ਸਰਪੰਚ ਸਾਹਿਬ ਨੇ ਪੰਚਾਇਤ ਦੀ ਸਹਿਮਤੀ ਨਾਲ ਸਕੂਲ ਵਿਚ ਪ੍ਰੋਗਰਾਮ ਰੱਖ ਲਿਆ। ਪਿੰਡ ਦੇ ਹੋਰ ਵੀ 25-30 ਪਤਵੰਤੇ ਬੁਲਾਏ ਹੋਏ ਸਨ। ਮੈਂ ਨਿਰਧਾਰਤ ਸਮੇਂ ਅਨੁਸਾਰ ਸਕੂਲ ਪਹੁੰਚ ਗਿਆ। ਸਰਪੰਚ ਨੂੰ ਮੇਰੇ ਬਾਰੇ ਜਿੰਨੀ ਕੁ ਜਾਣਕਾਰੀ ਸੀ, ਉਹ ਸਭ ਪਤਵੰਤਿਆਂ ਨੂੰ ਦਿੱਤੀ।

ਮੇਰਾ ਪਿੰਡ ਨਾਗਰਾ ਹੈ। ਮੈਂ ਅਕਸਰ ਪਿੰਡ ਆਉਂਦਾ-ਜਾਂਦਾ ਰਹਿਂਦਾ ਹਾਂ। ਆਪਣੇ ਪਿੰਡ ਦੇ ਸੱਭਿਆਚਾਰ ਬਾਰੇ ਲਿਖੀ ਕਿਤਾਬ ਕਾਰਨ ਪਿੰਡ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ। ਅੱਜ-ਕੱਲ੍ਹ ਨਵੇਂ ਬਣੇ ਪੜ੍ਹੇ-ਲਿਖੇ ਸਰਪੰਚ ਸਾਬਕਾ ਫ਼ੌਜੀ ਸੂਬੇਦਾਰ ਨਾਲ ਬਹੁਤ ਵਧੀਆ ਸਬੰਧ ਹਨ। ਕਿਉਂਕਿ ਮੈਂ ਪੰਜਵੀਂ ਜਮਾਤ ਤੱਕ ਆਪਣੇ ਪਿੰਡ ਪੜ੍ਹਿਆ ਹਾਂ ਤੇ ਉਸ ਸਮੇਂ ਦੇ ਸੱਭਿਆਚਾਰ ਬਾਰੇ ਸਕੂਲ ਦੀਆਂ ਪੜ੍ਹਾਈਆਂ ਬਾਰੇ ਖੁੱਲ੍ਹ ਕੇ ਜਾਣਕਾਰੀ ਲਈ ਸਰਪੰਚ ਸਾਹਿਬ ਨੇ ਮੇਰਾ ਰੂਬਰੂ ਸਕੂਲ ਵਿਚ ਰੱਖ ਲਿਆ। ਵੈਸੇ ਵੀ ਮੇਰੇ ਕੋਲ ਬਹੁਤ ਕਿਤਾਬਾਂ ਪਈਆਂ ਸਨ। ਉਹ ਵੀ ਮੈਂ ਪਿੰਡ ਦੀ ਆਧੁਨਿਕ ਲਾਇਬ੍ਰੇਰੀ ਨੂੰ ਭੇਟ ਕਰਨੀਆਂ ਸਨ। ਇਹ ਲਾਇਬ੍ਰੇਰੀ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਸਾਲ ਕੁ ਪਹਿਲਾਂ ਬਣਾਈ ਸੀ। ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਮੇਰੇ ਪਿੰਡ ਦੇ ਲੋਕ ਆਪਣੇ ਵਿਹਲੇ ਸਮੇਂ ਵਿਚ ਕਿਤਾਬਾਂ ਨਾਲ ਜੁੜਨਗੇ।
ਸਰਪੰਚ ਸਾਹਿਬ ਨੇ ਪੰਚਾਇਤ ਦੀ ਸਹਿਮਤੀ ਨਾਲ ਸਕੂਲ ਵਿਚ ਪ੍ਰੋਗਰਾਮ ਰੱਖ ਲਿਆ। ਪਿੰਡ ਦੇ ਹੋਰ ਵੀ 25-30 ਪਤਵੰਤੇ ਬੁਲਾਏ ਹੋਏ ਸਨ। ਮੈਂ ਨਿਰਧਾਰਤ ਸਮੇਂ ਅਨੁਸਾਰ ਸਕੂਲ ਪਹੁੰਚ ਗਿਆ। ਸਰਪੰਚ ਨੂੰ ਮੇਰੇ ਬਾਰੇ ਜਿੰਨੀ ਕੁ ਜਾਣਕਾਰੀ ਸੀ, ਉਹ ਸਭ ਪਤਵੰਤਿਆਂ ਨੂੰ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਵੀ ਸਕੂਲ ਦੇ ਕੰਮਕਾਜ ਬਾਰੇ ਚਾਨਣਾ ਪਾਇਆ ਤੇ ਪੁਸਤਕਾਂ ਦੇ ਮਹਤੱਵ ਬਾਰੇ ਦੱਸਿਆ। ਉਸ ਤੋਂ ਬਾਅਦ ਉਨ੍ਹਾਂ ਮੈਨੂੰ ਬੇਨਤੀ ਕੀਤੀ ਕਿ ਮੈਂ ਆਪਣੇ ਬਾਰੇ, ਸਕੂਲ ਬਾਬਤ ਤੇ 60-65 ਸਾਲ ਪਹਿਲਾਂ ਦੇ ਮਾਹੌਲ ਸਬੰਧੀ ਬੋਲਾਂ।
ਮੈਂ ਉੱਠਿਆ, ਸਭ ਨੂੰ ਫ਼ਤਹਿ ਬੁਲਾਈ ਤੇ ਬੋਲਣਾ ਸ਼ੁਰੂ ਕੀਤਾ। ਮੈਂ ਕਿਹਾ ਕਿ ਮੈਂ ਪਹਿਲੀ ਤੋਂ ਪੰਜਵੀਂ ਤੱਕ ਇਸ ਪ੍ਰਾਇਮਰੀ ਸਕੂਲ ( ਜੋ ਉਸ ਸਮੇਂ ਹੁੰਦਾ ਸੀ) ਵਿਚ ਪੜ੍ਹਿਆ। ਉਸ ਸਮੇਂ ਬੱਚਿਆਂ ਨੂੰ ਬਹੁਤਾ ਪੜ੍ਹਾਉਣ ਦਾ ਚਲਨ ਨਹੀਂ ਸੀ। ਅੱਸੀ ਪ੍ਰਤੀਸ਼ਤ ਲੋਕ ਖੇਤੀ ਕਰਦੇ ਸਨ ਤੇ ਬਾਕੀ ਵੀ ਖੇਤੀ ਦੇ ਧੰਦੇ ਨਾਲ ਕਿਸੇ ਨਾ ਕਿਸੇ ਤਰੀਕੇ ਜੁੜੇ ਹੋਏ ਸਨ। ਬਹੁਤੇ ਕਿਸਾਨ ਆਪੋ-ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਖੇਤੀ ਵੱਲ ਖਿੱਚਦੇ। ਪਹਿਲਾਂ ਡੰਗਰਾਂ ਦਾ ਪਾਲ਼ੀ ਲਾ ਦਿੰਦੇ, ਜਦੋਂ ਗੱਭਰੂ ਹੁੰਦਾ ਤਾਂ ਹਲ ਦਾ ਮੁੰਨਾ ਫੜਾ ਦਿੰਦੇ। ਮੈਂ ਬਹੁਤ ਹੀ ਗ਼ਰੀਬ ਬ੍ਰਾਹਮਣ ਪਰਿਵਾਰ ਵਿੱਚੋਂ ਸੀ ਤੇ ਦਾਦਾ ਦਾਦੀ ਕੋਲ ਰਹਿੰਦਾ ਸਾਂ ਕਿਉਂਕਿ ਮੇਰੇ ਪਿਤਾ ਜੀ ਬਾਹਰ ਨੌਕਰੀ ਕਰਦੇ ਸਨ। ਹਾਲਾਂਕਿ ਮੇਰੇ ਦਾਦਾ ਜੀ ਗ਼ਰੀਬ ਸਨ ਪਰ ਉਨ੍ਹਾਂ ਨੇ ਔਖੇ-ਸੌਖੇ ਹੋ ਕੇ ਆਪਣੇ ਛੇ ਪੁੱਤਰਾਂ ਨੂੰ ਪੜ੍ਹਾਇਆ ਤੇ ਸੱਤਵਾਂ ਮੈਂ ਪੜ੍ਹਨਾ ਸ਼ੁਰੂ ਕੀਤਾ।
ਇਕ ਕਾਇਦਾ ਤੇ ਇਕ ਗੁੜ ਦੀ ਰੋੜੀ ਲੈ ਕੇ ਉਹ ਰੋਜ਼ ਮੈਨੂੰ ਸਕੂਲ ਛੱਡਣ ਆਉਂਦੇ। ਕਦੇ-ਕਦੇ ਮੈਂ ਰਸਤੇ ’ਚੋਂ ਹੀ ਘਰ ਮੁੜ ਜਾਂਦਾ, ਉਹ ਫਿਰ ਘੜੀਸ ਕੇ ਸਕੂਲ ਛੱਡ ਜਾਂਦੇ। ਇਸ ਤਰ੍ਹਾਂ ਪਹਿਲੀ ਤੋਂ ਦੂਜੀ, ਫਿਰ ਤੀਜੀ ਵਿਚ ਹੋ ਗਏ। ਸਕੂਲ ਦੇ ਅਧਿਆਪਕ ਬਹੁਤ ਮਿਹਨਤੀ ਤੇ ਨਿਸ਼ਠਾਵਾਨ ਸਨ। ਸਾਰੇ ਬੱਚਿਆਂ ’ਤੇ ਬਹੁਤ ਮਿਹਨਤ ਕਰਦੇ ਸਨ।
ਉਨ੍ਹਾਂ ਦਿਨਾਂ ਵਿਚ ਸਲੇਟ ਤੇ ਫੱਟੀਆਂ ’ਤੇ ਸਿਆਹੀ ਨਾਲ ਲਿਖਣ ਦਾ ਜ਼ਮਾਨਾ ਸੀ। ਕਦੀ ਘਰੇ ਫੱਟੀ ਪੋਚਣੀ ਭੁੱਲ ਜਾਂਦੇ ਤੇ ਰਸਤੇ ’ਚ ਪੈਂਦੇ ਟੋਭੇ ਕਿਨਾਰੇ ਬੈਠ ਕੇ ਫੱਟੀਆਂ ਪੋਚ ਲੈਂਦੇ ਤੇ ਘੁਮਾਉਂਦੇ ਹੋਏ ਸਕੂਲ ਪਹੁੰਚ ਜਾਂਦੇ। ਫੱਟੀਆਂ ਰਸਤੇ ’ਚ ਸੁੱਕ ਜਾਂਦੀਆਂ। ਨਾਲ ਹੀ ਗਾਈਂ ਜਾਂਦੇ, ਸੂਰਜਾ-ਸੂਰਜਾ ਫੱਟੀ ਸੁਕਾ ਆਦਿ। ਸਕੂਲ ਵਿਚ ਜੇਕਰ ਕੋਈ ਸ਼ਰਾਰਤ ਕਰਦਾ, ਜਾਂ ਤਾਂ ਉਸ ਦੇ ਕੰਨ ਫੜਾ ਦਿੰਦੇ ਭਾਵ ਮੁਰਗਾ ਬਣਾ ਦਿੰਦੇ ਜਾਂ ਫਿਰ ਨਲਕਾ ਗੇੜ ਕੇ ਬੂਟਿਆਂ ਨੂੰ ਪਾਣੀ ਪਾਉਣ ਦੀ ਸਜ਼ਾ ਮਿਲਦੀ। ਜੇਕਰ ਦੋ ਜਣੇ ਲੜਦੇ ਤਾਂ ਦੋਨਾਂ ਨੂੰ ਇਕ-ਦੂਜੇ ਦੇ ਕੰਨ ਫੜਾ ਕੇ ਡੰਡ ਬੈਠਕਾਂ ਲਵਾ ਦਿੰਦੇ।
ਸ਼ਰਾਰਤਾਂ ਵੀ ਇਹੋ ਜਿਹੀਆਂ ਹੁੰਦੀਆਂ। ਕੋਈ ਕਿਸੇ ਦੀ ਸਲੇਟੀ ਕੱਢ ਲੈਂਦਾ ਜਾਂ ਸਿਆਹੀ ਦੀ ਦਵਾਤ ਡੋਲ੍ਹ ਦਿੰਦਾ, ਕੋਈ ਕਿਸੇ ਦੀ ਘਰੋਂ ਲਿਆਂਦੀ ਮੂੰਗਫਲੀ ਕੱਢ ਕੇ ਖਾ ਜਾਂਦਾ। ਇਨ੍ਹਾਂ ਸ਼ਰਾਰਤਾਂ ਪਿੱਛੇ ਕੁੱਟ ਖਾਈ ਜਾਂਦੇ। ਇਕ ਵਾਰ ਸੰਗਰੂਰ ਵਾਲੇ ਅਧਿਆਪਕ ਲਾਭ ਸਿੰਘ ਨੇ ਮੇਰੇ ਕਮਰੇ ਵਿਚ ਕੰਨ ਫੜਾ ਦਿੱਤੇ ਤੇ ਬਾਹਰ ਆ ਕੇ ਭੁੱਲ ਗਏ। ਮੇਰੇ ਮੂੰਹ ’ਚੋਂ ਲਾਲਾਂ, ਨੱਕ ’ਚੋਂ ਪਾਣੀ ਵਗੇ। ਓਧਰੋਂ ਕਿਤੇ ਮੇਰੇ ਦਾਦਾ ਜੀ ਡਾਕ ਦੇ ਕੰਮ ਸਕੂਲ ਆ ਗਏ। ਡਾਕ ਦਾ ਕੰਮ ਵੀ ਸਕੂਲ ਵਿਚ ਹੀ ਹੁੰਦਾ ਸੀ। ਜਦੋਂ ਮੇਰੀ ਇਹ ਹਾਲਤ ਦੇਖੀ ਤਾਂ ਲਾਭ ਸਿੰਘ ਦੇ ਗਲ਼ ਪੈ ਗਏ। ਬੜੀ ਮੁਸ਼ਕਲ ਨਾਲ ਮਸਲਾ ਹੱਲ ਹੋਇਆ।
ਮੇਰਾ ਇਕ ਹਮ-ਜਮਾਤੀ ਪੂਰਨ ਚੰਦ ਹੁੰਦਾ ਸੀ। ਉਹ ਬਹੁਤ ਗੁਸੈਲ ਕਿਸਮ ਦਾ ਸੀ ਪਰ ਮੇਰਾ ਗੂੜ੍ਹਾ ਮਿੱਤਰ ਸੀ। ਅਸੀਂ ਜਮਾਤ ਵਿਚ ਇਕੱਠੇ ਬੈਠਦੇ ਹੁੰਦੇ ਸਾਂ। ਇਕ ਦਿਨ ਮਾਸਟਰ ਜੀ ਕਲਾਸ ਵਿਚ ਨਾ ਆਏ। ਅਸੀਂ ਅਨੁਸ਼ਾਸਨ ’ਚ ਕਿਵੇਂ ਬੈਠ ਸਕਦੇ ਸਾਂ, ਸ਼ਰਾਰਤਾਂ ਕਰਨ ਲੱਗ ਪਏ। ਮੈਂ ਪੂਰਨ ਨੂੰ ਪੂੰ-ਪੂੰ ਕਹਿ ਕੇ ਭੱਜ ਪਿਆ। ਉਹ ਇੰਡ ਕਹਿਣ ਤੋਂ ਬਹੁਤ ਖਿਝਦਾ ਸੀ। ਉਸ ਨੇ ਆ ਦੇਖਿਆ, ਨਾ ਤਾਅ, ਆਪਣੀ ਟੁੱਟੀ ਸਲੇਟ ਕੱਢ ਕੇ ਮਾਰੀ ਜਿਹੜੀ ਮੇਰੇ ਗਿੱਟੇ ’ਤੇ ਆ ਕੇ ਲੱਗੀ। ਸੱਟ ਲੱਗੀ ਤੇ ਲਹੂ ਵਗਣ ਲੱਗ ਪਿਆ। ਨਲਕੇ ਹੇਠ ਜ਼ਖ਼ਮ ਧੋਂਦੇ ਰਹੇ ਤੇ ਪਾਣੀ ਦੀ ਪੱਟੀ ਬੰਨ੍ਹੀ।
ਤਾਂ ਕਿਤੇ ਜਾ ਕੇ ਲਹੂ ਬੰਦ ਹੋਇਆ। ਉਸ ਦਾ ਦਾਗ਼ ਅੱਜ ਵੀ ਮੇਰੇ ਗਿੱਟੇ ’ਤੇ ਹੈ। ਸਜ਼ਾ ਦੇ ਤੌਰ ’ਤੇ ਪੂਰਨ ਦੀ ਚੰਗੀ ਚੰਡਾਈ ਹੋਈ। ਇਸੇ ਤਰ੍ਹਾਂ ਘਾਹ ਲੱਗੇ ਗਰਾਊਂਡ ਦੇ ਆਲ਼ੇ-ਦੁਆਲ਼ੇ ਫੁੱਲਾਂ ਵਾਲੇ ਬੂਟੇ ਲਾਏ ਹੋਏ ਸਨ। ਉਨ੍ਹਾਂ ਦੇ ਫੁੱਲਾਂ ’ਤੇ ਭੌਰੇ, ਦੰਦਈਏ ਤੇ ਭਰਿੰਡਾਂ ਬਹੁਤ ਆਉਂਦੀਆਂ ਸਨ। ਅਸੀਂ ਸ਼ਰਾਰਤਾਂ ਕਰਦੇ ਉਨ੍ਹਾਂ ਨੂੰ ਭਜਾਉਂਦੇ ਤਾਂ ਕਿ ਉਹ ਲੜ ਨਾ ਜਾਣ। ਕਾਦਰ ਦੇ ਮੁੰਡੇ ਸ਼ੇਰੇ ਨੇ ਐਸੀ ਜੁੱਤੀ ਵਗਾਹ ਕੇ ਮਾਰੀ ਕਿ ਸਣੇ ਭਰਿੰਡ ਮੇਰੇ ਮੂੰਹ ’ਤੇ ਵੱਜੀ।
ਵੱਜਣ ਸਾਰ ਭਰਿੰਡ ਨੇ ਡੰਗ ਮਾਰ ਦਿੱਤਾ। ਥੋੜ੍ਹੀ ਦੇਰ ਵਿਚ ਹੀ ਮੂੰਹ ਸੁੱਜ ਕੇ ਪਾਥੀ ਵਰਗਾ ਹੋ ਗਿਆ। ਠੀਕ ਹੋਣ ਨੂੰ ਕਈ ਦਿਨ ਲੱਗ ਗਏ। ਸਕੂਲੋਂ ਨਿਕਲਦੇ ਟੋਭੇ ਦੇ ਲਾਗਿਓਂ ਟੁੱਟੇ ਘੜੇ ਜਾਂ ਤੌੜੀਆਂ ਦੇ ਟੁਕੜੇ ਇਕੱਠੇ ਕਰ ਕੇ ਰੋੜੇ ਨਾਲ ਗੋਲ਼-ਗੋਲ਼ ਘੜ ਲੈਂਦੇ ਤੇ ਫਿਰ ਉੱਥੇ ਹੀ ਘੁੱਤੀ ਪੱਟ ਕੇ ਘੁੱਤੀ ਪੌਣੇ ਖੇਡਣ ਲੱਗ ਜਾਂਦੇ।
ਇਕ ਦਿਨ ਡੀਕਰੀਆਂ ਇਕੱਠੀਆਂ ਉੱਪਰ ਵੱਲ ਸੁੱਟ ਦਿੱਤੀਆਂ। ਇਕ ਡੀਕਰੀ ਲਾਭ ਕੇ ਗੁਰਤੇਜ ਦੇ ਸਿਰ ਵਿਚ ਵੱਜੀ। ਲਹੂ ਨਿਕਲਣ ਲੱਗ ਪਿਆ। ਅਸੀਂ ਡਰਦੇ ਮਾਰੇ ਘਰਾਂ ਨੂੰ ਭੱਜ ਗਏ। ਬਾਅਦ ਵਿਚ ਉਸ ਦੀ ਦਾਦੀ ਸਾਡੇ ਘਰ ਉਲਾਂਭਾ ਲੈ ਕੇ ਆਈ। ਮੇਰੀ ਦਾਦੀ ਨੇ ਉੱਪਰੋਂ-ਉੱਪਰੋਂ ਮੇਰੀ ਖ਼ਾਸੀ ਝਾੜਝੰਬ ਕੀਤੀ ਤੇ ਗੁਰਤੇਜ ਦੀ ਦਾਦੀ ਦੇ ਜਾਣ ਤੋਂ ਬਾਅਦ ਮੈਨੂੰ ਹਿੱਕ ਨਾਲ ਲਾ ਲਿਆ। ਪੁਰਾਣੇ ਸਮੇਂ ਦੀਆਂ ਗੱਲਾਂ ਮੇਰੇ ਮੂੰਹੋਂ ਸੁਣ ਕੇ ਪਿੰਡ ਵਾਲੇ ਬਹੁਤ ਖ਼ੁਸ਼ ਹੋਏ। ਕਾਸ਼! ਕੋਈ ਮੇਰੇ ਉਹ ਦਿਨ ਵਾਪਸ ਲੈ ਆਵੇ।
-ਸੁਰਿੰਦਰ ਸ਼ਰਮਾ ਨਾਗਰਾ
-ਮੋਬਾਈਲ : 98768-46595