ਦਸ ਮਈ ਨੂੰ ਚੰਡੀਗੜ੍ਹ ਦੇ ਸੈਕਟਰ 16 ਵਿਚ ਸਥਿਤ ਪੰਜਾਬ ਕਲਾ ਭਵਨ ਵਿਖੇ ਚੰਡੀਗੜ੍ਹ ਸਾਹਿਤ ਸਭਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੈਂ ਵੀ ਸ਼ਾਮਲ ਹੋਇਆ। ਅੱਜ ਤੋਂ 53 ਸਾਲ ਪਹਿਲਾਂ, ਛੇ ਮਈ ਨੂੰ ਸ਼ਿਵ ਕੁਮਾਰ ਬਟਾਲਵੀ ਇਸ ਦੁਨੀਆ ਤੋਂ ਹਮੇਸ਼ਾ ਵਾਸਤੇ ਰੁਖ਼ਸਤ ਹੋਏ ਸਨ। ਸੁਰਜੀਤ ਪਾਤਰ ਦੋ ਸਾਲ ਪਹਿਲਾਂ 11 ਮਈ ਨੂੰ ਸਾਰਿਆਂ ਨੂੰ ਸਦਾ ਲਈ ਵਿਛੋੜਾ ਦੇ ਗਏ ਸਨ

-ਗੋਵਰਧਨ ਗੱਬੀ
ਦਸ ਮਈ ਨੂੰ ਚੰਡੀਗੜ੍ਹ ਦੇ ਸੈਕਟਰ 16 ਵਿਚ ਸਥਿਤ ਪੰਜਾਬ ਕਲਾ ਭਵਨ ਵਿਖੇ ਚੰਡੀਗੜ੍ਹ ਸਾਹਿਤ ਸਭਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੈਂ ਵੀ ਸ਼ਾਮਲ ਹੋਇਆ। ਅੱਜ ਤੋਂ 53 ਸਾਲ ਪਹਿਲਾਂ, ਛੇ ਮਈ ਨੂੰ ਸ਼ਿਵ ਕੁਮਾਰ ਬਟਾਲਵੀ ਇਸ ਦੁਨੀਆ ਤੋਂ ਹਮੇਸ਼ਾ ਵਾਸਤੇ ਰੁਖ਼ਸਤ ਹੋਏ ਸਨ। ਸੁਰਜੀਤ ਪਾਤਰ ਦੋ ਸਾਲ ਪਹਿਲਾਂ 11 ਮਈ ਨੂੰ ਸਾਰਿਆਂ ਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਇਕ ਤਰ੍ਹਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ, ਦੋਵੇਂ ਆਪੋ-ਆਪਣੇ ਸਮਿਆਂ ਦੇ ਬੇਹੱਦ ਮਕਬੂਲ ਕਵੀ ਸਨ। ਕੁਝ ਸਮੇਂ ਵਾਸਤੇ ਉਹ ਸਮਕਾਲੀ ਕਵੀ ਵੀ ਰਹੇ ਸਨ। ਸੁਰਜੀਤ ਪਾਤਰ ਉਮਰ ਵਿਚ ਸ਼ਿਵ ਤੋਂ ਦਸ ਕੁ ਸਾਲ ਛੋਟੇ ਸਨ। ਸਮਾਗਮ ਵਾਲਿਆਂ ਨੇ ਬੰਦਿਸ਼ ਲਗਾਈ ਹੋਈ ਸੀ ਕਿ ਇੱਥੇ ਕਿਸੇ ਵੀ ਤਰ੍ਹਾਂ ਦੇ ਭਾਸ਼ਣ ਨਹੀਂ ਹੋਣਗੇ। ਨਾ ਹੀ ਕੋਈ ਗੱਲਾਂ-ਬਾਤਾਂ। ਨਾ ਹੀ ਕੋਈ ਯਾਦਾਂ ਸਾਂਝੀਆਂ ਕੀਤੀਆਂ ਜਾਣਗੀਆਂ। ਜਿਹੜੇ ਸਰੋਤੇ ਉੱਥੇ ਹਾਜ਼ਰ ਹੋਣਗੇ, ਉਨ੍ਹਾਂ ਨੇ ਕੇਵਲ ਤੇ ਕੇਵਲ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਦੀਆਂ ਰਚਨਾਵਾਂ, ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਗਾ ਕੇ ਜਾਂ ਸੁਣਾ ਕੇ ਉਨ੍ਹਾਂ ਨੂੰ ਯਾਦ ਕਰਨਾ ਸੀ। ਮੇਰੇ ਸਮੇਤ ਹੋਰ ਲੋਕਾਂ ਨੂੰ ਵੀ ਇਹ ਗੱਲ ਬਹੁਤ ਚੰਗੀ ਲੱਗੀ। ਕਾਫ਼ੀ ਲੋਕਾਂ ਨੇ ਇਸ ਸਮਾਗਮ ਵਿਚ ਦਿਲਚਸਪੀ ਨਾਲ ਹਿੱਸਾ ਲਿਆ। ਦੋਵਾਂ ਕਵੀਆਂ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ।
‘ਤੇਰੇ ਪਿਆਰ ਦੀ ਨਿਸ਼ਾਨੀ ਛੱਲਾ ਇੰਜ ਮੈਨੂੰ ਲੱਗੇ,ਜਿਵੇਂ ਚੀਚੀ ਉੱਤੇ ਗ਼ਮਾਂ ਦਾ ਪਹਾੜ ਚੁੱਕਿਆ।’ ਸ਼ਿਵ ਕੁਮਾਰ ਦੇ ਕੁਝ ਅਜਿਹੇ ਸ਼ਿਅਰ ਮੈਂ ਵੀ ਸਰੋਤਿਆਂ ਸਾਹਮਣੇ ਪੇਸ਼ ਕੀਤੇ। ਸਮਾਗਮ ਵਿਚ ਹੋਰਾਂ ਤੋਂ ਇਲਾਵਾ ਇਕ ਵਿਸ਼ੇਸ਼ ਹਾਜ਼ਰੀ ਡਾ. ਦੀਪਕ ਮਨਮੋਹਨ ਸਿੰਘ ਦੀ ਵੀ ਸੀ ਜੋ ਸ਼ਿਵ ਦੇ ਕਰੀਬੀ ਸਾਥੀਆਂ ਵਿੱਚੋਂ ਰਹੇ ਹਨ ਤੇ ਉਮਰ ’ਚ ਵੀ ਉਨ੍ਹਾਂ ਨਾਲੋਂ ਸਿਰਫ਼ ਤਿੰਨ ਸਾਲ ਛੋਟੇ ਹਨ। ਜਦੋਂ ਲਗਪਗ ਚਾਲੀ-ਪੰਜਾਹ ਲੋਕ ਸ਼ਿਵ ਤੇ ਪਾਤਰ ਦੀਆਂ ਰਚਨਾਵਾਂ ਸੁਣਾ ਚੁੱਕੇ ਸਨ ਤਾਂ ਅੰਤ ਵਿਚ ਦੀਪਕ ਮਨਮੋਹਨ ਨੂੰ ਸ਼ਿਵ ਤੇ ਪਾਤਰ ਬਾਰੇ ਕੁਝ ਆਪਣੇ ਵਿਚਾਰ ਤੇ ਯਾਦਾਂ ਸਾਂਝੀਆਂ ਕਰਨ ਲਈ ਬੇਨਤੀ ਕੀਤੀ ਗਈ। ਦੀਪਕ ਮਨਮੋਹਨ ਨੇ ਦੋਵਾਂ ਕਵੀਆਂ ਬਾਰੇ ਗੱਲਾਂ ਕੀਤੀਆਂ ਪਰ ਜਿਹੜੀ ਗੱਲ ਸਾਰਿਆਂ ਦੇ ਦਿਲ ਨੂੰ ਸਭ ਤੋਂ ਵੱਧ ਛੂਹ ਗਈ, ਉਹ ਸੀ ਸ਼ਿਵ ਕੁਮਾਰ ਬਟਾਲਵੀ ਨਾਲ ਸਬੰਧਤ ਇਕ ਘਟਨਾ।
ਦੀਪਕ ਮਨਮੋਹਨ ਨੇ ਦੱਸਿਆ ਕਿ ਜਦੋਂ ਸ਼ਿਵ ਨੂੰ ਪਹਿਲੀ ਵਾਰ ਪਟਵਾਰੀ ਦੀ ਨੌਕਰੀ ਮਿਲੀ ਤਾਂ ਉਹ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਇਕ ਪਿੰਡ ਵਿਚ ਤਾਇਨਾਤ ਹੋਏ। ਉਹ ਸਮਾਂ ਸੀ ਜਦੋਂ ਸ਼ਿਵ ਕੁਮਾਰ ਇਕ ਕਵੀ ਵਜੋਂ ਚਰਚਾ ਵਿਚ ਆਉਣ ਲੱਗ ਪਏ ਸਨ ਪਰ ਨਾਲ ਹੀ ਉਨ੍ਹਾਂ ਨੂੰ ਸ਼ਰਾਬ ਪੀਣ ਦੀ ਆਦਤ ਵੀ ਪੈ ਚੁੱਕੀ ਸੀ। ਦੀਪਕ ਮਨਮੋਹਨ ਨੇ ਦੱਸਿਆ ਕਿ ਪਟਵਾਰਖ਼ਾਨੇ ਵਿਚ ਸ਼ਿਵ ਜ਼ਿਆਦਾ ਕੰਮ ਨਹੀਂ ਕਰਦਾ ਸੀ। ਸ਼ਰਾਬ ਪੀ ਕੇ ਬੈਠਾ ਰਹਿੰਦਾ ਸੀ। ਮਹਿਫਿਲਾਂ ਸਜਾ ਲੈਂਦਾ। ਆਪਣੇ ਸਹਿਕਰਮੀਆਂ ਨੂੰ ਆਪਣੀਆਂ ਕਵਿਤਾਵਾਂ ਤੇ ਗੀਤ ਸੁਣਾਉਂਦਾ ਰਹਿੰਦਾ।
ਹੌਲੀ-ਹੌਲੀ ਪਿੰਡ ਵਿਚ ਇਹ ਗੱਲ ਫੈਲ ਗਈ ਕਿ ਨਵਾਂ ਨੌਜਵਾਨ ਪਟਵਾਰੀ ਸਾਰਾ ਦਿਨ ਸ਼ਰਾਬ ਪੀ ਕੇ ਪਿਆ ਰਹਿੰਦਾ ਹੈ ਤੇ ਪਟਵਾਰੀ ਵਾਲਾ ਕੋਈ ਕੰਮਕਾਜ ਨਹੀਂ ਕਰਦਾ। ਪਿੰਡ ਵਾਲਿਆਂ ਦੀਆਂ ਸ਼ਿਕਾਇਤਾਂ ਉਸ ਵੇਲੇ ਦੇ ਐੱਸਡੀਐੱਮ ਤੱਕ ਪਹੁੰਚ ਗਈਆਂ। ਅਚਾਨਕ ਇਕ ਦਿਨ ਐੱਸਡੀਐੱਮ ਨੇ ਖ਼ੁਦ ਪਟਵਾਰਖ਼ਾਨੇ ਵਿਚ ਜਾ ਕੇ ਜਾਂਚ ਕੀਤੀ। ਉਸ ਨੇ ਸ਼ਿਵ ਨੂੰ ਸ਼ਰਾਬੀ ਹਾਲਤ ਵਿੱਚ ਰੰਗੇ ਹੱਥੀਂ ਫੜ ਲਿਆ ਤੇ ਮੁਅੱਤਲ ਕਰ ਦਿੱਤਾ।
ਉਸੇ ਸ਼ਾਮ ਸ਼ਿਵ ਸ਼ਰਾਬ ਦੇ ਨਸ਼ੇ ਵਿਚ ਐੱਸਡੀਐੱਮ ਦੀ ਕੋਠੀ ਦੇ ਬਾਹਰ ਜਾ ਪਹੁੰਚਿਆ। ਉਸ ਨੇ ਗੇਟ ਉੱਪਰ ਖੜ੍ਹੇ ਕਰਮਚਾਰੀ ਰਾਹੀਂ ਐੱਸਡੀਐੱਮ ਨੂੰ ਅੰਦਰ ਸੁਨੇਹਾ ਭਿਜਵਾਇਆ ਕਿ ਸਾਹਿਬ ਨੂੰ ਕਹੋ ਕਿ ਉਸ ਨੂੰ ਸ਼ਿਵ ਕੁਮਾਰ ਮਿਲਣਾ ਚਾਹੁੰਦਾ ਹੈ। ਐੱਸਡੀਐੱਮ ਨੂੰ ਕਵਿਤਾ ਨਾਲ ਲਗਾਅ ਸੀ। ਉਹ ਥੋੜ੍ਹੀ ਬਹੁਤ ਕਵਿਤਾ ਆਪ ਵੀ ਲਿਖਦਾ ਸੀ। ਹਾਲਾਂਕਿ ਉਹ ਉਸ ਵੇਲੇ ਸ਼ਿਵ ਕੁਮਾਰ ਨੂੰ ਬਤੌਰ ਕਵੀ ਨਹੀਂ ਜਾਣਦਾ ਸੀ। ਉਸ ਨੇ ਸ਼ਿਵ ਨੂੰ ਅੰਦਰ ਬੁਲਾ ਲਿਆ। ਉਸ ਨੇ ਪੁੱਛਿਆ ਕਿ ਤੂੰ ਕੌਣ ਹੈਂ?
“ਮੈਂ ਸ਼ਿਵ ਕੁਮਾਰ ਹਾਂ ਜਿਸ ਨੂੰ ਅੱਜ ਤੁਸੀਂ ਮੁਅੱਤਲ ਕਰਕੇ ਆਏ ਹੋ। ਮੈਂ ਮਸ਼ਹੂਰ ਕਵੀ ਹਾਂ। ਤੁਸੀਂ ਮੈਨੂੰ ਹੀ ਮੁਅੱਤਲ ਕਰ ਆਏ..?” ਸ਼ਿਵ ਨੇ ਲੜਖੜਾਉਂਦੇ ਹੋਏ ਕਿਹਾ। ਗੱਲਬਾਤ ਦੌਰਾਨ ਉਸ ਨੇ ਸ਼ਿਵ ਨੂੰ ਕਿਹਾ, “ਠੀਕ ਹੈ ਕਵੀ ਜੀ, ਫਿਰ ਆਪਣਾ ਲਿਖਿਆ ਕੁਝ ਮੈਨੂੰ ਵੀ ਸੁਣਾਉ..।”
ਤਦ ਸ਼ਿਵ ਕੁਮਾਰ ਨੇ ਆਪਣਾ ਪ੍ਰਸਿੱਧ ਗੀਤ ਸੁਣਾਉਣਾ ਸ਼ੁਰੂ ਕੀਤਾ : ‘ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ...।’ ਜਿਵੇਂ-ਜਿਵੇਂ ਸ਼ਿਵ ਗਾਉਂਦਾ ਗਿਆ ਐੱਸਡੀਐੱਮ ਦੀਆਂ ਅੱਖਾਂ ਭਿੱਜਦੀਆਂ ਗਈਆਂ। ਉਸ ਦਾ ਅੰਦਰਲਾ ਕਵੀ ਵੀ ਜਾਗ ਪਿਆ। ਉਸ ਨੇ ਇਕ ਪੈੱਗ ਹੋਰ ਸ਼ਿਵ ਨੂੰ ਪਿਲਾਇਆ ਤੇ ਨਾਲ ਆਪ ਵੀ ਲਗਾਇਆ।
ਕਾਵਿ ਮਹਿਫਿਲ ਮੁੱਕਣ ’ਤੇ ਉਹ ਉੱਠਿਆ ਤੇ ਉਸ ਨੇ ਸ਼ਿਵ ਕੁਮਾਰ ਨੂੰ ਗਲੇ ਲਗਾ ਲਿਆ ਤੇ ਕਿਹਾ, “ਸ਼ਿਵ ਕੁਮਾਰ, ਤੂੰ ਅੱਜ ਤੋਂ ਮੁੜ ਬਹਾਲ। ਤੂੰ ਆਪਣੀਆਂ ਕਵਿਤਾਵਾਂ ਲਿਖਿਆ ਕਰ, ਗਾਇਆ ਕਰ। ਬਸ, ਇਕ ਗੱਲ ਦਾ ਧਿਆਨ ਰੱਖੀਂ ਕਿ ਡਿਊਟੀ ’ਤੇ ਆ ਕੇ ਦਾਰੂ ਨਾ ਪੀਆ ਕਰ। ਤੂੰ ਡਿਊਟੀ ’ਤੇ ਆਇਆ ਹੀ ਨਾ ਕਰ, ਬਸ ਕਦੇ-ਕਦੇ ਹਾਜ਼ਰੀ ਲਗਾ ਜਾਇਆ ਕਰੀਂ। ਮੈਂ ਦਫ਼ਤਰ ਵਾਲਿਆਂ ਨੂੰ ਸਮਝਾ ਦਿਆਂਗਾ।”
ਦੋਸਤੋ, ਇਹ ਘਟਨਾ ਸਿਰਫ਼ ਇਕ ਵਾਕਿਆ ਨਹੀਂ ਹੈ, ਸਗੋਂ ਸ਼ਿਵ ਕੁਮਾਰ ਬਟਾਲਵੀ ਦੀ ਸ਼ਖ਼ਸੀਅਤ ਤੇ ਉਨ੍ਹਾਂ ਦੀ ਕਵਿਤਾ ਦੀ ਤਾਕਤ ਦਾ ਪ੍ਰਮਾਣ ਹੈ ਕਿ ਇਕ ਕਵੀ ਆਪਣੀ ਰਚਨਾ ਨਾਲ ਕਿਵੇਂ ਦਿਲਾਂ ਨੂੰ ਜਿੱਤ ਲੈਂਦਾ ਹੈ, ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ। ਤਰਵੰਜਾ ਸਾਲਾਂ ਬਾਅਦ ਵੀ ਸ਼ਿਵ ਕੁਮਾਰ ਬਟਾਲਵੀ ਨੂੰ ਜਿਹੜੇ ਪਿਆਰ ਤੇ ਸ਼ਿੱਦਤ ਨਾਲ ਯਾਦ ਕੀਤਾ ਜਾ ਰਿਹਾ ਹੈ, ਉਹ ਬਹੁਤ ਵਿਰਲੇ ਕਵੀਆਂ ਦੇ ਨਸੀਬ ਵਿਚ ਆਉਂਦਾ ਹੈ। ਸ਼ਿਵ ਤੋਂ ਬਾਅਦ ਵੀ ਪੰਜਾਬੀ ਸਾਹਿਤ ਵਿਚ ਕਈ ਵੱਡੇ ਸ਼ਾਇਰ ਆਏ ਪਰ ਜੋ ਮਕਬੂਲੀਅਤ ਸ਼ਿਵ ਨੂੰ ਬਤੌਰ ਕਵੀ ਮਿਲੀ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਮੈਂ ਖ਼ੁਦ ਵੀ ਪੰਦਰਾਂ-ਵੀਹ ਸਾਲਾਂ ਤੱਕ ਹਰ ਛੇ ਮਈ ਨੂੰ ਬਟਾਲਵੀ ਦੀ ਯਾਦ ਵਿਚ ਸਮਾਗਮ ਕਰਵਾਉਂਦਾ ਰਿਹਾ ਹਾਂ। ਹਾਲਾਂਕਿ ਮੈਂ ਉਸ ਨੂੰ ਕਦੇ ਮਿਲਿਆ ਨਹੀਂ ਪਰ ਉਸ ਦੀਆਂ ਕਵਿਤਾਵਾਂ ਨਾਲ ਇਕ ਅਜਿਹਾ ਰੂਹਾਨੀ ਰਿਸ਼ਤਾ ਬਣ ਗਿਆ ਸੀ ਕਿ ਉਹ ਹਰ ਵੇਲੇ ਆਪਣੇ ਜਿਹੇ ਲੱਗਦੇ ਆ ਰਹੇ ਹਨ। ਉਸ ਦਿਨ ਉਨ੍ਹਾਂ ਦਿਨਾਂ ਵਿਚ ਉਸ ਦੇ ਸਮਕਾਲੀ ਭੂਸ਼ਨ ਧਿਆਨਪੁਰੀ, ਮੋਹਨ ਭੰਡਾਰੀ, ਡਾ. ਦੀਪਕ ਮਨਮੋਹਨ, ਗੁਲਜ਼ਾਰ ਸਿੰਘ ਸੰਧੂ, ਬੁੱਤਘੜ ਸ਼ਿਵ ਸਿੰਘ, ਆਰਟਿਸਟ ਮਲਕੀਤ, ਗੁਲ ਚੌਹਾਨ ਆਦਿ ਇਕੱਠੇ ਹੋ ਕੇ ਸ਼ਿਵ ਦੀਆਂ ਕਵਿਤਾਵਾਂ ਤੇ ਗੀਤ ਗਾਇਆ ਕਰਦੇ ਸਨ। ਉਹ ਆਪਣੀਆਂ ਸ਼ਿਵ ਨਾਲ ਕਈ ਕੌੜੀਆਂ ਤੇ ਮਿੱਠੀਆਂ ਯਾਦਾਂ ਵੀ ਸਾਂਝੀਆਂ ਕਰਦੇ ਸਨ। ਅੱਜ ਵੀ ਜਦੋਂ ਕੋਈ ਮਹਿਫਿਲ ਜੰਮਦੀ ਹੈ ਤਾਂ ਮੇਰੇ ਹੋਠਾਂ ਉੱਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਆਪਣੇ-ਆਪ ਆ ਜਾਂਦੀਆਂ ਹਨ। ਇਹੀ ਇਕ ਸੱਚੇ ਕਵੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਉਹ ਆਪਣੇ ਜਾਣ ਤੋਂ ਦਹਾਕਿਆਂ ਬਾਅਦ ਵੀ ਲੋਕਾਂ ਦੇ ਦਿਲਾਂ ਵਿਚ ਜਿਉਂਦਾ ਰਹੇ ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ। -ਮੋਬਾਈਲ: 94171-73700