ਇਕ ਤਾਂ ਉਦੋਂ ਕੁ ਹੀ ਹੋਏ ਵਿਆਹ ਕਰਕੇ ਘਰੇਲੂ ਜ਼ਿੰਮੇਵਾਰੀਆਂ ਵਧ ਗਈਆਂ ਸਨ, ਦੂਜਾ ਸਹੁਰੇ ਪਿੰਡ ਤੋਂ ਪੇਕਿਆਂ ਵੱਲ ਪੜ੍ਹਾਉਣ ਆਉਣਾ-ਜਾਣਾ, ਉੱਪਰੋਂ ਸਿਲੇਬਸਾਂ ਦੀ ਚਿੰਤਾ ਤੇ ਆਹ ਨਵੀਂ ਜ਼ਿੰਮੇਵਾਰੀ ਕਾਰਨ ਮਨ ਨੂੰ ਧੁੜਕੂ ਲੱਗਾ ਹੀ ਰਹਿੰਦਾ ਸੀ। ਜਦ ਮੈਂ ਕਾਲਜ ਜੁਆਇਨ ਕੀਤਾ ਸੀ, ਉਦੋਂ ਅੰਬਰਾਂ ’ਚ ਉੱਡਦੀ ਫਿਰਦੀ ਸਾਂ।

‘‘ਮੈਡਮ ਜੀ, ਮੈਂ ਕਿੱਥੋਂ ਇਹ ਪੁਜ਼ੀਸ਼ਨ ਸਾਂਭ ਲਊਂਗੀ? ਕੋਈ ਤਜਰਬਾ ਹੈ ਨਹੀਂ, ਇਹ ਔਖਾ ਆ ਮੇਰੇ ਲਈ।’’ ਮੈਂ ਨੀਵੀਂ ਪਾਉਂਦਿਆਂ ਕਾਲੀ ਸਿਆਹ ਹੋਈ ਮਹਿੰਦੀ ਵਾਲੇ ਹੱਥ ਲਾਲ-ਸੁਰਖ਼ ਚੂੜੇ ’ਤੇ ਸਹਿਲਾਉਂਦੀ ਹੋਈ ਬੋਲੀ। ‘‘ਇੱਧਰ ਵੇਖੋ ਮੇਰੇ ਵੱਲ, ਕਿਉਂ ਨੀ ਕਰ ਸਕਦੇ, ਮੰਨਿਆ ਕਿ ਜ਼ਿੰਮੇਵਾਰੀ ਵਧ ਗਈ ਹੈ ਪਰ ਮੈਨੂੰ ਪੂਰਾ ਯਕੀਨ ਹੈ ਕਿ ਕਰ ਲੈਣਾ ਤੁਸੀਂ ਇਹ ਕੰਮ ਵੀ, ਇਹ ਤੁਹਾਡੀ ਨੌਕਰੀ ਦਾ ਹਿੱਸਾ ਹੈ, ਇਕੱਲਾ ਪੜ੍ਹਾਉਣ ਨੀ ਆਏ ਤੁਸੀਂ।’’ ਪ੍ਰਿੰਸੀਪਲ ਕੁਲਦੀਪ ਮੈਡਮ ਮੈਨੂੰ ਬੱਚਿਆਂ ਵਾਂਗ ਸਮਝਾਉਂਦੇ ਹੋਏ ਇੱਕੋ ਸਾਹੇ ਬੜਾ ਕੁਝ ਬੋਲ ਗਏ। ਉਨ੍ਹਾਂ ਕਿਹਾ ਕਿ ਮੈਂ ਯੂਨੀਵਰਸਿਟੀ ਨੂੰ ਤੁਹਾਡੇ ਨਾਂ ਦੀ ਚਿੱਠੀ ਪਾ ਦਿੱਤੀ ਹੈ, ਤਿਆਰੀ ਰੱਖੋ ਆਪਣੀ। ਹੁਣ ਤਾਂ ਕੁਝ ਨਹੀਂ ਹੋ ਸਕਦਾ ਸੀ, ਸ਼ਾਹੀ ਫੁਰਮਾਨ ਹੋ ਚੁੱਕੇ ਸਨ। ਮੈਂ ਆਫਿਸ ’ਚੋਂ ਬਾਹਰ ਨਿਕਲੀ ਤੇ ਲਹੇ ਜਿਹੇ ਮਨ ਨਾਲ ਲੈਕਚਰ ਲਾਉਣ ਲਈ ਚਲੀ ਗਈ।
ਇਕ ਤਾਂ ਉਦੋਂ ਕੁ ਹੀ ਹੋਏ ਵਿਆਹ ਕਰਕੇ ਘਰੇਲੂ ਜ਼ਿੰਮੇਵਾਰੀਆਂ ਵਧ ਗਈਆਂ ਸਨ, ਦੂਜਾ ਸਹੁਰੇ ਪਿੰਡ ਤੋਂ ਪੇਕਿਆਂ ਵੱਲ ਪੜ੍ਹਾਉਣ ਆਉਣਾ-ਜਾਣਾ, ਉੱਪਰੋਂ ਸਿਲੇਬਸਾਂ ਦੀ ਚਿੰਤਾ ਤੇ ਆਹ ਨਵੀਂ ਜ਼ਿੰਮੇਵਾਰੀ ਕਾਰਨ ਮਨ ਨੂੰ ਧੁੜਕੂ ਲੱਗਾ ਹੀ ਰਹਿੰਦਾ ਸੀ। ਜਦ ਮੈਂ ਕਾਲਜ ਜੁਆਇਨ ਕੀਤਾ ਸੀ, ਉਦੋਂ ਅੰਬਰਾਂ ’ਚ ਉੱਡਦੀ ਫਿਰਦੀ ਸਾਂ। ਲੱਗਦਾ ਸੀ ਕਿ ਹੁਣ ਤਾਂ ਜ਼ਿੰਦਗੀ ਇੱਥੇ ਹੀ ਹੈ, ਕਿਤੇ ਨਹੀਂ ਮੈਂ ਜਾਣਾ। ਬਸ ਸਾਰਾ ਕੁਝ ਇਸੇ ਕਾਲਜ ’ਚ ਹੈ ਮੇਰਾ। ਚਾਈਂ-ਚਾਈਂ ਕਲਾਸਾਂ ਲੈਂਦੀ, ਬੀਏ ਦੇ ਮੁੰਡਿਆਂ-ਕੁੜੀਆਂ ਨੂੰ ਪੜ੍ਹਾਉਣਾ ਵਧੀਆ ਲੱਗਦਾ। ਜਦੋਂ ਵਿਆਹ ਹੋਇਆ, ਉਂਦੋਂ ਲੱਗਿਆ ਕਿ ਮੈਂ ਹੁਣ ਉਨ੍ਹਾਂ ਤੋਂ ਵੱਡੀ ਹਾਂ ਪਰ ਆਹ ਨਵੀਂ ਗੱਲ ਨੇ ਤਾਂ ਇੰਜ ਮਹਿਸੂਸ ਕਰਨ ਲਾ ਦਿੱਤਾ ਕਿ ਸੱਚੀਂ ਅਧਿਆਪਕ ਹੀ ਨਹੀਂ, ਮੈਂ ਉਮਰ ’ਚ ਵੀ ਇਕਦਮ ਵੱਡੀ ਹੋ ਗਈ ਹਾਂ। ਸਟਾਫ ’ਚ ਜਦ ਬੈਠਣਾ, ਨਾਲਦਿਆਂ ਨੇ ਕਹਿਣਾ, ‘‘ਇਹ ਤਾਂ ਬਸ ਸਹੁਰੇ ਘਰ ਦੇ ਖ਼ਿਆਲਾਂ ’ਚ ਗੁਆਚੀ ਰਹਿੰਦੀ ਹੈ ਪਰ ਕਿਸੇ ਨੂੰ ਨ੍ਹੀਂ ਸੀ ਪਤਾ ਕਿ ਮੈਂ ਕਿੱਥੇ ਤੋਂ ਕਿੱਥੋਂ ਤੱਕ ਦੀ ਯਾਤਰਾ ਪਲਾਂ ਵਿਚ ਹੀ ਤਹਿ ਕਰ ਆਈ ਸਾਂ।
ਸਾਇੰਸ ਕਾਲਜ ਜਗਰਾਓਂ ਬਾਰੇ ਕਦੇ ਮੈਂ ਵੀ ਰੀਝ ਪਾਲ਼ੀ ਸੀ ਕਿ ਮੈਡੀਕਲ ਕਰਨਾ ਇੱਥੋਂ। ਇੱਥੇ ਲੱਗਣ ਦੀ ਰੀਝ ਤਾਂ ਪੂਰੀ ਨਹੀਂ ਸੀ ਹੋਈ ਪਰ ਜਦ ਮੈਂ ਇਸੇ ਕਾਲਜ ਦੀ ਬਰਾਂਚ ਦੇ ਸਕੂਲ ’ਚੋਂ ਗਿਆਰ੍ਹਵੀਂ ਤੇ ਬਾਰ੍ਹਵੀਂ ਕਰੀ ਤਾਂ ਉਦੋਂ ਸਾਡੀ ਸਕੂਲ ਵੈਨ ਇਸ ਕਾਲਜ ਅੰਦਰ ਜਾਂਦੀ ਸੀ ਤੇ ਉੱਥੋਂ ਛੋਟੇ ਬੱਚਿਆਂ ਨੂੰ ਚੜ੍ਹਾਇਆ ਕਰਦੀ ਸੀ। ਮੈਂ ਸੋਚਣਾ ਕਿ ਚੱਲ, ਜੇ ਇੱਥੇ ਪੜ੍ਹੀ ਨਾ ਤਾਂ ਕੀ ਹੋਇਆ? ਕਾਲਜ ਤਾਂ ਵੇਖ ਲਿਆ ਕਿ ਕਿਸ ਤਰ੍ਹਾਂ ਦਾ ਹੈ।
ਸਾਲ ਬੀਤਦੇ ਗਏ ਤੇ ਉਹ ਸਮਾਂ ਆ ਗਿਆ ਜਦ ਮੈਂ ਸੁਪਰਡੈਂਟ ਬਣ ਕੇ ਪਹਿਲੇ ਦਿਨ ਇਸੇ ਕਾਲਜ ’ਚ ਦਾਖ਼ਲ ਹੋਈ। ਜਦ ਕਾਰ ਕਾਲਜ ਦੇ ਗੇਟ ਅੰਦਰ ਦਾਖ਼ਲ ਹੋਈ ਤਾਂ ਮੈਂ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਤੇ ਥੋੜ੍ਹਾ ਜਿਹਾ ਮੂੰਹ ਬਾਹਰ ਕੱਢ ਸਾਰਾ ਆਲਾ-ਦੁਆਲਾ ਗਹੁ ਨਾਲ ਵੇਖਣ ਲੱਗੀ। ਬੜਾ ਕੁਝ ਬਦਲ ਗਿਆ ਸੀ ਪਰ ਮੈਂ ਉਹੀ ਸਾਂ। ਵਿਦਿਆਰਥੀ ਪੇਪਰ ਦੇਣ ਆ ਰਹੇ ਸਨ, ਕੋਈ ਸਾਈਕਲ, ਕੋਈ ਮੋਟਰਸਾਈਕਲ ’ਤੇ ਅਤੇ ਕਈ ਬੱਸਾਂ ’ਚੋਂ ਉਤਰ ਕੇ ਤੁਰੇ ਜਾ ਰਹੇ ਸਨ। ਕਾਰ ਦੀ ਗਤੀ ਹੌਲੀ ਸੀ ਤੇ ਮੇਰੇ ਕੰਨਾਂ ’ਚ ਆਵਾਜ਼ਾਂ ਪੈ ਰਹੀਆਂ ਸਨ, ‘ਓਏ! ਸੁਪਰਡੈਂਟ ਆ ਗਈ।’ ਮੇਰੇ ਆਉਣ ਦੀ ਕਨਸੋਅ ਪਹਿਲਾਂ ਹੀ ਲੱਗ ਚੁੱਕੀ ਸੀ। ਮੈਂ ਮਨ ਹੀ ਮਨ ਹੱਸੀ ਕਿ ਕੈਸਾ ਡਰ ਹੈ ਸੁਪਰਡੈਂਟ ਦਾ। ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਮੈਂ ਕਾਰ ’ਚੋਂ ਉਤਰੀ। ਕਾਲਜ ਦੀ ਇਮਾਰਤ ਦੇ ਮੁੱਖ ਗੇਟ ’ਤੇ ਕਾਲਜ ਦੇ ਡਾਇਰੈਕਟਰ ਮੈਡਮ ਤੇ ਹੋਰ ਸਟਾਫ ਸਵਾਗਤ ਲਈ ਪਹਿਲਾਂ ਹੀ ਖੜ੍ਹੇ ਸਨ। ਰਸਮੀ ਮੁਲਾਕਾਤ ਤੋਂ ਬਾਅਦ ਮੈਂ ਡਾਇਰੈਕਟਰ ਮੈਡਮ ਕੋਲ ਰੁਕੀ ਕੁਝ ਪਲਾਂ ਲਈ। ਇਸ ਤੋਂ ਬਾਅਦ ਮੈਂ ਕਾਲਜ ਦੇ ਦਫ਼ਤਰ ’ਚ ਗਈ। ਮੈਂ ਸਾਰਾ ਤਾਮ-ਝਾਮ ਵੇਖਿਆ, ਕਾਗਜ਼ੀ ਕੰਮ ਪੂਰਾ ਕੀਤਾ ਤੇ ਫਿਰ ਮੁੱਖ ਪ੍ਰੀਖਿਆ ਕੇਂਦਰ ਵੱਲ ਜਾਣ ਦੀ ਤਿਆਰੀ ਕਰਨ ਲੱਗੀ। ਡਾਇਰੈਕਟਰ ਸਾਹਿਬਾ ਆਪ ਮੈਨੂੰ ਉਸ ਵੱਡੇ ਕਮਰੇ ਵੱਲ ਲੈ ਕੇ ਜਾਣ ਲੱਗੀ ਤਾਂ ਪਿੱਛੋਂ ਆਵਾਜ਼ ਆਈ ‘‘ਮੈਡਮ ਜੀ, ਸਤਿ ਸ੍ਰੀ ਅਕਾਲ, ਸੁਪਰਡੈਂਟ ਮੈਡਮ ਨੂੰ ਮਿਲਣਾ ਹੈ।’’ ਡਾਇਰੈਕਟਰ ਮੈਡਮ ਮੇਰੇ ਵੱਲ ਇਸ਼ਾਰੇ ਕਰਦੇ ਹੋਏ ਕਹਿਣ ਲੱਗੇ ‘ਕਰੋ ਜੀ ਗੱਲ।’ ਜਦ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਕਿਸੇ ਮੰਤਰੀ ਦਾ ਪੀਏ ਖੜ੍ਹਾ ਸੀ ਗੰਨਮੈਨ ਨਾਲ ਲਈ। ਉਸ ਨੇ ਫਿਰ ਦੁਹਰਾਇਆ, ‘‘ਮੈਡਮ ਜੀ ਅਸੀਂ ਸੁਪਰਡੈਂਟ ਨੂੰ ਮਿਲਣੈ।’’ ਇਹੀ ਸੁਪਰਡੈਂਟ ਨੇ ਜੀ! ਉਹ ਕਹਿੰਦਾ, ਤੁਸੀਂ ਕਿੱਥੋਂ ਸੁਪਰਡੈਂਟ ਓ, ਤੁਸੀਂ ਤਾਂ ਵਿਦਿਆਰਥਣ ਲੱਗਦੇ ਓ।’ ਉਹ ਕੋਈ ਸਿਫ਼ਾਰਸ਼ ਲੈ ਕੇ ਆਏ ਸਨ ਤੇ ਜ਼ਾਹਿਰ ਹੈ ਕਿ ਇਹ ਮੇਰੇ ਅਸੂਲਾਂ ਦੇ ਖ਼ਿਲਾਫ਼ ਸੀ। ਮੈਂ ਉਸ ਕਾਲਜ ਦੇ ਇਤਿਹਾਸ ਦੀ ਸਭ ਤੋਂ ਛੋਟੀ ਉਮਰ ਦੀ ਸੁਪਰਡੈਂਟ ਬਣ ਕੇ ਗਈ ਸਾਂ। ਇਸ ਗੱਲ ਦਾ ਜ਼ਿਕਰ ਉੱਥੋਂ ਦਾ ਸਟਾਫ ਅਕਸਰ ਮੇਰੇ ਕੋਲ ਕਰਦਾ ਰਹਿੰਦਾ ਸੀ।
ਇਮਤਿਹਾਨ ਸ਼ੁਰੂ ਕਰਨ ਦਾ ਸਮਾਂ ਹੋ ਰਿਹਾ ਸੀ। ਕਮਰੇ ’ਚ ਜਾ ਕੇ ਡਿਊਟੀ ਪਲੈਨ ਚੈੱਕ ਕੀਤਾ। ਮੈਂ ਸਾਰੇ ਕਮਰਿਆਂ ’ਚ ਗੇੜੇ ਲਾਉਂਦੀ ਰਹਿੰਦੀ।
ਮੈਂ ਦੂਜੇ ਦਿਨ ਦੇ ਪੇਪਰਾਂ ਦੀ ਵਿਦਿਆਰਥੀਆਂ ਦੀ ਲਿਸਟ ਤੇ ਹੋਰ ਜਾਣਕਾਰੀ ਘਰ ਲੈ ਜਾਂਦੀ ਸਾਂ। ਪਹਿਲਾਂ ਹੀ ਤਿਆਰੀ ਕਰ ਲੈਂਦੀ ਜਦਕਿ ਇਹ ਸਾਰਾ ਕੰਮ ਕਲਰਕਾਂ ਦਾ ਹੁੰਦਾ ਸੀ। ਇਕ ਦਿਨ ਜਦ ਮੈਂ ਕਾਲਜ ਆਈ ਤਾਂ ਸੀਟਿੰਗ ਪਲਾਨ ਵੇਖਿਆ। ਵੱਡੀ ਗੜਬੜ ਹੋ ਗਈ ਸੀ। ਪੇਪਰ ਦਾ ਲਗਭਗ ਸਮਾਂ ਹੋ ਚੁੱਕਾ ਸੀ ਤੇ ਕਲਰਕਾਂ ਕੋਲੋਂ ਗ਼ਲਤੀ ਹੋ ਗਈ ਸੀ। ਪੇਪਰ ਵੀ ਜਨਰਲ ਭਾਸ਼ਾ ਦਾ ਸੀ ਤੇ ਕਾਲਜ ਦੀਆਂ ਕਲਾਸਾਂ ਦੇ ਨਾਲ-ਨਾਲ ਬਾਹਰਲੇ ਪ੍ਰਾਈਵੇਟ ਵਿਦਿਆਰਥੀ ਵੀ ਬਹੁਤ ਸਨ। ਫਟਾਫਟ ਕਮਰਿਆਂ ’ਚ ਜਾ ਕੇ ਆਪ ਰੋਲ ਨੰਬਰ ਲਾਏ। ਗ਼ਲਤੀ ਪੂਰੇ ਨਿਯਮਬੱਧ ਤਰੀਕੇ ਨਾਲ ਦਰੁਸਤ ਕਰ ਲਈ ਗਈ। ਕਈ ਵਾਰ ਸੋਚਦੀ ਹਾਂ ਕਿ ਹਰ ਕੰਮ ਦੀ ਅਗਾਊਂ ਤਿਆਰੀ ਦੀ ਆਦਤ ਮੈਨੂੰ ਹਰ ਵਾਰ ਗ਼ਲਤੀ ਤੋਂ ਬਚਾਉਂਦੀ ਰਹੀ ਹੈ। ਇਕ ਦਿਨ ਨਾਨ-ਮੈਡੀਕਲ ਦੇ ਐੱਮਐੱਸਸੀ ਦੇ ਵਿਦਿਆਰਥੀਆਂ ਦਾ ਪੇਪਰ ਸੀ। ਮੇਰੇ ਜਿੱਡੇ ਹੀ ਜਾਪਦੇ ਸਨ ਉਹ। ਵਿਦਿਆਰਥੀ ਮੈਨੂੰ ਇਸ ਤਰ੍ਹਾਂ ਵੇਖਦੇ ਸਨ ਜਿਵੇਂ ਮੈਂ ਕੋਈ ਅਜੂਬਾ ਹੋਵਾਂ ਪਰ ਮੈਂ ਖ਼ੁਸ਼ ਸਾਂ ਕਿ ਵਿਦਿਆਰਥੀ ਮਨ ’ਚ ਕੁਝ ਬਣਨ ਦਾ ਚਾਅ ਲੈ ਕੇ ਇਮਤਿਹਾਨ ਦਿੰਦੇ ਸਨ। ਹੋ ਸਕਦਾ ਹੈ ਕਿ ਮੈਂ ਬਹੁਤਿਆਂ ਲਈ ਪ੍ਰੇਰਨਾ ਸਰੋਤ ਵੀ ਬਣੀ ਹੋਵਾਂ।
ਗੱਲ ਕਰਦੇ ਹਾਂ ਉਸ ਕਲਰਕ ਦੀ ਜਿਸ ਨੂੰ ਐਨੇ ਸਾਲਾਂ ਬਾਅਦ ਵੀ ਮੈਂ ਪਛਾਣ ਲਿਆ ਸੀ। ਹਾਲਾਂਕਿ ਉਸ ’ਤੇ ਵਧਦੀ ਉਮਰ ਦਾ ਪ੍ਰਭਾਵ ਸਾਫ਼ ਦਿਸਦਾ ਸੀ। ਦੂਜੇ ਦਿਨ ਹੀ ਦੱਸ ਦਿੱਤਾ ਸੀ ਕਿ ਮੈਂ ਤੁਹਾਨੂੰ ਜਾਣਦੀ ਹਾਂ। ਉਹ ਹੈਰਾਨ ਹੋਏ। ਮੈਂ ਸਾਰਾ ਕੁਝ ਦੱਸਿਆ ਕਿ ਕਿੰਜ ਸਾਡੀ ਵੈਨ ਬੱਚੇ ਲੈਣ ਆਉਂਦੀ ਸੀ ਇੱਥੇ। ਤੁਹਾਨੂੰ ਮੈਂ ਉਦੋਂ ਦੀ ਜਾਣਦੀ। ਉਨ੍ਹਾਂ ਦੇ ਉਹ ਬੋਲ ਮੈਂ ਕਦੇ ਨਹੀਂ ਭੁੱਲੀ ਜਦੋਂ ਉਨ੍ਹਾਂ ਕਿਹਾ ਕਿ ਸੀ, ‘‘ਵਾਹਿਗੁਰੂ! ਤੂੰ ਬੰਦਿਆਂ ’ਚ ਵਸਦਾ ਏਂ ਸੱਚੀਂ!’’ ਉਸ ਕਲਰਕ ਨੂੰ ਕਾਹਲ ਬਹੁਤ ਰਹਿੰਦੀ ਸੀ ਇਮਤਿਹਾਨਾਂ ਦਾ ਸਾਰਾ ਕੰਮ ਨਿਬੇੜਨ ਦੀ ਜਦਕਿ ਮੈਂ ਬਿਲਕੁਲ ਉਲਟ ਸਾਂ। ਜਦ ਇਮਤਿਹਾਨ ਖ਼ਤਮ ਹੋਣਾ ਅਤੇ ਯੂਨੀਵਰਸਿਟੀ ਦੀ ਗੱਡੀ ਨੇ ਪੇਪਰ ਲੈਣ ਆਉਣਾ ਤਾਂ ਉਨ੍ਹਾਂ ਕਾਹਲ ਕਰਦਿਆਂ ਕਹਿਣਾ, ‘‘ਮੈਡਮ ਜਲਦੀ ਕਰੋ, ਸੀਲ ਕਰਦੇ ਹਾਂ ਪੇਪਰ ਬਸ।’’ ਪਰ ਮੈਨੂੰ ਓਨੀ ਦੇਰ ਕਿੱਥੇ ਚੈਨ ਆਉਂਦੀ ਸੀ ਜਿੰਨੀ ਦੇਰ ਸਾਰੇ ਬੰਡਲ ਆਪ ਚੈੱਕ ਨਾ ਕਰ ਲਵਾਂ। ਰੋਲ ਨੰਬਰ ਅਨੁਸਾਰ ਲੱਗੇ ਪੇਪਰਾਂ ਦੀ ਗਿਣਤੀ ਕਰ ਕੇ ਲਾਖ਼ ਦੀ ਸੀਲ ਮੈਂ ਆਪ ਲਾਉਣੀ ਹੁੰਦੀ ਸੀ ਤੇ ਬੰਡਲਾਂ ਵਾਲੇ ਕੱਪੜੇ ’ਤੇ ਸਾਰਾ ਬਿਓਰਾ ਵੀ ਲਿਖਣਾ ਹੁੰਦਾ ਸੀ। ਮਤਲਬ, ਸਾਰਾ ਕੰਮ ਮੈਂ ਆਪ ਹੀ ਕਰਨਾ ਲੋਚਦੀ ਸਾਂ। ਉਨ੍ਹੀਂ ਦਿਨੀਂ ਕਈ ਵਾਰ ਮੈਂ ਆਪਣੇ ਡੱਲੇ ਕਾਲਜ ਵੀ ਗੇੜਾ ਲਾਉਂਦੀ। ਸਾਇੰਸ ਕਾਲਜ ਵਾਲਿਆਂ ਨੇ ਮੇਰਾ ਬਹੁਤ ਖ਼ਿਆਲ ਰੱਖਿਆ। ਇਸ ਲਈ ਨਹੀਂ ਕਿ ਮੈਂ ਸੁਪਰਡੈਂਟ ਸਾਂ, ਕੋਈ ਸੇਵਾ ਕਰਨੀ ਬਣਦੀ ਸੀ ਬਲਕਿ ਇਸ ਲਈ ਕਿ ਉਹ ਮੈਨੂੰ ਆਪਣੇ ਵਿਦਿਆਰਥੀਆਂ ਵਾਂਗ ਹੀ ਪਿਆਰ ਦਿੰਦੇ ਰਹੇ। ਉਹ ਮੈਨੂੰ ਸਵੇਰ ਤੇ ਸ਼ਾਮ ਦੇ ਇਮਤਿਹਾਨ ਦਰਮਿਆਨ ਪਿੰਡ ਨੂੰ ਜੋ ਕਿ ਮਸਾਂ ਕਾਲਜ ਤੋਂ 5 ਕੁ ਕਿੱਲੋਮੀਟਰ ਦੂਰ ਹੋਣਾ, ਰੋਟੀ ਖਾਣ ਵੀ ਨਹੀਂ ਜਾਣ ਦਿੰਦੇ ਸਨ ਜਦਕਿ ਕਾਲਜ ਦੀ ਮੈੱਸ ’ਚ ਮੁਫ਼ਤ ਦੀ ਰੋਟੀ ਖਾਣ ਜਾਣਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ। ਉਕਤ ਕਾਲਜ ਦੀ ਪ੍ਰਸਿੱਧੀ ਐਵੇਂ ਹੀ ਨਹੀਂ ਸੀ, ਇਹ ਮੈਂ ਉੱਥੇ ਸੁਪਰਡੈਂਟੀ ਦੇ ਸਮੇਂ ਦੌਰਾਨ ਮਹਿਸੂਸ ਕੀਤਾ। ਸਭ ਤੋਂ ਬੇਮਿਸਾਲ ਸੀ ਉਹ ਕਲਰਕ ਜਿਸ ਦੇ ਉਹ ਬੋਲ ਮੈਨੂੰ ਨਹੀਂ ਭੁੱਲਦੇ-‘‘ਵਾਹਿਗੁਰੂ! ਤੂੰ ਬੰਦਿਆਂ 'ਚ ਵਸਦਾ ਏਂ ਸੱਚੀਂ।’’
ਲਖਵਿੰਦਰ ਕੌਰ ਸੰਧੂ