- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਵਿਅਕਤੀ ਆਪਣੇ ਦੁੱਖ ਨੂੰ ਆਪਣੇ ਵੱਡੇ-ਵਡੇਰਿਆਂ ਨੂੰ ਨਹੀਂ ਦੱਸਦਾ ਬਲਕਿ ਕਿਸੇ ਅਜਿਹੇ ਸਖਸ਼ ਦੀ ਭਾਲ ’ਚ ਰਹਿੰਦਾ ਹੈ ਜੋ ਉਸ ਨੂੰ ਇਸ ਦੁਖ ਤੋਂ ਨਿਜਾਤ ਦਿਵਾ ਦੇਵੇ। ਇਹ ਕਿਸੇ ਇਕ ਵਿਅਕਤੀ ਦੀ ਕਹਾਣੀ ਨਹੀਂ ਹੈ। ਸਾਰਿਆਂ ਨਾਲ ਹੀ ਇਹ ਅੰਦਰੂਨੀ ਘਟਨਾ ਵਾਪਰ ਰਹੀ ਹੈ।

ਡਾ. ਨਿਸ਼ਾਨ ਸਿੰਘ ਰਾਠੌਰ
ਇਹ ਗੱਲ ਪਿਛਲੇ ਸਾਲ 2025 ਦੀ ਹੈ। ਫ਼ੌਜ ’ਚ ਸਰਵਿਸ ਕਰਦਿਆਂ ਮੈਨੂੰ ਬਹੁਤ ਵਾਰ ਟਰੇਨ ਦਾ ਸਫ਼ਰ ਕਰਨਾ ਪੈਂਦਾ ਹੈ। ਦਸੰਬਰ ਮਹੀਨੇ ਜੰਮੂ ਵਿਖੇ ਡਿਉਟੀ ਤੇ ਹਾਜ਼ਰ ਹੋਣ ਲਈ ਮੈਂ ਅੰਬਾਲਿਓਂ ‘ਵੰਦੇ ਭਾਰਤ’ ਟਰੇਨ ’ਚ ਸੀਟ ਬੁਕ ਕਰਵਾਈ ਹੋਈ ਸੀ। ਅਸਲ ’ਚ ਲੇਹ-ਲੱਦਾਖ ਤੋਂ ਲੈ ਕੇ ਪੁਣਛ-ਰਾਜੌਰੀ ਤਕ ਦੇ ਇਲਾਕਿਆਂ ’ਚ ਤੈਨਾਤ ਫ਼ੌਜੀ ਜਵਾਨਾਂ ਨੂੰ ਪਹਿਲਾਂ ਜੰਮੂ ਸ਼ਹਿਰ ਵਿਖੇ ਹੀ ਹਾਜ਼ਰ ਹੋਣਾ ਪੈਂਦਾ ਹੈ। ਹਾਂ, ਕਦੇ-ਕਦੇ ਚੰਡੀਗੜ੍ਹ ਜਾਂ ਦਿੱਲੀ ਲਈ ਵੀ ਹੁਕਮ ਹੋ ਜਾਂਦਾ ਹੈ ਪਰ ਬਹੁਤੀ ਵਾਰ ਫ਼ੌਜੀ ਜਵਾਨ ਜੰਮੂ ਵਿਖੇ ਹੀ ਹਾਜ਼ਰ ਹੁੰਦੇ ਹਨ। ਖ਼ੈਰ, ਜੰਮੂ ਵਿਖੇ ਹਾਜ਼ਰ ਹੋਣ ਲਈ ਮੈਂ ਅੰਬਾਲਾ ਛਾਉਣੀ ਤੋਂ ‘ਵੰਦੇ ਭਾਰਤ’ ਟਰੇਨ ’ਚ ਸਵਾਰ ਹੋ ਗਿਆ। ਰੇਲਗੱਡੀ ’ਚ ਬੈਠਦਿਆਂ ਹੀ ਘਰ ਆਪਣੀ ਪਤਨੀ ਨੂੰ ਫੋਨ ਲਾ ਲਿਆ ਅਤੇ ਗੱਡੀ ’ਚ ਬੈਠਣ ਅਤੇ ਗੱਡੀ ਦੇ ਤੁਰਨ ਬਾਰੇ ਦੱਸ ਦਿੱਤਾ।
ਫੇਰ ਇਕ-ਦੋ ਹੋਰ ਦੋਸਤਾਂ-ਮਿੱਤਰਾਂ ਦੇ ਫੋਨ ਆ ਗਏ। ਮੈਂ ਆਪਣੇ ਦੋਸਤਾਂ ਨਾਲ ਗੱਲਬਾਤ ’ਚ ਰੁੱਝਾ ਸਾਂ। ਮੇਰਾ ਧਿਆਨ ਇੱਧਰ-ਉੱਧਰ ਘੱਟ ਹੀ ਸੀ। ਅਸਲ ’ਚ ਘਰ ਛੱਡ ਕੇ ਜਾਣ ਕਰਕੇ ਮਨ ਰਤਾ ਉਦਾਸ ਹੁੰਦਾ ਹੈ। ਇਹ ਹਰ ਵਾਰ ਦਾ ਵਰਤਾਰਾ ਹੁੰਦਾ ਹੈ। ਪਤਾ ਹੁੰਦਾ ਹੈ ਕਿ ਹੁਣ ਤਿੰਨ-ਚਾਰ ਮਹੀਨੇ ਫੇਰ ਜੰਗਲ, ਬਰਫ਼ ਅਤੇ ਪਹਾੜ ’ਤੇ ਰਹਿਣਾ ਪੈਣਾ ਹੈ। ਖ਼ੈਰ, ਇਹ ਫ਼ੌਜੀ ਜ਼ਿੰਦਗੀ ਹੈ ਇਹ ਇੰਝ ਹੀ ਤੁਰੀ ਜਾਂਦੀ ਹੈ। ਰਾਜਪੁਰਾ ਲੰਘ ਕੇ ਟਰੇਨ ਜਦੋਂ ਸਰਹਿੰਦ ਦੇ ਨੇੜੇ ਪਹੁੰਚੀ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਨਾਲ ਵਾਲੀ ਸੀਟ ਦੇ ਬੈਠੇ ਸਖਸ਼ ਨੂੰ ਟਰੇਨ ’ਚ ਬੈਠੇ ਬਹੁਤੇ ਯਾਤਰੀ (ਖ਼ਾਸ ਕਰਕੇ ਬੀਬੀਆਂ ਅਤੇ ਬੱਚੇ) ਮੱਥਾ ਟੇਕ ਕੇ ਲੰਘ ਰਹੇ ਹਨ। ਕੋਈ ਉਨ੍ਹਾਂ ਨੂੰ ਝੁਕ ਕੇ ਨਮਸਕਾਰ ਕਰਦਾ ਅਤੇ ਕੋਈ ਮੁਸਕਰਾ ਕੇ ਉਨ੍ਹਾਂ ਦੇ ਕੋਲੋਂ ਲੰਘਦਾ। ਉਹ ਤਕਰੀਬਨ 70 ਕੁ ਸਾਲ ਦੇ ਬਜ਼ੁਰਗ ਵਿਅਕਤੀ ਸਨ।
ਉਨ੍ਹਾਂ ਇਕ-ਦੋ ਵਾਰ ਮੇਰੇ ਵੱਲ ਮੁਸਕਰਾ ਕੇ ਵੇਖਿਆ। ਮੈਂ ਵੀ ਹਲਕੀ ਜਿਹੀ ਮੁਸਕਰਾਹਟ ਨਾਲ ਉਨ੍ਹਾਂ ਦਾ ਸਤਿਕਾਰ ਕੀਤਾ। ਉਹ ਮੇਰੇ ਨਾਲ ਗੱਲ ਕਰਨ ਦੇ ਚਾਹਵਾਨ ਲੱਗਦੇ ਸਨ ਪਰ ਮੈਂ ਫੋਨ ’ਤੇ ਆਪਣੇ ਦੋਸਤਾਂ ਨਾਲ ਗੱਲਾਂ ’ਚ ਮਸਤ ਸਾਂ। ਮੇਰਾ ਇਕ ਦੋਸਤ ਫੋਨ ’ਤੇ ਕੋਈ ਹਾਸੇ ਵਾਲੀ ਗੱਲ ਸੁਣਾ ਰਿਹਾ ਸੀ। ਮੈਂ ਵੀ ਹੱਸ ਕੇ ਉਸ ਦੀ ਗੱਲ ’ਚ ਕੋਈ ਹੋਰ ਗੱਲ ਜੋੜੀ ਤਾਂ ਉਹ ਬਾਬਾ ਜੀ ਵੀ ਹੱਸ ਪਏ। ਫੇਰ ਮੈਨੂੰ ਅਹਿਸਾਸ ਹੋਇਆ ਕਿ ਉਹ ਪੰਜਾਬੀ ਵੀ ਸਮਝ ਸਕਦੇ ਹਨ। ਫੋਨ ਕੱਟ ਕੇ ਮੈਂ ਉਨ੍ਹਾਂ ਨੂੰ ਨਮਸਕਾਰ ਕੀਤੀ। ਕਹਿੰਦੇ, ‘ਸਰਦਾਰ ਜੀ, ਤੁਹਾਡੀ ਗੱਲ ਬਹੁਤ ਮਜ਼ੇਦਾਰ ਸੀ।’ ਮੈਂ ਸ਼ੁਕਰੀਆ ਕਹਿ ਕੇ ਪੁੱਛਿਆ, ‘ਪੰਜਾਬੀ ਵੀ ਸਮਝ ਲੈਂਦੇ ਹੋ?’ ਉਹ ਕਹਿੰਦੇ, ‘ਮੇਰੇ ਬਹੁਤ ਸਾਰੇ ਸ਼ਿੱਸ਼ (ਭਗਤ) ਪੰਜਾਬੀ ਲੋਕ ਹੀ ਹਨ।’ ਮੈਂ ਪੁੱਛਿਆ, ‘ਕਿਸੇ ਡੇਰੇ ਦੇ ਆਗੂ ਹੋ ਜਾਂ ਕੋਈ ਸੰਸਥਾ ਚਲਾਉਂਦੇ ਹੋ?’ ਉਹ ਮੁਸਕਰਾ ਕੇ ਕਹਿੰਦੇ, ‘ਟਰੇਨ ਦੇ ਇਸ ਡੱਬੇ ’ਚ ਬਹੁਤੇ ਮੇਰੇ ਭਗਤ-ਮਿੱਤਰ ਹਨ ਅਤੇ ਮੈਂ ਇਨ੍ਹਾਂ ਨੂੰ ਇਕ ਧਾਰਮਿਕ ਸਮਾਗਮ ’ਤੇ ਜੰਮੂ ਲੈ ਕੇ ਜਾ ਰਿਹਾ ਹਾਂ।’
ਮੈਂ ਕਿਹਾ, ‘ਚੰਗੀ ਗੱਲ ਹੈ। ਲੋਕਾਂ ਨੂੰ ਧਰਮ-ਕਰਮ ਨਾਲ ਜੋੜਨਾ ਚਾਹੀਦਾ ਹੈ।’ ਉਹ ਅੱਗਿਓਂ ਕਹਿੰਦੇ, ‘ਸਰਦਾਰ ਜੀ, ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਸੀ।’ ਮੈਂ ਕਿਹਾ, ‘ਬਾਬਾ ਜੀ ਇਹ ਮੇਰੇ ਮਿੱਤਰ ਹਨ। ਮੇਰੇ ਡਿਊਟੀ ਜਾਣ ਦੀ ਇਨ੍ਹਾਂ ਨੂੰ ਵੀ ਤਕਲੀਫ਼ ਹੁੰਦੀ ਹੈ। ਹੁਣ ਅਗਲੀ ਛੁੱਟੀ ਤੱਕ ਇੰਤਜ਼ਾਰ ਕਰਨਾ ਪੈਣਾ ਹੈ ਤਾਂ ਹੀ ਹਾਸੇ ਵਾਲੀਆਂ ਗੱਲਾਂ ਕਰਕੇ ਮੇਰੀ ਉਦਾਸੀ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਸਨ।’ ਇਹ ਗੱਲ ਸੁਣ ਕੇ ਉਹ ਬਜ਼ੁਰਗ ਬਾਬਾ ਜੀ ਕਹਿੰਦੇ, ‘ਮੈਨੂੰ ਆਪਣੀ ਜਵਾਨੀ ਦੇ ਦਿਨ ਚੇਤੇ ਆ ਗਏ, ਜਦੋਂ ਮੈਂ ਆਪਣੇ ਘਰ ਤੋਂ ਦਿੱਲੀ ਪੜ੍ਹਣ ਜਾਂਦਾ ਹੁੰਦਾ ਸਾਂ।’ ਇੰਨੀ ਗੱਲਬਾਤ ਹੋਣ ਤੋਂ ਬਾਅਦ ਮੈਂ ਉਨ੍ਹਾਂ ਨਾਲ ਰਤਾ ਖੁੱਲ੍ਹ ਗਿਆ ਸਾਂ। ਇਸੇ ਲਈ ਮੈਂ ਸਿੱਧਾ ਹੀ ਪੁੱਛ ਲਿਆ, ‘ਫੇਰ ਇਹ ‘ਧਰਮ-ਕਰਮ’ ਵਾਲੇ ਕੰਮ ’ਚ ਕਿਵੇਂ ਆ ਗਏ?’ ਉਹ ਗੁੱਸੇ ਨਹੀਂ ਹੋਏ ਅਤੇ ਨਾ ਹੀ ਮੱਥੇ ’ਤੇ ਕੋਈ ਵੱਟ ਪਾਇਆ, ਬਲਕਿ ਸਹਿਜਤਾ ਨਾਲ ਕਹਿੰਦੇ, ‘ਬੇਟਾ ਜੀ, ਲੋਕ ਤੁਹਾਨੂੰ ਖ਼ੁਦ ਹੀ ਰੱਬ ਬਣਾ ਦਿੰਦੇ ਹਨ। ਭਾਵੇਂ ਤੁਹਾਡੇ ਅੰਦਰ ਉਹ ਕਾਬਲੀਅਤ ਹੋਵੇ ਤੇ ਭਾਵੇਂ ਨਾ। ਤੁਸੀਂ ਉਸ ’ਚ ਕੁਝ ਨਹੀਂ ਕਰ ਸਕਦੇ।’ ਇਹ ਸੁਣ ਕੇ ਮੈਨੂੰ ਰਤਾ ਅਚੰਭਾ ਹੋਇਆ।
ਉਨ੍ਹਾਂ ਨੇ ਮੇਰਾ ਹੱਥ ਆਪਣੇ ਹੱਥ ’ਚ ਫੜ ਕੇ ਘੁੱਟਿਆ ਅਤੇ ਮੁਸਕਰਾ ਦੇ ਕਿਹਾ, ‘ਬੇਟਾ ਜੀ, ਅੱਜ ਦੇ ਦੌਰ ’ਚ ਲੋਕ ਇੰਨੇ ਜ਼ਿਆਦਾ ਦੁਖੀ ਅਤੇ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ। ਜਦੋਂ ਇਹ ਸਹਾਰਾ ਤੁਹਾਡੇ ਕੋਲੋਂ ਮਿਲ ਜਾਂਦਾ ਹੈ ਤਾਂ ਲੋਕ ਤੁਹਾਡੇ ਸ਼ਰਧਾਲੂ ਬਣ ਜਾਂਦੇ ਹਨ, ਭਗਤ ਜਾਂ ਫਿਰ ਮਿੱਤਰ ਬਣ ਜਾਂਦੇ ਹਨ।’ ਮੈਂ ਹਾਮੀ ’ਚ ਸਿਰ ਹਿਲਾਇਆ। ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਨੂੰ ਕਿਹਾ, ‘ਹਾਂ, ਮੈਂ ਮੰਨਦਾ ਹਾਂ ਕਿ ਬਹੁਤੀ ਵਾਰ ਆਮ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਫੇਰ ਵੀ ਮਾਨਸਿਕ ਸਕੂਨ ਦੀ ਤਲਾਸ਼ ’ਚ ਲੋਕ ਭਟਕਦੇ ਫਿਰਦੇ ਹਨ। ਅੱਜ ਬਹੁਤੇ ਲੋਕਾਂ ਨੂੰ ਮਾਨਸਿਕ ਸਹਾਰੇ ਦੀ ਲੋੜ ਹੈ, ਕਿਉਂਕਿ ਸ਼ਹਿਰੀ ਜ਼ਿੰਦਗੀ ਨੇ ਬੰਦੇ ਕੋਲੋਂ ਸਾਂਝੇ ਪਰਿਵਾਰ ਖੋਹ ਲਏ ਹਨ। ਹੁਣ ਵਿਅਕਤੀ ਆਪਣੇ ਦੁੱਖ ਨੂੰ ਆਪਣੇ ਵੱਡੇ-ਵਡੇਰਿਆਂ ਨੂੰ ਨਹੀਂ ਦੱਸਦਾ ਬਲਕਿ ਕਿਸੇ ਅਜਿਹੇ ਸਖਸ਼ ਦੀ ਭਾਲ ’ਚ ਰਹਿੰਦਾ ਹੈ ਜੋ ਉਸ ਨੂੰ ਇਸ ਦੁਖ ਤੋਂ ਨਿਜਾਤ ਦਿਵਾ ਦੇਵੇ। ਇਹ ਕਿਸੇ ਇਕ ਵਿਅਕਤੀ ਦੀ ਕਹਾਣੀ ਨਹੀਂ ਹੈ। ਸਾਰਿਆਂ ਨਾਲ ਹੀ ਇਹ ਅੰਦਰੂਨੀ ਘਟਨਾ ਵਾਪਰ ਰਹੀ ਹੈ। ਜਿਵੇਂ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ, ਉਸੇ ਤਰ੍ਹਾਂ ਇਹ ਵੀ ਜ਼ਰੂਰੀ ਹੈ ਕਿ ਇਕ ਇਨਸਾਨ ਦੂਜੇ ਦੇ ਅੰਦਰਲੀਆਂ ਉਲਝਣਾਂ ਨੂੰ ਸਮਝਣ ਦੇ ਕਾਬਲ ਬਣੇ।’ ਮੈਂ ਕਿਹਾ, ‘ਬਿਲਕੁਲ ਠੀਕ ਕਿਹਾ ਤੁਸੀਂ । ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਬੰਦਾ ਹੋਰ ਸਹਾਰੇ ਭਾਲਦੇ ਫਿਰਦਾ ਹੈ।’ ਉਹ ਮੁਸਕਰਾ ਕੇ ਬੋਲੇ, ‘ਬਿਲਕੁਲ ਠੀਕ ਕਿਹਾ ਬੇਟਾ ਜੀ। ’ਮੈਂ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਹੁਣ ਟਰੇਨ ’ਚ ਘੁੰਮਦੇ ਕੁਝ ਲੋਕ ਉਸ ਬਾਬਾ ਜੀ ਦੇ ਨਾਲ-ਨਾਲ ਮੈਨੂੰ ਵੀ ਨਮਸਕਾਰ ਕਰ ਰਹੇ ਸਨ। ਮੈਂ ਇਹ ਸਾਰਾ ਕੁਝ ਸਫ਼ਰ ਦੌਰਾਨ ਲਗਾਤਾਰ ਦੇਖ ਰਿਹਾ ਸੀ। ਮੈਂ ਥੋੜ੍ਹੀ ਝਿਜਕ ਮਹਿਸੂਸ ਕੀਤੀ। ਬਜ਼ੁਰਗ ਬਾਬਾ ਜੀ ਨੇ ਇਹ ਸਭ ਵੇਖ ਲਿਆ। ਉਨ੍ਹਾਂ ਮੇਰਾ ਹੱਥ ਫੜਿਆ ਤੇ ਕਿਹਾ, ‘ਬੇਟਾ ਜੀ ਘਬਰਾਓ ਨਾ, ਹੁਣ ਤੁਹਾਡੀ ਯਾਰੀ ‘ਰੱਬ’ ਨਾਲ ਪੈ ਗਈ ਹੈ।’ ਆਖ ਕੇ ਉਹ ਉੱਚੀ ਹੱਸ ਪਏ। ਮੇਰੇ ਕੰਨਾਂ ’ਚ ਖ਼ੌਰੇ ਕਿੱਧਰੋਂ ਆਵਾਜ਼ ਆਈ। ਹਰੀ ਓਮ... ਜੈ ਬਾਬਾ ਜੀ ਕੀ ਜੈ...! ਜਿਉਂਦੇ-ਵੱਸਦੇ ਰਹੋ ਸਾਰੇ।