧ ਅੰਕੜਿਆਂ ਅਨੁਸਾਰ, ਪਿਛਲੇ ਦਹਾਕੇ ਦੌਰਾਨ ‘ਗਰਮ ਰਾਤਾਂ’ ਵਿਚ 32 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਿਰਫ਼ 2025 ’ਚ, ਫਰਵਰੀ ਦੇ ਅੰਤ ਤੱਕ ਰਾਤ ਦੇ ਤਾਪਮਾਨ ਵਿਚ 3 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਸੀ। ਮੌਜੂਦਾ ਸਥਿਤੀ ਇਹ ਹੈ ਕਿ ਦੇਸ਼ ਦੇ 266 ਜ਼ਿਲ੍ਹੇ ਬਹੁਤ ਜ਼ਿਆਦਾ ਗਰਮੀ ਦੀ ਸ਼੍ਰੇਣੀ ਵਿਚ ਹਨ, 151 ਗੰਭੀਰ ਸ਼੍ਰੇਣੀ ਵਿਚ ਹਨ ਅਤੇ 201 ਦਰਮਿਆਨੀ ਸ਼੍ਰੇਣੀ ਵਿਚ ਹਨ, ਜੋ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਭਾਰਤ ’ਚ ਗਲੋਬਲ ਵਾਰਮਿੰਗ ਸਿਰਫ਼ ਕੁਦਰਤੀ ਹੀ ਨਹੀਂ ਸਗੋਂ ਮਨੁੱਖੀ ਗਤੀਵਿਧੀਆਂ ਦਾ ਨਤੀਜਾ ਵੀ ਹੈ। ਮੁੱਖ ਕਾਰਨਾਂ ਵਿਚ ਕੋਲਾ, ਪੈਟਰੋਲ ਅਤੇ ਡੀਜ਼ਲ ਵਰਗੇ ਜੈਵਿਕ ਈਂਧਨਾਂ ਦੀ ਬਹੁਤ ਜ਼ਿਆਦਾ ਵਰਤੋਂ, ਤੇਜ਼ੀ ਨਾਲ ਸ਼ਹਿਰੀਕਰਨ ਅਤੇ ਕੰਕਰੀਟ ਦਾ ਵਿਸਥਾਰ, ਅੰਨ੍ਹੇਵਾਹ ਜੰਗਲਾਂ ਦੀ ਕਟਾਈ, ਵਧਦਾ ਉਦਯੋਗੀਕਰਨ ਅਤੇ ਪ੍ਰਦੂਸ਼ਣ, ਤੇਜ਼ੀ ਨਾਲ ਆਵਾਜਾਈ ਦਾ ਵਿਸਥਾਰ, ਆਲੀਸ਼ਾਨ ਜੀਵਨਸ਼ੈਲੀ, ਖੇਤੀਬਾੜੀ ਗਤੀਵਿਧੀਆਂ ਤੋਂ ਹੁੰਦੀ ਜ਼ਹਿਰੀਲੀ ਨਿਕਾਸੀ, ਰਹਿੰਦ-ਖੂੰਹਦ ਅਤੇ ਪਲਾਸਟਿਕ ਪ੍ਰਬੰਧਨ ਨਾਲ ਸਮੱਸਿਆਵਾਂ ਤੇ ਤੇਜ਼ੀ ਨਾਲ ਵਧਦੀ ਆਬਾਦੀ ਸ਼ਾਮਲ ਹਨ। ਸਪਸ਼ਟ ਤੌਰ ’ਤੇ ਇਹ ਸਾਰੇ ਕਾਰਕ ਤਾਪਮਾਨ ਵਿਚ ਵਾਧੇ ਨੂੰ ਤੇਜ਼ ਕਰ ਰਹੇ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਆਲਮੀ ਤਪਸ਼ ਦੇ ਪ੍ਰਭਾਵ ਦੁਨੀਆ ਭਰ ਵਿਚ ਸਪਸ਼ਟ ਤੌਰ ’ਤੇ ਦਿਖਾਈ ਦੇ ਰਹੇ ਹਨ। ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਬਹੁਤ ਜ਼ਿਆਦਾ ਗਰਮੀ, ਅਸੰਤੁਲਿਤ ਬਾਰਿਸ਼ ਅਤੇ ਸੋਕੇ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਜਿਸ ਨਾਲ ਸਮੁੰਦਰ ਦਾ ਪੱਧਰ ਵਧ ਰਿਹਾ ਹੈ ਅਤੇ ਤਟਵਰਤੀ ਖੇਤਰਾਂ ਵਿਚ ਹੜ੍ਹਾਂ ਦਾ ਖ਼ਤਰਾ ਵਧ ਰਿਹਾ ਹੈ। ਇਸ ਤੋਂ ਇਲਾਵਾ, ਜੈਵ-ਵਿਭਿੰਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਜਿਸ ਨਾਲ ਬਹੁਤ ਸਾਰੀਆਂ ਪ੍ਰਜਾਤੀਆਂ ਲੋਪ ਹੋਣ ਦੇ ਕੰਢੇ ਹਨ। ਇਹ ਮਨੁੱਖੀ ਸਿਹਤ, ਖੇਤੀਬਾੜੀ ਉਤਪਾਦਨ ਤੇ ਜਲ ਸਰੋਤਾਂ ’ਤੇ ਵੀ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ ਜਿਸ ਨਾਲ ਇਹ ਇਕ ਵਿਸ਼ਵ-ਵਿਆਪੀ ਸੰਕਟ ਬਣ ਰਿਹਾ ਹੈ।
ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਇਸ ਸਮੱਸਿਆ ਨੂੰ ਘਟਾਉਣ ਲਈ ਸੂਰਜੀ ਅਤੇ ਹਵਾ ਵਰਗੇ ਸਾਫ਼ ਊਰਜਾ ਸਰੋਤਾਂ ਨੂੰ ਅਪਣਾਉਣਾ, ਵੱਧ ਪੌਦੇ ਲਗਾਉਣਾ, ਜੰਗਲਾਂ ਦੀ ਕਟਾਈ ਨੂੰ ਰੋਕਣਾ, ਨਿੱਜੀ ਵਾਹਨਾਂ ਦੀ ਬਜਾਏ ਜਨਤਕ ਆਵਾਜਾਈ ਜਾਂ ਸਾਈਕਲਾਂ ਦੀ ਵਰਤੋਂ ਕਰਨਾ, ਬਿਜਲੀ ਅਤੇ ਪਾਣੀ ਦੀ ਸੰਭਾਲ ਕਰਨਾ, ਪਲਾਸਟਿਕ ਦੀ ਵਰਤੋਂ ਨੂੰ ਸੀਮਤ ਕਰਨਾ ਅਤੇ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨਾ ਜ਼ਰੂਰੀ ਹੈ। ਵਾਤਾਵਰਨ ਜਾਗਰੂਕਤਾ ਵਧਾਉਣਾ ਵੀ ਓਨਾ ਹੀ ਮਹੱਤਵਪੂਰਨ ਹੈ। ਸਿਰਫ਼ ਸਮੂਹਿਕ ਯਤਨਾਂ ਰਾਹੀਂ ਹੀ ਇਸ ਵੱਡੀ ਚੁਣੌਤੀ ਦਾ ਹੱਲ ਕੱਢਿਆ ਜਾ ਸਕਦਾ ਹੈ ਤੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ।
-ਸੁਨੀਲ ਕੁਮਾਰ ਮਾਹਲਾ।
-ਮੋਬਾਈਲ : 98281-08858