ਇਸ ਤੋਂ ਪਹਿਲਾਂ ਵੀ ਖੰਨਾ ਸ਼ਹਿਰ ਵਿਚ ਖੂੰਖਾਰ ਕੁੱਤਿਆਂ ਵੱਲੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਨੋਚ-ਨੋਚ ਕੇ ਖਾਣ ਦੀਆਂ ਦਰਦਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ। ਖੰਨਾ ਦੀ ਨਵੀਂ ਆਬਾਦੀ ਇਲਾਕੇ ’ਚ ਇਕ ਖੂੰਖਾਰ ਕੁੱਤੇ ਨੇ ਸੇਵਾ ਮੁਕਤ ਕਰਮਚਾਰੀ 70 ਸਾਲਾ ਬਲਵੀਰ ਸਿੰਘ ’ਤੇ ਹਮਲਾ ਕਰ ਦਿੱਤਾ।

ਪਿੱਛੇ ਜਿਹੇ ਖੰਨਾ ਸ਼ਹਿਰ ਵਿਚ ਅਵਾਰਾ ਕੁੱਤਿਆਂ ਨੇ 17 ਬੱਚਿਆਂ ਸਮੇਤ 20 ਤੋਂ ਵੱਧ ਲੋਕਾਂ ਨੂੰ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਸ਼ਹਿਰ ਵਿਚ ਖੂੰਖਾਰ ਕੁੱਤਿਆਂ ਦਾ ਹੜ੍ਹ ਆ ਗਿਆ ਲੱਗਦਾ ਹੈ। ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਇਸ ਸ਼ਹਿਰ ਦੇ ਅਮਲੋਹ ਰੋਡ, ਦੁਸਹਿਰਾ ਮੇਲਾ ਗਰਾਊਂਡ, ਗੁਲਮੋਹਰ ਨਗਰ, ਕ੍ਰਿਸ਼ਨਾ ਨਗਰ, ਆਜ਼ਾਦ ਨਗਰ ਅਤੇ ਸਬਜ਼ੀ ਮੰਡੀ ਇਲਾਕੇ ਵਿਚ ਵਾਪਰੀਆਂ। ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਅਨੁਸਾਰ ਇਕ ਕਤੂਰੇ ਨੇ ਕਈ ਬੱਚਿਆਂ ਨੂੰ ਵੱਢਿਆ ਸੀ। ਜ਼ਿਆਦਾ ਜ਼ਖ਼ਮੀ ਦੁਸਹਿਰਾ ਮੇਲਾ ਗਰਾਊਂਡ ਤੇ ਕ੍ਰਿਸ਼ਨਾ ਨਗਰ ਦੇ ਸਨ।
ਇਸ ਤੋਂ ਪਹਿਲਾਂ ਵੀ ਖੰਨਾ ਸ਼ਹਿਰ ਵਿਚ ਖੂੰਖਾਰ ਕੁੱਤਿਆਂ ਵੱਲੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਨੋਚ-ਨੋਚ ਕੇ ਖਾਣ ਦੀਆਂ ਦਰਦਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ। ਖੰਨਾ ਦੀ ਨਵੀਂ ਆਬਾਦੀ ਇਲਾਕੇ ’ਚ ਇਕ ਖੂੰਖਾਰ ਕੁੱਤੇ ਨੇ ਸੇਵਾ ਮੁਕਤ ਕਰਮਚਾਰੀ 70 ਸਾਲਾ ਬਲਵੀਰ ਸਿੰਘ ’ਤੇ ਹਮਲਾ ਕਰ ਦਿੱਤਾ। ਉਸ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਨਹਾ ਕੇ ਬਾਥਰੂਮ ਵਿੱਚੋਂ ਬਾਹਰ ਆ ਰਿਹਾ ਸੀ। ਜਿਉਂ ਹੀ ਕੁੱਤੇ ਨੇ ਹਮਲਾ ਕੀਤਾ ਤਾਂ ਉਹ ਡਿੱਗ ਪਿਆ ਤੇ ਉਸ ਨੂੰ ਲੱਤਾਂ-ਬਾਹਾਂ ਅਤੇ ਪੇਟ ’ਤੇ ਕੁੱਤੇ ਨੇ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਦੂਸਰੀ ਘਟਨਾ ਵੀ ਖੰਨਾ ਦੇ ਪਿੰਡ ਇਕੋਲਾਹੀ ਦੀ ਹੈ ਜਿੱਥੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਅਚਾਨਕ 5 ਸਾਲਾ ਬੱਚੇ ’ਤੇ ਹਮਲਾ ਕਰ ਦਿੱਤਾ। ਬੱਚਾ ਆਪਣੇ ਪਿਤਾ ਨਾਲ ਖੇਤਾਂ ’ਚ ਗਿਆ ਹੋਇਆ ਸੀ। ਪਿਤਾ ਕੁਝ ਸਮੇਂ ਲਈ ਕੁਝ ਦੂਰ ਗਿਆ ਤਾਂ ਪਹਿਲਾਂ ਹੀ ਘੁੰਮ ਰਹੇ 7-8 ਕੁੱਤਿਆਂ ਦੇ ਝੁੰਡ ਨੇ ਬੱਚੇ ’ਤੇ ਹਮਲਾ ਕਰ ਦਿੱਤਾ। ਬੱਚੇ ਦੀ ਗਰਦਨ, ਪੇਟ ਅਤੇ ਹੋਰ ਥਾਵਾਂ ’ਤੇ ਗੰਭੀਰ ਜ਼ਖ਼ਮ ਸਨ ਜਿਨ੍ਹਾਂ ਨੂੰ ਵੇਖਦਿਆਂ ਸਿਵਲ ਹਸਪਤਾਲ ਖੰਨਾ ਨੇ ਬੱਚੇ ਨੂੰ ਪਟਿਆਲੇ ਭੇਜ ਦਿੱਤਾ ਸੀ। ਮਨਜੀਤ ਸਿੰਘ ਨਵਾਂਸ਼ਹਿਰ ਆਪਣੇ ਟਿੱਪਰ ਦੀ ਮੁਰੰਮਤ ਕਰਵਾਉਣ ਲਈ ਖੰਨਾ ਆਇਆ ਸੀ।
ਉਸ ਨੇ ਰਾਤ ਉੱਥੇ ਹੀ ਰੁਕਣਾ ਸੀ। ਇਸ ਲਈ ਜਦ ਉਹ 10: 30 ਵਜੇ ਖਾਣਾ ਖਾਣ ਲਈ ਜਾਣ ਲੱਗਾ ਤਾਂ ਸੜਕ ਦੇ ਕਿਨਾਰੇ 7-8 ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਤੇ ਉਸ ਨੇ ਮਸਾਂ ਜਾਨ ਬਚਾਈ। ਉਸ ਨੂੰ ਸਰਕਾਰੀ ਹਸਪਤਾਲ, ਸੈਕਟਰ-32 ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ।
ਪਠਾਨਕੋਟ ਦੇ ਨਜ਼ਦੀਕ ਪਿੰਡ ਲਾਡੋਚੱਕ ’ਚ ਘਰ ’ਚ ਰੱਖੇ ਪਿੱਟਬੁੱਲ ਕੁੱਤੇ ਨੇ 13 ਸਾਲਾ ਬੱਚੇ ’ਤੇ ਹਮਲਾ ਕਰ ਕੇ ਉਸ ਦੇ ਸਿਰ ਨੂੰ ਜਬਾੜਿਆਂ ’ਚ ਘੁੱਟ ਕੇ ਫੜ ਲਿਆ। ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ। ਖੰਨਾ ਦੇ ਜੀਟੀਬੀ ਮਾਰਕੀਟ ’ਚ ਸੈਰ ਕਰ ਰਹੀ 65 ਸਾਲਾ ਔਰਤ ਅਮਰਜੀਤ ਕੌਰ ’ਤੇ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਕੁੱਤੇ ਨੇ ਔਰਤ ਨੂੰ ਚਿਹਰੇ ’ਤੇ ਬੁਰੀ ਤਰ੍ਹਾਂ ਵੱਢਿਆ। ਉਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸਰਕਾਰ ਨੂੰ ਖੂੰਖਾਰ ਕੁੱਤਿਆਂ ਤੇ ਲਾਵਾਰਸ ਪਸ਼ੂਆਂ ਦੀਆਂ ਵਧ ਰਹੀਆਂ ਘਟਨਾਵਾਂ ਦੇ ਹੱਲ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ।
 
-ਜਤਿੰਦਰ ਸਿੰਘ ਪਮਾਲ
(ਸਾਬਕਾ ਡੀਪੀਆਰਓ)।
-(98156-73477)