ਜਬਲਪੁਰ ਵਿਖੇ ਬਰਗੀ ਡੈਮ ’ਚ ਇਕ ਕਰੂਜ਼ ਦੇ ਡੁੱਬਣ ਨਾਲ ਨੌਂ ਸੈਲਾਨੀਆਂ ਦੀ ਮੌਤ ਨੂੰ ਸਿਰਫ਼ ਹਾਦਸੇ ਦਾ ਨਾਂ ਦੇਣਾ ਸੱਚਾਈ ਤੋਂ ਮੂੰਹ ਮੋੜਨਾ ਹੋਵੇਗਾ ਕਿਉਂਕਿ ਜੇਕਰ ਹਕੀਕੀ ਤੌਰ ’ਤੇ ਸਾਵਧਾਨੀ ਵਰਤੀ ਜਾਂਦੀ ਤਾਂ ਜਾਨੀ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਇਹ ਕਰੂਜ਼ ਇਸ ਲਈ ਡੁੱਬਿਆ ਕਿਉਂਕਿ ਤੇਜ਼ ਝੱਖੜ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ ਪਰ ਕਿਸੇ ਲਈ ਵੀ ਇਹ ਸਮਝਣਾ ਮੁਸ਼ਕਲ ਹੈ ਕਿ ਖ਼ਰਾਬ ਮੌਸਮ ਦੀ ਸੂਚਨਾ ਦੇ ਬਾਵਜੂਦ ਕਰੂਜ਼ ਨੂੰ ਚਲਾਇਆ ਹੀ ਕਿਉਂ ਗਿਆ?

ਜਬਲਪੁਰ ਵਿਖੇ ਬਰਗੀ ਡੈਮ ’ਚ ਇਕ ਕਰੂਜ਼ ਦੇ ਡੁੱਬਣ ਨਾਲ ਨੌਂ ਸੈਲਾਨੀਆਂ ਦੀ ਮੌਤ ਨੂੰ ਸਿਰਫ਼ ਹਾਦਸੇ ਦਾ ਨਾਂ ਦੇਣਾ ਸੱਚਾਈ ਤੋਂ ਮੂੰਹ ਮੋੜਨਾ ਹੋਵੇਗਾ ਕਿਉਂਕਿ ਜੇਕਰ ਹਕੀਕੀ ਤੌਰ ’ਤੇ ਸਾਵਧਾਨੀ ਵਰਤੀ ਜਾਂਦੀ ਤਾਂ ਜਾਨੀ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਇਹ ਕਰੂਜ਼ ਇਸ ਲਈ ਡੁੱਬਿਆ ਕਿਉਂਕਿ ਤੇਜ਼ ਝੱਖੜ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ ਪਰ ਕਿਸੇ ਲਈ ਵੀ ਇਹ ਸਮਝਣਾ ਮੁਸ਼ਕਲ ਹੈ ਕਿ ਖ਼ਰਾਬ ਮੌਸਮ ਦੀ ਸੂਚਨਾ ਦੇ ਬਾਵਜੂਦ ਕਰੂਜ਼ ਨੂੰ ਚਲਾਇਆ ਹੀ ਕਿਉਂ ਗਿਆ? ਇਸ ਤੋਂ ਵੀ ਗੰਭੀਰ ਸਵਾਲ ਇਹ ਹੈ ਕਿ ਕਰੂਜ਼ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਉਪਾਅ ਵੀ ਕਿਉਂ ਨਹੀਂ ਕੀਤੇ ਗਏ? ਕਰੂਜ਼ ਵਿਚ ਲਾਈਫ ਜੈਕਟਾਂ ਤਾਂ ਸਨ ਪਰ ਉਹ ਸੈਲਾਨੀਆਂ ਨੂੰ ਪਹਿਨਣ ਲਈ ਕਿਹਾ ਹੀ ਨਹੀਂ ਗਿਆ। ਹਾਦਸੇ ਵਿਚ ਕਿਸੇ ਤਰ੍ਹਾਂ ਬਚੇ ਅਤੇ ਬਚਾਏ ਗਏ ਲੋਕਾਂ ਅਨੁਸਾਰ ਲਾਈਫ ਜੈਕਟਾਂ ਤਦ ਦਿੱਤੀਆਂ ਗਈਆਂ ਜਦੋਂ ਕਰੂਜ਼ ਡੁੱਬਣ ਲੱਗਾ। ਸਪਸ਼ਟ ਹੈ ਕਿ ਹਫੜਾ-ਦਫੜੀ ਦੇ ਮਾਹੌਲ ਵਿਚ ਲੋਕਾਂ ਨੂੰ ਜਾਂ ਤਾਂ ਉਨ੍ਹਾਂ ਨੂੰ ਪਹਿਨਣ ਦਾ ਮੌਕਾ ਨਹੀਂ ਮਿਲਿਆ ਹੋਵੇਗਾ ਜਾਂ ਫਿਰ ਉਹ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪਹਿਨ ਨਹੀਂ ਸਕੇ ਹੋਣਗੇ। ਕਰੂਜ਼ ਡੁੱਬਣ ਤੋਂ ਬਾਅਦ ਘਟਨਾ ਸਥਾਨ ’ਤੇ ਪਹੁੰਚੇ ਬਚਾਅ ਦਲ ਨੂੰ ਲਾਈਫ ਜੈਕਟਾਂ ਇਕ ਬੰਡਲ ਵਿਚ ਬੰਨ੍ਹੀਆਂ ਮਿਲੀਆਂ। ਆਖ਼ਰ ਇਹ ਜਾਨਲੇਵਾ ਲਾਪਰਵਾਹੀ ਨਹੀਂ ਤਾਂ ਹੋਰ ਕੀ ਹੈ? ਕਿਉਂਕਿ ਬਰਗੀ ਡੈਮ ਵਿਚ ਡੁੱਬਿਆ ਕਰੂਜ਼ ਮੱਧ ਪ੍ਰਦੇਸ਼ ਪਰਯਟਨ ਬੋਰਡ ਵੱਲੋਂ ਚਲਾਇਆ ਜਾ ਰਿਹਾ ਸੀ, ਇਸ ਲਈ ਸਬੰਧਤ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਸਿਰਫ਼ ਘਟਨਾ ’ਤੇ ਸ਼ੋਕ ਪ੍ਰਗਟ ਕਰਨ ਜਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਨ ਨਾਲ ਹੀ ਜ਼ਿੰਮੇਵਾਰੀ ਲੈਣ ਤੋਂ ਬਚਿਆ ਨਹੀਂ ਜਾ ਸਕਦਾ।
ਮੱਧ ਪ੍ਰਦੇਸ਼ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜਬਲਪੁਰ ਹਾਦਸੇ ਲਈ ਜ਼ਿੰਮੇਵਾਰ ਲੋਕ ਕਿਸੇ ਵੀ ਸੂਰਤ ’ਚ ਬਚ ਨਾ ਸਕਣ। ਇਸ ਦੇ ਨਾਲ ਹੀ, ਉਸ ਨੂੰ ਸਾਰੇ ਸੈਰ-ਸਪਾਟੇ ਵਾਲੇ ਸਥਾਨਾਂ ’ਤੇ ਸੈਲਾਨੀਆਂ ਦੀ ਸੁਰੱਖਿਆ ਲਈ ਢੁੱਕਵੇਂ ਉਪਾਅ ਕਰਨੇ ਚਾਹੀਦੇ ਹਨ। ਇਸ ਦੀ ਅਣਦੇਖੀ ਨਾ ਕੀਤੀ ਜਾਵੇ ਕਿ ਅਤੀਤ ਵਿਚ ਵੀ ਸੂਬੇ ਦੇ ਹੋਰ ਟੂਰਿਸਟ ਸਥਾਨਾਂ ’ਤੇ ਹਾਦਸੇ ਹੋ ਚੁੱਕੇ ਹਨ ਅਤੇ ਉਨ੍ਹਾਂ ਵਿਚ ਲੋਕਾਂ ਦਾ ਜਾਨੀ ਨੁਕਸਾਨ ਵੀ ਹੋਇਆ ਹੈ। ਘੱਟੋ-ਘੱਟ ਤਿੰਨ ਹਾਦਸੇ ਤਾਂ ਪਿਛਲੇ ਸਾਲ ਹੀ ਵਾਪਰ ਚੁੱਕੇ ਹਨ। ਸੈਰ-ਸਪਾਟੇ ਵਾਲੇ ਸਥਾਨਾਂ ’ਤੇ ਸੈਲਾਨੀਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਸਿਰਫ਼ ਮੱਧ ਪ੍ਰਦੇਸ਼ ਸਰਕਾਰ ਨੂੰ ਹੀ ਨਹੀਂ, ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਅਜਿਹੇ ਸਥਾਨਾਂ ’ਤੇ ਸੁਰੱਖਿਆ ਦੀ ਕਮੀ ਕਾਰਨ ਅਕਸਰ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਕੁਝ ਹੀ ਦਿਨ ਪਹਿਲਾਂ ਮਥੁਰਾ ਵਿਚ ਯਮੁਨਾ ਵਿਚ ਸਟੀਮਰ ਦੇ ਪਲਟਣ ਨਾਲ 15 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ’ਚੋਂ ਜ਼ਿਆਦਾਤਰ ਸ਼ਰਧਾਲੂ ਪੰਜਾਬ ਨਾਲ ਸਬੰਧਤ ਸਨ। ਇਸ ਮਹੀਨੇ ਦੇ ਸ਼ੁਰੂ ਵਿਚ ਹਿਮਾਚਲ ਦੇ ਕੁੱਲੂ ਵਿਚ ਸੈਲਾਨੀਆਂ ਨਾਲ ਭਰੀ ਟਰੈਵਲਰ ਨਾਲੇ ਵਿਚ ਡਿੱਗਣ ਨਾਲ ਚਾਰ ਲੋਕਾਂ ਦੀ ਜਾਨ ਚਲੀ ਗਈ ਸੀ। ਖ਼ਰਾਬ ਸੜਕਾਂ ਅਤੇ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਾਰਨ ਤਾਂ ਅਕਸਰ ਵਾਹਨ ਖੱਡਾਂ ਵਿਚ ਡਿੱਗਦੇ ਰਹਿੰਦੇ ਹਨ। ਦਰਅਸਲ, ਆਪਣੇ ਦੇਸ਼ ਵਿਚ ਕਿਤੇ ਵੀ ਕਦੇ ਵੀ ਹਾਦਸਾ ਹੋਣ ਦੀ ਸ਼ੰਕਾ ਬਣੀ ਹੀ ਰਹਿੰਦੀ ਹੈ। ਇਹ ਆਮ ਤੌਰ ’ਤੇ ਸੁਰੱਖਿਆ ਉਪਾਵਾਂ ਦੀ ਅਣਦੇਖੀ ਅਤੇ ਸਾਵਧਾਨੀ ਦੀ ਘਾਟ ਕਾਰਨ ਹੁੰਦਾ ਹੈ। ਇਹ ਕਹਿਣ ਵਿਚ ਕੋਈ ਹਰਜ ਨਹੀਂ ਕਿ ਭਾਰਤ ਵਿਚ ਹਰ ਪੱਧਰ ’ਤੇ ਜਨਤਕ ਸੁਰੱਖਿਆ ਦੇ ਮਾਮਲੇ ਵਿਚ ਲਾਪਰਵਾਹੀ ਵਰਤਣ ਦਾ ਸ਼ਰਮਨਾਕ ਸਿਲਸਿਲਾ ਬਰਕਰਾਰ ਹੈ।