ਵੈਸੇ ਤਾਂ ਉਨ੍ਹਾਂ ਨਾਲ ਮੇਰੀਆਂ ਕਈ ਮੁਲਾਕਾਤਾਂ ਹੋਈਆਂ, ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਬੱਸ ਸਟੈਂਡ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਤੱਕ ਬਿਤਾਏ ਪਲ ਅੱਜ ਵੀ ਮੇਰੇ ਦਿਮਾਗ਼ ਵਿਚ ਤਾਜ਼ਾ ਹਨ। ਸਾਦਗੀ ਤੇ ਨਿਮਰਤਾ ਦੇ ਪ੍ਰਤੀਕ ਡਾ. ਸੁਰਜੀਤ ਪਾਤਰ ਕੁਝ ਸਮਾਂ ਪਹਿਲਾਂ ਲੁਧਿਆਣਾ ਦੇ ਬੱਸ ਅੱਡੇ ਦੇ ਬਾਹਰ ਖੜ੍ਹੇ ਸਨ। ਜਦੋਂ ਮੇਰੀ ਨਜ਼ਰ ਉਨ੍ਹਾਂ ’ਤੇ ਪਈ, ਤਾਂ ਮੈਂ ਆਪਣੀ ਕਾਰ ਮੋੜ ਕੇ ਉਨ੍ਹਾਂ ਕੋਲ ਪੁੱਜ ਗਿਆ।

ਕਾਲਜ ਵਿਚ ਪੜ੍ਹਨ ਸਮੇਂ ਤੋਂ ਹੀ ਮੈਂ ਨਿੱਜੀ ਤੌਰ ’ਤੇ ਡਾ. ਸੁਰਜੀਤ ਪਾਤਰ ਦੀ ਸ਼ਾਇਰੀ, ਗ਼ਜ਼ਲਾਂ, ਕਵਿਤਾਵਾਂ ਤੇ ਉਨ੍ਹਾਂ ਦੀਆਂ ਹੋਰ ਰਚਨਾਵਾਂ ਦਾ ਪ੍ਰਸੰਸਕ ਰਿਹਾ ਹਾਂ। ਡਾ. ਪਾਤਰ ਨਾਲ ਕਈ ਵਾਰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਜਦੋਂ ਡਾ. ਪਾਤਰ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਪਦਮ ਸ੍ਰੀ ਮਿਲਿਆ ਤਾਂ ਉਸ ਸਮੇਂ ਉਨ੍ਹਾਂ ਦੀ ਇੰਟਰਵਿਊ ਕਰਨ ਦਾ ਮੌਕਾ ਵੀ ਮਿਲਿਆ। ਉਨ੍ਹਾਂ ਦਾ ਸੁਭਾਅ ਅਜਿਹਾ ਸੀ ਕਿ ਉਨ੍ਹਾਂ ਨੂੰ ਮਿਲਣ ਵਾਲਾ ਹਰ ਸ਼ਖ਼ਸ ਮੁਲਾਕਾਤ ਤੋਂ ਬਾਅਦ ਆਪਣੇ ਆਪ ਨੂੰ ਤਰੋਤਾਜ਼ਾ ਤੇ ਊਰਜਾਵਾਨ ਸਮਝਣ ਲੱਗ ਪੈਂਦਾ ਸੀ।
ਵੈਸੇ ਤਾਂ ਉਨ੍ਹਾਂ ਨਾਲ ਮੇਰੀਆਂ ਕਈ ਮੁਲਾਕਾਤਾਂ ਹੋਈਆਂ, ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਬੱਸ ਸਟੈਂਡ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਤੱਕ ਬਿਤਾਏ ਪਲ ਅੱਜ ਵੀ ਮੇਰੇ ਦਿਮਾਗ਼ ਵਿਚ ਤਾਜ਼ਾ ਹਨ। ਸਾਦਗੀ ਤੇ ਨਿਮਰਤਾ ਦੇ ਪ੍ਰਤੀਕ ਡਾ. ਸੁਰਜੀਤ ਪਾਤਰ ਕੁਝ ਸਮਾਂ ਪਹਿਲਾਂ ਲੁਧਿਆਣਾ ਦੇ ਬੱਸ ਅੱਡੇ ਦੇ ਬਾਹਰ ਖੜ੍ਹੇ ਸਨ। ਜਦੋਂ ਮੇਰੀ ਨਜ਼ਰ ਉਨ੍ਹਾਂ ’ਤੇ ਪਈ, ਤਾਂ ਮੈਂ ਆਪਣੀ ਕਾਰ ਮੋੜ ਕੇ ਉਨ੍ਹਾਂ ਕੋਲ ਪੁੱਜ ਗਿਆ। ਮੈਂ ਉਨ੍ਹਾਂ ਨੂੰ ਕਾਰ ਵਿਚ ਬੈਠਣ ਦੀ ਅਪੀਲ ਕੀਤੀ ਤਾਂ ਪਾਤਰ ਜੀ ਨੇ ਕਿਹਾ ਕਿ ਮੈਂ ਦੋ ਵਾਰ ਕਾਰ ਬੁੱਕ ਕਰਵਾਈ ਹੈ, ਪਰ ਹਾਲੇ ਤੱਕ ਨਹੀਂ ਆਈ ਅਤੇ ਹਰ ਵਾਰ ਕੁਝ ਸਮੇਂ ਬਾਅਦ ਕਾਰ ਆਉਣ ਦੀ ਗੱਲ ਆਖੀ ਜਾ ਰਹੀ ਹੈ। ਮੈਂ ਕਿਹਾ ਤੁਸੀਂ ਮੇਰੇ ਨਾਲ ਬੈਠੋ, ਮੈਂ ਤੁਹਾਨੂੰ ਘਰ ਛੱਡ ਦਿਆਂਗਾ।
ਡਾ. ਪਾਤਰ ਮੈਨੂੰ ਆਖਣ ਲੱਗੇ ਤੈਨੂੰ ਕੋਈ ਕੰਮ ਹੋਣਾ ਯਾਰ ਤਾਂ ਮੈਂ ਜਵਾਬ ਦਿੱਤਾ ਕਿ ਨਹੀਂ ਮੈਨੂੰ ਕੋਈ ਕੰਮ ਨਹੀਂ। ਆਖ਼ਰ ਡਾ. ਪਾਤਰ ਕਾਰ ਵਿਚ ਬੈਠ ਗਏ ਅਤੇ ਮੈਨੂੰ ਉਨ੍ਹਾਂ ਦਾ ਡਰਾਈਵਰ ਬਣਨ ਦਾ ਮੌਕਾ ਮਿਲ ਗਿਆ। ਉਨ੍ਹਾਂ ਨੇ ਮੇਰੇ ਘਰ ਤੇ ਪਰਿਵਾਰ ਬਾਰੇ ਪੁੱਛਿਆ ਅਤੇ ਆਖਣ ਲੱਗੇ ਕਿ ਮੈਂ ਟੈਕਸੀ ਵਿਚ ਆ ਜਾਣਾ ਸੀ, ਤੈਨੂੰ ਐਵੇਂ ਕਸ਼ਟ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਜਿਸ ਸ਼ਖ਼ਸੀਅਤ ਨੂੰ ਮਿਲਣ ਲਈ ਦੁਨੀਆ ਤਰਸ ਰਹੀ ਹੈ, ਉਹ ਮੇਰੇ ਨਾਲ ਬੈਠੇ ਹਨ। ਡਾ. ਪਾਤਰ ਨੇ ਲੁਧਿਆਣਾ ਸ਼ਹਿਰ ਵਿਚਲੇ ਪ੍ਰਦੂਸ਼ਣ, ਆਵਾਜਾਈ, ਨਸ਼ਾਖੋਰੀ ਸਮੇਤ ਕਈ ਹੋਰ ਮੁੱਦਿਆਂ ਬਾਰੇ ਚਰਚਾ ਕੀਤੀ।
ਡਾ. ਪਾਤਰ ਨਾਲ ਸਫ਼ਰ ਕਰਨ ਸਮੇਂ ਮੈਂ ਕਾਰ ਬੜੀ ਹੌਲੀ ਰਫ਼ਤਾਰ ਨਾਲ ਚਲਾ ਰਿਹਾ ਸੀ ਤਾਂ ਜੋ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਦਾ ਮੌਕਾ ਮਿਲੇ। ਉਨ੍ਹਾਂ ਨੂੰ 20 ਮਿੰਟ ਬਾਅਦ ਉਨ੍ਹਾਂ ਦੇ ਸਾਊਥ ਸਿਟੀ ਦੀ ਆਸ਼ਾਪੁਰੀ ਵਿਚਲੇ ਘਰ ਉਤਾਰਿਆ। ਉਨ੍ਹਾਂ ਨੇ ਮੈਨੂੰ ਚਾਹ ਪਾਣੀ ਪੀ ਕੇ ਜਾਣ ਲਈ ਆਖਿਆ ਤਾਂ ਮੈਂ ਨਿੰਬੂ ਪਾਣੀ ਪੀ ਕੇ ਉਨ੍ਹਾਂ ਦੇ ਘਰੋਂ ਆ ਗਿਆ। ਡਾ. ਪਾਤਰ ਦੇ ਇਸ ਫਾਨੀ ਸੰਸਾਰ ਵਿਚੋਂ ਚਲੇ ਜਾਣ ਨਾਲ ਮੇਰੇ ਸਮੇਤ ਉਨ੍ਹਾਂ ਦੇ ਲੱਖਾਂ ਚਾਹੁਣ ਵਾਲਿਆਂ ਨੂੰ ਦੁੱਖ ਪੁੱਜਾ ਹੈ। ਪਰ ਡਾ.ਪਾਤਰ ਆਪਣੀਆਂ ਰਚਨਾਵਾਂ ਤੇ ਆਪਣੇ ਬੋਲਾਂ ਦੇ ਨਾਲ ਰਹਿੰਦੀ ਦੁਨੀਆ ਤੱਕ ਯਾਦ ਕੀਤੇ ਜਾਣਗੇ।
ਪੁਨੀਤ ਬਾਵਾ,
ਲੁਧਿਆਣਾ, 98149-17800